ਲੀਬੀਆ : ਹਵਾਈ ਹਮਲੇ ਵਿੱਚ ਦਰਜਨਾਂ ਪਰਵਾਸੀਆਂ ਦੀ ਮੌਤ

ਲੀਬੀਆ ਵਿੱਚ ਪਰਵਾਸੀਆਂ ਦੇ ਨਜ਼ਰਬੰਦੀ ਕੇਂਦਰ ਵਿੱਚ ਏਅਰ ਸਟਰਾਈਕ ਕਾਰਨ 40 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਦਾਅਵਾ ਸਰਕਾਰੀ ਅਧਿਕਾਰੀਆਂ ਨੇ ਕੀਤਾ ਹੈ।

ਤ੍ਰਿਪੋਲੀ ਦੇ ਇੱਕ ਪੂਰਬੀ ਉਪਨਗਰ ਵਿੱਚ ਹੋਏ ਧਮਾਕੇ ਦੌਰਾਨ 80 ਲੋਕ ਜ਼ਖ਼ਮੀ ਹੋ ਗਏ ਹਨ।

ਸਰਕਾਰ ਵਿਰੋਧੀ ਧਿਰਾਂ ਦੀ ਅਗਵਾਈ ਕਰਨ ਵਾਲੇ ਜਨਰਲ ਖਲੀਫ਼ਾ ਹਫ਼ਤਾਰ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਅਫ਼ਰੀਕੀ ਪਰਵਾਸੀ ਦੱਸੇ ਜਾ ਰਹੇ ਹਨ।

ਪਿਛਲੇ ਕੁਝ ਸਾਲਾਂ ਵਿੱਚ ਯੂਰਪ ਜਾਣ ਵਾਲੇ ਪਰਵਾਸੀਆਂ ਲਈ ਲੀਬੀਆ ਇੱਕ ਵਿਚਾਲੇ ਦਾ ਰਾਹ ਬਣ ਗਿਆ ਹੈ।

ਸਾਲ 2011 ਵਿੱਚ ਮੁਆਮਾਰ ਗੱਦਾਫ਼ੀ ਦੇ ਮਾਰੇ ਜਾਣ ਤੋਂ ਬਾਅਦ ਦੇਸ ਵਿੱਚ ਹਿੰਸਾ ਅਤੇ ਵੰਡ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ:

ਹਮਲੇ ਬਾਰੇ ਹੁਣ ਤੱਕ ਜਾਣਕਾਰੀ

ਐਮਰਜੈਂਸੀ ਸੇਵਾਵਾਂ ਲਈ ਬੁਲਾਰੇ ਓਸਾਮਾ ਅਲੀ ਨੇ ਨਿਊਜ਼ ਏਜੰਸੀ ਏਐਫ਼ਪੀ ਨੂੰ ਦੱਸਿਆ ਕਿ 120 ਪਰਵਾਸੀ ਤਜੌਰਾ ਨਜ਼ਰਬੰਦੀ ਕੇਂਦਰ ਵਿੱਚ ਇੱਕ ਖੁੱਲ੍ਹੇ ਜਿਹੇ ਹਾਲ ਵਿੱਚ ਸਨ, ਜਦੋਂ ਉਸ ਉੱਤੇ ਸਿੱਧਾ ਹਮਲਾ ਕੀਤਾ ਗਿਆ।

ਤਜੌਰਾ ਵਿੱਚ ਤਕਰੀਬਨ 600 ਪਰਵਾਸੀ ਰਹਿੰਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ 'ਇਹ ਸਿਰਫ਼ ਮੁੱਢਲੀ ਜਾਣਕਾਰੀ' ਹੈ।

ਪ੍ਰਧਾਨ ਮੰਤਰੀ ਫਾਇਜ਼ ਅਲ ਸੀਰਾ ਦੀ ਅਗਵਾਈ ਵਿੱਚ ਯੂਐਨ ਦੇ ਸਮਰਥਨ ਵਾਲੀ ਜੀਐਨਏ (ਗਵਰਨਮੈਂਟ ਆਫ਼ ਨੈਸ਼ਨਲ ਅਕਾਰਡ) ਨੇ ਲੀਬੀਅਨ ਨੈਸ਼ਨਲ ਆਰਮੀ (ਐਲਐਨਏ) ਨੂੰ ਇਸ ਹਮਲੇ ਲਈ ਜ਼ਿੰਮੇਵਾਰ ਦੱਸਿਆ ਹੈ।

ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਹਮਲਾ 'ਪਹਿਲਾਂ ਹੀ ਸੋਚ-ਵਿਚਾਰ ਕੇ' ਅਤੇ 'ਯੋਜਨਾਬੱਧ' ਤਰੀਕੇ ਨਾਲ ਕੀਤਾ ਗਿਆ ਹੈ। ਇਸ ਨੂੰ ਉਨ੍ਹਾਂ ਨੇ 'ਸੰਗੀਨ ਅਪਰਾਧ' ਕਰਾਰ ਦਿੱਤਾ ਹੈ।

ਖਲੀਫ਼ਾ ਹਫ਼ਤਾਰ ਦੀ ਅਗਵਾਈ ਵਾਲੀ ਐਲਐਨਏ, ਕੌਮਾਂਤਰੀ ਮਾਨਤਾ ਪ੍ਰਾਪਤ ਦੇਸ ਦੀ ਸਰਕਾਰ ਦੇ ਪ੍ਰਤੀ ਵਫ਼ਾਦਾਰ ਤਾਕਤਾਂ ਨਾਲ ਲੜ ਰਹੀ ਹੈ। ਉਸੇ ਖੇਤਰ ਵਿੱਚ ਜਿੱਥੇ ਇਹ ਹਮਲਾ ਹੋਇਆ ਹੈ।

ਸੋਮਵਾਰ ਨੂੰ ਐਲਾਨ ਹੋਇਆ ਸੀ ਕਿ ਤ੍ਰਿਪੋਲੀ ਵਿੱਚ ਭਾਰੀ ਹਵਾਈ ਹਮਲੇ ਹੋਣਗੇ।

ਪਰ ਐਲਐਨਏ ਦੇ ਬੁਲਾਰੇ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਨਜ਼ਰਬੰਦੀ ਕੇਂਦਰ ਵਿੱਚ ਹਮਲਾ ਨਹੀਂ ਕੀਤਾ ਹੈ।

ਯੂਐਨ ਰਿਫਊਜੀ ਏਜੰਸੀ ਨੇ ਕਿਹਾ ਕਿ ਪਰਵਾਸੀਆਂ ਦੇ ਨਜ਼ਰਬੰਦੀ ਕੇਂਦਰ 'ਤੇ ਹੋਏ ਹਮਲੇ ਤੋਂ ਬਾਅਦ ਉਹ 'ਬੇਹੱਦ ਚਿੰਤਤ' ਸਨ।

ਡਾ. ਖਾਲਿਦ ਬਿਨ ਅੱਟੀਆ ਨੇ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ:

ਉਨ੍ਹਾਂ ਬੀਬੀਸੀ ਨੂੰ ਦੱਸਿਆ, "ਹਰ ਪਾਸੇ ਲੋਕ ਹੀ ਲੋਕ ਸਨ। ਕੈਂਪ ਨਸ਼ਟ ਹੋ ਗਿਆ ਸੀ, ਲੋਕ ਰੋ ਰਹੇ ਹਨ। ਉਹ ਮਾਨਸਿਕ ਤੌਰ 'ਤੇ ਹੈਰਾਨ ਹਨ। ਇਹ ਬਹੁਤ ਭਿਆਨਕ ਸੀ।"

ਹਜ਼ਾਰਾਂ ਪਰਵਾਸੀ ਜੋ ਕਿ ਯੂਰਪ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਸਰਕਾਰੀ ਨਜ਼ਰਬੰਦੀ ਕੇਂਦਰਾਂ ਵਿੱਚ ਰੱਖਿਆ ਗਿਆ ਹੈ। ਇਸ ਨਜ਼ਰਬੰਦੀ ਕੇਂਦਰਾਂ ਵਾਂਗ ਹੀ ਸਾਰੇ ਕੇਂਦਰ ਦੇਸ ਦੇ ਤਣਾਅ ਵਾਲੇ ਖੇਤਰਾਂ ਦੇ ਨੇੜੇ ਹਨ।

ਮਨੁੱਖੀ ਅਧਿਕਾਰ ਗਰੁੱਪ ਇਨ੍ਹਾਂ ਕੇਂਦਰਾਂ ਦੀ ਆਲੋਚਨਾ ਕਰਦੇ ਰਹੇ ਹਨ। ਯੂਰਪੀ ਯੂਨੀਅਨ ਪਰਵਾਸੀ ਕਿਸ਼ਤੀਆਂ ਨੂੰ ਰੋਕਣ ਲਈ ਲੀਬੀਆ ਦੇ ਤੱਟੀ ਖੇਤਰਾਂ ਵਿੱਚ ਸਹਿਯੋਗ ਲਈ ਅੱਗੇ ਆਈ ਹੈ।

ਪਰ ਦੇਸ ਦੇ ਸਿਆਸੀ ਤਣਾਅ ਵਿਚਾਲੇ ਕਈ ਸਮਲਿੰਗ ਗੈਂਗ ਫਾਇਦਾ ਚੁੱਕ ਰਹੇ ਹਨ ਅਤੇ ਹਰੇਕ ਪਰਵਾਸੀ ਤੋਂ ਹਜ਼ਾਰਾਂ ਡਾਲਰ ਲੈ ਰਹੇ ਹਨ।

ਅਮਰੀਕਾ ਦੇ ਹਿਰਾਸਤੀ ਕੇਂਦਰਾਂ ਵਿੱਚ ਹਾਲ

ਅਮਰੀਕਾ ਦੀ ਇੱਕ ਅੰਦਰੂਨੀ ਏਜੰਸੀ ਮੁਤਾਬਕ ਦੱਖਣ ਵਿੱਚ ਪਰਵਾਸੀ ਹਿਰਾਸਤੀ ਕੇਂਦਰਾਂ ਵਿੱਚ 'ਖਤਰਨਾਕ ਭੀੜ' ਹੋ ਚੁੱਕੀ ਹੈ।

ਇੱਕ ਸਹੂਲਤ ਮੈਨੇਜਰ ਨੇ ਇਸ ਨੂੰ 'ਟਾਈਮ ਬੰਬ' ਕਿਹਾ। ਰੀਓ ਗਰੈਂਡ ਸ਼ੋਅ ਦੇ ਇੱਕ ਸੈੱਲ ਵਿੱਚ 51 ਪਰਵਾਸੀ ਔਰਤਾਂ ਸਨ ਜੋ ਕਿ 40 ਮਰਦਾਂ ਲਈ ਬਣਾਇਆ ਗਿਆ ਹੈ। ਇਸ ਤੋਂ ਇਲਾਵਾ 41 ਔਰਤਾਂ ਲਈ ਬਣੇ ਸੈੱਲ ਵਿੱਚ 71 ਮਰਦ ਸਨ।

ਇੰਸਪੈਕਟਰ ਨੇ ਰਿਪੋਰਟ ਵਿੱਚ ਕਿਹਾ, "ਸਾਨੂੰ ਪਤਾ ਹੈ ਕਿ ਜ਼ਿਆਦਾ ਭੀੜ ਅਤੇ ਲੰਮੇ ਸਮੇਂ ਲਈ ਹਿਰਾਸਤੀ ਕੇਂਦਰ ਵਿੱਚ ਰਹਿਣ ਕਾਰਨ ਏਜੰਟਾਂ, ਅਫ਼ਸਰਾਂ ਤੇ ਹਿਰਾਸਤ ਵਿੱਚ ਰਹਿਣ ਵਾਲਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਖ਼ਤਰਾ ਹੈ।"

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)