ਅਹਿਮਦਨਗਰ 'ਚ ਅਣਖ ਖ਼ਾਤਿਰ ਕਤਲ: ਵਿਆਹ ਤੋਂ ਨਾਰਾਜ਼ ਪਿਤਾ ਨੇ ਧੀ ਤੇ ਜਵਾਈ ਨੂੰ ਜ਼ਿੰਦਾ ਸਾੜਿਆ

    • ਲੇਖਕ, ਹਲੀਮਾ ਬੀ ਕੌਸਰ
    • ਰੋਲ, ਬੀਬੀਸੀ ਮਰਾਠੀ ਲਈ

ਰੁਕਮਣੀ ਰਣਸਿੰਘੇ ਸਿਰਫ਼ 19 ਸਾਲ ਦੀ ਸੀ। 6 ਮਹੀਨੇ ਪਹਿਲਾਂ ਉਸ ਨੇ ਉਸ ਮੁੰਡੇ ਨਾਲ ਵਿਆਹ ਕਰ ਲਿਆ ਸੀ ਜਿਸ ਨੂੰ ਉਹ ਪਿਆਰ ਕਰਦੀ ਸੀ।

ਪਰ ਉਸ ਦੇ ਵਿਆਹ ਦੇ ਫ਼ੈਸਲੇ ਤੋਂ ਉਸ ਦਾ ਪਰਿਵਾਰ ਸਹਿਮਤ ਨਹੀਂ ਸੀ ਕਿਉਂਕਿ ਰੁਕਮਣੀ ਅਤੇ ਉਸ ਦੇ ਪਤੀ ਦੋਵਾਂ ਦੀ ਜਾਤ ਵੱਖ-ਵੱਖ ਸੀ।

ਇਸ ਗੱਲ ਦੀ ਨਾਰਾਜ਼ਗੀ ਇੰਨੀ ਵਧ ਗਈ ਸੀ ਕਿ ਇੱਕ ਦਿਨ ਰੁਕਮਣੀ ਦੇ ਪਿਤਾ, ਚਾਚਾ ਅਤੇ ਮਾਮੇ ਨੇ ਮਿਲ ਕੇ ਉਸ ਨੂੰ ਤੇ ਉਸ ਦੇ ਪਤੀ ਨੂੰ ਜ਼ਿੰਦਾ ਸਾੜ ਦਿੱਤਾ।

ਆਪਣੇ ਪਰਿਵਾਰ ਦੇ ਗੁੱਸੇ ਦੀ ਕੀਮਤ ਰੁਕਮਣੀ ਨੇ ਆਪਣੀ ਜਾਨ ਦੇ ਕੇ ਚੁਕਾਈ।

ਇਹ ਵੀ ਪੜ੍ਹੋ-

ਮਹਾਰਾਸ਼ਟਰ ਦੇ ਅਹਿਮਦਨਗਰ ਦੇ ਪਰਨੇਰ ਤਾਲੁਕਾ ਦੇ ਨਿਕਸੋਜ ਪਿੰਡ ਦੇ ਇਸ ਮਾਮਲੇ ਨੇ ਇੱਕ ਵਾਰ ਫਿਰ ਅਣਖ ਖਾਤਿਰ ਕਤਲ ਦਾ ਮੁੱਦਾ ਦੁਨੀਆਂ ਦੇ ਸਾਹਮਣੇ ਲਿਆ ਦਿੱਤਾ ਹੈ।

6 ਮਹੀਨੇ ਪਹਿਲਾਂ ਰੁਕਮਣੀ ਅਤੇ ਮੰਗੇਸ਼ ਰਣਸਿੰਘੇ ਦਾ ਵਿਆਹ ਹੋਇਆ ਸੀ ਤੇ ਇਹ ਲਵ ਮੈਰਿਜ ਸੀ।

ਰੁਕਮਣੀ ਦੇ ਪਿਤਾ ਅਤੇ ਹੋਰ ਪਰਿਵਾਰ ਵਾਲੇ ਇਸ ਵਿਆਹ ਦੇ ਖ਼ਿਲਾਫ਼ ਸਨ ਪਰ ਮੰਗੇਸ਼ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਦੇ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਸੀ ਤੇ ਵਿਆਹ ਲਈ ਹਾਮੀ ਭਰੀ ਸੀ।

ਰੁਕਮਣੀ ਦੇ ਦਿਓਰ ਮਹੇਸ਼ ਰਣਸਿੰਘੇ ਨੇ ਬੀਬੀਸੀ ਨੂੰ ਦੱਸਿਆ ਕਿ ਵਿਆਹ 'ਚ ਰੁਕਮਣੀ ਵੱਲੋਂ ਸਿਰਫ਼ ਉਸ ਦੀ ਮਾਂ ਆਈ ਸੀ।

ਵਿਆਹ ਤੋਂ ਬਾਅਦ ਵੀ ਰਹੀ ਨਾਰਾਜ਼ਗੀ

ਮਹੇਸ਼ ਨੇ ਦੱਸਿਆ, "ਵਿਆਹ ਤੋਂ ਬਾਅਦ ਵੀ ਰੁਕਮਣੀ ਦੇ ਘਰ ਵਾਲੇ ਇਸ ਰਿਸ਼ਤੇ ਦਾ ਵਿਰੋਧ ਕਰ ਰਹੇ ਸਨ। ਰੁਕਮਣੀ ਜਾਂ ਮੰਗੇਸ਼ ਨੂੰ ਜੇ ਉਹ ਸੜਕ 'ਤੇ ਵੀ ਦੇਖ ਲੈਂਦੇ ਤਾਂ ਉਨ੍ਹਾਂ ਨੂੰ ਧਮਕੀਆਂ ਦਿੰਦੇ ਸਨ।"

"ਇਸ ਤੋਂ ਪਰੇਸ਼ਾਨ ਹੋ ਕੇ ਰੁਕਮਣੀ ਅਤੇ ਮੰਗੇਸ਼ ਨੇ ਇਸ ਸਾਲ ਪਰਨੇਰ ਪੁਲਿਸ ਥਾਣੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।"

ਇਸੇ ਤਣਾਅ ਦੇ ਮਾਹੌਲ 'ਚ ਇੱਕ ਦਿਨ ਰੁਕਮਣੀ ਦੇ ਮਾਤਾ-ਪਿਤਾ ਨੇ 30 ਅਪ੍ਰੈਲ ਨੂੰ ਉਸ ਨੂੰ ਆਪਣੇ ਘਰ ਬੁਲਾਇਆ ਸੀ।

ਘਰ ਆਉਣ 'ਤੇ ਉਨ੍ਹਾਂ ਨੇ ਰੁਕਮਣੀ ਨੂੰ ਕੁੱਟਿਆ। ਇਸ ਤੋਂ ਬਾਅਦ ਉਸੇ ਰਾਤ ਰੁਕਮਣੀ ਨੇ ਮੰਗੇਸ਼ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਕੁੱਟਿਆ ਹੈ।

ਰੁਕਮਣੀ ਨੇ ਮੰਗੇਸ਼ ਨੂੰ ਕਿਹਾ ਕਿ ਉਹ ਆ ਕੇ ਉਸ ਨੂੰ ਲੈ ਜਾਵੇ।

ਇਹ ਵੀ ਪੜ੍ਹੋ-

ਦੂਜੇ ਦਿਨ ਯਾਨਿ ਮਈ ਦੀ 1 ਤਰੀਕ ਨੂੰ ਮੰਗੇਸ਼ ਰੁਕਮਣੀ ਦੇ ਘਰ ਪਹੁੰਚਿਆ। ਇਸ ਦੌਰਾਨ ਰੁਕਮਣੀ ਦੇ ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੇ ਚਾਚਾ ਅਤੇ ਮਾਮਾ ਵੀ ਉੱਥੇ ਮੌਜੂਦ ਸਨ।

ਉਸੇ ਦਿਨ ਹੀ ਰੁਕਮਣੀ ਦੇ ਵਿਆਹ ਨੂੰ ਲੈ ਕੇ ਘਰ ਵਿੱਚ ਵੱਡਾ ਝਗੜਾ ਹੋਇਆ। ਰੁਕਮਣੀ ਦੇ ਚਾਚੇ ਅਤੇ ਮਾਮੇ ਨੇ ਰੁਕਮਣੀ ਅਤੇ ਮੰਗੇਸ਼ ਨੂੰ ਫਿਰ ਕੁੱਟਿਆ।

ਇਸ ਤੋਂ ਬਾਅਦ ਉਨ੍ਹਾਂ ਨੇ ਦੋਵਾਂ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਉਨ੍ਹਾਂ 'ਤੇ ਪੈਟ੍ਰੋਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ।

ਇਸ ਦੌਰਾਨ ਨਾ ਕੇਵਲ ਉਨ੍ਹਾਂ ਨੇ ਦੋਵਾਂ ਨੂੰ ਅੱਗ ਲਗਾਈ ਬਲਕਿ ਆਪ ਘਰੋਂ ਬਾਹਰ ਨਿਕਲ ਕੇ ਦਰਵਾਜ਼ਾ ਵੀ ਬੰਦ ਕਰ ਦਿੱਤਾ।

ਮਹੇਸ਼ ਰਣਸਿੰਘੇ ਕਹਿੰਦੇ ਹਨ ਕਿ ਘਰੋਂ ਨਿਕਲਣ ਵਾਲੀਆਂ ਦਰਦ ਭਰੀਆਂ ਚੀਕਾਂ ਸੁਣ ਕੇ ਗੁਆਂਢੀ ਘਟਨਾ ਸਥਾਨ 'ਤੇ ਆਏ ਅਤੇ ਉਨ੍ਹਾਂ ਨੇ ਐਂਬੂਲੈਂਸ ਬੁਲਾਈ।

ਰੁਕਮਣੀ ਅਤੇ ਮੰਗੇਸ਼ ਨੂੰ ਪੁਣੇ ਲੈ ਕੇ ਗਏ, ਦੋਵਾਂ ਨੂੰ ਇਲਾਜ ਲਈ ਸਸੂਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਤਿੰਨ ਦਿਨ ਤੱਕ ਜ਼ਿੰਦਗੀ ਨਾਲ ਜੰਗ ਕਰਦਿਆਂ-ਕਰਦਿਆਂ 5 ਮਈ ਨੂੰ ਰੁਕਮਣੀ ਦੀ ਮੌਤ ਹੋ ਗਈ। ਜਦੋਂ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਤਾਂ ਉਦੋਂ ਤੋਂ ਉਸ ਦੀ ਹਾਲਤ ਗੰਭੀਰ ਸੀ।

ਰੁਕਮਣੀ ਦੇ ਸਰੀਰ ਦਾ 60-65 ਫੀਸਦ ਹਿੱਸਾ ਸੜ੍ਹ ਗਿਆ ਸੀ।

ਸਸੂਨ ਹਸਪਤਾਲ ਦੇ ਡਾਕਟਰ ਅਜੇ ਤਾਵਰੇ ਨੇ ਬੀਬੀਸੀ ਨੂੰ ਦੱਸਿਆ ਕਿ ਫਿਲਹਾਲ ਮੰਗੇਸ਼ ਦਾ ਇਲਾਜ ਚੱਲ ਰਿਹਾ ਹੈ।

ਉਨ੍ਹਾਂ ਦੀ ਹਾਲਤ ਵੀ ਗੰਭੀਰ ਹੈ ਅਤੇ ਸਰੀਰ ਦਾ 40-45 ਫੀਸਦ ਹਿੱਸਾ ਸੜ੍ਹ ਗਿਆ ਹੈ।

ਰੁਕਮਣੀ ਦੇ ਘਰ ਨੇੜੇ ਰਹਿਣ ਵਾਲੇ ਸੰਜੇ ਬੇਦੀ ਦੱਸਦੇ ਹਨ, "ਘਰੋਂ ਧੂੰਆਂ ਆ ਰਿਹਾ ਸੀ ਪਰ ਦਰਵਾਜ਼ਾ ਬੰਦ ਸੀ। ਅਸੀਂ ਦਰਵਾਜ਼ਾ ਤੋੜਿਆ ਤੇ ਹਾਲਾਤ ਦੇਖ ਕੇ ਐਂਬੂਲੈਂਸ ਨੂੰ ਫੋਨ ਕੀਤਾ।"

ਪਰਿਵਾਰ ਬਾਰੇ ਸੰਜੇ ਬੇਦੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ।

ਉਹ ਦੱਸਦੇ ਹਨ ਪਰਿਵਾਰ ਉੱਤਰ ਪ੍ਰਦੇਸ਼ ਤੋਂ ਆਇਆ ਹੈ ਅਤੇ ਪਿਛਲੇ 8 ਮਹੀਨਿਆਂ ਤੋਂ ਇੱਥੇ ਰਹਿ ਰਿਹਾ ਹੈ।

ਚਾਚਾ ਤੇ ਮਾਮਾ ਗ੍ਰਿਫ਼ਤਾਰ, ਪਿਤਾ ਦੀ ਭਾਲ

ਪਰਨੇਰ ਪੁਲਿਸ ਥਾਣੇ 'ਚ ਇਸ ਸਬੰਧੀ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਰੁਕਮਣੀ ਦੇ ਮਾਮਾ ਘਨਸ਼ਿਆਮ ਅਤੇ ਚਾਚਾ ਸੁਰਿੰਦਰ ਬਾਬੂਲਾਲ ਭਾਰਤ ਉਰਫ਼ ਪੰਡਿਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਏਐਸਪੀ ਮਨੀਸ਼ ਕਲਵਾਨਿਆ ਨੇ ਦੱਸਿਆ, "ਪੁਲਿਸ ਰੁਕਮਣੀ ਦੇ ਪਿਤਾ ਰਾਮਾ ਰਾਮਫਲ ਭਾਰਤੀ ਦੀ ਤਲਾਸ਼ ਕਰ ਰਹੀ ਹੈ। ਘਟਨਾ ਸਥਾਨ ਤੋਂ ਪੁਲਿਸ ਨੇ ਪੈਟ੍ਰੋਲ ਦੀ ਇੱਕ ਬੋਤਲ ਸਣੇ ਕੁਝ ਹੋਰ ਚੀਜ਼ਾਂ ਬਰਾਮਦ ਕੀਤੀਆਂ ਹਨ, ਜਾਂਚ ਅਜੇ ਚੱਲ ਰਹੀ ਹੈ।"

ਰੁਕਮਣੀ ਦੇ ਦਿਓਰ ਮਹੇਸ਼ ਦਾ ਇਲਜ਼ਾਮ ਹੈ ਕਿ ਪੁਲਿਸ ਦੀ ਅਣਦੇਖੀ ਦੇ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਕੁਝ ਭੁਗਤਨਾ ਪਿਆ ਹੈ।

ਉਹ ਕਹਿੰਦੇ ਹਨ, "ਅਸੀਂ ਨਿਕਸੋਜ ਅਤੇ ਪਰਨੇਰ ਪੁਲਿਸ ਥਾਣਿਆਂ 'ਚ ਸ਼ਿਕਾਇਤਾਂ ਦਰਜ ਕਰਵਾਈ ਸੀ ਕਿ ਰੁਕਮਣੀ ਦੇ ਪਰਿਵਾਰ ਵਾਲੇ ਮੰਗੇਸ਼ ਅਤੇ ਰੁਕਮਣੀ ਨੂੰ ਧਮਕੀਆਂ ਦੇ ਰਹੇ ਹਨ। ਫਰਵਰੀ 'ਚ ਅਸੀਂ ਪੁਲਿਸ ਨੂੰ ਇਨ੍ਹਾਂ ਧਮਕੀਆਂ ਬਾਰੇ ਵੀ ਦੱਸਿਆ ਸੀ। ਇਸ ਘਟਨਾ ਤੋਂ ਠੀਕ ਪਹਿਲਾਂ ਵੀ ਅਸੀਂ ਪੁਲਿਸ ਨੂੰ ਦੱਸਿਆ ਸੀ ਕਿ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।"

ਮਹੇਸ਼ ਨੂੰ ਹੁਣ ਚਾਹੁੰਦੇ ਹਨ ਕਿ ਉਨ੍ਹਾਂ ਦੇ ਭਰਾ ਅਤੇ ਭਾਬੀ ਦੇ ਕਾਤਲਾਂ ਨੂੰ ਛੇਤੀ ਸਜ਼ਾ ਮਿਲੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਆਂ ਮਿਲੇ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)