You’re viewing a text-only version of this website that uses less data. View the main version of the website including all images and videos.
ਕਾਮਨਵੈਲਥ ਡਾਇਰੀ: ਬਬੀਤਾ ਦੇ ਪਿਤਾ ਕਿਉਂ ਨਹੀਂ ਦੇਖ ਸਕੇ ਆਪਣੀ ਧੀ ਦਾ ਲਾਈਵ ਮੁਕਾਬਲਾ?
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ, ਗੋਲਡਕੋਸਟ (ਆਸਟਰੇਲੀਆ) ਤੋਂ
ਬਬੀਤਾ ਕੁਮਾਰੀ ਨੂੰ ਇਸ ਗੱਲ ਦਾ ਦੁਖ ਤਾਂ ਸੀ ਕਿ ਉਹ ਇੱਥੇ ਸੋਨ ਤਗਮਾ ਨਹੀਂ ਜਿੱਤ ਸਕੀ ਪਰ ਇਸ ਗੱਲ ਦਾ ਦੁਖ਼ ਵੱਧ ਸੀ ਕਿ ਪਹਿਲੀ ਵਾਰ ਉਨ੍ਹਾਂ ਦਾ ਮੁਕਾਬਲਾ ਦੇਖਣ ਵਿਦੇਸ਼ ਆਉਣ ਦੇ ਬਾਵਜੂਦ ਵੀ ਉਨ੍ਹਾਂ ਦੇ ਪਿਤਾ ਮਹਾਵੀਰ ਸਿੰਘ ਫੋਗਾਟ ਕਰਾਰਾ ਸਟੇਡੀਅਮ ਦੇ ਅੰਦਰ ਨਹੀਂ ਆ ਸਕੇ। ਉਹ ਟੀਵੀ 'ਤੇ ਵੀ ਉਨ੍ਹਾਂ ਨੂੰ ਲੜਦੇ ਹੋਏ ਨਹੀਂ ਦੇਖ ਸਕੇ।
ਗੋਲਡਕੋਸਟ ਵਿੱਚ ਹਰ ਖਿਡਾਰੀ ਨੂੰ ਆਪਣੇ ਰਿਸ਼ਤੇਦਾਰਾਂ ਲਈ 2 ਟਿਕਟ ਦਿੱਤੇ ਗਏ ਹਨ, ਪਰ ਬਬੀਤਾ ਨੂੰ ਉਹ ਟਿਕਟ ਨਹੀਂ ਮਿਲ ਸਕੇ।
ਜਦੋਂ ਉਨ੍ਹਾਂ ਨੇ ਸ਼ੇਫ ਡੇ ਮਿਸ਼ਨ ਵਿਕਰਮ ਸਿਸੋਦੀਆ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਵਾਨਾਂ ਦੇ ਸਾਰੇ ਟਿਕਟ ਉਨ੍ਹਾਂ ਦੇ ਕੋਚ ਰਾਜੀਵ ਤੋਮਰ ਨੂੰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਨੇ ਖ਼ੁਦ ਆਪਣੇ ਹੱਥਾਂ ਨਾਲ 5 ਟਿਕਟ ਤੋਮਰ ਨੂੰ ਦਿੱਤੇ ਹਨ।
ਤੋਮਰ ਤੋਂ ਜਦੋਂ ਬਬੀਤਾ ਨੇ ਟਿਕਟ ਮੰਗਿਆ ਤਾਂ ਉਨ੍ਹਾਂ ਕੋਲ ਕੋਈ ਟਿਕਟ ਉਪਲਬਧ ਨਹੀਂ ਸੀ। ਮਹਾਵੀਰ ਸਿੰਘ ਫੋਗਾਟ ਭਾਰਤ ਵਿੱਚ ਖ਼ੁਦ ਇੱਕ ਵੱਡੇ ਸਟਾਰ ਹਨ, ਕਿਉਂਕਿ ਉਨ੍ਹਾਂ ਨੇ ਫੋਗਾਟ ਭੈਣਾਂ ਨੂੰ ਟ੍ਰੇਨਿੰਗ ਦੇ ਕੇ ਨਾਮੀ ਪਹਿਲਵਾਨ ਬਣਾਇਆ। ਪਰ ਸ਼ਾਇਦ ਭਾਰਤੀ ਕੁਸ਼ਤੀ ਅਧਿਕਾਰੀ ਉਨ੍ਹਾਂ ਦੇ ਐਨੇ ਵੱਡੇ ਫੈਨ ਨਹੀਂ ਹਨ।
ਇੱਥੇ ਕਈ ਖੇਡ ਸਟਾਰਸ ਦੇ ਮਾਤਾ-ਪਿਤਾ ਨੂੰ ਭਾਰਤੀ ਓਲੰਪਿਕ ਸੰਘ ਵੱਲੋਂ 'ਐਕਰੇਡਿਟੇਸ਼ਨ' ਤੱਕ ਦਿੱਤੇ ਗਏ ਹਨ, ਪਰ ਬਬੀਤਾ ਇਸ ਗੱਲ ਤੋਂ ਦੁਖੀ ਸੀ ਕਿ ਐਨੀ ਦੂਰ ਆਉਣ ਦੇ ਬਾਵਜੂਦ ਉਨ੍ਹਾਂ ਦੇ ਪਿਤਾ ਸਟੇਡੀਅਮ ਦੇ ਅੰਦਰ ਨਹੀਂ ਆ ਸਕੇ।
ਬਬੀਤਾ ਨੇ ਉਂਝ ਤਾਂ ਆਪਣੀ ਸਾਰੀ ਕੁਸ਼ਤੀਆਂ ਚੰਗੀ ਲੜੀਆਂ ਪਰ ਫਾਇਨਲ ਵਿੱਚ ਕੈਨੇਡਾ ਦੀ ਡਾਇਨਾ ਵਿਕਰ ਉਨ੍ਹਾਂ 'ਤੇ ਭਾਰੂ ਪੈ ਗਈ।
ਬਬੀਤਾ ਨੇ ਦੱਸਿਆ ਕਿ ਕੈਨੇਡੀਅਨ ਪਹਿਲਵਾਨ ਦਾ ਡਿਫੈਂਸ ਬਹੁਤ ਚੰਗਾ ਸੀ।
ਉਨ੍ਹਾਂ ਨੇ ਕਿਹਾ, "ਮੇਰੇ ਗੋਡਿਆਂ 'ਤੇ ਸੱਟ ਲੱਗੀ ਸੀ ਪਰ ਫਿਰ ਵੀ ਮੈਂ ਆਪਣਾ 100 ਫ਼ੀਸਦ ਦਿੱਤਾ। ਸੱਟਾਂ ਤਾਂ ਖਿਡਾਰੀ ਦਾ ਗਹਿਣਾ ਹੁੰਦੀਆਂ ਹਨ। ਹੋ ਸਕਦਾ ਹੈ ਮੇਰੇ ਤੋਂ ਕੋਈ ਗ਼ਲਤੀ ਹੋਈ ਹੋਵੇ, ਕਿਉਂਕਿ ਕੁਸ਼ਤੀ ਵਿੱਚ ਇੱਕ ਸੈਕਿੰਡ ਦੇ ਸੌਂਵੇ ਹਿੱਸੇ ਵਿੱਚ ਵੀ ਬਾਜ਼ੀ ਪਲਟ ਸਕਦੀ ਹੈ।"
ਬਬੀਤਾ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਲਗਾਤਾਰ ਤੀਜੀ ਵਾਰ ਮੈਡਲ ਜਿੱਤਿਆ ਹੈ।
ਸੁਸ਼ੀਲ ਨੇ ਜਿੱਤਿਆ ਗੋਲਡ
ਸੁਸ਼ੀਲ ਕੁਮਾਰ ਨੇ ਲਗਾਤਾਰ ਤੀਜੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਨਵਾਂ ਰਿਕਾਰਡ ਬਣਾਇਆ ਹੈ।
ਜਿਸ ਤਰ੍ਹਾਂ ਉਨ੍ਹਾਂ ਨੇ ਚਾਰ ਕੁਸ਼ਤੀਆਂ ਵਿੱਚ ਆਪਣੇ ਵਿਰੋਧੀ ਪਹਿਲਵਾਨਾਂ ਨੂੰ ਮਾਤ ਦਿੱਤੀ, ਉਸ ਨੂੰ ਦੇਖ ਕੇ ਸਾਫ਼ ਲੱਗਿਆ ਕਿ ਉਨ੍ਹਾਂ ਵਿੱਚ ਅਜੇ ਵੀ ਘੱਟੋ ਘੱਟ ਦੋ ਸਾਲ ਦੀ ਕੁਸ਼ਤੀ ਬਚੀ ਹੋਈ ਹੈ।
35 ਸਾਲਾ ਸੁਸ਼ੀਲ ਕੁਮਾਰ ਨੂੰ ਗੋਲਡ ਮੈਡਲ ਜਿੱਤਣ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਇੱਥੋਂ ਤੱਕ ਕਿ ਕੋਈ ਵੀ ਪਹਿਲਵਾਨ ਉਨ੍ਹਾਂ ਖ਼ਿਲਾਫ਼ ਇੱਕ ਅੰਕ ਤੱਕ ਨਹੀਂ ਲੈ ਸਕਿਆ।
ਪਰ ਐਨੀ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ। ਉਹ ਦੋ ਵਾਰ ਮੇਰੇ ਸਾਹਮਣੇ ਆਏ।
ਪਹਿਲੀ ਵਾਰ ਉਨ੍ਹਾਂ ਨੇ ਕਿਹਾ ਕਿ ਮੈਡਲ ਸੈਰੇਮਨੀ ਤੋਂ ਬਾਅਦ ਗੱਲ ਕਰਾਂਗੇ। ਜਦੋਂ ਮੈਡਲ ਸੈਰੇਮਨੀ ਹੋ ਗਈ ਤਾਂ ਕਹਿੰਦੇ ਕੀ ਮੈਂ ਡੋਪ ਟੈਸਟ ਕਰਵਾਉਣ ਜਾਣਾ ਹੈ। ਹੁਣੇ 2 ਮਿੰਟ ਵਿੱਚ ਆਉਂਦਾ ਹਾਂ।
ਮੈਂ ਉਡੀਕ ਕਰਦਾ ਰਹਿ ਗਿਆ ਪਰ ਸੁਸ਼ੀਲ ਨਹੀਂ ਆਏ ਅਤੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਚਲੇ ਗਏ।
ਗੋਲਡਕੋਸਟ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਕਈ ਵਿਵਾਦਾਂ ਨਾਲ ਜੁੜਿਆ ਸੀ। ਇੱਕ ਪਹਿਲਵਾਨ ਪਰਵੀਨ ਰਾਣਾ ਨੇ ਇਲਜ਼ਾਮ ਲਾਇਆ ਸੀ ਕਿ ਸੁਸ਼ੀਲ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਕੁੱਟਿਆ ਸੀ। ਸ਼ਾਇਦ ਉਹ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਗੱਲਾਂ ਕਰਨ ਤੋਂ ਬਚ ਰਹੇ ਹਨ।
ਰਾਹੁਲ ਆਵਾਰੇ ਹਨ ਭਾਰਤੀ ਕੁਸ਼ਤੀ ਦੇ ਅਗਲੇ ਸਟਾਰ
ਮਹਾਰਾਸ਼ਟਰ ਦੇ ਕੋਹਲਾਪੁਰ ਵਿੱਚ ਰਹਿਣ ਵਾਲੇ ਰਾਹੁਲ ਆਵਾਰੇ ਨੇ ਜਿਵੇਂ ਆਪਣੀ ਪਹਿਲੀ ਕੁਸ਼ਤੀ ਵਿੱਚ ਇੰਗਲੈਡ ਦੇ ਪਹਿਲਵਾਨ ਜਾਰਜ ਰੈਮ ਨੂੰ ਹਰਾਇਆ, ਉਸ ਨਾਲ ਇਸ ਪਹਿਲਵਾਨ ਦੀ ਯੋਗਤਾ ਬਾਰੇ ਪਤਾ ਲੱਗ ਗਿਆ।
ਪਾਕਿਸਤਾਨ ਦੇ ਪਹਿਲਵਾਨ ਬਿਲਾਲ ਮੁਹੰਮਦ ਨੇ ਉਨ੍ਹਾਂ ਨੂੰ ਸਖ਼ਤ ਟੱਕਰ ਜ਼ਰੂਰ ਦਿੱਤੀ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਰਾਹੁਲ ਉਨ੍ਹਾਂ ਤੋਂ ਬਿਹਤਰ ਪਹਿਲਵਾਨ ਸੀ।
ਫਾਇਨਲ ਵਿੱਚ ਉਨ੍ਹਾਂ ਦਾ ਸਾਹਮਣਾ ਕੈਨੇਡਾ ਦੇ ਜਾਪਾਨੀ ਮੂਲ ਦੇ ਪਹਿਲਵਾਨ ਸਟੀਵੇਨ ਤਾਕਾਸ਼ਾਹੀ ਤੋਂ ਸੀ।
ਤਾਕਾਸ਼ਾਹੀ ਕੌਮਾਂਤਰੀ ਪੱਧਰ ਦੇ ਪਹਿਲਵਾਨ ਹਨ। ਉਨ੍ਹਾਂ ਨੇ ਇੱਕ ਸਮੇਂ 'ਤੇ ਭਾਰਤੀ ਦਾਅ ਧੋਬੀ ਪਛਾੜ ਲਗਾ ਕੇ ਰਾਹੁਲ 'ਤੇ ਬੜਤ ਵੀ ਬਣਾਈ, ਪਰ ਰਾਹੁਲ ਨੇ ਕਈ ਵਾਰ ਆਪਣੇ ਦਾਅ 'ਚ ਫਸਾ ਕੇ ਜਲਦੀ ਹੀ ਪਾਸਾ ਉਲਟਾ ਕਰ ਦਿੱਤਾ।
ਕੁਸ਼ਤੀ ਖ਼ਤਮ ਹੋਣ ਤੋਂ ਇੱਕ ਮਿੰਟ ਪਹਿਲਾਂ ਰਾਹੁਲ ਨੂੰ ਫੱਟ ਦੇ ਨੇੜੇ ਸੱਟ ਵੀ ਲੱਗੀ, ਪਰ ਥੋੜ੍ਹੇ ਜਿਹੇ ਇਲਾਜ ਤੋਂ ਬਾਅਦ ਉਹ ਮੁੜ ਮੈਟ 'ਤੇ ਉਤਰੇ ਅਤੇ ਫਿਰ ਉਨ੍ਹਾਂ ਨੇ ਤਾਕਾਸ਼ਹੀ ਨੂੰ ਕੋਈ ਮੌਕਾ ਨਹੀਂ ਦਿੱਤਾ।
ਆਖ਼ਰੀ ਸਮੇਂ 'ਤੇ ਤਾਕਾਸ਼ਾਹੀ ਨੇ ਉਨ੍ਹਾਂ ਨੂੰ ਚਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਹੂਟਰ ਵੱਜ ਚੁੱਕਿਆ ਸੀ।
ਰਾਹੁਲ ਜਿਓ ਉਲੰਪਿਕ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰਨ ਦੇ ਦਾਅਵੇਦਾਰ ਸੀ, ਪਰ ਉਨ੍ਹਾਂ ਦੀ ਥਾਂ ਸੰਦੀਪ ਤੋਮਰ ਨੂੰ ਚੁਣਿਆ ਗਿਆ ਸੀ।
ਰਾਹੁਲ ਨੇ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਮੇਰੇ ਨਾਲ ਗੱਲ ਕੀਤੀ।
ਉਨ੍ਹਾਂ ਕਿਹਾ, "ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ। ਮੈਂ ਆਪਣਾ ਗੋਲਡ ਮੈਡਲ ਆਪਣੇ ਪਹਿਲੇ ਕੋਚ ਹਰੀਸ਼ ਚੰਦਰ ਬਿਰਾਜਦਾਰ ਨੂੰ ਸਮਰਪਿਤ ਕਰਦਾ ਹਾਂ। ਉਨ੍ਹਾਂ ਨੇ ਵੀ ਰਾਸ਼ਟਰਮੰਡਲ ਖੇਡਾਂ ਵਿੱਚ ਮੇਰੀ ਤਰ੍ਹਾਂ ਮੈਡਲ ਜਿੱਤਿਆ ਸੀ ਪਰ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ।"