ਅਫ਼ਗਾਨਿਸਤਾਨ ਵਿੱਚ ਆਮ ਚੋਣਾਂ ਹਾਰੀਆਂ ਔਰਤਾਂ ਵੱਲੋਂ ਬੁੱਲ੍ਹ ਸਿਉਂ ਕੇ ਪ੍ਰਦਰਸ਼ਨ - 5 ਮੁੱਖ ਖ਼ਬਰਾਂ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਹੋਈ ਕਥਿਤ ਧਾਂਦਲੀ ਦੇ ਖ਼ਿਲਾਫ ਅੰਦੋਲਨ ਕਰ ਰਹੀਆਂ ਮਹਿਲਾ ਉਮੀਦਵਾਰਾਂ ਨੇ ਇਸ ਦੇ ਖ਼ਿਲਾਫ ਰਾਸ਼ਟਰਪਤੀ ਭਵਨ ਦੇ ਸਾਹਮਣੇ ਆਪਣੇ ਬੁੱਲ੍ਹ ਸਿਉਂ ਕੇ ਵਿਰੋਧ-ਪ੍ਰਦਰਸ਼ਨ ਕੀਤੇ

ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਕਈ ਸੂਬਿਆਂ ਵਿੱਚ ਮਹਿਲਾ ਉਮੀਦਵਾਰ ਹਾਰ ਗਈਆਂ ਸਨ। ਇਨ੍ਹਾਂ ਵਿੱਚ ਇੱਕ ਉਮੀਦਵਾਰ ਡੀਵਾ ਨਿਆਜ਼ੀ ਨੇ ਮੰਗਲਵਾਰ ਨੂੰ ਆਪਣੀਆਂ ਪੰਜ ਸਹੇਲੀਆਂ ਨਾਲ ਆਪਣੇ ਬੁੱਲ੍ਹ ਸਿਉਂ ਕੇ ਪ੍ਰਦਰਸ਼ਨ ਕੀਤਾ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਬਸੀ ਤੇ ਸ਼ੋਸ਼ਣ ਦੀ ਇਹ ਆਖ਼ਰੀ ਹੱਦ ਹੈ ਕਿਉਂਕਿ ਸਰਕਾਰ ਗੂੰਗੀ ਤੇ ਬਹਿਰੀ ਹੈ।

ਜ਼ਿਕਰਯੋਗ ਹੈ ਕਿ ਇਹ ਮਹਿਲਾ ਉਮੀਦਵਾਰ ਪਿਛਲੇ ਤਿੰਨ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੀਆਂ ਹਨ।

ਇਨ੍ਹਾਂ ਦਾ ਇਲਜ਼ਾਮ ਹੈ ਕਿ ਪਿਛਲੇ ਸਾਲ ਹੋਈਆਂ ਸੰਸਦੀ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਨਾਲ ਧਾਂਦਲੀ ਹੋਈ ਅਤੇ ਉਨ੍ਹਾਂ ਦੀ ਥਾਂ ਸੰਸਦ ਵਿੱਚ ਉਹ ਲੋਕ ਪਹੁੰਚੇ ਜਿਨ੍ਹਾਂ ਨੇ ਰਿਸ਼ਵਤ ਅਤੇ ਦਬਾਅ ਰਾਹੀਂ ਚੋਣ ਨਤੀਜੇ ਬਦਲ ਦਿੱਤੇ।

ਇਹ ਵੀ ਪੜ੍ਹੋ:

ਪੰਜਾਬ 'ਚ ਰੋਡਵੇਜ਼ ਬੱਸਾਂ ਦੀ ਹੜਤਾਲ ਦਾ ਅੱਜ ਆਖ਼ਰੀ ਦਿਨ

ਪਨਬਸ ਦੇ 4406 ਕਾਮਿਆਂ ਨੇ ਆਪਣੀ ਹੜਤਾਲ ਦੇ ਦੂਜੇ ਦਿਨ ਪੰਜਾਬ ਭਰ 'ਚ ਪਨਬਸ ਦੀਆਂ 1224 ਬੱਸਾਂ ਅਤੇ ਕਿਲੋਮੀਟਰ ਸਕੀਮ ਦੀਆਂ 109 ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰ ਦਿੱਤਾ।

ਤਿੰਨ ਦਿਨਾਂ ਦੀ ਇਸ ਹੜਤਾਲ ਨੇ ਸਖ਼ਤਗਰਮੀ ਦੇ ਮੌਸਮ ਵਿੱਚ ਸਵਾਰੀਆਂ ਤੇ ਰੋਜ਼ ਦੇ ਕੰਮਾਂ ਲਈ ਆਉਣ ਜਾਣ ਵਾਲਿਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।

ਪੰਜਾਬ ਰੋਡਵੇਜ਼ ਦੇ ਸੂਬੇ ਭਰ ਦੇ 18 ਡਿਪੂਆਂ ਵਿੱਚੋਂ ਕਿਸੇ ਵੀ ਡਿਪੂ 'ਚੋਂ ਪਨਬਸ ਦੀ ਕੋਈ ਵੀ ਬੱਸ ਕਿਸੇ ਰੂਟ ਲਈ ਰਵਾਨਾ ਨਹੀਂ ਹੋਈ ਤੇ ਨਾ ਹੀ ਪੰਜਾਬ ਰੋਡਵੇਜ਼ ਦੀਆਂ ਵਰਕਸ਼ਾਪ 'ਚ ਕਿਸੇ ਮੁਲਾਜ਼ਮ ਨੇ ਖ਼ਰਾਬ ਬੱਸਾਂ ਦੀ ਮੁਰੰਮਤ ਦਾ ਕੰਮ ਕੀਤਾ।

ਰਾਹੁਲ ਨੇ ਆਪਣੇ ਅਸਤੀਫ਼ੇ 'ਚ ਜਤਾਇਆ 'ਅਣਕਿਆਸੀ ਹਿੰਸਾ' ਦਾ ਖਦਸ਼ਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਖ਼ਰਕਾਰ ਆਪਣੇ ਅਸਤੀਫ਼ੇ ਦਾ ਜਨਤਕ ਐਲਾਨ ਕਰ ਦਿੱਤਾ ਹੈ।

ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ 4 ਪੰਨਿਆਂ ਦਾ ਅਸਤੀਫ਼ਾ ਟਵੀਟ ਕੀਤਾ ਹੈ।

ਉਨ੍ਹਾਂ ਲਿਖਿਆ, "ਮੇਰੀ ਲੜਾਈ ਸਿਰਫ਼ ਸੱਤਾ ਹਾਸਲ ਕਰਨ ਲਈ ਨਹੀਂ ਰਹੀ। ਮੇਰੇ ਦਿਲ ਵਿੱਚ ਭਾਜਪਾ ਦੇ ਲਈ ਕੋਈ ਗੁੱਸਾ ਜਾਂ ਨਫ਼ਰਤ ਨਹੀਂ ਹੈ ਪਰ ਭਾਰਤ ਦੇ ਬਾਰੇ ਉਨ੍ਹਾਂ ਦੇ ਵਿਚਾਰ ਦਾ ਮੇਰਾ ਰੋਮ-ਰੋਮ ਵਿਰੋਧ ਕਰਦਾ ਹੈ।"

ਰਾਹੁਲ ਗਾਂਧੀ ਦੇ ਪਿਤਾ, ਦਾਦੀ ਅਤੇ ਪੜਦਾਦਾ ਸਾਰੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ।

3 ਆਈਐੱਸ ਅਫ਼ਸਰ ਭੈਣਾਂ ਦਾ ਸਫ਼ਰ

1983 ਬੈਚ ਦੀ ਆਈਏਐੱਸ ਅਫ਼ਸਰ ਕੇਸ਼ਨੀ ਆਨੰਦ ਅਰੋੜਾ ਹਰਿਆਣਾ ਦੇ ਪਹਿਲੇ ਮਹਿਲਾ ਡਿਪਟੀ ਕਮਿਸ਼ਨਰ ਬਣੇ ਅਤੇ ਇਸੇ ਹਫ਼ਤੇ ਉਹ ਸੂਬੇ ਦੇ ਮੁੱਖ ਸਕੱਤਰ ਬਣੇ ਹਨ।

ਉਨ੍ਹਾਂ ਦੀਆਂ ਦੋ ਭੈਣਾਂ ਮਿਨਾਕਸ਼ੀ ਆਨੰਦ ਚੌਧਰੀ (1969 ਬੈਚ ਆਈਏਐੱਸ) ਅਤੇ ਉਰਵਸ਼ੀ ਗੁਲਾਟੀ 1975 ਬੈਚ ਆਈਏਐੱਸ) ਉਨ੍ਹਾਂ ਤੋਂ ਪਹਿਲਾਂ ਸੂਬੇ ਦੀ ਮੁੱਖ ਸਕੱਤਰ ਰਹਿ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ ਲੋਕ ਤਾਂ ਇਸ ਗੱਲ ਉੱਤੇ ਸ਼ਰਤ ਲਗਾਉਂਦੇ ਸਨ ਕਿ ਕਿਸੇ ਮਹਿਲਾ ਨੂੰ ਡੀਸੀ ਜਾਂ ਦੂਜੇ ਅਹਿਮ ਅਹੁਦੇ ਨਹੀਂ ਮਿਲ ਸਕਦੇ ਹਨ।

ਲੀਬੀਆ : ਹਵਾਈ ਹਮਲੇ ਵਿੱਚ ਦਰਜਨਾਂ ਪਰਵਾਸੀਆਂ ਦੀ ਮੌਤ

ਲੀਬੀਆ ਵਿੱਚ ਪਰਵਾਸੀਆਂ ਦੇ ਨਜ਼ਰਬੰਦੀ ਕੇਂਦਰ ਵਿੱਚ ਏਅਰ ਸਟਰਾਈਕ ਕਾਰਨ 40 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਦਾਅਵਾ ਸਰਕਾਰੀ ਅਧਿਕਾਰੀਆਂ ਨੇ ਕੀਤਾ ਹੈ।

ਤ੍ਰਿਪੋਲੀ ਦੇ ਇੱਕ ਪੂਰਬੀ ਉਪਨਗਰ ਵਿੱਚ ਹੋਏ ਧਮਾਕੇ ਦੌਰਾਨ 80 ਲੋਕ ਜ਼ਖ਼ਮੀ ਹੋ ਗਏ ਹਨ।

ਸਰਕਾਰ ਵਿਰੋਧੀ ਧਿਰਾਂ ਦੀ ਅਗਵਾਈ ਕਰਨ ਵਾਲੇ ਜਨਰਲ ਖਲੀਫ਼ਾ ਹਫ਼ਤਾਰ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਅਫ਼ਰੀਕੀ ਪਰਵਾਸੀ ਦੱਸੇ ਜਾ ਰਹੇ ਹਨ।

ਪਿਛਲੇ ਕੁਝ ਸਾਲਾਂ ਵਿੱਚ ਯੂਰਪ ਜਾਣ ਵਾਲੇ ਪਰਵਾਸੀਆਂ ਲਈ ਲੀਬੀਆ ਇੱਕ ਵਿਚਾਲੇ ਦਾ ਰਾਹ ਬਣ ਗਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)