ਇਸ ਪਿੰਡ ਵਿੱਚ ‘ਸਿਆਸੀ ਲੋਕਾਂ ਦਾ ਆਉਣਾ ਮਨ੍ਹਾ ਹੈ’

    • ਲੇਖਕ, ਪ੍ਰਭੂ ਦਿਆਲ
    • ਰੋਲ, ਬੀਬੀਸੀ ਪੰਜਾਬੀ ਲਈ

"ਕਿਸੇ ਵੀ ਸਿਆਸੀ ਪਾਰਟੀ ਦਾ ਪਿੰਡ ਚਾਮਲ ਵਿੱਚ ਵੋਟ ਮੰਗਣ ਲਈ ਆਉਣਾ ਸਖ਼ਤ ਮਨ੍ਹਾ ਹੈ।"

ਇਹ ਪੋਸਟਰ ਸਿਰਸਾ ਅਧੀਨ ਪੈਂਦੇ ਪਿੰਡ ਪੁਰਾਣੀ ਚਾਮਲ ਵਿੱਚ ਲਗਿਆ ਹੋਇਆ ਹੈ ਜੋ ਕਿ ਪਿੰਡਵਾਸੀਆਂ ਦੀ ਨਾਰਾਜ਼ਗੀ ਜਤਾਉਂਦਾ ਹੈ।

ਇਸ ਦੇ ਨਾਲ ਹੀ ਕੁਝ ਨੌਜਵਾਨ ਪਹਿਰਾ ਲਾ ਕੇ ਬੈਠ ਗਏ ਹਨ। ਪਿੰਡ ਵਾਸੀਆਂ ਨੇ ਇਸ ਵਾਰੀ ਵੋਟ ਨਾ ਪਾਉਣ ਦਾ ਸਮੂਹਿਕ ਫੈਸਲਾ ਲਿਆ ਹੈ।

ਪਰ ਇਸ ਨਾਰਾਜ਼ਗੀ ਕੀ ਵਜ੍ਹਾ ਕੀ ਹੈ ਇਹ ਜਾਣਨ ਲਈ ਬੀਬੀਸੀ ਪੰਜਾਬੀ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ।

ਪਿੰਡ ਵਾਸੀ ਘੱਗਰ ਦਰਿਆ ’ਚੋਂ ਕੱਢੇ ਗਏ ਰੱਤਾ ਖੇੜਾ ਖਰੀਫ ਚੈਨਲ ਤੋਂ ਔਖੇ ਹਨ ਅਤੇ ਪੁੱਲ ਬਣਾਏ ਜਾਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ:

ਬਾਈਕਾਟ ਦਾ ਕਾਰਨ

ਪਿੰਡ ਦੇ ਲੋਕਾਂ ਦਾ ਡਰ ਕੁਝ ਇਸ ਤਰ੍ਹਾਂ ਸਾਹਮਣੇ ਆਇਆ।

ਪਿੰਡਵਾਸੀ ਭਜਨ ਲਾਲ ਦਾ ਕਹਿਣਾ ਹੈ, "ਕਰੀਬ ਤਿੰਨ ਸਾਲ ਪਹਿਲਾਂ ਘੱਗਰ ਦੇ ਓਟੂ ਵੀਅਰ ’ਚੋਂ ਘੱਗਰ ਨਾਲੀ ਦਾ ਬਰਸਾਤੀ ਪਾਣੀ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਰੱਤਾ ਖੇੜਾ ਖਰੀਫ਼ ਚੈਨਲ ਬਣਾਇਆ ਗਿਆ।”

“ਉਦੋਂ ਪਿੰਡ ਵਾਸੀਆਂ ਨੇ ਮੰਗ ਕੀਤੀ ਸੀ ਕਿ ਇਸ ਨੂੰ ਪਿੰਡ ਤੋਂ ਥੋੜ੍ਹਾ ਦੂਰ ਬਣਾਇਆ ਜਾਵੇ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਅਤੇ ਇਸ ਚੈਨਲ ਨੂੰ ਬਿਲਕੁਲ ਪਿੰਡ ਦੇ ਨਾਲ ਹੀ ਬਣਾ ਦਿੱਤਾ।"

"ਇਹ ਬਰਸਾਤੀ ਨਾਲਾ ਪਿੰਡ ਦੇ ਨਾਲ ਬਣਾਏ ਜਾਣ ਕਾਰਨ ਹਰ ਵੇਲੇ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਸਾਡੇ ਬੱਚੇ ਖੇਡਦੇ-ਖੇਡਦੇ ਕਈ ਵਾਰ ਇਸ ਨਾਲੇ ਵਿੱਚ ਡਿੱਗ ਚੁੱਕੇ ਹਨ। ਸਾਡੇ ਪਸ਼ੂ ਵੀ ਇਸ ਨਾਲੇ ਵਿੱਚ ਵੜ ਜਾਣ ਤਾਂ ਉਹ ਵੀ ਨਿਕਲਣੇ ਔਖੇ ਹੋ ਜਾਂਦੇ ਹਨ।"

ਅਮਨਦੀਪ ਦਾ ਕਹਿਣਾ ਹੈ, "ਇਸ ਨਾਲੇ ਵਿੱਚ ਇਨ੍ਹਾਂ ਜ਼ਿਆਦਾ ਪ੍ਰਦੂਸ਼ਿਤ ਪਾਣੀ ਹੈ ਕਿ ਸਾਡਾ ਜਿਉਣਾ ਹੀ ਮੁਸ਼ਕਲ ਹੋ ਗਿਆ ਹੈ। ਜੇ ਨਾਲੇ ਵਾਲੇ ਪਾਸੇ ਦੀ ਹਵਾ ਚਲਦੀ ਹੈ ਤਾਂ ਇਸ ਦੀ ਬਦਬੂ ਕਾਰਨ ਅਸੀਂ ਘਰ 'ਚ ਬੈਠੇ ਰੋਟੀ ਵੀ ਨਹੀਂ ਖਾ ਸਕਦੇ।

ਵਿਜੈ ਕੁਮਾਰ ਦਾ ਕਹਿਣਾ ਹੈ, "ਸਾਡੇ ਪਸ਼ੂ ਪਾਣੀ ਵਿੱਚ ਵੜ ਜਾਂਦੇ ਹਨ। ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਘੱਗਰ ਨਾਲੀ ਦੇ ਕੰਢੇ ਵਸੇ ਪਿੰਡਾਂ ਦੇ ਲੋਕਾਂ ਵਿੱਚ ਕੈਂਸਰ ਤੇ ਕਾਲਾ ਪੀਲੀਆ ਦੀ ਬਿਮਾਰੀ ਵੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ।"

ਪਿੰਡ ਲਈ ਬੱਸ ਸੁਵਿਧਾ ਨਹੀਂ

ਪਿੰਡ ਵਾਸੀਆਂ ਨੇ ਸੋਮਾ ਰਾਣੀ ਨਾਲੇ ਤੋਂ ਇਲਾਵਾ ਹੋਰ ਵੀ ਕਈ ਮੁਸ਼ਕਿਲਾਂ ਦਾ ਜ਼ਿਕਰ ਕੀਤਾ।

ਉਨ੍ਹਾਂ ਕਿਹਾ, "ਨਾ ਇੱਥੇ ਕੋਈ ਬੱਸ ਦੀ ਸਹੂਲਤ ਹੈ ਅਤੇ ਨਾ ਹੀ ਕੋਈ ਸਰਕਾਰੀ ਡਿਸਪੈਂਸਰੀ ਹੈ। ਜੇ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਚਾਰ ਕਿਲੋਮੀਟਰ ਦੂਰ ਨਵੀਂ ਚਾਮਲ ਪਿੰਡ ਜਾਂ ਫਿਰ ਸਿਰਸਾ ਹੀ ਜਾਣਾ ਪੈਂਦਾ ਹੈ।"

ਤਕਰੀਬ 500 ਵੋਟਾਂ ਵਾਲੇ ਪਿੰਡ ਪੁਰਾਣੀ ਚਾਮਲ 'ਚ ਇੱਕ ਪ੍ਰਾਈਮਰੀ ਸਕੂਲ ਹੈ। ਇਕ ਆਂਗਨਵਾੜੀ ਕੇਂਦਰ ਵੀ ਹੈ ਪਰ ਬੈਂਕ ਆਦਿ ਦੇ ਕੰਮਾਂ ਲਈ ਪਿੰਡ ਦੇ ਲੋਕਾਂ ਨੂੰ ਨਵੇਂ ਪਿੰਡ ਚਾਮਲ ਹੀ ਜਾਣਾ ਪੈਂਦਾ ਹੈ।

ਪਿੰਡ ਵਿੱਚ ਸਿਰਫ ਇੱਕ ਹੀ ਲੜਕੀ ਪੂਜਾ ਨੇ ਬੀਐੱਸਸੀ ਤੱਕ ਦੀ ਪੜ੍ਹਾਈ ਕੀਤੀ ਹੈ।

ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਾਅਵਾ

ਪਿੰਡ ਦੀ ਇੱਕ ਗਲੀ ਨੂੰ ਛੱਡ ਕੇ ਬਾਕੀ ਦੀਆਂ ਗਲੀਆਂ ਕੱਚੀਆਂ ਹਨ। ਸਿੰਜਾਈ ਵਿਭਾਗ ਦੇ ਐਸਸੀ ਰਾਜੇਸ਼ ਨੇ ਦੱਸਿਆ ਕਿ ਰੱਤਾ ਖੇੜਾ ਖਰੀਫ਼ ਚੈਨਲ 'ਤੇ ਪੈਣ ਵਾਲੇ ਸਾਰੇ ਪੱਕੀਆਂ ਸੜਕਾਂ 'ਤੇ ਪੁੱਲ ਬਣ ਗਏ ਹਨ। ਕੱਚੇ ਰਾਹਾਂ 'ਤੇ ਪੁਲ ਬਣਨੇ ਹਾਲੇ ਬਾਕੀ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, “ਕੱਚੇ ਰਾਹਾਂ 'ਤੇ ਪੁੱਲ ਬਣਾਉਣ ਲਈ ਅੰਦਾਜ਼ਾ ਬਣਾ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਭੇਜਿਆ ਹੋਇਆ ਹੈ, ਜਿਵੇਂ ਹੀ ਉਤੋਂ ਮਨਜੂਰੀ ਮਿਲੇਗੀ ਕੱਚੇ ਰਾਹਾਂ 'ਤੇ ਵੀ ਪੁੱਲ ਬਣਾਏ ਜਾਣਗੇ।”

ਇਹ ਵੀਡੀਓ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)