You’re viewing a text-only version of this website that uses less data. View the main version of the website including all images and videos.
ਮਹਿੰਦਰ ਸਿੰਘ ਧੋਨੀ ਵਰਗਾ ਟੀਮ ਇੰਡੀਆ 'ਚ ਇਸ ਲਈ ਕੋਈ ਹੋਰ ਨਹੀਂ
- ਲੇਖਕ, ਆਦੇਸ਼ ਕੁਮਾਰ ਗੁਪਤ
- ਰੋਲ, ਖੇਡ ਪੱਤਰਕਾਰ, ਬੀਬੀਸੀ ਲਈ
ਇੰਗਲੈਂਡ 'ਚ ਚੱਲ ਰਹੇ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ 'ਚ ਸ਼ਨਿੱਚਰਵਾਰ ਅਤੇ ਐਤਵਾਰ ਛੁੱਟੀ ਵਾਲਾ ਦਿਨ ਹੈ, ਪਰ ਇਸ ਦੇ ਬਾਵਜੂਦ ਭਾਰਤੀ ਟੀਮ ਲਈ ਐਤਵਾਰ ਦਾ ਦਿਨ ਮਸ਼ਰੂਫ਼ ਅਤੇ ਖੁਸ਼ੀ ਭਰਿਆ ਸਾਬਿਤ ਹੋਣ ਵਾਲਾ ਹੈ।
ਇਸ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਭਾਰਤੀ ਟੀਮ ਸ਼ਨਿੱਚਰਵਾਰ ਨੂੰ ਸ਼੍ਰੀਲੰਕਾ ਨੂੰ ਆਖ਼ਰੀ ਲੀਗ ਮੈਚ ਵਿੱਚ 7 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਹੁਣ ਮੰਗਲਵਾਰ ਨੂੰ ਟੀਮ ਦਾ ਸਾਹਮਣਾ ਪਹਿਲਾਂ ਸੈਮੀਫਾਈਨਲ 'ਚ ਨਿਊਜ਼ੀਲੈਂਡ ਨਾਲ ਹੋਵੇਗਾ।
ਇਸ ਤੋਂ ਇਲਾਵਾ ਮਸ਼ਰੂਫ਼ ਹੋਣ ਦਾ ਦੂਜਾ ਕਾਰਨ ਮਹਿੰਦਰ ਸਿੰਘ ਧੋਨੀ ਦਾ ਜਨਮ ਦਿਨ ਹੈ।
ਮਹਿੰਦਰ ਸਿੰਘ ਧੋਨੀ ਐਤਵਾਰ ਨੂੰ ਆਪਣਾ 38ਵਾਂ ਜਨਮ ਦਿਨ ਮਨਾ ਰਹੇ ਹਨ। ਜ਼ਾਹਿਰ ਹੈ ਹੋਟਲ 'ਚ ਰਹਿੰਦੀ ਬਾਕੀ ਭਾਰਤੀ ਖਿਡਾਰੀ ਇਸ ਮੌਕੇ ਨੂੰ ਆਸਾਨੀ ਨਾਲ ਨਹੀਂ ਜਾਣ ਦੇਣਗੇ।
ਇਸ ਮੌਕੇ 'ਤੇ ਕੇਕ ਧੋਨੀ ਦੇ ਮੂੰਹ 'ਤੇ ਲਗਾਇਆ ਜਾਵੇਗਾ ਅਤੇ ਪਾਰਟੀ ਵਾਲਾ ਮਾਹੌਲ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ-
ਧੋਨੀ ਨੂੰ ਮਿਲੇਗਾ ਜਿੱਤ ਦਾ ਤੋਹਫ਼ਾ?
ਮੰਨਿਆ ਜਾ ਰਿਹਾ ਹੈ ਇਹ ਮਹਿੰਦਰ ਸਿੰਘ ਧੋਨੀ ਦਾ ਆਖ਼ਰੀ ਵਿਸ਼ਵ ਕੱਪ ਹੈ। ਅਜਿਹੇ ਵਿੱਚ ਸਾਰੇ ਭਾਰਤੀ ਖਿਡਾਰੀ ਉਨ੍ਹਾਂ ਨੂੰ ਵਿਸ਼ਵ ਕੱਪ ਦੀ ਖਿਤਾਬੀ ਜਿੱਤ ਦਾ ਤੋਹਫ਼ਾ ਅਗਲੇ ਹਫ਼ਤੇ ਹੋਣ ਵਾਲੇ ਸੈਮੀਫਾਈਨਲ ਅਤੇ ਫਾਈਨਲ ਜਿੱਤ ਕੇ ਦੇਣਾ ਚਾਹੁਣਗੇ।
ਖ਼ੁਦ ਧੋਨੀ ਨੇ ਵੀ ਤਾਂ ਆਪਣੀ ਕਪਤਾਨੀ ਵਿੱਚ ਸਾਲ 2007 'ਚ ਟੀ-20 ਵਿਸ਼ਵ ਕੱਪ ਅਤੇ ਸਾਲ 2011 ਵਿੱਚ ਆਈਸੀਸੀ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਜਿੱਤ ਕੇ ਭਾਰਤ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਸੀ।
38 ਸਾਲ ਦੀ ਉਮਰ ਵਿੱਚ ਜਦੋਂ ਕਿਸੇ ਵੀ ਖਿਡਾਰੀ ਦੀਆਂ ਅੱਖਾਂ ਕਮਜ਼ੋਰ ਹੋਣ ਲਗਦੀਆਂ ਹਨ ਅਤੇ ਦੌੜਾਂ ਲੈਣ ਵੇਲੇ ਕਦਮਾਂ ਦੀ ਰਫ਼ਤਾਰ ਹੌਲੀ ਪੈਣ ਲਗਦੀ ਹੈ, ਉੱਥੇ ਹੀ ਧੋਨੀ ਅੱਜ ਵੀ ਵਿਕਟਾਂ ਦੇ ਪਿੱਛੇ ਦੂਜੇ ਵਿਕਟ ਕੀਪਰਾਂ ਦੇ ਮੁਕਾਬਲੇ ਸਭ ਤੋਂ ਤੇਜ਼ ਹਨ।
ਇੰਨਾ ਹੀ ਨਹੀਂ ਵਿਕਟਾਂ ਵਿਚਾਲੇ ਦੌੜ ਕੇ ਉਹ ਕਈ ਨੌਜਵਾਨ ਖਿਡਾਰੀਆਂ ਨੂੰ ਪਾਣੀ ਪਿਆਉਣ ਦੀ ਸਮਰੱਥਾ ਰੱਖਦੇ ਹਨ।
ਕੀ ਧੋਨੀ ਦੀ ਰਫ਼ਤਾਰ ਮੱਠੀ ਪੈ ਗਈ ਹੈ?
ਇਸ ਵਿਸ਼ਵ ਕੱਪ ਵਿੱਚ ਬੇਸ਼ੱਕ ਧੋਨੀ ਦੀ ਮੱਠੀ ਬੱਲੇਬਾਜ਼ੀ ਨੂੰ ਲੈ ਕੇ ਆਲੋਚਨਾ ਦੇ ਸੁਰ ਸੁਣਾਈ ਦੇ ਰਹੇ ਹਨ ਪਰ ਸਾਰੇ ਇਹ ਜਾਣਦੇ ਹਨ ਕਿ ਜੇਕਰ ਵੈਸਟ ਇੰਡੀਜ ਦੇ ਖ਼ਿਲਾਫ਼ ਜਦੋਂ ਭਾਰਤ ਦਾ ਟੌਪ ਆਰਡਰ ਟੁੱਟ ਗਿਆ ਸੀ ਤਾਂ ਅਜਿਹੇ 'ਚ ਜੇਕਰ ਧੋਨੀ ਵੀ ਛੇਤੀ ਆਊਟ ਹੋ ਜਾਂਦੇ ਤਾਂ ਕੀ ਹੁੰਦਾ।
ਹਾਲਾਂਕਿ ਧੋਨੀ ਦਾ ਸੌਖਾ ਜਿਹਾ ਸਟੰਪ ਕਰਨ ਦਾ ਮੌਕਾ ਵੈਸਟ ਇੰਡੀਜ ਦੇ ਵਿਕਟ ਕੀਪਰ ਨੇ ਗੁਆਇਆ, ਪਰ ਜਿੱਤ ਤਾਂ ਆਖ਼ਿਰ ਜਿੱਤ ਹੀ ਹੁੰਦੀ ਹੈ।
ਵੈਸੇ ਟੂਰਨਾਮੈਂਟ ਵਿੱਚ ਧੋਨੀ ਦਾ ਸਟ੍ਰਾਈਕ ਰੇਟ 93 ਦਾ ਹੈ, ਜਿਸ ਨੂੰ ਮੱਠਾ ਨਹੀਂ ਕਿਹਾ ਜਾ ਸਕਦਾ ਯਾਨਿ ਕਿ ਉਹ ਹਰ 100 ਗੇਂਦਾਂ 'ਤੇ 93 ਬਣਾ ਰਹੇ ਹਨ।
ਸਭ ਤੋਂ ਵੱਡੀ ਗੱਲ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਜਾਣਦੇ ਹਨ ਕਿ ਮਹਿੰਦਰ ਸਿੰਘ ਧੋਨੀ ਦੀ ਟੀਮ ਵਿੱਚ ਕੀ ਅਹਿਮੀਅਤ ਹੈ, ਤਾਂ ਹੀ ਕੋਹਲੀ ਮੰਨਦੇ ਹਨ ਕਿ ਧੋਨੀ ਨੂੰ ਸਲਾਹ ਦੇਣ ਦੀ ਕੋਈ ਲੋੜ ਨਹੀਂ, ਉਹ ਖ਼ੁਦ ਜਾਣਦੇ ਹਨ ਕਿ ਉਨ੍ਹਾਂ ਕਿਸ ਵੇਲੇ ਕੀ ਕਰਨਾ ਹੈ।
ਇਹ ਸਿਰਫ਼ ਕਹਿਣ ਦੀ ਗੱਲ ਨਹੀਂ ਬਲਕਿ ਮੈਦਾਨ ਵਿੱਚ ਵੀ ਨਜ਼ਰ ਆਉਂਦਾ ਹੈ। ਜਦੋਂ ਟੀਮ ਗੇਂਦਬਾਜ਼ੀ ਕਰਦੀ ਹੈ ਤਾਂ ਗੇਂਦਬਾਜ਼ ਨੂੰ ਸਲਾਹ ਦੇਣਾ, ਫੀਲਡਿੰਗ ਵਿੱਚ ਬਦਲਾਅ ਕਰਨਾ ਅਤੇ ਇੱਥੋਂ ਤੱਕ ਡੀਆਰਐਸ ਲੈਣਾ ਜਾਂ ਨਹੀਂ, ਇਸ ਬਾਰੇ ਫ਼ੈਸਲੇ 'ਚ ਵੀ ਧੋਨੀ ਦੀ ਰਾਏ ਸਭ ਤੋਂ ਅਹਿਮ ਹੁੰਦੀ ਹੈ।
ਉਨ੍ਹਾਂ ਦੀ ਮੌਜੂਦਗੀ ਕਰਕੇ ਹੀ ਕਪਤਾਨ ਵਿਰਾਟ ਕੋਹਲੀ ਬਾਊਂਡਰੀ 'ਤੇ ਫਿਲਡਿੰਗ ਕਰਦੇ ਨਜ਼ਰ ਆਉਂਦੇ ਹਨ, ਯਾਨਿ ਕਪਤਾਨ ਨਾ ਹੋ ਕੇ ਵੀ ਧੋਨੀ ਕਪਤਾਨ ਦਾ ਰੋਲ ਅਦਾ ਕਰਦੇ ਹਨ।
ਧੋਨੀ ਦੇ ਹੈਰਾਨ ਕਰਨ ਵਾਲੇ ਫ਼ੈਸਲੇ
ਹੁਣ ਇਸ ਨੂੰ ਇਤੇਫ਼ਾਕ ਹੀ ਕਿਹਾ ਜਾਵੇਗਾ ਕਿ ਧੋਨੀ ਨਾ ਤਾਂ ਸਈਅਦ ਕਿਰਮਾਨੀ ਵਾਂਗ ਕਲਾਤਮਕ ਅਤੇ ਰਵਾਇਤੀ ਢੰਗ ਨਾਲ ਵਿਕਟ ਕੀਪਿੰਗ ਕਰਦੇ ਹਨ ਅਤੇ ਨਾ ਹੀ ਫ਼ਾਰੁਖ਼ ਇੰਜੀਨੀਅਰ ਵਾਂਗ ਤੇਜ਼ ਸਲਾਮੀ ਬੱਲੇਬਾਜ਼ ਹਨ।
ਇਸ ਦੇ ਬਾਵਜੂਦ ਧੋਨੀ ਭਾਰਤ ਦੇ ਸਭ ਤੋਂ ਸਫ਼ਲ ਵਿਕਟ ਕੀਪਰ ਹੋਣ ਦੇ ਨਾਲ-ਨਾਲ ਸਫ਼ਲ ਬੱਲੇਬਾਜ ਅਤੇ ਕਪਤਾਨ ਵੀ ਰਹੇ ਹਨ।
ਧੋਨੀ ਹਮੇਸ਼ਾ ਹੈਰਾਨ ਕਰਨ ਵਾਲੇ ਫ਼ੈਸਲੇ ਲੈਂਦੇ ਹਨ। ਕੁਝ ਅਜਿਹਾ ਹੀ ਉਦੋਂ ਹੋਇਆ ਜਦੋਂ ਉਨ੍ਹਾਂ ਬਿਨਾ ਕਿਸੇ ਸ਼ੋਰ-ਸ਼ਰਾਬੇ ਦੇ ਟੈਸਟ ਕ੍ਰਿਕਟ 'ਚ ਕਪਤਾਨੀ ਦੀ ਟੋਪੀ ਵਿਰਾਟ ਕੋਹਲੀ ਦੇ ਸਿਰ 'ਤੇ ਰੱਖ ਦਿੱਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ-ਰੋਜ਼ਾ ਅਤੇ ਟੀ-20 'ਚ ਵੀ ਕਪਤਾਨੀ ਛੱਡ ਦਿੱਤੀ ਅਤੇ ਟੈਸਟ ਕ੍ਰਿਕਟ ਨੂੰ ਤਾਂ ਉਨ੍ਹਾਂ ਅਲਵਿਦਾ ਕਹਿ ਹੀ ਦਿੱਤਾ ਸੀ।
ਇੱਕ ਕਪਤਾਨ ਵਜੋਂ ਉਨ੍ਹਾਂ ਨੇ ਆਈਪੀਐਲ 'ਚ ਚੇਨੱਈ ਸੁਪਰ ਕਿੰਗਜ਼ ਨੂੰ ਤਿੰਨ ਵਾਰ ਚੈਂਪੀਅਨ ਬਣਾਇਆ। ਉਨ੍ਹਾਂ ਦੀ ਕਪਤਾਨੀ 'ਚ ਭਾਰਤ ਨੇ ਪਹਿਲੀ ਵਾਰ ਆਈਸੀਸੀ ਚੈਂਪੀਅਨਸ ਟਰਾਫੀ ਜਿੱਤੀ ਤਾਂ ਪਹਿਲਾ ਵਾਰ ਆਈਸੀਸੀ ਟੈਸਟ ਰੈਕਿੰਗ 'ਚ ਵੀ ਨੰਬਰ ਇੱਕ 'ਤੇ ਰਿਹਾ।
ਮਾਹੀ ਹੈ ਤਾਂ ਮੁਮਕਿਨ ਹੈ!
ਧੋਨੀ ਦੇ ਖਾਤੇ 'ਚ ਢੇਰਾਂ ਕਾਮਯਾਬੀਆਂ ਹਨ ਤਾਂ ਢੇਰਾਂ ਹੀ ਕਿੱਸੇ ਵੀ ਹਨ। ਆਈਪੀਐਲ 'ਚ ਉਨ੍ਹਾਂ ਦੀ ਟੀਮ ਚੇਨੱਈ ਸੁਪਰ ਕਿੰਗਜ਼ ਨੂੰ ਸਪਾਟ ਫਿਕਸਿੰਗ ਵਰਗੇ ਕਥਿਤ ਮਾਮਲਿਆਂ 'ਚ ਫਸਣ ਕਾਰਨ ਦੋ ਸਾਲ ਆਈਪੀਐਲ ਤੋਂ ਬਾਹਰ ਹੋਣਾ ਪਿਆ ਪਰ ਧੋਨੀ ਨੇ ਸਾਲ 2018 ਵਿੱਚ ਉਸ ਦੀ ਵਾਪਸੀ ਲਗਭਗ ਆਪਣੇ ਹੀ ਦਮ 'ਤੇ ਚੈਂਪੀਅਨ ਬਣਾ ਕੇ ਕੀਤੀ।
ਧੋਨੀ 'ਤੇ ਇਹ ਵੀ ਇਲਜ਼ਾਮ ਲੱਗੇ ਹਨ ਉਨ੍ਹਾਂ ਕਰਕੇ ਹੀ ਗੌਤਮ ਗੰਭੀਰ, ਵਰਿੰਦਰ ਸਹਿਵਾਗ, ਵੀਵੀਐਸ ਲਕਸ਼ਮਣ ਅਤੇ ਰਾਹੁਲ ਦ੍ਰਾਵਿੜ ਨੂੰ ਟੈਸਟ ਕ੍ਰਿਕਟ ਛੱਡਣਾ ਪਿਆ।
ਪਰ ਇਹ ਵੀ ਸੱਚ ਹੈ ਕਿ ਧੋਨੀ ਦੀ ਕਪਤਾਨੀ ਵਿੱਚ ਹੀ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਦੂਜੇ ਖਿਡਾਰੀ ਚਮਕੇ।
ਰੋਹਿਤ ਸ਼ਰਮਾ ਨੂੰ ਤਾਂ ਇੱਕ-ਰੋਜ਼ਾ ਕ੍ਰਿਕਟ ਵਿੱਚ ਸਲਾਮੀ ਬੱਲੇਬਾਜ਼ ਧੋਨੀ ਨੇ ਹੀ ਬਣਾਇਆ ਹੈ। ਵਿਕਟ ਦੇ ਪਿੱਛੇ ਧੋਨੀ ਅੱਜ ਵੀ ਬੱਲੇਬਾਜ਼ਾਂ ਲਈ ਸਭ ਤੋਂ ਵੱਡਾ ਖ਼ਤਰਾ ਹਨ। ਪਲਕ ਝਪਕਦਿਆਂ ਹੀ ਸਟੰਪ ਕਰਨ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ।
ਕਦੇ ਆਪਣੇ ਲੰਬੇ ਵਾਲਾਂ ਕਾਰਨ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਕੋਲੋਂ ਤਾਰੀਫ਼ ਖੱਟਣ ਵਾਲੇ ਧੋਨੀ ਛੱਕਾ ਲਗਾ ਕੇ ਮੈਚ ਜਿਤਾਉਣ 'ਚ ਵੀ ਮਾਹਿਰ ਮੰਨੇ ਜਾਂਦੇ ਰਹੇ ਹਨ।
ਧੋਨੀ ਵਰਗਾ ਕੋਈ ਨਹੀਂ
ਅੱਜ ਵੀ ਉਨ੍ਹਾਂ ਦੇ ਮੋਢੇ 'ਤੇ ਮੈਚ ਫਿਨੀਸ਼ਰ ਦੀ ਜ਼ਿੰਮੇਵਾਰੀ ਹੈ। ਸਮੇਂ ਦੇ ਨਾਲ ਧੋਨੀ ਕਦੇ ਆਹ ਤੇ ਕਦੇ ਵਾਹ ਨਾਲ ਨਜਿੱਠਦੇ ਰਹਿੰਦੇ ਹਨ ਪਰ ਮੈਦਾਨ 'ਤੇ ਸ਼ਾਇਦ ਹੀ ਕਦੇ ਕਿਸੇ ਮੌਕੇ 'ਤੇ ਦੂਜੇ ਖਿਡਾਰੀਆਂ ਵਾਂਗ ਜੋਸ਼ ਵਿੱਚ ਬੱਲਾ ਘੁਮਾਇਆ ਹੋਵੇ ਜਾਂ ਮੈਚ ਜਿਤਾਉਣ ਤੋਂ ਬਾਅਦ ਖੁਸ਼ੀ ਨਾਲ ਉਛਲੇ ਹੋਣ।
ਦਰਅਸਲ, ਇਹ 'ਕੈਪਟਨ ਕੂਲ' ਕਹਾਉਂਦੇ ਹਨ। ਧੋਨੀ ਬਾਰੇ ਇੰਨਾ ਕੁਝ ਕਿਹਾ ਸੁਣਿਆ ਗਿਆ ਹੈ ਕਿ ਕੋਈ ਵੀ ਗੱਲ ਨਵੀਂ ਨਹੀਂ ਲਗਦੀ ਹੈ।
ਪਰ ਇਸ ਦੇ ਬਾਵਜੂਦ ਜਦੋਂ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਅਕਸਰ ਕਹਿੰਦੇ ਹਨ- ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹਮੇਸ਼ਾ ਉਹ ਸਮਾਂ ਰਹੇ ਜਦੋਂ ਧੋਨੀ ਨੇ ਸਾਲ 2011 ਦਾ ਵਿਸ਼ਵ ਕੱਪ ਫਾਈਨਲ ਸ਼੍ਰੀਲੰਕਾ ਦੇ ਖ਼ਿਲਾਫ਼ ਛੱਕਾ ਮਾਰ ਕੇ ਜਿਤਾਇਆ ਸੀ ਤਾਂ ਸ਼ਾਇਦ ਇਸ ਤੋਂ ਵੱਡੀ ਗੱਲ ਕੋਈ ਹੋਰ ਨਹੀਂ ਹੋ ਸਕਦੀ।
ਵੈਸੇ ਵੀ ਧੋਨੀ ਨੇ ਪਤਾ ਨਹੀਂ ਕਿੰਨੇ ਮੈਚ ਇਸ ਅੰਦਾਜ਼ 'ਚ ਭਾਰਤ ਨੂੰ ਜਿਤਾਏ ਹਨ। ਆਸ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਹੋਰ ਨਵਾਂ ਪੰਨਾ ਉਨ੍ਹਾਂ ਦੀ ਸਫ਼ਲਤਾ ਦਾ ਨਵਾਂ ਇਤਿਹਾਸ ਲੈ ਕੇ ਆਵੇਗਾ। ਫਿਲਹਾਲ ਹੁਣ ਵੀ ਧੋਨੀ ਦਾ ਖੇਡਣਾ ਭਾਰਤ ਦੀ ਮਜਬੂਰੀ ਨਹੀਂ ਜ਼ਰੂਰਤ ਹੈ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ