ਨਾਈਜੀਰੀਆ ਵਿੱਚ ਸਮੁੰਦਰੀ ਲੁਟੇਰਿਆਂ ਨੇ ਅਗਵਾ ਕੀਤਾ ਹਰਿਆਣਾ ਦਾ ਮੁੰਡਾ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਹਰਿਆਣਾ ਦੇ ਰੋਹਤਕ ਦੇ ਪਿੰਡ ਆਸਨ ਦੇ ਰਹਿਣ ਵਾਲੇ 20 ਸਾਲਾ ਮੁੰਡੇ ਨੂੰ ਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਨੇ ਅਗਵਾ ਕਰ ਲਿਆ ਹੈ।

ਅੰਕਿਤ ਹੁਡਾ ਇੱਕ ਪ੍ਰਾਈਵੇਟ ਜਹਾਜ਼ ਕੰਪਨੀ ਵਿੱਚ ਸੀ-ਮੈਨ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੇ ਨਾਲ ਛੇ ਹੋਰ ਲੋਕਾਂ ਨੂੰ 19 ਅਪ੍ਰੈਲ ਨੂੰ ਅਗਵਾ ਕੀਤਾ ਗਿਆ ਸੀ।

ਅੰਕਿਤ ਦੇ ਰਿਸ਼ਤੇਦਾਰ ਭੂਪਿੰਦਰ ਗੁਲੀਆ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਹਾਦਸਾ 19 ਅਪ੍ਰੈਲ ਨੂੰ ਕਰੀਬ ਰਾਤ ਨੂੰ 1.30 ਵਜੇ ਹੋਇਆ ਸੀ। ਉਨ੍ਹਾਂ ਨੂੰ ਅੰਕਿਤ ਦੇ ਅਗਵਾ ਹੋਣ ਬਾਰੇ ਜਾਣਕਾਰੀ 23 ਅਪ੍ਰੈਲ ਨੂੰ ਮਿਲੀ ਸੀ।

ਉਨ੍ਹਾਂ ਕਿਹਾ, ''ਅਗਵਾ ਕੀਤੇ ਗਏ ਸੁਦੀਪ ਚੌਧਰੀ ਦੀ ਪਤਨੀ ਭਾਗੇਸ਼ਵਰੀ ਦਾਸ ਨੇ ਮੈਨੂੰ ਫੇਸਬੁੱਕ ਰਾਹੀਂ ਸੰਪਰਕ ਕੀਤਾ ਤੇ ਅੰਕਿਤ ਦੇ ਅਗਵਾ ਹੋਣ ਬਾਰੇ ਦੱਸਿਆ।''

ਅੰਕਿਤ ਨੇ ਆਪਣੀ 12ਵੀਂ ਰੋਹਤਕ ਤੋਂ ਕੀਤੀ ਸੀ ਤੇ ਗ੍ਰੈਜੁਏਸ਼ਨ ਦੇ ਪਹਿਲੇ ਸਾਲ ਹੀ ਸੀਅ ਟਾਈਡ ਮਰੀਨ ਪ੍ਰਾਈਵੇਟ ਲਿਮਿਟਿਡ ਵਲੋਂ ਨੌਕਰੀ 'ਤੇ ਰੱਖ ਲਿਆ ਗਿਆ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਅਫਰੀਕਾ ਦੇ ਦੇਸ ਘਾਨਾ ਸਥਿਤ ਇੱਕ ਕੰਪਨੀ ਰੈਟਰੋਗ੍ਰੈਸ ਅਫਰੀਕਾ ਕੰਪਨੀ ਲਿਮਿਟਿਡ ਨਾਲ ਅੰਕਿਤ ਦਾ 400 ਡਾਲਰ ਪ੍ਰਤੀ ਮਹੀਨੇ ਦੀ ਤਨਖਾਹ 'ਤੇ ਕੌਨਟ੍ਰੈਕਟ ਕਰਵਾਇਆ ਸੀ।

ਅੰਕਿਤ ਦੇ ਭਰਾ ਭਰਤ ਦੇਸ਼ਵਾਲ ਨੇ ਕਿਹਾ, ''ਅੰਕਿਤ ਨੇ ਆਪਣੀ ਮਾਂ ਉਸ਼ਾ ਨਾਲ 11 ਅਪ੍ਰੈਲ ਨੂੰ ਗੱਲ ਕੀਤੀ ਸੀ ਤੇ ਉਹ ਬਿਲਕੁਲ ਠੀਕ ਸੀ।''

ਉਨ੍ਹਾਂ ਕਿਹਾ ਕਿ ਅੰਕਿਤ ਆਪਣੀ ਮਾਂ ਦਾ ਇਕੱਲਾ ਸਹਾਰਾ ਹੈ। ਉਸ ਦੇ ਪਿਤਾ ਨਹੀਂ ਹਨ ਤੇ ਜੇ ਲੁਟੇਰੇ ਕੁਝ ਪੈਸੇ ਮੰਗਦੇ ਹਨ, ਤਾਂ ਉਹ ਨਹੀਂ ਦੇ ਸਕਣਗੇ।

ਉਨ੍ਹਾਂ ਨੇ ਕਿਹਾ ਕਿ ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਕਈ ਵਾਰ ਮਿਲਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਉਨ੍ਹਾਂ ਨੇ ਪੀਐਮਓ ਨੂੰ ਵੀ ਚਿੱਠੀ ਲਿਖੀ ਹੈ ਤੇ ਸੁਸ਼ਮਾ ਸਵਰਾਜ ਨੂੰ ਇਸ ਬਾਰੇ ਟਵੀਟ ਵੀ ਕੀਤਾ ਸੀ।

ਦੇਸ਼ਵਾਲ ਨੇ ਦੱਸਿਆ ਕਿ ਭਾਵੇਂ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ ਪਰ ਸੁਦੀਪ ਦੀ ਪਤਨੀ ਨੂੰ ਭਾਰਤੀ ਹਾਈ ਕਮਿਸ਼ਨ ਨੇ ਜਵਾਬ ਦਿੱਤਾ ਹੈ ਕਿ ਉਹ ਨਾਈਜੀਰੀਆ ਦੇ ਅਧਿਕਾਰਿਆਂ ਨਾਲ ਸੰਪਰਕ ਵਿੱਚ ਹਨ।

ਮੰਗਲਵਾਰ ਨੂੰ ਸੁਸ਼ਮਾ ਸਵਰਾਜ ਨੇ ਵੀ ਟਵੀਟ ਕੀਤਾ ਅਤੇ ਨਾਈਜੀਰੀਆ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਟੈਗ ਕੀਤਾ।

ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਹੀ ਉਨ੍ਹਾਂ ਦਾ ਇਕੱਲਾ ਸਹਾਰਾ ਹੈ ਤੇ ਉਨ੍ਹਾਂ ਕੋਲ੍ਹ ਨਾ ਹੀ ਕੋਈ ਜ਼ਮੀਨ ਹੈ, ਨਾ ਹੀ ਕਾਰੋਬਾਰ ਅਤੇ ਨਾ ਹੀ ਕੋਈ ਪੱਕੀ ਨੌਕਰੀ।

ਉਨ੍ਹਾਂ ਕਿਹਾ, ''ਅਸੀਂ ਰੱਬ ਤੋਂ ਦੁਆ ਕਰਦੇ ਹਾਂ ਕਿ ਸਾਡਾ ਬੱਚਾ ਜਲਦ ਤੋਂ ਜਲਦ ਠੀਕ-ਠਾਕ ਵਾਪਸ ਆ ਜਾਵੇ।''

''ਸਰਕਾਰ ਨੂੰ ਇੱਕ ਮਾਂ ਦੇ ਨਜ਼ਰੀਏ ਤੋਂ ਸੋਚਣਾ ਚਾਹੀਦਾ ਹੈ ਤੇ ਅੰਕਿਤ ਨੂੰ ਛੁਡਾਉਣ ਲਈ ਅਹਿਮ ਕਦਮ ਚੁੱਕਣੇ ਚਾਹੀਦੇ ਹਨ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)