ਲੋਕ ਸਭਾ ਚੋਣਾਂ 2019: ਮੋਦੀ ਤੇ ਰਾਹੁਲ ਦੀਆਂ ਰੈਲੀਆਂ 'ਚ ਪਹੁੰਚੀਆਂ ਔਰਤਾਂ ਕੀ ਕਹਿੰਦੀਆਂ

    • ਲੇਖਕ, ਪ੍ਰਭੂ ਦਿਆਲ
    • ਰੋਲ, ਬੀਬੀਸੀ ਪੰਜਾਬੀ ਲਈ

ਵੀਰਵਾਰ ਨੂੰ ਸਿਰਸਾ ਵਿੱਚ ਇੱਕੋ ਦਿਨ ਦੋ ਵੱਡੀਆਂ ਚੋਣ ਰੈਲੀਆਂ ਹੋਈਆਂ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਸਿਰਸਾ ਦੇ ਦੁਸ਼ਹਿਰਾ ਗਰਾਊਂਡ ਵਿੱਚ ਰੈਲੀ ਕੀਤੀ ਤੇ ਭਾਜਪਾ ਦੀ ਸਿਰਸਾ ਤੋਂ ਉਮੀਦਵਾਰ ਸੁਨੀਤਾ ਦੁੱਗਲ ਦੇ ਪੱਖ ਵਿੱਚ ਸੰਨੀ ਦਿਓਲ ਨੇ ਰੋਡ ਸ਼ੋਅ ਕੀਤਾ।

ਦੋਵਾਂ ਪਾਰਟੀਆਂ ਨੇ ਆਪੋ-ਆਪਣੀ ਜਿੱਤ ਦੇ ਵੀ ਦਾਅਵੇ ਕੀਤੇ। ਇਕੋ ਦਿਨ ਹੋਈਆਂ ਦੋ ਵੱਡੀਆਂ ਰੈਲੀਆਂ ਕਾਰਨ ਸਿਰਸਾ ਵਿੱਚ ਗਹਿਮਾ-ਗਹਿਮੀ ਵਾਲਾ ਮਾਹੌਲ ਸੀ।

ਸਨੀ ਦਿਓਲ ਨੂੰ ਵੇਖਣ ਲਈ ਉਮੜੀ ਭੀੜ

ਸੰਨੀ ਦਿਓਲ ਨੇ ਭਾਜਪਾ ਦੇ ਉਮੀਦਵਾਰ ਸੁਨੀਤਾ ਦੁੱਗਲ ਦੀ ਹਮਾਇਤ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਵੀ ਮੌਜੂਦ ਸਨ।

ਭਾਦਰਾ ਪਾਰਕ ਤੋਂ ਸ਼ੁਰੂ ਹੋ ਕੇ ਰੋਡ ਸ਼ੋਅ ਘੰਟਾਘਰ ਚੌਕ, ਸੁਰਤਗੜ੍ਹੀਆ ਚੌਂਕ ਤੋਂ ਸੁਭਾਸ਼ ਚੌਂਕ ਪਹੁੰਚ ਕੇ ਵੋਟਾਂ ਦੀ ਅਪੀਲ ਨਾਲ ਖਤਮ ਹੋ ਗਿਆ। ਰੋਡ ਸ਼ੋਅ ਦੌਰਾਨ ਭਾਰੀ ਭੀੜ ਦੇਖਣ ਨੂੰ ਮਿਲੀ ਜਿਸ ਵਿੱਚ ਨੌਜਵਾਨਾਂ ਦੀ ਵੀ ਚੋਖੀ ਗਿਣਤੀ ਸੀ।

ਇਹ ਵੀ ਪੜ੍ਹੋ:

'ਮੋਦੀ ਸਰਕਾਰ ਨੇ ਗਰੀਬਾਂ ਦੀ ਫੱਟੀ ਪੋਚੀ'

ਰਾਹੁਲ ਗਾਂਧੀ ਸਿਰਸਾ ਵਿੱਚ ਤੀਜੀ ਵਾਰ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਲੋਕਾਂ ਵਿੱਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵੀ ਤਿੱਖੇ ਹਮਲੇ ਕੀਤੇ।

ਰਾਹਲ ਗਾਂਧੀ ਨੇ ਕਾਂਗਰਸ ਦੇ ਸੂਬਾਈ ਪ੍ਰਧਾਨ ਅਤੇ ਸਿਰਸਾ ਲੋਕ ਸਭਾ ਹਲਕਾ (ਰਾਖਵੇਂ) ਤੋਂ ਕਾਂਗਰਸ ਦੇ ਉਮੀਦਵਾਰ ਅਸ਼ੋਕ ਤੰਵਰ ਦੇ ਲਈ ਲੋਕਾਂ ਨੂੰ ਵੋਟਾਂ ਦੀ ਅਪੀਲ ਕਰ ਰਹੇ ਸਨ।

ਰਾਹੁਲ ਗਾਂਧੀ ਨੇ ਕਿਸਾਨੀ ਮੁੱਦਿਆਂ ਤੋਂ ਇਲਾਵਾ ਨੌਜਵਾਨਾਂ ਵਿੱਚ ਵੱਧ ਰਹੇ ਨਸ਼ਿਆਂ ਦਾ ਮੁੱਦਾ ਵੀ ਚੁੱਕਿਆ।

ਰੈਲੀ ਵਿੱਚ ਸੰਤ ਨਗਰ ਤੋਂ ਆਏ ਕਿਸਾਨ ਧਿਆਨ ਸਿੰਘ ਮੁਕਤਾ ਤੇ ਬਲਕਾਰ ਸਿੰਘ ਨੇ ਕਿਹਾ, ''ਮੋਦੀ ਸਰਕਾਰ ਦੇ ਸਮੇਂ ਕਿਸਾਨਾਂ ਦੇ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਅਸੀਂ ਹੁਣ ਕਾਂਗਰਸ ਦੀ ਹਮਾਇਤ ਕਰ ਰਹੇ ਹਾਂ। ਭਾਜਪਾ ਸਰਕਾਰ ਦੌਰਾਨ ਜਿਣਸਾਂ ਸਮਰਥਨ ਮੁੱਲ ਤੋਂ ਵੀ ਘੱਟ ਰੇਟ 'ਤੇ ਵਿਕੀਆਂ ਹਨ।''

ਪਿੰਡ ਜਲਾਲਆਣਾ ਤੋਂ ਆਏ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਇਲਾਕੇ ਦਾ ਸਭ ਤੋਂ ਵੱਡਾ ਮੁੱਦਾ ਪੀਣ ਵਾਲਾ ਪਾਣੀ ਤੇ ਸਿੰਚਾਈ ਵਾਲਾ ਪਾਣੀ ਹੈ। ਸਿਰਸਾ ਜ਼ਿਲ੍ਹਾ ਨੂੰ ਭਾਖੜਾ ਦਾ ਨਹਿਰੀ ਪਾਣੀ ਬਹੁਤ ਘੱਟ ਮਿਲ ਰਿਹਾ ਹੈ। ਸਿੰਚਾਈ ਤੇ ਪੀਣ ਵਾਲੇ ਪਾਣੀ ਲਈ ਲੋਕ ਟਿਊਬਵੈੱਲਾਂ 'ਤੇ ਨਿਰਭਰ ਹਨ।

ਰਾਹੁਲ ਗਾਂਧੀ ਦੀ ਰੈਲੀ ਵਿੱਚ ਪਿੰਡ ਜਮਾਲਪੁਰ ਫਤਿਹਾਬਾਦ ਤੋਂ ਪਹੁੰਚੀਆਂ ਔਰਤਾਂ ਦਾ ਕਹਿਣਾ ਸੀ, ''ਮੋਦੀ ਸਰਕਾਰ ਨੇ ਤਾਂ ਗਰੀਬਾਂ ਦੀ ਫੱਟੀ ਹੀ ਪੋਚ ਦਿੱਤੀ ਹੈ। ਮੋਦੀ ਤੋਂ ਨਾ ਤਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ ਨਾ ਸਾਨੂੰ ਨਰੇਗਾ ਦੀ ਮਜ਼ਦੂਰੀ ਮਿਲਦੀ ਹੈ ਨਾ ਗਰੀਬਾਂ ਨੂੰ ਘਰ ਬਣਾਉਣ ਲਈ ਪਲਾਟ ਦਿੱਤੇ। ਸਾਨੂੰ ਤਾਂ ਪਾਣੀ ਵੀ ਮੁੱਲ ਲੈ ਕੇ ਪੀਣਾ ਪੈਂਦਾ ਹੈ।''

ਸੇਵਾ ਮੁਕਤ ਕਰਮਚਾਰੀ ਰਾਮ ਕੁਮਾਰ ਨੇ ਕਿਹਾ ਕਿ ਕਰਮਚਾਰੀਆਂ ਦੇ ਲਈ ਸਰਕਾਰ ਨੇ ਕੁਝ ਨਹੀਂ ਕੀਤਾ ਹੈ ਜਿਸ ਕਾਰਨ ਲੋਕ ਭਾਜਪਾ ਸਰਕਾਰ ਤੋਂ ਪਰੇਸ਼ਾਨ ਹਨ।

ਰੈਲੀ ਵਿੱਚ ਪਹੁੰਚੇ ਲੀਲਾਧਰ ਸੈਣੀ ਨੇ ਕਿਹਾ, ''ਭਾਜਪਾ ਸਰਕਾਰ ਦੌਰਾਨ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਹੈ। ਇਨ੍ਹਾਂ ਚੋਣਾਂ ਵਿੱਚ ਰੁਜ਼ਗਾਰ ਕਾਫੀ ਵੱਡਾ ਮੁੱਦਾ ਹੈ ਜਦੋਂ ਕਿ ਇਸ ਮੁੱਦੇ 'ਤੇ ਸੱਤਾਧਾਰੀ ਪਾਰਟੀ ਵੱਲੋਂ ਗੱਲ ਨਹੀਂ ਕੀਤੀ ਜਾ ਰਹੀ।''

ਇਹ ਵੀ ਪੜ੍ਹੋ:

ਰੈਲੀ ਵਿੱਚ ਆਈਆਂ ਡੇਰੇ ਦੀਆਂ ਕਈ ਸ਼ਰਧਾਲੂ ਔਰਤਾਂ ਨੇ ਦੱਸਿਆ ਕਿ ਉਹ ਐਤਕੀਂ ਕਾਂਗਰਸ ਨੂੰ ਵੋਟ ਪਾਉਣਗੀਆਂ ਕਿਉਂਕਿ ਭਾਜਪਾ ਸਰਕਾਰ ਨੇ ਗਰੀਬਾਂ ਲਈ ਕੁਝ ਨਹੀਂ ਕੀਤਾ।

ਜਦੋਂ ਉਨ੍ਹਾਂ ਨੂੰ ਪੁਛਿਆ ਕਿ ਕਾਂਗਰਸ ਨੂੰ ਵੋਟ ਪਾਉਣ ਲਈ ਉਨ੍ਹਾਂ ਨੂੰ ਉਪਰੋਂ ਕੋਈ ਆਦੇਸ਼ ਹੋਇਆ ਹੈ ਤਾਂ ਉਨ੍ਹਾਂ ਨੇ ਹਾਂ ਵਿੱਚ ਹੁੰਗਾਰਾ ਭਰਿਆ ਪਰ ਹੋਰ ਕਈ ਸਵਾਲਾਂ ਦਾ ਜਵਾਬ ਉਹ ਟਾਲ ਗਈਆਂ।

ਰੈਲੀ ਵਿੱਚ ਆਏ ਨੌਜਵਾਨਾਂ ਨੇ ਰੁਜ਼ਗਾਰ ਨੂੰ ਮੁੱਖ ਮੁੱਦਾ ਦੱਸਿਆ। ਨੌਜਵਾਨਾਂ ਨੇ ਆਸ ਪ੍ਰਗਟ ਕੀਤੀ ਕਿ ਜੇ ਕਾਂਗਰਸ ਦੀ ਸਰਕਾਰ ਆਉਣ ਨਾਲ ਉਨ੍ਹਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ, ਇਸ ਲਈ ਉਹ ਕਾਂਗਰਸ ਦੀ ਹਮਾਇਤ ਕਰ ਰਹੇ ਹਨ।

ਰਾਸ਼ਟਰਵਾਦ ਦੇ ਮੁੱਦੇ 'ਤੇ ਨੌਜਵਾਨਾਂ ਨੇ ਕਿਹਾ, ''ਇਹ ਮੁੱਦਾ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਹੀ ਚੁੱਕਿਆ ਜਾ ਰਿਹਾ ਹੈ।''

ਮੋਦੀ ਦੀ ਰੈਲੀ ਵਿੱਚ ਆਏ ਲੋਕਾਂ ਨੇ ਕੀ ਕਿਹਾ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਹਰਿਆਣਾ ਦੇ ਫਤਿਹਾਬਾਦ ਸ਼ਹਿਰ ਵਿੱਚ ਪਹਿਲੀ ਚੋਣ ਰੈਲੀ ਕੀਤੀ।

ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਜਿਥੇ ਦੇਸ਼ ਭਗਤੀ ਦੇ ਮੁੱਦੇ ਨੂੰ ਜੋਰਸ਼ੋਰ ਨਾਲ ਉਭਾਰਿਆ ਉਥੇ ਹੀ ਕਾਂਗਰਸੀਆਂ ਉੱਤੇ ਗੰਭੀਰ ਦੋਸ਼ ਵੀ ਲਾਏ।

ਉਨ੍ਹਾਂ ਨੇ ਕਿਹਾ, ''ਕਾਂਗਰਸੀਆਂ ਨੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਭ੍ਰਿਸ਼ਟਾਚਾਰ ਦੀ ਖੇਤੀ ਕੀਤੀ ਹੈ। ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।''

ਪ੍ਰਧਾਨ ਮੰਤਰੀ ਨੇ ਦੇਸ਼ ਭਗਤੀ ਤੇ ਏਅਰ ਸਟਰਾਇਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰਿਆਣਾ ਦੀਆਂ ਮਾਂਵਾਂ ਵੀਰ ਪੁੱਤਰਾਂ ਨੂੰ ਜਨਮ ਦਿੰਦੀਆਂ ਹਨ ਜਿਹੜਾ ਹੱਦਾਂ 'ਤੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹਨ।

ਇਹ ਵੀ ਪੜ੍ਹੋ

ਰੈਲੀ ਵਿੱਚ ਫਤਿਹਾਬਾਦ ਦੇ ਹੰਜਰਾਵਾਂ ਪਿੰਡ ਤੋਂ ਆਈ ਸ਼ਿਮਲਾ ਤੇ ਉਸ ਨਾਲ ਅੱਧੀ ਦਰਜਨ ਮਹਿਲਾਵਾਂ ਦਾ ਕਹਿਣਾ ਸੀ, ''ਭਾਜਪਾ ਸਰਕਾਰ ਦੌਰਾਨ ਮਹਿਲਾਵਾਂ ਦੀ ਸੁਰੱਖਿਆ ਵਧੀ ਹੈ ਅਤੇ ਉਨ੍ਹਾਂ ਦਾ ਕਾਰੋਬਾਰ ਵੀ ਠੀਕ ਹੋਇਆ ਹੈ। ਅਸੀਂ ਬੈਂਕ ਤੋਂ ਕਰਜਾ ਲੈ ਕੇ ਉਨ੍ਹਾਂ ਨੇ ਆਪਣਾ ਕਾਰੋਬਾਰ ਸਥਾਪਿਤ ਕੀਤਾ ਹੈ।''

ਗਰੁੱਪ ਡੀ ਦੀ ਨੌਕਰੀ ਮਿਲਣ ਤੋਂ ਨੌਜਵਾਨ ਖੁਸ਼

ਰੈਲੀ ਵਿੱਚ ਆਏ ਨੌਜਵਾਨਾਂ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਨੌਕਰੀਆਂ ਵਿੱਚ ਪਾਰਦਰਸ਼ਤਾ ਵਰਤੀ ਗਈ ਹੈ।

ਉਨ੍ਹਾਂ ਕਿਹਾ, ''ਪਹਿਲਾਂ ਨੌਕਰੀਆਂ ਵਿੱਚ ਸਿਫਾਰਸ਼ ਤੇ ਭਾਈ ਭਤੀਜਾਵਾਦ ਚਲਦਾ ਸੀ ਜੋ ਹੁਣ ਖ਼ਤਮ ਹੋ ਗਿਆ ਹੈ। ਇਸ ਸਰਕਾਰ ਤੋਂ ਲੋਕਾਂ ਨੂੰ ਬਹੁਤ ਜਿਆਦਾ ਉਮੀਦ ਹੈ ਤੇ ਅਗੇ ਵੀ ਇਹੀ ਸਰਕਾਰ ਬਣੇਗੀ।''

ਉਂਝ ਨੌਜਵਾਨਾਂ ਨੇ ਮੰਨਿਆ ਕਿ ਬੇਰੁਜ਼ਗਾਰੀ ਇਕ ਬਹੁਤ ਵੱਡਾ ਮੁੱਦਾ ਹੈ।

ਰੈਲੀ ਬਾਅਦ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਦੇਖਣ ਉਮੜੀ ਭੀੜ

ਰੈਲੀ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਨੂੰ ਦੇਖਣ ਲਈ ਭੀੜ ਉਮੜ ਪਈ। ਗਰਮੀ ਵਿੱਚ ਕਾਫੀ ਦੇਰ ਤੱਕ ਲੋਕ ਹੈਲੀਕਾਪਟਰ ਨੂੰ ਦੇਖਣ ਲਈ ਖੜ੍ਹੇ ਰਹੇ।

ਹੈਲੀਕਾਪਟਰ 'ਤੇ ਉੱਡਣ ਮਗਰੋਂ ਉੱਡੀ ਧੂੜ ਤੋਂ ਲੋਕਾਂ ਮੂੰਹ ਢਕ ਕੇ ਪਾਸੇ ਭੱਜੇ।

ਕਈ ਔਰਤਾਂ ਨੇ ਦੱਸਿਆ, ''ਪਹਿਲਾਂ ਕਦੇ ਉਨ੍ਹਾਂ ਨੇ ਇੰਨੇ ਨੇੜੇ ਤੋਂ ਕੋਈ ਹੈਲੀਕਾਪਟਰ ਨਹੀਂ ਵੇਖਿਆ ਸੀ। ਹੁਣ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਵੇਖ ਕੇ ਸਾਨੂੰ ਬਹੁਤ ਚੰਗਾ ਲੱਗਿਆ ਹੈ।''

ਭੁੱਟੂ ਤੋਂ ਪੰਜਾਹ ਔਰਤਾਂ ਦਾ ਜਥਾ ਲੈ ਕੇ ਆਈ ਸੰਤੋਸ਼ ਰਾਣੀ ਦਾ ਕਹਿਣਾ ਸੀ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਨਾਂ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਸਾਡੇ ਲਈ ਨੌਕਰੀਆਂ ਦਾ ਮੁੱਦਾ ਮੁੱਖ ਹੈ। ਬੱਚੇ ਪੜ੍ਹੇ ਲਿਖੇ ਹਨ ਤੇ ਉਨ੍ਹਾਂ ਨੂੰ ਨੌਕਰੀਆਂ ਜ਼ਰੂਰ ਮਿਲਣ।''

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)