ਬਲਵੰਤ ਸਿੰਘ ਰਾਜੋਆਣਾ ਵੱਲੋਂ ਫਾਂਸੀ ਦੇਣ ਦੀ ਵਕਾਲਤ ਕਰਨ ਵਾਲੀ ਭਾਜਪਾ ਨੂੰ ਹੀ ਵੋਟ ਪਾਉਣ ਦੀ ਅਪੀਲ

    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਪੱਤਰਕਾਰ, ਬੀਬੀਸੀ

ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗੁਰਕੀਰਤ ਸਿੰਘ ਕੋਟਲੀ ਨੇ ਇਲਜ਼ਾਮ ਲਾਇਆ ਹੈ ਕਿ ਰਾਸ਼ਟਰਵਾਦ ਨੂੰ ਮੁੱਦਾ ਬਣਾਉਣ ਵਾਲੀ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਇੱਕ 'ਅੱਤਵਾਦੀ' ਦਾ ਸਮਰਥਨ ਲੈ ਰਹੀ ਹੈ।

ਲੁਧਿਆਣਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ, ''ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਵਾਦ ਨੂੰ ਮੁੱਦਾ ਬਣਾ ਕੇ ਚੋਣ ਲੜ ਰਹੇ ਨੇ, ਦੂਜੇ ਪਾਸੇ ਪੰਜਾਬ ਅੰਦਰ ਬਲਵੰਤ ਸਿੰਘ ਰਾਜੋਆਣਾ ਜਿਹੜੇ ਬੇਅੰਤ ਸਿੰਘ ਕਤਲ ਕੇਸ ਵਿਚ ਜੇਲ੍ਹ ਵਿਚ ਬੰਦ ਹਨ, ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਪੱਤਰ ਲਿਖਿਆ ਹੈ ਕਿ ਵੋਟਾਂ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਪਾਈਆਂ ਜਾਣ।''

ਕੋਟਲੀ ਨੇ ਸਵਾਲ ਕੀਤਾ, ''ਕੀ ਭਾਰਤੀ ਜਨਤਾ ਪਾਰਟੀ ਇਸ ਪੱਤਰ ਨਾਲ ਸਹਿਮਤ ਹੈ। ਇਸ ਬਾਰੇ ਸਟੈਂਡ ਸਪੱਸ਼ਟ ਕਿਉਂ ਨਹੀਂ ਕਰ ਰਹੀ। ਭਾਜਪਾ ਵਾਲੇ ਇੱਕ ਪਾਸੇ ਬਲਵੰਤ ਸਿੰਘ ਵਰਗੇ ਅਪਰਾਧੀਆਂ ਨੂੰ ਵਰਤ ਰਹੇ ਹਨ ਅਤੇ ਦੂਜੇ ਪਾਸੇ ਰਾਸ਼ਟਰਵਾਦ ਦੀਆਂ ਗੱਲਾਂ ਕਰ ਰਹੇ ਹਨ।''

ਕੋਟਲੀ ਨੇ ਦਾਅਵਾ ਕੀਤਾ, ''ਬਰਗਾੜੀ ਕਾਂਡ ਕਾਰਨ ਅਲੱਗ-ਥਲੱਗ ਹੋਇਆ ਅਕਾਲੀ ਦਲ ਹੁਣ ਜੇਲ੍ਹਾਂ ਵਿਚ ਬੰਦ ਲੋਕਾਂ ਦੀ ਮਦਦ ਲੈ ਰਿਹਾ ਹੈ।''

ਇਹ ਵੀ ਪੜ੍ਹੋ:

ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣਾ ਨੂੰ 'ਅੱਤਵਾਦੀ' ਸਮਝ ਕੇ ਉਸ ਦੀ ਫਾਂਸੀ ਦੀ ਸਜ਼ਾ ਰੁਕਵਾਉਣ ਲਈ ਸਾਥ ਨਾ ਦੇਣ ਵਾਲੀ ਭਾਰਤੀ ਜਨਤਾ ਪਾਰਟੀ ਹੁਣ ਰਾਜੋਆਣਾ ਵਲੋਂ ਦਿੱਤੇ ਸਮਰਥਨ ਨੂੰ ਅਕਾਲੀ ਦਲ ਦਾ ਏਜੰਡਾ ਦੱਸ ਰਹੀ ਹੈ।

ਬੀਬੀਸੀ ਦੇ ਅੰਮ੍ਰਿਤਸਰ ਤੋਂ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ, ''ਮੈਂ ਇਹਦੇ ਬਾਰੇ ਇਸ ਲਈ ਕੂਮੈਂਟ ਨਹੀਂ ਕਰਾਂਗਾ ਕਿਉਂਕਿ ਇਹ ਅਕਾਲੀ ਦਾ ਅੰਦਰੂਨੀ ਮਸਲਾ ਹੈ, ਇਸ ਬਾਰੇ ਸੁਖਬੀਰ ਬਾਦਲ ਹੀ ਬਿਆਨ ਦੇ ਸਕਦੇ ਹਨ। ਜੋ ਉਨ੍ਹਾਂ ਦੇ ਮੁੱਦੇ ਨੇ ਉਨ੍ਹਾਂ ਉੱਤੇ ਸੁਖਬੀਰ ਹੀ ਜਵਾਬ ਦੇਣ ਤਾਂ ਚੰਗਾ ਹੋਵੇਗਾ।''

ਚਿੱਠੀ ਵਿਚ ਕੀ ਕਿਹਾ ਹੈ

ਰਾਜੋਆਣਾ ਦੀ ਭੈਣ ਕਲਮਦੀਪ ਕੌਰ ਨੇ 5 ਮਈ 2019 ਨੂੰ ਮੀਡੀਆ ਸਾਹਮਣੇ ਇੱਕ ਚਿੱਠੀ ਪੇਸ਼ ਕਰਦਿਆਂ ਕਿਹਾ ਕਿ ਇਹ ਚਿੱਠੀ ਬਲਵੰਤ ਸਿੰਘ ਨੇ ਜੇਲ੍ਹ ਵਿੱਚੋਂ ਉਨ੍ਹਾਂ ਰਾਹੀ ਭੇਜੀ ਹੈ।

ਕਲਮਦੀਪ ਕੌਰ ਮੁਤਾਬਕ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ, ''ਅਕਾਲੀ-ਭਾਜਪਾ ਗਠਜੋੜ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਵੱਡੇ ਸੰਘਰਸ਼ ਤੇ ਕੁਰਬਾਨੀਆਂ ਕੀਤੀਆਂ ਹਨ।”

“ਭਾਜਪਾ ਦੀ ਕੇਂਦਰ ਸਰਕਾਰ ਨੇ 35 ਸਾਲ ਬਾਅਦ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਜਿਵੇਂ ਗਿੱਚੀ ਤੋਂ ਫੜ ਕੇ ਜੇਲ੍ਹ ਭੇਜਿਆ ਹੈ, ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਕੋਸ਼ਿਸ਼ ਕੀਤੀ ਹੈ, ਇਸ ਨਾਲ ਸਿੱਖ ਭਾਵਨਾਵਾਂ ਨੂੰ ਮੱਲ੍ਹਮ ਲੱਗੀ ਹੈ।''

ਚਿੱਠੀ ਵਿਚ ਅੱਗੇ ਲਿਖਿਆ ਹੈ, ''ਕੇਂਦਰ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਕੋਸ਼ਿਸ਼ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ।''

ਬਲਵੰਤ ਸਿੰਘ ਰਾਜੋਆਣਾ ਨੇ ਕਾਂਗਰਸ ਉੱਤੇ ਹਿੰਦੂ ਸਿੱਖਾਂ ਵਿਚ ਨਫ਼ਰਤ ਫੈਲਾ ਕੇ ਸਿਆਸੀ ਹਿੱਤ ਸਾਧਣ ਦਾ ਦੋਸ਼ ਲਾਇਆ ਹੈ।

ਚਿੱਠੀ ਮੁਤਬਾਕ, ''ਪੰਜਾਬ ਦੀ ਤਰੱਕੀ, ਭਾਈਚਾਰਕ ਸਾਂਝ ਅਤੇ ਸ਼ਾਤੀ ਲਈ ਇੱਕ-ਇੱਕ ਕੀਮਤੀ ਵੋਟ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਇਆ ਜਾਵੇ।''

ਰਾਜੋਆਣਾ ਨੇ ਚਿੱਠੀ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੱਤੇ ਹਿੰਦੂ ਸਿੱਖਾਂ ਵਿਚ ਨਫ਼ਰਤ ਫੈਲਾਉਣ, ਅਕਾਲ ਤਖ਼ਤ ਢਾਹੁਣ ਅਤੇ ਫਿਰ ਕਾਂਗਰਸ ਉੱਤੇ ਸਿੱਖਾਂ ਦਾ ਕਤਲੇਆਮ ਕਰਵਾਉਣ ਦਾ ਦੋਸ਼ ਲਾਉਂਦਿਆ ਲਿਖਿਆ, ''ਕੋਈ ਵੀ ਗੈਰਤਮੰਦ ਸਿੱਖ ਕਾਂਗਰਸ ਨੂੰ ਵੋਟ ਨਹੀਂ ਪਾ ਸਕਦਾ।''

ਰਾਜੋਆਣਾ ਉੱਤੇ ਭਾਜਪਾ ਕੀ ਸਟੈਂਡ ਰਿਹਾ

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਵਾਉਣ ਲਈ ਮਾਰਚ 2012 ਵਿਚ ਅਕਾਲੀ ਦਲ ਨੇ ਐਨਡੀਏ ਨਾਲ ਸਬੰਧਤ ਦਲਾਂ ਤੋਂ ਸਹਿਯੋਗ ਮੰਗਿਆ ਸੀ ਤਾਂ ਭਾਜਪਾ ਨੇ ਇਸ ਵਿੱਚ ਸਾਥ ਨਹੀਂ ਦਿੱਤਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਅਰੁਣ ਜੇਤਲੀ, ਲੋਕ ਸਭਾ ਵਿਚ ਤਤਕਾਲੀ ਵਿਰੋਧੀ ਧਿਰ ਆਗੂ ਸੁਸ਼ਮਾ ਸਵਰਾਜ ਤੇ ਸ਼ਾਂਤਾ ਕੁਮਾਰ ਨਾਲ ਕਈ ਬੈਠਕਾਂ ਕੀਤੀਆਂ ਸਨ।

28 ਮਾਰਚ 2012 ਦੇ ਆਊਟ ਲੁੱਕ ਵਿਚ ਛਪੀ ਰਿਪੋਰਟ ਮੁਤਾਬਕ ਇਸ ਮਾਮਲੇ ਬਾਰੇ ਭਾਜਪਾ ਦੇ ਤਤਕਾਲੀ ਕੌਮੀ ਬੁਲਾਰੇ ਤੇ ਮੌਜੂਦਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇੱਕ ਮੀਡੀਆ ਬਿਆਨ ਵਿਚ ਕਿਹਾ ਸੀ, “ਭਾਜਪਾ ਦਾ ਇਸ ਮੁੱਦੇ ਉੱਤੇ ਸਪੱਸ਼ਟ ਸਟੈਂਡ ਹੈ, ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ।”

ਆਊਟਲੁੱਕ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਭਾਜਪਾ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਉੱਤੇ ਸੰਸਦ ਹਮਲੇ ਦੇ ਮੁਲਜ਼ਮ ਅਫ਼ਜਲ ਗੁਰੂ ਦੀ ਫਾਂਸੀ ਲਟਕਾਉਣ ਨੂੰ ਮੁੱਦਾ ਬਣਾ ਰਹੀ ਸੀ।

ਭਾਜਪਾ ਨੂੰ ਡਰ ਸੀ ਕਿ ਜੇਕਰ ਉਸ ਨੇ ਰਾਜੋਆਣਾ ਦੀ ਫਾਂਸੀ ਮਾਫ਼ ਕਰਵਾਉਣ ਦਾ ਸਮਰਥਨ ਕੀਤਾ ਤਾਂ ਉਸ ਦਾ ਅਫ਼ਜਲ ਗੁਰੂ ਦੇ ਮੁੱਦੇ ਉੱਤੇ ਸਟੈਂਡ ਕਮਜ਼ੋਰ ਹੋ ਜਾਵੇਗਾ।

ਕੌਣ ਹਨ ਰਾਜੋਆਣਾ?

ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਦੋਸ਼ੀਆਂ ਵਿਚੋਂ ਇੱਕ ਹਨ।

ਲੁਧਿਆਣਾ ਦੇ ਰਾਏਕੋਟ ਦੇ ਪਿੰਡ ਰਾਜੋਆਣਾ ਕਲਾਂ ਵਿਚ 23 ਅਗਸਤ 1967 ਵਿਚ ਜਨਮੇ ਬਲਵੰਤ ਸਿੰਘ ਪੰਜਾਬ ਪੁਲਿਸ ਵਿਚ ਸਿਪਾਹੀ ਸਨ।

ਬਲਵੰਤ ਸਿੰਘ ਰਾਜੋਆਣਾ ਵੱਲੋਂ ਅਦਾਲਤ ਵਿੱਚ ਦਿੱਤੇ ਬਿਆਨਾਂ ਮੁਤਾਬਕ, ਉਹ 1984 ਦੇ ਅਪਰੇਸ਼ਨ ਬਲੂ ਸਟਾਰ ਅਤੇ ਫਿਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਕਾਰਨ ਨਿਰਾਸ਼ ਹੋ ਕੇ ਖਾਲਿਸਤਾਨ ਲਹਿਰ ਵਿਚ ਸ਼ਾਮਲ ਹੋ ਗਏ ਸੀ।

ਇਹ ਵੀ ਪੜ੍ਹੋ:

ਅਦਾਲਤ ਵਿਚ ਦਿੱਤੇ ਹਲਫ਼ੀਆ ਬਿਆਨ ਵਿਚ ਰਾਜੋਆਣਾ ਨੇ ਸਾਫ਼ ਕਿਹਾ ਸੀ ਕਿ ਉਹ ਬੇਅੰਤ ਸਿੰਘ ਕਤਲ ਕਾਂਡ ਵਿਚ ਸ਼ਾਮਲ ਸੀ।

ਜਾਂਚ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਰਾਜੋਆਣਾ ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਦੇ ਪਿੱਛੇ ਸਨ, ਜੇਕਰ ਉਹ ਅਸਫ਼ਲ ਹੋ ਜਾਂਦਾ ਤਾਂ ਰਾਜੋਆਣਾ ਨੇ ਮਨੁੱਖੀ ਬੰਬ ਵਜੋਂ ਹਮਲਾ ਕਰਨਾ ਸੀ।

ਭਾਵੇਂ ਕਿ ਜਾਂਚ ਏਜੰਸੀਆਂ ਦੇ ਇਸ ਦਾਅਵੇ ਨੂੰ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰੱਦ ਕਰਦੀ ਰਹੀ ਹੈ। ਪਰ ਰਾਜੋਆਣਾ ਨੇ ਆਪਣਾ ਦੋਸ਼ ਕਬੂਲਦਿਆਂ ਕੇਸ ਦੀ ਪੈਰਵੀ ਤੋਂ ਇਨਕਾਰ ਕਰ ਦਿੱਤਾ ਸੀ।

ਰਾਜੋਆਣਾ ਦੀ ਫਾਂਸੀ ਨੂੰ ਰੁਕਵਾਉਣ ਲਈ ਸ਼੍ਰੋਮਣੀ ਕਮੇਟੀ ਨੇ ਕੇਸ ਦੀ ਪੈਰਵੀ ਕੀਤੀ ਸੀ ।

ਰਾਜੋਆਣਾ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੇਅੰਤ ਸਿੰਘ ਮਾਮਲੇ ਵਿਚ ਇੱਕ ਅਗਸਤ 2007 ਨੂੰ ਫ਼ਾਸੀ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਰਾਜੋਆਣਾ ਨੇ ਹਾਈਕੋਰਟ ਵਿੱਚ ਅਪੀਲ ਕਰਨ ਤੋਂ ਇਨਕਾਰ ਇਹ ਕਹਿ ਕੇ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਵਿਚ ਭਰੋਸਾ ਨਹੀਂ ਹੈ।

ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਸਿੱਖ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਲਈ ਤਿੱਖੀ ਮੁਹਿੰਮ ਚਲਾਈ ਸੀ।

ਭਾਵੇਂ ਅਕਾਲੀ ਦਲ ਨੂੰ ਇਸ ਮੁੱਦੇ ਉੱਤੇ ਭਾਜਪਾ ਦਾ ਇਸ ਮਾਮਲੇ ਵਿੱਚ ਸਾਥ ਨਹੀਂ ਮਿਲੀਆ ਸੀ ਪਰ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਗ੍ਰਹਿ ਮੰਤਰਾਲੇ ਦੀ ਸਿਫ਼ਾਰਿਸ਼ ਉੱਤੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ 28 ਮਾਰਚ 2012 ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਸੀ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)