You’re viewing a text-only version of this website that uses less data. View the main version of the website including all images and videos.
ਮੋਦੀ ਨੇ 5 ਸਾਲਾਂ 'ਚ ਕੀਤੀ ਪਹਿਲੀ ਪ੍ਰੈਸ ਕਾਨਫਰੰਸ, ਪਰ ਨਹੀਂ ਦਿੱਤੇ ਸਵਾਲਾਂ ਦੇ ਜਵਾਬ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਸ਼ਾਮੀਂ ਦਿੱਲੀ ਵਿਖੇ ਭਾਜਪਾ ਮੁੱਖ ਦਫ਼ਤਰ ਵਿੱਚ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਕੀਤੀ।
ਉਨ੍ਹਾਂ ਦੇ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਸਨ।
ਪ੍ਰੈੱਸ ਕਾਨਫਰੰਸ ਤੋਂ ਕਾਫ਼ੀ ਉਮੀਦਾਂ ਸਨ ਕਿ ਪ੍ਰਧਾਨ ਮੰਤਰੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਪਰ ਅਜਿਹਾ ਕੁਝ ਹੋਇਆ ਨਹੀਂ।
ਠੀਕ-ਠੀਕ ਕਿਹਾ ਜਾਵੇ ਤਾਂ ਇਹ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਪ੍ਰੈੱਸ ਕਾਨਫਰੰਸ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਮੂਕ ਦਰਸ਼ਕ ਵਾਂਗ ਬੈਠੇ ਸਨ।
ਇਹ ਵੀ ਪੜ੍ਹੋ:
ਅਮਿਤ ਸ਼ਾਹ ਨੇ ਭਾਜਪਾ ਦੇ ਦੇਸ਼ ਭਰ ਵਿੱਚ ਕੀਤੇ ਚੋਣ ਪ੍ਰਚਾਰ ਦਾ ਲੰਬਾ ਚੌੜਾ ਵੇਰਵਾ ਦਿੱਤਾ। ਭਾਜਪਾ ਲਈ ਕੰਮ ਕਰਨ ਵਾਲੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ ਅਤੇ ਬਹੁਤ ਕੁਝ ਕਿਹਾ।
ਉਨ੍ਹਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੰਜ ਤੋਂ ਸੱਤ ਮਿੰਟ ਪੱਤਰਕਾਰਾਂ ਨੂੰ ਸੰਬੋਧਨ ਕੀਤਾ।
ਆਪਣੇ ਇਸ ਸੰਬੋਧਨ ਦੌਰਾਨ ਉਨ੍ਹਾਂ ਨੇ ਚੋਣ ਪ੍ਰਚਾਰ ਦੇ ਰੁਝੇਵਿਆਂ ਦਾ ਜ਼ਿਕਰ ਕੀਤਾ, ਹੈਲੀਕੌਪਟਰ ਦੇ ਖ਼ਰਾਬ ਹੋ ਜਾਣ ਵਰਗੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਪਰ ਆਪਣੀ ਸਰਕਾਰ ਦੇ ਪੰਜਾਂ ਸਾਲਾਂ ਦੇ ਕਾਰਜਕਾਲ ਬਾਰੇ ਕੋਈ ਗੱਲ ਨਹੀਂ ਕੀਤੀ।
ਉਹ ਆਪਣੇ ਸੰਬੋਧਨ ਦੌਰਾਨ ਹੀ ਕੁਝ ਸਮੇਂ ਲਈ ਮੁਸਕਰਾਏ। ਉਨ੍ਹਾਂ ਕਿਹਾ ਕਿ ਉਹ ਤਾਂ ਮੁੱਖ ਰੂਪ ਵਿੱਚ ਦੇਸ਼ ਦਾ ਧੰਨਵਾਦ ਕਰਨ ਇੱਥੇ ਆਏ ਹਨ।
ਉਨ੍ਹਾਂ ਇਹ ਜ਼ਰੂਰ ਕਿਹਾ ਕਿ 2009 ਤੇ 2014 ਦੀਆਂ ਚੋਣਾਂ ਦੌਰਾਨ ਤਾਂ ਆਈਪੀਐੱਲ ਵੀ ਬਾਹਰ ਲਿਜਾਣਾ ਪਿਆ ਸੀ ਪਰ ਹੁਣ ਜਦੋਂ ਸਰਕਾਰ ਸਮੱਰਥ ਹੈ ਤਾਂ ਆਈਪੀਐੱਲ ਵੀ ਚੱਲ ਰਿਹਾ ਹੈ, ਰਮਜ਼ਾਨ ਵੀ ਚੱਲ ਰਿਹਾ ਹੈ, ਪ੍ਰੀਖਿਆਵਾਂ ਵੀ ਚੱਲ ਰਹੀਆਂ ਹਨ, ਈਸਟਰ ਵੀ ਚੱਲ ਰਿਹਾ ਹੈ ਅਤੇ ਚੁਣਾਂ ਵੀ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ “ਮੇਰਾ ਮੋਟਾ-ਮੋਟਾ ਵਿਚਾਰ ਹੈ ਕਿ ਪੂਰਣ ਬਹੁਮਤ ਵਾਲੀ ਸਰਕਾਰ ਪੰਜ ਸਾਲ ਪੂਰੇ ਕਰਕੇ ਦੁਬਾਰਾ ਜਿੱਤ ਕੇ ਆਵੇ ਅਜਿਹਾ ਦੇਸ਼ ਵਿੱਚ ਕਾਫ਼ੀ ਲੰਬੇ ਸਮੇਂ ਬਾਅਦ ਹੋਣ ਜਾ ਰਿਹਾ ਹੈ।”
ਹਾਂ ਉਨ੍ਹਾਂ ਨੇ ਇਹ ਦਾਅਵਾ ਕਰਨ ਤੋਂ ਪਹਿਲਾਂ ਇਹ ਜਰੂਰ ਕਿਹਾ ਕਿ “ਇਸ ਵਿਚਾਰ ਨੂੰ ਵੈਰੀਫਾਈ ਕਰ ਲੈਣਾ ਚਾਹੀਦਾ ਹੈ।”
ਉਨ੍ਹਾਂ ਅੱਗੇ ਕਿਹਾ ਕਿ “ਤੈਅ ਕਰਕੇ ਚੋਣ ਲੜੀ ਗਈ ਹੋਵੇ ਤੇ ਸਰਕਾਰ ਬਣਦੀ ਹੋਵੇ ਇਹ ਵੀ ਬਹੁਤ ਘੱਟ ਹੋਇਆ ਹੈ। ਇਸ ਦਰਮਿਆਨ ਜੋ ਸਰਕਾਰਾਂ ਬਣੀਆਂ, ਹਾਲਾਤ ਨੇ ਜੋ ਬਣਾ ਦਿੱਤਾ, ਸੋ ਬਣਾ ਦਿੱਤਾ। ਜਾਂ ਕਿਸੇ ਪਰਿਵਾਰਿਕ ਪੰਰਪਰਾ ਤੋਂ ਮਿਲ ਗਿਆ।”
ਦੇਸ਼ ਵਿੱਚ ਅਸਲ ਵਿੱਚ ਜਨਤਾ ਦੇ ਵਿੱਚ ਫੈਸਲਾ ਕਰਨ ਦਾ ਮੌਕਾ ਆਇਆ ਹੋਵੇ। ਉਸ ਵਿੱਚ ਸਰਕਾਰ ਬਣਦੀ ਹੋਵੇ। ਇਹ ਮੌਕਾ 2014 ਵਿੱਚ ਮਿਲਿਆ ਅਤੇ ਹੁਣ 2019 ਵਿੱਚ ਮਿਲ ਰਿਹਾ ਹੈ।
ਉਨ੍ਹਾਂ ਦਾ ਸੰਬੋਧਨ ਇਸ ਤਰ੍ਹਾਂ ਦਾ ਪ੍ਰਭਾਵ ਦੇ ਰਿਹਾ ਸੀ ਜਿਵੇਂ ਉਹ ਅਮਿਤ ਸ਼ਾਹ ਦੇ ਵੇਰਵੇ ਭਰਭੂਰ ਭਾਸ਼ਣ ਤੋਂ ਬਾਅਦ ਪੱਤਰਕਾਰਾਂ ਨੂੰ ਰਾਹਤ ਦੇਣ ਲਈ ਬੋਲ ਰਹੇ ਹੋਣ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਅਮਿਤ ਸ਼ਾਹ ਨੇ ਹੀ ਦਿੱਤੇ, ਇੱਥੋਂ ਤੱਕ ਕਿ ਜਦੋਂ ਇੱਕ ਪੱਤਰਕਾਰ ਨੇ ਰਫ਼ਾਲ ਬਾਰੇ ਪ੍ਰਧਾਨ ਮੰਤਰੀ ਤੋਂ ਕੋਈ ਖ਼ਾਸ ਟਿੱਪਣੀ ਲੈਣੀ ਚਾਹੀ ਤਾਂ ਸ਼ਾਹ ਨੇ ਕਿਹਾ ਕਿ "ਜਰੂਰੀ ਨਹੀਂ ਕਿ ਸਾਰੇ ਸਵਾਲਾਂ ਦੇ ਜਵਾਬ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾਣ।"
ਪ੍ਰਧਾਨ ਮੰਤਰੀ ਨੇ ਇੱਥੇ ਵੀ ਕੋਈ ਪਹਿਲ ਕਦਮੀ ਨਹੀਂ ਦਿਖਾਈ ਕਿ ਇਸ ਸਵਾਲ ਦਾ ਜਵਾਬ ਉਹ ਦੇਣਗੇ ਹਾਲਾਂਕਿ ਪੱਤਰਕਾਰ ਕਹਿ ਰਹੀ ਸੀ ਕਿ ਪ੍ਰਧਾਨ ਮੰਤਰੀ ਇਸ ਦਾ ਜਵਾਬ ਦੇਣ ਪਰ ਅਮਿਤ ਸ਼ਾਹ ਦੇ ਬੋਲਣਾ ਸ਼ੁਰੂ ਕਰਨ ਦੌਰਾਨ ਤੇ ਬਾਅਦ ਵਿੱਚ ਵੀ ਉਨ੍ਹਾਂ ਨੇ ਆਪਣੇ ਵੱਲੋਂ ਇਸ ਵਿੱਚ ਕੋਈ ਵਾਧਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਜਦੋਂ ਅਮਿਤ ਸ਼ਾਹ ਬੋਲ ਰਹੇ ਸਨ ਜਾਂ ਪੱਤਰਕਾਰ ਸਵਾਲ ਕਰ ਰਹੇ ਸਨ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਭਾਵ ਇਸ ਤਰ੍ਹਾਂ ਦੇ ਸਨ ਜਿਵੇਂ ਉਹ ਕਿਸੇ ਹੋਰ ਹੀ ਦੁਨੀਆਂ ਵਿੱਚ ਗੁਆਚੇ ਹੋਏ ਹੋਣ।
ਉਹ ਆਪਣੇ ਰੈਲੀਆਂ ਵਾਲੇ ਅਵਤਾਰ ਵਾਂਗ ਨਜ਼ਰ ਨਹੀਂ ਆ ਰਹੇ ਸਨ, ਸਗੋਂ ਖ਼ਾਮੋਸ਼ ਸਨ। ਉਹ ਕਦੇ ਇੱਧਰ-ਉਧਰ ਦੇਖ ਰਹੇ ਸਨ ਜਾਂ ਸਵਾਲ ਕਰ ਰਹੇ ਪੱਤਰਕਾਰਾਂ ਵੱਲ ਤੇ ਕਦੇ ਸਵਾਲਾਂ ਦੇ ਜਵਾਬ ਦੇ ਰਹੇ ਅਮਿਤ ਸ਼ਾਹ ਵੱਲ।
ਜਦ ਕਿ ਉਨ੍ਹਾਂ ਦੇ ਨਾਲ ਬੈਠੇ ਅਮਿਤ ਸ਼ਾਹ ਕਹਿ ਰਹੇ ਸਨ ਕਿ ਅਸੀਂ ਤਿੰਨ ਸੌ ਤੋਂ ਵਧੇਰੇ ਸੀਟਾਂ ਜਿੱਤਾਂਗੇ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ