ਰਾਜੀਵ ਗਾਂਧੀ ਨੇ INS ਵਿਰਾਟ ’ਤੇ ਛੁੱਟੀਆਂ ਨਹੀਂ ਮਨਾਈਆਂ- ਸਾਬਕਾ ਕਮਾਂਡਿੰਗ ਅਫ਼ਸਰ

ਏਅਰਕਰਾਫਟ ਕੈਰੀਅਰ ਆਈਐੱਨਐੱਸ ਵਿਰਾਟ ਦੇ ਸਾਬਕਾ ਕਮਾਂਡਿੰਗ ਅਫ਼ਸਰ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਸ ਜੰਗੀ ਜਹਾਜ਼ ਦਾ ਦੀ ਵਰਤੋਂ ਨਿੱਜੀ ਟੈਕਸੀ ਵਜੋਂ ਕੀਤਾ ਸੀ।

ਰਿਟਾਇਰਡ ਵਾਈਸ ਐਡਮਿਰਲ ਵਿਨੋਦ ਪਸਰੀਚਾ ਦਸੰਬਰ 1987 ਵਿੱਚ ਵਿਰਾਟ ਦੇ ਕਮਾਂਡਿੰਗ ਅਫਸਰ ਸਨ, ਜਦੋਂ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਸ ਦੀ ਸਵਾਰੀ ਕੀਤੀ ਸੀ।

ਵਾਈਸ ਐਡਮਿਰਲ ਪਸਰੀਚਾ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਰਾਜੀਵ ਗਾਂਧੀ ਨੇ ਆਪਣੇ ਦੋਸਤਾਂ ਅਤੇ ਆਪਣੀ ਸੱਸ ਲਈ ਇਸ ਦੀ ਨਿੱਜੀ ਵਰਤੋਂ ਕੀਤੀ ਸੀ।

ਵਿਨੋਦ ਪਸਰੀਚਾ ਦਾ ਕਹਿਣਾ ਹੈ, "ਰਾਜੀਵ ਗਾਂਧੀ ਉਦੋਂ ਸਰਕਾਰੀ ਕੰਮ ਲਈ ਲਕਸ਼ਦੀਪ ਗਏ ਸਨ। ਆਈਲੈਂਡ ਡਿਵਲਪਮੈਂਟ ਅਥਾਰਿਟੀ ਦੀ ਇੱਕ ਬੈਠਕ ਸੀ ਅਤੇ ਰਾਜੀਵ ਗਾਂਧੀ ਇਸੇ ਵਿੱਚ ਸ਼ਾਮਿਲ ਹੋਣ ਪਹੁੰਚੇ ਸਨ।

ਰਾਜੀਵ ਗਾਂਧੀ ਕੋਈ ਫੈਮਲੀ ਟ੍ਰਿਪ 'ਤੇ ਨਹੀਂ ਆਏ ਸਨ।

ਰਾਜੀਵ ਗਾਂਧੀ ਦੇ ਨਾਲ ਉਨ੍ਹਾਂ ਦੀ ਪਤਨੀ ਸੋਨੀਆ ਗਾਂਧੀ, ਬੇਟੇ ਰਾਹੁਲ ਗਾਂਧੀ ਅਤੇ ਆਈਐੱਨਐੱਸ ਅਧਿਕਾਰੀ ਸਨ।" ਪਸਰੀਚਾ ਨੇ ਇਹ ਗੱਲਾਂ ਭਾਰਤੀ ਨਿਊਜ਼ ਚੈਨਲਾਂ ਨੂੰ ਦੱਸੀਆਂ ਹਨ।

‘ਫੌਜ ਦਾ ਸਿਆਸੀਕਰਨ ਮੰਦਭਾਗਾ’

ਪਸਰੀਚਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਜੰਗੀ ਬੇੜੇ ਵਿੱਚ ਰਾਜੀਵ ਗਾਂਧੀ ਦੇ ਨਾਲ ਅਮਿਤਾਭ ਬੱਚਨ ਅਤੇ ਸੋਨੀਆ ਗਾਂਧੀ ਦੇ ਮਾਤਾ-ਪਿਤਾ ਵੀ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਤੇ ਇਸ ਜੰਗੀ ਬੇੜੇ ਦੀ ਨਿੱਜੀ ਟੈਕਸੀ ਵਜੋਂ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਸੀ।

ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਦੌਰਾਨ ਇਹ ਵੀ ਦਾਅਵਾ ਕੀਤਾ ਸੀ ਕਿ ਇਸ ਵਿੱਚ ਰਾਜੀਵ ਗਾਂਧੀ ਦੇ ਨਾਲ ਉਨ੍ਹਾਂ ਦੀ ਸੱਸ ਅਤੇ ਅਮਿਤਾਭ ਬੱਚਨ ਵੀ ਸਨ।

ਪਸਰੀਚਾ ਨੇ ਕਿਹਾ ਕਿ ਰਾਜੀਵ ਗਾਂਧੀ ਤੋਂ ਇਲਾਵਾ ਸੋਨੀਆ, ਰਾਹੁਲ ਅਤੇ ਦੋ ਆਈਏਐੱਸ ਅਧਿਕਾਰੀ ਸਨ। ਉਨ੍ਹਾਂ ਨੇ ਫੌਜ ਦੇ ਸਿਆਸੀਕਰਨ ਨੂੰ ਮੰਦਭਾਗਾ ਦੱਸਿਆ।

ਪਸਰੀਚਾ ਨੇ ਕਿਹਾ, "ਅਸੀਂ ਲੋਕ ਤ੍ਰਿਵੰਦਰਮ ਚਲੇ ਗਏ ਸਾਂ। ਉਦੋਂ ਕਈ ਟਾਪੂਆਂ 'ਤੇ ਰਾਜੀਵ ਗਾਂਧੀ ਮੀਟਿੰਗਾਂ ਲਈ ਗਏ ਸਨ। ਰਾਜੀਵ ਗਾਂਧੀ ਨੇ ਤਿੰਨਾਂ ਟਾਪੂਆਂ ਦਾ ਦੌਰਾ ਹੈਲੀਕਾਪਟਰ ਰਾਹੀਂ ਕੀਤਾ ਸੀ।"

ਐਡਮਿਰਲ ਐੱਲ ਰਾਮਦਾਸ ਵੈਸਟਰਨ ਫਲੀਟ ਦੇ ਕਮਾਂਡਰ-ਇਨ-ਚੀਫ਼ ਸਨ ਅਤੇ ਉਸ ਸਮੇਂ ਰਾਜੀਵ ਗਾਂਧੀ ਦੇ ਨਾਲ ਸਨ।

‘ਅਸੀਂ ਹਰ ਮਹਿਮਾਨ ਦੀ ਆਓ-ਭਗਤ ਕਰਦੇ ਹਾਂ’

ਐਡਮਿਰਲ ਰਾਮਦਾਸ ਦਾ ਵੀ ਕਹਿਣਾ ਹੈ ਕਿ ਰਾਜੀਵ ਗਾਂਧੀ ਨੇ ਵਿਰਾਟ ਦੀ ਵਰਤੋਂ ਸਰਕਾਰੀ ਦੌਰੇ ਲਈ ਹੀ ਕੀਤੀ ਸੀ ਨਾ ਕਿ ਕਿਸੇ ਫੈਮਲੀ ਟ੍ਰਿਪ ਲਈ।

ਐਡਮਿਰਲ ਰਾਮਦਾਸ ਨੇ ਪੂਰੇ ਵਿਵਾਦ 'ਤੇ ਐੱਨਡੀਟੀਵੀ ਨੂੰ ਕਿਹਾ,"ਜਲ ਸੈਨਾ ਸੈਰ ਕਰਨ ਲਈ ਨਹੀਂ ਬਣੀ ਹੈ ਅਤੇ ਨਾ ਅਸੀਂ ਅਜਿਹਾ ਕਰਦੇ ਹਾਂ।”

"ਸਾਡੀ ਆਦਤ ਹੈ ਕਿ ਜੋ ਵੀ ਮਹਿਮਾਨ ਵਜੋਂ ਆਉਂਦਾ ਹੈ ਉਸ ਦੀ ਠੀਕ ਤਰੀਕੇ ਨਾਲ ਦੇਖਭਾਲ ਕਰਦੇ ਹਾਂ। ਸਾਡੇ ਪ੍ਰਧਾਨ ਮੰਤਰੀ ਲਕਸ਼ਦੀਪ ਵਿੱਚ ਆਈਲੈਂਡ ਡਿਵਲਪਮੈਂਟ ਅਥਾਰਿਟੀ ਦੀ ਮੀਟਿੰਗ ਲਈ ਆਏ ਸਨ।"

"ਸਾਡੀ ਵੈਸਟਰਨ ਫਲੀਟ ਉਸ ਇਲਾਕੇ ਵਿੱਚ ਤਾਂ ਪਹਿਲਾਂ ਤੋਂ ਹੀ ਮੌਜੂਦ ਸੀ। ਜਦੋਂ ਆਈਐੱਨਐੱਸ ਵਿਕਰਮਦਤਿਆ ਆਇਆ ਤਾਂ ਹੁਣ ਦੇ ਪ੍ਰਧਾਨ ਮੰਤਰੀ ਵੀ ਗਏ ਸਨ।”

ਇਨ੍ਹਾਂ ਦੇ ਨਾਲ ਕਈ ਲੋਕ ਸਨ। ਰਾਜੀਵ ਗਾਂਧੀ ਦਾ ਦੌਰਾ ਵੀ ਸਰਕਾਰੀ ਸੀ. ਅਸੀਂ ਲੋਕ ਲੱਡੂ-ਪੇੜੇ ਵੰਡਣ ਨਹੀਂ ਗਏ ਸਨ।

ਇਹ ਤਾਂ ਫੌਜ ਦੀ ਬਦਨਾਮੀ ਕਰ ਰਹੇ ਹਨ। ਇਹ ਜੰਗੀ ਬੇੜੇ ਨੂੰ ਟੈਕਸੀ ਵਾਂਗ ਇਸਤੇਮਾਲ ਕਰਨ ਦੇ ਇਲਜ਼ਾਮ ਲਾ ਰਹੇ ਹਨ। ਅਸੀਂ ਰਾਜੀਵ ਗਾਂਧੀ ਨੂੰ ਤ੍ਰਿਵੇਂਦਰਮ ਤੋਂ ਨਾਲ ਲਿਆਏ ਸੀ ਅਤੇ ਉਨ੍ਹਾਂ ਨੇ ਚਾਰ ਤੋਂ ਪੰਜ ਟਾਪੂਆਂ ਦਾ ਦੌਰਾ ਕੀਤਾ ਸੀ।"

ਨਰਿੰਦਰ ਮੋਦੀ ਨੇ 21 ਨਵੰਬਰ 2013 ਨੂੰ ਪ੍ਰਕਾਸ਼ਿਤ ਇੰਡੀਆ ਟੁਡੇ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਸੀ ਕਿ, ਕੀ ਕੋਈ ਕਦੇ ਵੀ ਕਲਪਨਾ ਕਰ ਸਕਦਾ ਹੈ ਕਿ ਭਾਰਤੀ ਫੌਜੀਆਂ ਦੇ ਮੁੱਖ ਜੰਗੀ ਬੇੜੇ ਨੂੰ ਨਿੱਡੀ ਛੁੱਟੀਆਂ ਲਈ ਟੈਕਸੀ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ?

ਏਅਰਕਰਾਫਟ ਕੈਰੀਅਰ ਆਈਐੱਨਐੱਸ ਵਿਰਾਟ ਨੂੰ ਭਾਰਤੀ ਸਮੁੰਦਰੀ ਫੌਜ ਵਿੱਚ 1987 ਸ਼ਾਮਲ ਕੀਤਾ ਗਿਆ ਸੀ। ਕਰੀਬ 30 ਸਾਲਾਂ ਤੱਕ ਸੇਵਾ ਵਿੱਚ ਰਹਿਣ ਤੋਂ ਬਾਅਦ 2016 ਵਿੱਚ ਇਸ ਨੂੰ ਸੇਵਾ ਤੋਂ ਵੱਖ ਕੀਤਾ ਗਿਆ ਸੀ।

ਮੋਦੀ ਦੇ ਇਸ ਇਲਜ਼ਾਮ ਦੀ ਕਾਂਗਰਸ ਨੇ ਵੀ ਆਲੋਚਨਾ ਕੀਤੀ ਹੈ।

ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲ ਨੇ ਕਿਹਾ, "ਤੁਸੀਂ ਇੰਡੀਅਨ ਏਅਰ ਫੋਰਸ ਦੇ ਜੈੱਟ ਨੂੰ ਆਪਣੀ ਟੈਕਸੀ ਬਣਾ ਲਿਆ ਹੈ। ਚੌਣਾਂ ਦੇ ਦੌਰੇ ਲਈ ਤੁਸੀਂ ਇੰਡੀਅਨ ਏਅਰ ਫੋਰਸ ਦੇ ਜੈੱਟ ਨੂੰ 744 ਰੁਪਏ ਦੇ ਕੇ ਇਸਤੇਮਾਲ ਕਰ ਰਹੇ ਹੋ। ਤੁਸੀਂ ਆਪਣੇ ਪਾਪ ਤੋਂ ਡਰੋਂ ਨਾ ਕਿ ਦੂਜਿਆਂ 'ਤੇ ਉਂਗਲ ਚੁੱਕੋ।"

ਮੋਦੀ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਹੈ ਉਸ ਦੇ ਅਨੁਸਾਰ ਇਹ ਟਾਪੂ ਲਕਸ਼ਦੀਪ ਦੇ 36 ਟਾਪੂਆਂ ਵਿੱਚੋਂ ਇੱਕ ਹੈ ਅਤੇ ਇਸ ਦਾ ਨਾਂ ਬੰਗਾਰਾਮ ਹੈ। ਇਹ ਟਾਪੂ ਪੂਰੇ ਤੌਰ ਤੇ ਵਿਰਾਨ ਹੈ ਅਤੇ ਤਕਰੀਬਨ ਅੱਧੇ ਕਿਲੋਮੀਟਰ ਇਲਾਕੇ ਵਿੱਚ ਫੈਲਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)