INS ਵਿਰਾਟ 'ਗ੍ਰੈਂਡ ਓਲਡ ਲੇਡੀ' ਦੀ ਪੂਰੀ ਕਹਾਣੀ ਕੀ ਹੈ?

    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

ਆਈਐਨਐਸ ਵਿਰਾਟ ਦੁਨੀਆਂ ਦਾ ਸਭ ਤੋਂ ਪੁਰਾਣਾ ਏਅਰਕਰਾਫ਼ਟ ਕੈਰੀਅਰ ਸੀ, ਜਿਸ ਨੂੰ ਤੀਹ ਸਾਲਾਂ ਦੀ ਸੇਵਾ ਤੋਂ ਬਾਅਦ 6 ਮਾਰਚ 2017 ਨੂੰ ਆਧਿਕਾਰਿਕ ਤੌਰ 'ਤੇ ਰਿਟਾਇਰ ਕੀਤਾ ਗਿਆ ਸੀ।

ਨੇਵੀ ਵਿਚ ਆਈਐਨਐਸ ਵਿਰਾਟ ਨੂੰ 'ਗ੍ਰੈਂਡ ਓਲਡ ਲੇਡੀ' ਵੀ ਕਿਹਾ ਜਾਂਦਾ ਸੀ। ਆਈਐਨਐਸ ਵਿਰਾਟ ਸਮੁੰਦਰੀ ਫੌਜ ਦੀ ਸ਼ਕਤੀ ਦਾ ਚਿੰਨ੍ਹ ਸੀ ਜੋ ਕਿਤੇ ਵੀ ਜਾ ਕੇ ਸਮੁੰਦਰ ਨੂੰ ਹਿਲਾ ਸਕਦਾ ਸੀ।

ਯੂਕੇ ਤੋਂ ਖਰੀਦ

ਆਈਐਨਐਸ ਵਿਰਾਟ ਨੇ 30 ਸਾਲ ਭਾਰਤੀ ਜਲ ਸੈਨਾ ਦੀ ਸੇਵਾ ਕੀਤੀ ਅਤੇ ਯੂਕੇ ਰੌਇਲ ਨੇਵੀ ਦੇ ਨਾਲ 27 ਸਾਲ ਬਿਤਾਏ। 1987 ਵਿਚ ਭਾਰਤ ਨੇ ਇਸ ਨੂੰ ਯੂਕੇ ਤੋਂ ਖਰੀਦਿਆ ਸੀ।

ਉਸ ਵੇਲੇ ਇਸਦਾ ਬਰਤਾਨਵੀ ਨਾਮ ਐਚਐਮਐਸ ਹਰਮੇਸ ਸੀ। ਬਰਤਾਨਵੀ ਰੌਇਲ ਨੇਵੀ ਦੇ ਨਾਲ ਵਿਰਾਟ ਨੇ ਫਾਕਲੈਂਡ ਜੰਗ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਤਕਰੀਬਨ 100 ਦਿਨਾਂ ਤੱਕ ਵਿਰਾਟ ਸਮੁੰਦਰ ਵਿਚ ਮੁਸ਼ਕਿਲ ਹਲਾਤਾਂ ਵਿੱਚ ਰਿਹਾ।

ਇਸ ਜਹਾਜ਼ 'ਤੇ 1944 ਵਿਚ ਕੰਮ ਸ਼ੁਰੂ ਹੋਇਆ ਸੀ। ਉਸ ਵੇਲੇ ਦੂਜੀ ਵਿਸ਼ਵ ਜੰਗ ਚੱਲ ਰਹੀ ਸੀ। ਰੌਇਲ ਨੇਵੀ ਨੂੰ ਲੱਗਿਆ ਕਿ ਜੇ ਇਸ ਦੀ ਲੋੜ ਨਾ ਪਈ ਤਾਂ ਇਸ ਉੱਤੇ ਕੰਮ ਬੰਦ ਹੋ ਜਾਵੇਗਾ।

ਪਰ ਜਹਾਜ਼ ਦੀ ਉਮਰ 1944 ਤੋਂ ਗਿਣੀ ਜਾਂਦੀ ਹੈ। 15 ਸਾਲ ਜਹਾਜ਼ 'ਤੇ ਕੰਮ ਹੋਇਆ। ਸਾਲ 1959 ਵਿੱਚ ਇਹ ਜਹਾਜ਼ ਰੌਇਲ ਨੇਵੀ ਵਿਚ ਸ਼ਾਮਲ ਹੋਇਆ ਸੀ।

ਜਹਾਜ਼ ਜਾਂ ਸ਼ਹਿਰ

226 ਮੀਟਰ ਲੰਬਾ ਅਤੇ 49 ਮੀਟਰ ਚੌੜਾ ਆਈਐਨਐਸ ਵਿਰਾਟ ਭਾਰਤੀ ਸਮੁੰਦਰੀ ਫੌਜ ਵਿਚ ਸ਼ਾਮਿਲ ਹੋਣ ਤੋਂ ਬਾਅਦ ਜੁਲਾਈ 1989 ਵਿਚ ਆਪਰੇਸ਼ਨ ਜੂਪੀਟਰ ਵਿਚ ਪਹਿਲੀ ਵਾਰੀ ਸ੍ਰੀਲੰਕਾ ਵਿਚ ਸ਼ਾਂਤੀ ਕਾਇਮ ਕਰਨ ਲਈ ਹਿੱਸਾ ਲਿਆ।

ਸਾਲ 2001 ਵਿਚ ਭਾਰਤੀ ਸੰਸਦ 'ਤੇ ਹੋਏ ਹਮਲੇ ਤੋਂ ਬਾਅਦ ਆਪਰੇਸ਼ਨ ਪਰਾਕਰਮ ਵਿਚ ਵੀ ਵਿਰਾਟ ਦੀ ਭੂਮਿਕਾ ਸੀ।

ਸਮੁੰਦਰ ਵਿਚ 2250 ਦਿਨ ਗੁਜ਼ਾਰਨ ਵਾਲੇ ਇਸ ਜਹਾਜ਼ ਨੇ 6 ਸਾਲ ਤੋਂ ਵੱਧ ਸਮਾਂ ਸਮੁੰਦਰ ਵਿਚ ਬਿਤਾਇਆ।

ਇਸ ਸਮੇਂ ਦੌਰਾਨ ਇਸ ਨੇ ਦੁਨੀਆਂ ਦੇ 27 ਚੱਕਰ ਲਾਉਣ ਵਿਚ 1,094,215 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ।

ਇਹ ਜਹਾਜ਼ ਖੁਦ ਇੱਕ ਛੋਟੇ ਸ਼ਹਿਰ ਵਰਗਾ ਸੀ। ਇਸ ਵਿਚ ਲਾਈਬਰੇਰੀ, ਜਿਮ, ਏਟੀਐਮ, ਟੀਵੀ ਅਤੇ ਵੀਡੀਓ ਸਟੂਡੀਓ, ਹਸਪਤਾਲ, ਦੰਦਾਂ ਦੇ ਇਲਾਜ ਦਾ ਕੇਂਦਰ ਅਤੇ ਮਿੱਠੇ ਪਾਣੀ ਦਾ ਡਿਸਟੀਲੇਸ਼ਨ ਪਲਾਂਟ ਵਰਗੀਆਂ ਸਹੂਲਤਾਂ ਸਨ।

ਇਹ ਵੀ ਪੜ੍ਹੋ

28,700 ਟਨ ਦੇ ਇਸ ਜਹਾਜ਼ ਵਿਚ 150 ਅਫ਼ਸਰ ਅਤੇ 1500 ਮਲਾਹਰ ਸਨ। ਅਗਸਤ 1990 ਤੋਂ ਦਸੰਬਰ 1991 ਤੱਕ ਸੇਵਾਮੁਕਤ ਐਡਮਿਰਲ ਅਰੂਨ ਪ੍ਰਕਾਸ਼ ਆਈਐਨਐਸ ਵਿਰਾਟ ਦੇ ਕਮਾਂਡਿੰਗ ਅਫਸਰ ਰਹੇ।

ਪੁਰਾਣੇ ਰਿਸ਼ਤੇ

ਐਡਮਿਰਲ ਅਰੂਨ ਪ੍ਰਕਾਸ਼ ਆਈਐਨਐਸ ਵਿਰਾਟ ਨਾਲ ਤਿੰਨ ਦਹਾਕੇ ਪੁਰਾਣੇ ਰਿਸ਼ਤੇ ਨੂੰ ਯਾਦ ਕਰਦੇ ਹਨ।

ਉਹ ਦੱਸਦੇ ਹਨ ਕਿ ਜੂਨ 1983 ਵਿਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਹ ਲੈਂਡਿੰਗ ਅਤੇ ਟੇਕ-ਆਫ਼ ਦਾ ਅਭਿਆਸ ਕਰਨ।

ਉਹ ਇੰਗਲਿਸ਼ ਚੈਨਲ ਪੋਰਟਸਮਥ ਦੇ ਕੋਲ ਪਹੁੰਚੇ। ਉੱਥੇ ਉਹ ਐਚਐਸ ਹਰਮੀਜ਼ ਜਾਂ ਆਈਐਨਐਸ ਵਿਰਾਟ 'ਤੇ ਹੈਲੀਕਾਪਟਰ ਤੋਂ ਉਤਰੇ। ਉਨ੍ਹਾਂ ਨੂੰ ਸਮੁੱਚਾ ਜਹਾਜ਼ ਦਿਖਾਇਆ ਗਿਆ ਸੀ।

ਇਹ ਪਹਿਲੀ ਪਛਾਣ ਬਹੁਤ ਦਿਲਚਸਪ ਸੀ। ਉਹ ਇਸ ਤੋਂ ਪਹਿਲਾਂ ਆਈਐਨਐਸ ਵਿਕਰਾਂਤ ਉੱਤੇ ਸਫ਼ਰ ਕਰ ਚੁੱਕੇ ਸਨ।

ਵਿਕਰਾਂਤ 18,000 ਟਨ ਦਾ ਜਹਾਜ਼ ਸੀ। ਵਿਰਾਟ ਉਸ ਤੋਂ ਵੱਧ ਭਾਰਾ ਸੀ।

ਉਹ ਜਹਾਜ਼ ਵਿਚ ਉਡਾਣ ਤੇ ਬੈਠੇ ਅਤੇ ਇੱਕ ਘੰਟੇ ਬਾਅਦ ਡੈੱਕ ਉੱਪਰ ਵਰਟੀਕਲ ਲੈਂਡਿੰਗ ਕੀਤੀ। ਸਾਲ 1987 ਵਿਚ ਜਦੋਂ ਜਹਾਜ਼ ਮੁੰਬਈ ਆਇਆ ਤਾਂ ਐਡਮਿਰਲ ਅਰੂਨ ਪ੍ਰਕਾਸ਼ ਇੱਕ ਛੋਟੀ ਫ੍ਰਿਗੇਟ ਨੂੰ ਕਮਾਂਡ ਕਰ ਰਹੇ ਸਨ।

ਇਹ ਵੀ ਪੜ੍ਹੋ

ਤਕਨੀਕੀ ਮਾਹਿਰ

ਉਹ ਦੱਸਦੇ ਹਨ, "ਸਾਨੂੰ ਕਿਹਾ ਗਿਆ ਸੀ ਕਿ ਹਰ ਕੋਈ ਜਾ ਕੇ ਵਿਰਾਟ ਦਾ ਸਵਾਗਤ ਕਰੇ। ਉਹ ਮਾਨਸੂਨ ਦਾ ਬਹੁਤ ਹੀ ਤੂਫ਼ਾਨੀ ਦਿਨ ਸੀ। ਅਸੀਂ ਮੁੰਬਈ ਤੋਂ ਬਾਹਰ ਗਏ, ਲਗਾਤਾਰ ਮੀਂਹ ਪੈ ਰਿਹਾ ਸੀ, ਹਵਾ ਚੱਲ ਰਹੀ ਸੀ। ਅਸੀਂ ਦੂਰ ਤੋਂ ਜਹਾਜ਼ ਦੇਖਿਆ। ਉਹ ਦ੍ਰਿਸ਼ ਸ਼ਾਨਦਾਰ ਸੀ। ਮੈਨੂੰ ਅਗਸਤ 1990 (ਦਸੰਬਰ 1991 ਤੱਕ) ਵਿਚ ਜਹਾਜ਼ ਦੀ ਕਮਾਨ ਮਿਲੀ।"

ਐਡਮਿਰਲ ਅਰੂਨ ਪ੍ਰਕਾਸ਼ ਅਨੁਸਾਰ, ਆਈਐਨਐਸ ਵਿਰਾਟ ਨੇ ਕੋਸਟ ਗਾਰਡ ਤੋਂ ਇਲਾਵਾ ਪਾਇਲਟਾਂ, ਇੰਜੀਨੀਅਰ ਅਤੇ ਤਕਨੀਕੀ ਮਾਹਿਰਾਂ ਨੂੰ ਬਹੁਤ ਕੁਝ ਸਿਖਾਇਆ।

ਉਹ ਦੱਸਦੇ ਹਨ, "ਉਹ ਇੱਕ ਖ਼ੁਸ਼ ਰਹਿਣ ਵਾਲਾ ਜਹਾਜ਼ ਸੀ। ਇਸ ਵਿਚ ਰਹਿਣ ਖਾਣ-ਪੀਣ ਦਾ ਚੰਗਾ ਪ੍ਰਬੰਧ ਸੀ।

ਜਹਾਜ਼ 'ਤੇ ਮਿੱਠਾ ਪਾਣੀ ਬਣਾਉਣ ਦਾ ਪਲਾਂਟ ਸੀ ਤਾਂ ਸ਼ਾਮ ਨੂੰ ਨਹਾਇਆ ਜਾ ਸਕਦਾ ਸੀ। ਇਸ ਵਿਚ ਘੱਟ ਖਰਾਬੀ ਹੁੰਦੀ ਸੀ। ਇਹ ਫ਼ੌਜ ਦੀ ਗੜਵਾਲ ਰੈਜੀਮੈਂਟ ਨਾਲ ਇਸ ਦਾ ਸਬੰਧ ਸੀ।"

ਇਹ ਵੀ ਦੋਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)