ਅਦਾਕਾਰ ਰਾਹੁਲ ਬੋਸ ਨੂੰ ਮਹਿੰਗੇ ਕੇਲੇ ਵੇਚਣ ਵਾਲੇ ਹੋਟਲ ਨੂੰ ਜੁਰਮਾਨਾ - 5 ਅਹਿਮ ਖ਼ਬਰਾਂ

ਚੰਡੀਗੜ੍ਹ ਦੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨੇ ਸ਼ਨੀਵਾਰ ਨੂੰ ਜੇਡਬਲਿਊ ਮੈਰੀਅਟ ਹੋਟਲ ਨੂੰ 25 ਹਜ਼ਾਰ ਦਾ ਜੁਰਮਾਨਾ ਕੀਤਾ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਜੁਰਮਾਨਾ ਗੈਰ-ਕਾਨੂੰਨੀ ਟੈਕਸ ਵਸੂਲਣ ਦੇ ਸਿਲਸਿਲੇ ਵਿੱਚ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਦਾਕਾਰ ਰਾਹੁਲ ਬੋਸ ਇਸ ਹੋਟਲ ਵਿੱਚ ਠਹਿਰੇ ਸਨ। ਉਨ੍ਹਾਂ ਨੇ ਆਪਣੇ ਕਮਰੇ ਵਿੱਚ ਦੋ ਕੇਲੇ ਮੰਗਵਾਏ ਜਿਸ ਦੀ ਕੀਮਤ ਜੀਐੱਸਟੀ ਸਮੇਤ 442 ਰੁਪਏ ਬਣ ਗਈ।

ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਤਾਜ਼ੇ ਫਲਾਂ 'ਤੇ ਜੀਐੱਸਟੀ ਲਾਗੂ ਨਹੀਂ ਹੁੰਦਾ।

ਇਹ ਵੀ ਪੜ੍ਹੋ:

ਡੀਸੀ ਦਫ਼ਤਰ ਦਾ ਡਰੈੱਸ ਕੋਡ

ਸ਼ਨੀਵਾਰ ਨੂੰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜਾਰੀ ਕੀਤੇ ਗਏ, "ਔਰਤਾਂ ਬਿਨਾਂ ਦੁਪੱਟੇ ਅਤੇ ਮਰਦ ਟੀ-ਸ਼ਰਟ ਪਾ ਕੇ ਦਫ਼ਤਰ ਵਿੱਚ ਨਾ ਆਉਣ...ਨਹੀਂ ਤਾਂ ਕਾਰਵਾਈ ਹੋਵੇਗੀ।"

ਇਸ ਮਗਰੋਂ ਬਹਿਸ ਭਖ਼ ਗਈ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਮੌਕਾ ਸੰਭਾਲਦਿਆਂ ਉਪਰੋਕਤ ਹੁਕਮਾਂ ਨੂੰ ਗੈਰਜ਼ਰੂਰੀ ਦੱਸਦਿਆਂ ਰੱਦ ਕਰ ਦਿੱਤਾ। ਪੜ੍ਹੋ ਪੂਰਾ ਮਾਮਲਾ।

ਹਿਮਾਚਲ ਦੇ 'ਹਮਲਾਵਰ' ਬਾਂਦਰ ਮਾਰੇ ਕੌਣ?

ਸ਼ਿਮਲਾ 'ਚ ਬਾਂਦਰਾਂ ਦੀ ਆਬਾਦੀ ਨਾ ਕੇਵਲ ਇਨਸਾਨਾਂ ਲਈ ਖ਼ਤਰਾ ਬਣ ਗਈ ਹੈ, ਬਲਕਿ ਹਿਮਾਚਲ ਪ੍ਰਦੇਸ਼ ਦੇ ਪੇਂਡੂ ਇਲਾਕਿਆਂ 'ਚ ਕਿਸਾਨਾਂ ਦੀ ਰੋਜ਼ੀ-ਰੋਟੀ ਲਈ ਵੀ ਸਮੱਸਿਆਵਾਂ ਪੈਦਾ ਕਰ ਰਹੀ ਹੈ।

ਉਹ ਲੋਕਾਂ 'ਤੇ ਹਮਲਾ ਕਰਦੇ ਹਨ — ਖ਼ਾਸ ਕਰ ਕੇ ਸਕੂਲ ਜਾਣ ਵਾਲੇ ਬੱਚਿਆਂ 'ਤੇ — ਔਰਤਾਂ 'ਤੇ ਨਜ਼ਰ ਰੱਖ ਕੇ ਹਮਲਾ ਕਰਦੇ ਹਨ, ਸਾਮਾਨ ਖੋਹ ਲੈਂਦੇ ਹਨ। ਪਾਰਕਿੰਗ 'ਚ ਖੜੀਆਂ ਗੱਡੀਆਂ ਦੀਆਂ ਖਿੜਕੀਆਂ ਅਤੇ ਵਿੰਡ-ਸਕਰੀਨ ਨੂੰ ਤੋੜ ਦਿੰਦੇ ਹਨ।

ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਜੰਗਲਾਤ ਮਹਿਕਮੇ ਨੇ ਮਨੁੱਖੀ ਜ਼ਿੰਦਗੀ ਲਈ ਖ਼ਤਰਾ ਬਣ ਚੁੱਕੇ ਇਨ੍ਹਾਂ ਜੀਵਾਂ ਨੂੰ ਮਾਰਨ ਦੀ ਆਗਿਆ ਦੇ ਦਿੱਤੀ ਹੈ ਪਰ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਆਖ਼ਰ ਮਾਰੇ ਕੌਣ?

ਪੜ੍ਹੋ ਕੀ ਹੈ ਪੂਰਾ ਮਾਮਲਾ।

ਆਵਾਜ਼ ਪ੍ਰਦੂਸ਼ਣ ਬਾਰੇ ਹਾਈ ਕੋਰਟ ਦੀ ਸਖ਼ਤੀ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਵਿੱਚਲੀਆਂ ਸਾਰੀਆਂ ਨਿੱਜੀ ਤੇ ਜਨਤਕ ਥਾਵਾਂ 'ਤੇ ਬਿਨਾਂ ਪ੍ਰਵਾਨਗੀ ਕੋਈ ਲਾਊਡ ਸਪੀਕਰਾਂ ਦੀ ਵਰਤੋਂ ਨਹੀਂ ਕਰੇਗਾ।

ਅਦਾਲਤ ਨੇ ਇਹ ਫੈਸਲਾ ਆਵਾਜ਼ ਪ੍ਰਦੂਸ਼ਣ ਅਤੇ ਲੱਚਰ ਗੀਤਾਂ ਬਾਰੇ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਅਦਾਲਤ ਕੋਲ ਆਈਆਂ ਅਰਜੀਆਂ ਦਾ ਨਿਪਟਾਰਾ ਕਰਦਿਆਂ ਦਿੱਤਾ ਹੈ।

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਹੋਰ ਕੀ ਕੁਝ ਕਿਹਾ, ਪੜ੍ਹੋ

ਸਖ਼ਸ਼ ਜਿਸ ਨੇ ਕਾਰਗਿਲ ਦੌਰਾਨ ਪਾਕ ਫੌਜ ਨੂੰ ਖਾਣਾ ਖਵਾਇਆ

ਪਾਕਿਸਤਾਨੀ ਇਲਾਕੇ ਦੇ ਗੁਲ ਸ਼ੇਰ (ਬਦਲਿਆ ਹੋਇਆ ਨਾਂ) ਨੇ ਇਹ ਕਹਾਣੀ ਬੀਬੀਸੀ ਨਾਲ ਸਾਂਝੀ ਕੀਤੀ, ਹਾਲਾਂਕਿ ਇਸ ਦੀ ਪੁਸ਼ਟੀ ਬੀਬੀਸੀ ਖੁਦ ਨਹੀਂ ਕਰ ਸਕਦਾ।

ਗੁਲ ਸ਼ੇਰ ਦੀ ਉਮਰ 50 ਦੇ ਨੇੜੇ ਹੈ ਪਰ ਅੱਜ ਵੀ, 20 ਸਾਲ ਪਹਿਲਾਂ ਪਾਕਿਸਤਾਨ ਤੇ ਭਾਰਤ ਵਿਚਾਲੇ ਹੋਈ ਕਾਰਗਿਲ ਜੰਗ ਦੇ ਉਹ ਦਿਨ ਉਸ ਨੂੰ ਸਾਫ਼ ਯਾਦ ਹਨ।

ਕਾਰਗਿਲ ਜੰਗ ਦੌਰਾਨ ਗੁਲ ਸ਼ੇਰ ਪਾਕਿਸਤਾਨੀ ਫ਼ੌਜ ਨਾਲ ਇੱਕ ਕਾਰਜਕਰਤਾ ਵਜੋਂ ਵੱਧ-ਚੜ੍ਹ ਕੇ ਕੰਮ ਕਰਦੇ ਰਹੇ।

ਉਸ ਦੇ ਪੁਰਖੇ ਸਦੀਆਂ ਪਹਿਲਾਂ ਸ਼੍ਰੀਨਗਰ ਤੋਂ ਗਿਲਗਿਟ ਆ ਗਏ ਸਨ ਪਰ ਉਸ ਦਾ ਜਜ਼ਬਾਤੀ ਨਾਤਾ ਅਜੇ ਵੀ ਕਸ਼ਮੀਰ ਵਾਦੀ ਨਾਲ ਜੁੜੇ ਹੋਇਆ ਸੀ।

ਪੜ੍ਹੋ ਜੰਗ ਦੌਰਾਨ ਉਨ੍ਹਾਂ ਦਾ ਕੀ ਰਿਹਾ ਤਜ਼ਰਬਾ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)