ਟੀ-20 ਵਿੱਚ ਖੇਡਣ ਵਾਲੀ ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ ਕ੍ਰਿਕਟਰ

    • ਲੇਖਕ, ਤਾਹਿਰ ਹੁਸੈਨ ਸੋਫੀ
    • ਰੋਲ, ਸਥਾਨਕ ਪੱਤਰਕਾਰ, ਬੀਬੀਸੀ ਹਿੰਦੀ ਲਈ

ਸਚਿਨ ਤੇਂਦੁਲਕਰ ਦੀ ਵੱਡੀ ਪ੍ਰਸ਼ੰਸ਼ਕ 28 ਸਾਲਾ ਜਸੀਆ ਅਖ਼ਤਰ ਆਪਣੇ ਬੱਲੇ ਨਾਲ ਨਵਾਂ ਇਤਿਹਾਸ ਲਿਖਣ ਜਾ ਰਹੀ ਹੈ।

ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਜਸੀਆ ਸੂਬੇ ਦੀ ਪਹਿਲੀ ਅਜਿਹੀ ਕੁੜੀ ਹੋਵੇਗੀ ਜੋ ਭਾਰਤ 'ਚ ਵੁਮੈਨ ਆਈਪੀਐਲ ਟਵੈਂਟੀ-20 ਵਿੱਚ ਆਪਣੇ ਬੱਲੇ ਦਾ ਜੌਹਰ ਦਿਖਾਏਗੀ।

24 ਅਪ੍ਰੈਲ ਜਸੀਆ ਨੂੰ ਬੀਸੀਸੀਆਈ ਅਧਿਕਾਰੀ ਵੱਲੋਂ ਫੋਨ ਆਇਆ ਤਾਂ ਆਪਣੇ ਪਿਤਾ ਗੁਲਾਮ ਮੁਹੰਮਦ ਵਾਨੀ ਨੂੰ ਦੱਸਣ ਤੋਂ ਪਹਿਲਾਂ ਜਸੀਆ ਨੂੰ ਆਪਣੇ ਚੁਣੇ ਜਾਣ ਬਾਰੇ ਵਿਸ਼ਵਾਸ਼ ਹੀ ਨਹੀਂ ਹੋ ਰਿਹਾ ਸੀ।

ਜਸੀਆ ਨੇ ਉਤਸੁਕਤਾ ਨਾਲ ਦੱਸਿਆ, "ਸੱਚੀ ਦੱਸਾਂ ਤਾਂ ਮੈਨੂੰ ਲੱਗਾ ਕਿਸੇ ਨੇ ਮਜ਼ਾਕ ਕੀਤਾ ਹੈ ਪਰ ਕਿਸਮਤ ਵਜੋਂ ਮੇਰਾ ਇੰਟਰਨੈਟ ਉਦੋਂ ਚੱਲ ਰਿਹਾ ਸੀ ਅਤੇ ਮੈਂ ਆਪਣੇ ਨਾਮ ਦੀ ਉਸ ਵਿੱਚ ਖੋਜ ਕੀਤੀ।"

ਸਾਲ 2013 ਵਿੱਚ ਜਦੋਂ ਜਸੀਆ 23 ਸਾਲਾਂ ਦੀ ਸੀ ਤਾਂ ਉਸ ਨੇ ਦੌਹਰਾ ਸੈਂਕੜਾਂ ਲਗਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।

ਹੁਣ ਉਹ ਜੈਪੁਰ ਵਿੱਚ ਹੋਣ ਵਾਲੇ ਮਹਿਲਾ ਟਵੈਂਟੀ-20 ਚੈਲੇਂਜ 'ਚ ਹਿੱਸਾ ਲੈਣ ਵਾਲੀ ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ।

ਇਹ ਵੀ ਪੜ੍ਹੋ-

ਟੀ-20 ਦਾ ਹਿੱਸਾ ਬਣਨਾ ਉਸ ਲਈ ਇੱਕ ਵੱਡੀ ਉਪਲਬਧੀ ਹੈ।

ਜਸੀਆ ਕਹਿੰਦੀ ਹੈ, "ਮੈਂ ਜਾਣਦੀ ਹਾਂ ਜੰਮੂ-ਕਸ਼ਮੀਰ ਤੋਂ ਮੈਂ ਪਹਿਲੀ ਹਾਂ ਪਰ ਉੱਥੇ ਕਈ ਹੋਰ ਹਨ ਜਿਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਿਆ ਜਾ ਸਕਦਾ ਹੈ।"

ਜਸੀਆ ਜੰਮੂ-ਕਸ਼ਮੀਰ ਦੇ ਦੱਖਣੀ ਹਿੱਸੇ 'ਚ ਸਥਿਤ ਜ਼ਿਲ੍ਹਾ ਸ਼ੌਪੀਆ 'ਚ ਪੈਂਦੇ ਬਰਾਰੀਪੋਰਾ 'ਚ ਰਹਿੰਦੀ ਹੈ।

ਜਸੀਆ ਦੇ ਪਿਤਾ ਵਾਨੀ ਨੂੰ ਆਪਣੇ ਧੀ 'ਤੇ ਮਾਣ ਹੈ। ਉਹ ਕਹਿੰਦੇ ਹਨ, "ਮੈਨੂੰ ਮਾਣ ਹੈ ਇਸ 'ਤੇ, ਇਸ ਨੇ ਜਿਸ ਤਰ੍ਹਾਂ ਆਪਣੀ ਲਗਨ ਦਿਖਾਈ ਹੈ ਉਸ ਨਾਲ ਇਸ ਦੇ 4 ਭੈਣ-ਭਰਾ ਵੀ ਸਖ਼ਤ ਮਿਹਨਤ ਲਈ ਪ੍ਰੇਰਿਤ ਹੋਏ ਹਨ।"

ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਜਸੀਆ ਨੇ ਆਪਣੀ ਜ਼ਿੰਦਗੀ ਦੇ ਮੁਢਲੇ ਸਿਧਾਂਤਾਂ 'ਤੇ ਧਿਆਨ ਕੇਂਦਰਿਤ ਰੱਖਿਆ, ਕਦੇ ਵੀ ਕਿਸੇ ਵਿਰੋਧ ਸਾਹਮਣੇ ਨਹੀਂ ਝੁਕੀ।

ਆਪਣੀ ਮਿਹਨਤ ਸਦਕਾ ਜਸੀਆ ਦੱਖਣੀ ਕਸ਼ਮੀਰ ਕ੍ਰਿਕਟ ਜਗਤ 'ਚ ਔਰਤਾਂ ਵਿਚਾਲੇ ਇੱਕ ਪੋਸਟਰ ਗਰਲ ਵਾਂਗ ਉਭਰੀ ਹੈ।

ਸਿੱਖਣ ਲਈ ਯੂ-ਟਿਊਬ ਦੀ ਮਦਦ ਲਈ

ਜਸੀਆ ਦੇ ਪਿਤਾ ਗੁਲਾਮ ਮੁਹੰਮਦ ਵਾਨੀ ਪੇਸ਼ੇ ਤੋਂ ਕਿਸਾਨ ਹਨ। ਆਰਥਿਕ ਸਮੱਸਿਆ ਨਾਲ ਨਜਿੱਠ ਰਹੇ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਜਸੀਆ ਨੂੰ ਸ਼ੁਰੂਆਤ ਵਿੱਚ ਕੋਈ ਰਸਤਾ ਨਾ ਦਿਖਿਆ ਪਰ ਉਸ ਦੀ ਸਖ਼ਤ ਮਿਹਨਤ ਤੇ ਕਿਸਮਤ ਨੇ ਉਸ ਦੀ ਮਦਦ ਕੀਤੀ।

ਉਹ ਘਰੇਲੂ ਕੰਮਾਂ ਵਿੱਚ ਹੱਥ ਵਟਾਉਂਦੀ ਹੈ ਪਰ ਨਾਲ ਹੀ ਆਪਣਾ ਬੱਲੇਬਾਜੀ ਦਾ ਅਭਿਆਸ ਵੀ ਜਾਰੀ ਰੱਖਦੀ ਹੈ।

ਘਰ ਵਿੱਚ ਪਈਆਂ ਉਸ ਦੀਆਂ ਕਈ ਟਰੌਫੀਆਂ ਉਸ ਦੀ ਖੇਡ ਬਾਰੇ ਲਗਨ ਨੂੰ ਬਾਖ਼ੂਬੀ ਬਿਆਨ ਕਰਦੀਆਂ ਹਨ।

ਸਾਲਾਂ ਤੱਕ ਜਸੀਆ ਨੇ ਮਰਦ ਪ੍ਰਧਾਨ ਇਸ ਖੇਡ ਵਿੱਚ ਸੰਘਰਸ਼ ਕੀਤਾ ਪਰ ਸਮੇ ਨਾਲ ਉਸ ਨੇ ਇਸ ਖੇਡ 'ਚ ਸ਼੍ਰੇਸ਼ਟਾ ਹਾਸਿਲ ਕਰਨ ਦੀਆਂ ਬਰੀਕੀਆਂ ਵੀ ਸਿੱਖੀਆਂ।

ਸਾਲ 2010 'ਚ ਜਦੋਂ ਕਸ਼ਮੀਰ ਵਿੱਚ ਹਿੰਸਾ ਦਾ ਦੌਰ ਸੀ ਤਾਂ ਜਸੀਆ ਨੂੰ ਪਤਾ ਵੀ ਨਹੀਂ ਸੀ ਕਿ 9 ਸਾਲਾਂ ਬਾਅਦ ਉਸ ਦੀ ਕਿਸਮਤ ਕੀ ਲੈ ਕੇ ਆਵੇਗੀ।

ਸਿਖਲਾਈ ਲਈ ਪੰਜਾਬ ਜਾਣ ਤੋਂ ਪਹਿਲਾਂ ਉਹ ਯੂ-ਟਿਊਬ ਦੀ ਮਦਦ ਨਾਲ ਲਗਾਤਾਰ ਖੇਡ ਦੇ ਗੁਰ ਸਿਖਦੀ ਰਹਿੰਦੀ ਸੀ।

ਇਹ ਵੀ ਪੜ੍ਹੋ-

ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (JKCA) ਕੋਲੋਂ 'ਨੋ ਓਬਜੈਕਸ਼ਨ ਸਰਟੀਫਿਕੇਟ' (NoC) ਲੈ ਕੇ ਜਸੀਆ ਨੇ ਪੰਜਾਬ ਦੀ ਟੀਮ ਵਿੱਚ ਆਪਣਾ ਮੁਕਾਮ ਹਾਸਿਲ ਕੀਤਾ ਹੈ।

ਜਸੀਆ ਨੇ ਦੱਸਿਆ, "ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਗੱਲ ਜਿਸ ਨੇ ਮੈਨੂੰ ਪੰਜਾਬ ਜਾਣ ਲਈ ਪ੍ਰੇਰਿਤ ਕੀਤਾ ਉਹ ਸੀ ਸੂਬੇ 'ਚ ਸਹੂਲਤਾਂ ਦੀ ਘਾਟ, ਦੂਜਾ ਮੈਨੂੰ ਸ਼ੌਪੀਆਂ ਤੋਂ ਸ੍ਰੀਨਗਰ ਜਾਣਾ ਪੈਂਦਾ ਸੀ।"

"ਇਸ ਤੋਂ ਇਲਾਵਾ ਮੈਂ ਪੰਜਾਬ ਵਿੱਚ ਇੱਕ ਸੀਜ਼ਨ ਦੌਰਾਨ 4 ਕੈਂਪਾਂ ਦੀ ਪ੍ਰਬੰਧ ਬਾਰੇ ਸੁਣਿਆ ਤੇ ਇਸ ਨੇ ਮੈਨੂੰ ਹੋਰ ਪ੍ਰੇਰਿਤ ਕੀਤਾ।"

ਟੀ-20 ਵੁਮੈਨ ਲੀਗ

ਇਸ ਟੀ-20 ਲੀਗ ਵਿੱਚ ਦੁਨੀਆਂ ਭਰ ਦੀਆਂ ਮਹਿਲਾਂ ਕ੍ਰਿਕਟ ਖਿਡਾਰਨਾਂ ਹਿੱਸਾ ਲੈ ਰਹੀਆਂ ਹਨ ਜੋ 6 ਮਈ ਤੋਂ 11 ਮਈ ਤੱਕ ਜੈਪੁਰ ਵਿੱਚ ਹੋ ਰਹੀ ਹੈ।

ਇਸ ਵਿੱਚ ਭਾਰਤ ਦੀਆਂ ਪ੍ਰਸਿੱਧ ਕ੍ਰਿਕਟ ਖਿਡਾਰਨਾਂ ਜਿਵੇਂ ਹਰਮਨਪ੍ਰੀਤ ਅਤੇ ਮਿਥਾਲੀ ਰਾਜ ਵੀ ਸ਼ਾਮਿਲ ਹਨ।

ਜਸੀਆ ਸੱਜੇ ਹੱਥ ਨਾਲ ਬੱਲੇਬਾਜੀ ਕਰਦੀ ਹੈ ਅਤੇ ਇਹ ਟੀ-20 ਮੁਕਾਬਲੇ 'ਚ ਖੇਡਣ ਵਾਲੀ ਟ੍ਰੇਲਬਲੇਜ਼ਰ ਟੀਮ ਵਿੱਚ ਸ਼ਾਮਿਲ ਹੈ।

ਇਸ ਵਿੱਚ ਟ੍ਰੇਲਬਲੇਜ਼ਰ ਟੀਮ ਦੀ ਅਗਵਾਈ ਸਮ੍ਰਿਤੀ ਮੰਧਾਨਾ ਕਰ ਰਹੀ ਹੈ ਅਤੇ ਉੱਥੇ ਹੀ ਵੈਲੋਸਿਟੀ ਦੀ ਅਗਵਾਈ ਮਿਥਾਲੀ ਰਾਜ ਅਤੇ ਸੁਪਰਨੋਵਾਸ ਦੀ ਲੀਡਰ ਹਰਮਨਪ੍ਰੀਤ ਕੌਰ ਹੈ।

ਜਸੀਆ ਕਹਿੰਦੀ ਹੈ, "ਮੈਂ ਅਜੇ ਇਹ ਜਾਣਨ ਲਈ ਉਤਸੁਕ ਹਾਂ ਕਿ ਮੇਰੇ 'ਚ ਕਿੱਥੇ ਘਾਟ ਹੈ। ਵਿੰਡੀਜ਼ ਸਟਾਰਟ ਸਟੇਫਨੀ ਸਣੇ ਇਹ ਇੱਕ ਕੌਮਾਂਤਰੀ ਸ਼ੁਰੂਆਤ ਲਈ ਬੇਹੱਦ ਵਧੀਆ ਪਲ ਹੈ।

ਉਹ ਹਰਮਨਪ੍ਰੀਤ ਕੌਰ ਨੂੰ ਆਪਣਾ ਪ੍ਰੇਰਣਾ ਸਰੋਤ ਮਨੰਦੀ ਹੈ, ਜਿਨ੍ਹਾਂ ਦੇ ਅਧੀਨ ਉਹ ਪੰਜਾਬ ਵਿੱਚ ਖੇਡੀ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)