ਪੰਜਾਬ 'ਚ ਰੋਡਵੇਜ਼ ਬੱਸਾਂ ਦੀ ਹੜਤਾਲ, ਸਵਾਰੀਆਂ ਹੋ ਰਹੀਆਂ ਖੱਜਲ-ਖੁਆਰ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਰੋਡਵੇਜ਼ ਪਨਬਸ ਕਾਂਟਰੈਕਟ ਯੂਨੀਅਨ ਨੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ ਹੈ।

ਤਿੰਨ ਦਿਨਾਂ ਦੀ ਇਸ ਹੜਤਾਲ ਨੇ ਸਖ਼ਤਗਰਮੀ ਦੇ ਮੌਸਮ ਵਿੱਚ ਸਵਾਰੀਆਂ ਤੇ ਰੋਜ਼ਮਰਾ ਦੇ ਕੰਮਾਂ ਲਈ ਆਉਣ ਜਾਣ ਵਾਲਿਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।

ਪਨਬਸ ਦੇ 4406 ਕਾਮਿਆਂ ਨੇ ਆਪਣੀ ਹੜਤਾਲ ਦੇ ਦੂਜੇ ਦਿਨ ਪੰਜਾਬ ਭਰ 'ਚ ਪਨਬਸ ਦੀਆਂ 1224 ਬੱਸਾਂ ਅਤੇ ਕਿਲੋਮੀਟਰ ਸਕੀਮ ਦੀਆਂ 109 ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰ ਦਿੱਤਾ।

ਪੰਜਾਬ ਰੋਡਵੇਜ਼ ਦੇ ਸੂਬੇ ਭਰ ਦੇ 18 ਡਿਪੂਆਂ ਵਿੱਚੋਂ ਕਿਸੇ ਵੀ ਡਿਪੂ 'ਚੋਂ ਪਨਬਸ ਦੀ ਕੋਈ ਵੀ ਬੱਸ ਕਿਸੇ ਰੂਟ ਲਈ ਰਵਾਨਾ ਨਹੀਂ ਹੋਈ ਤੇ ਨਾ ਹੀ ਪੰਜਾਬ ਰੋਡਵੇਜ਼ ਦੀਆਂ ਵਰਕਸ਼ਾਪ 'ਚ ਕਿਸੇ ਮੁਲਾਜ਼ਮ ਨੇ ਖ਼ਰਾਬ ਬੱਸਾਂ ਦੀ ਮੁਰੰਮਤ ਦਾ ਕੰਮ ਕੀਤਾ।

ਇਹ ਵੀ ਪੜ੍ਹੋ:

ਪੰਜਾਬ ਰੋਡਵੇਜ਼ ਪਨਬਸ ਕਾਂਟਰੈਕਟ ਯੂਨੀਅਨ ਦੇ ਸੂਬਾਈ ਪ੍ਰਧਾਨ ਲਖਵੀਰ ਸਿੰਘ ਨੇ ਕਿਹਾ ਕਿ, ''ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਭੱਜ ਰਹੀ ਹੈ।ਮੁਲਾਜ਼ਮਾਂ ਨੂੰ ਠੇਕੇਦਾਰ ਪ੍ਰਣਾਲੀ ਤਹਿਤ ਜ਼ਲੀਲ ਕੀਤਾ ਜਾ ਰਿਹਾ ਹੈ ਤੇ ਕੱਚੇ ਮੁਲਾਜਮਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਅਸੀਂ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ ਤੇ ਲੋੜ ਪਈ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾਵੇਗਾ।''

ਨਿੱਜੀ ਬੱਸਾਂ ਨੇ ਲਿਆ ਲਾਹਾ

ਪਨਬਸ ਕਾਮੇ 2 ਜੁਲਾਈ ਤੋਂ 4 ਜੁਲਾਈ ਤੱਕ ਮੁਕੰਮਲ ਹੜਤਾਲ 'ਤੇ ਹਨ। ਹੜਤਾਲ ਦੇ ਦੂਜੇ ਦਿਨ ਮੁਸਾਫ਼ਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।

ਇਸ ਸਥਿਤੀ ਦਾ ਸਭ ਤੋਂ ਵੱਧ ਲਾਹਾ ਨਿੱਜੀ ਬੱਸਾਂ ਵਾਲਿਆਂ ਨੂੰ ਮਿਲਿਆ। ਮੋਗਾ-ਜਲੰਧਰ, ਅੰਮ੍ਰਿਤਸਰ, ਬਠਿੰਡਾ-ਅੰਮ੍ਰਿਤਸਰ, ਬਠਿੰਡਾ-ਪਟਿਆਲਾ, ਲੁਧਿਆਣਾ-ਚੰਡੀਗੜ, ਚੰਡੀਗੜ-ਅਬੋਹਰ ਸਮੇਤ ਲਗਪਗ ਹਰ ਰੂਟ 'ਤੇ ਜਾਣ ਵਾਲੀਆਂ ਪ੍ਰਾਈਵੇਟ ਬੱਸਾਂ ਖਚਾਖਚ ਭਰ ਕੇ ਚੱਲੀਆਂ।

ਹੜਤਾਲ ਦੀ ਕੜੀ ਤਹਿਤ ਹੀ ਪਨਬਸ ਕਾਮਿਆਂ ਨੇ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸ ਅੱਡਿਆਂ ਨੂੰ ਜਾਮ ਕਰ ਦਿੱਤਾ ਤੇ ਕਿਸੇ ਵੀ ਬੱਸ ਨੂੰ ਨਾ ਤਾਂ ਬੱਸ ਅੱਡੇ ਅੰਦਰ ਦਾਖਲ ਹੋਣ ਦਿੱਤਾ ਗਿਆ ਤੇ ਨਾ ਹੀ ਕਿਸੇ ਬੱਸ ਨੂੰ ਬਾਹਰ ਜਾਣ ਦਿੱਤਾ। ਅਜਿਹੇ ਵਿੱਚ ਸਵਾਰੀਆਂ ਨੂੰ ਕਦੇ ਬੱਸ ਅੱਡਿਆਂ ਦੇ ਅੰਦਰ ਤੇ ਕਦੇ ਬਾਹਰ ਭੱਜਣਾ ਪਿਆ।

ਪਨਬਸ ਤੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਮੁਲਾਜ਼ਮ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਮੌਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੀਤੇ ਵਾਅਦੇ ਨੂੰ ਤੁਰੰਤ ਪੂਰਾ ਕਰੇ।

ਲਖਵੀਰ ਸਿੰਘ ਕਹਿੰਦੇ ਹਨ, ''ਇਸ ਦੇ ਨਾਲ ਹੀ ਪੰਜਾਬ ਰੋਡਵੇਜ਼ 'ਚੋਂ ਠੇਕੇਦਾਰੀ ਪ੍ਰਬੰਧ ਖ਼ਤਮ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਤਨਖ਼ਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ। ਹਾਂ, ਇਹ ਗੱਲ ਵੀ ਸਪਸ਼ਟ ਹੈ ਕਿ ਪਨਬਸ ਕਾਮਿਆਂ ਦੀ ਆਮ ਲੋਕਾਂ ਨੂੰ ਖੱਜਲ-ਖੁਆਰ ਕਰਨ ਦੀ ਕੋਈ ਮਨਸ਼ਾ ਨਹੀਂ ਹੈ ਪਰ ਸਾਡੀ ਵੀ ਮਜਬੂਰੀ ਹੈ, ਬੱਚਿਆਂ ਦਾ ਢਿੱਡ ਤਾਂ ਭਰਨਾ ਹੀ ਹੈ।''

ਸਵਾਰੀਆਂ ਹੋ ਰਹੀਆਂ ਖੱਜਲ

ਬੱਸਾਂ ਦੀ ਹੜਤਾਲ ਕਾਰਨ ਗਰਮੀ ਦੇ ਦੌਰ ਵਿੱਚ ਸਵਾਰੀਆਂ ਨੂੰ ਅੱਡਿਆਂ 'ਤੇ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ।

ਬਤੌਰ ਸੇਲਜ਼ਮੈਨ ਕੰਮ ਕਰਨ ਵਾਲੇ ਗਗਨਦੀਪ ਮਿੱਤਲ ਦਾ ਕਹਿਣਾ ਹੈ , ''ਬੱਸਾਂ ਦੀ ਹੜਤਾਲ ਦੀ ਪਹਿਲਾਂ ਕੋਈ ਸੂਚਨਾ ਨਹੀਂ ਸੀ। ਜਿਹੜੇ ਰੂਟਾਂ 'ਤੇ ਬੱਸਾਂ 5-5 ਮਿੰਟ ਬਾਅਦ ਮਿਲਦੀਆਂ ਸਨ ਉਹ ਹੁਣ ਦੋ-ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਮੈਂ ਕੱਲ ਵੀ ਕੰਮ ਦੇ ਸੰਦਰਭ 'ਚ ਲੁਧਿਆਣਾ ਜਾਣ ਲਈ ਲੇਟ ਹੋ ਗਿਆ ਤੇ ਅੱਜ ਤਾਂ ਬੱਸ ਮਿਲ ਹੀ ਨਹੀਂ ਰਹੀ।''

ਇਹ ਵੀ ਪੜ੍ਹੋ:

ਜਲੰਧਰ 'ਚ ਕਿਤਾਬਾਂ-ਕਾਪੀਆਂ ਦਾ ਕਾਰੋਬਾਰ ਕਰਨ ਵਾਲੇ ਪ੍ਰਿਤਪਾਲ ਸਿੰਘ ਸਰੀਨ ਪ੍ਰੇਸ਼ਾਨੀ ਦੇ ਆਲਮ 'ਚ ਮੋਗਾ ਦੇ ਬੱਡ ਅੱਡੇ 'ਤੇ ਘੁੰਮਦੇ ਮਿਲੇ। ਉਨਾਂ ਕਿਹਾ , ''ਬੱਸਾਂ ਖਚਾਖਚ ਭਰ ਕੇ ਚੱਲ ਰਹੀਆਂ ਹਨ। ਮੈਂ ਸਵੇਰੇ 6 ਵਜੇ ਬੱਸ ਅੱਡੇ 'ਤੇ ਆ ਗਿਆ ਸੀ ਪਰ ਪਹਿਲੀ ਬੱਸ ਸਾਢੇ 5 ਹੀ ਜਲੰਧਰ ਲਈ ਰਵਾਨਾ ਹੋ ਗਈ। ਉਸ ਤੋਂ ਬਾਅਦ ਪਨਬਸ ਦੀਆਂ ਬੱਸਾਂ ਦਾ ਟਾਈਮ ਸੀ, ਜਿਹੜੀਆਂ ਹੜਤਾਲ ਕਾਰਨ ਨਹੀਂ ਚੱਲੀਆਂ। ਮੈਂ ਬਹੁਤ ਪ੍ਰੇਸ਼ਾਨ ਹਾਂ ਪਰ ਕੀ ਕੀਤਾ ਜਾਵੇ।''

ਸੰਘਰਸ਼ ਦੇ ਰਾਹ ਪਏ ਪਨਬਸ ਮੁਲਾਜ਼ਮਾਂ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਮਲੇਰਕੋਟਲਾ 'ਚ ਵੀ ਪ੍ਰਦਰਸ਼ਨ ਕੀਤਾ। ਇਸ ਮੌਕੇ ਮਲੇਰਕੋਟਲਾ ਦੇ ਬਾਜ਼ਾਰਾਂ ਵਿੱਚ ਪੰਜਾਬ ਸਰਕਾਰ ਖਿਲਾਫ਼ ਨਾਰੇਬਾਜ਼ੀ ਕਰਦੇ ਹੋਏ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਅਵਾਜ਼ ਬੁਲੰਦ ਕੀਤੀ।

ਅਮਿਤ ਕੁਮਾਰ ਛੋਟੇ ਕਾਰੋਬਾਰੀ ਹਨ। ਉਹ ਅੱਜ ਅਮ੍ਰਿਤਸਰ ਜਾਣ ਲਈ ਪਰਿਵਾਰ ਸਮੇਤ ਮੋਗਾ ਦੇ ਬੱਸ ਅੱਡੇ 'ਤੇ ਸਵਖਤੇ ਹੀ ਆ ਗਏ ਸਨ ਪਰ ਬੱਸਾਂ ਬੰਦ ਹੋਣ ਤੇ ਜਾਂ ਫਿਰ ਜ਼ਿਆਦਾ ਭਰੀਆਂ ਹੋਣ ਕਾਰਨ ਉਹ 12 ਵਜੇ ਆਪਣੇ ਘਰ ਨੂੰ ਮੁੜਣ ਲਈ ਮਜ਼ਬੂਰ ਹੋ ਗਏ।

''ਮੈਂ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਦੇ ਦਰਸ਼ਨਾ ਲਈ ਜਾਣ ਲਈ ਬੱਸ ਅੱਡੇ ਆਇਆ ਸੀ। ਇੱਥੇ ਆ ਕੇ ਪਤਾ ਲੱਗਾ ਕਿ ਬੱਸਾਂ ਦਾ ਤਾਂ ਚੱਕਾ ਜਾਮ ਹੈ। ਮਨ ਬਹੁਤ ਉਦਾਸ ਹੋ ਗਿਆ। ਬੱਸਾਂ ਦੀ ਹੜਤਾਲ ਤੋਂ ਦੁਖੀ ਹੋ ਕੇ ਉਸ ਪੰਜਾਬ ਸਰਕਾਰ ਮੂਹਰੇ ਅਰਜੋਈ ਕਰਦੇ ਹਨ ਕਿ ਪੈ ਰਹੀ ਸਖ਼ਤ ਗਰਮੀ ਵਿੱਚ ਬੱਸਾਂ ਦੀ ਹੜਤਾਲ ਖੁਲਵਾਉਣ ਲਈ ਕੋਈ ਪਹਿਲ ਕਦਮੀ ਹੋਵੇ।''

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)