You’re viewing a text-only version of this website that uses less data. View the main version of the website including all images and videos.
ਧਰਤੀ ਦੇ ‘ਸਵਰਗ’ ਕਸ਼ਮੀਰ ਦੀਆਂ ਖੂਬਸੂਰਤ ਤਸਵੀਰਾਂ
ਕਸ਼ਮੀਰ ਦੀ ਡਲ ਝੀਲ ਕੋਲ ਖਿੜੇ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਵਿੱਚ ਅੱਜ-ਕੱਲ੍ਹ ਬਹਾਰ ਨੇ ਬਹਾਰਾਂ ਲਾਈਆਂ ਹੋਈਆਂ ਹਨ।
ਦੂਰੋਂ-ਨੇੜਿਓਂ ਸੈਲਾਨੀ ਵੀ ਇਨ੍ਹਾਂ ਫੁੱਲਾਂ ਦੀ ਬਹਾਰ ਮਾਨਣ ਪਹੁੰਚ ਰਹੇ ਹਨ। ਟਿਊਲਿਪ ਦੀਆਂ ਵੱਖ-ਵੱਖ ਕਿਸਮਾਂ ਦੇ 12 ਲੱਖ ਬਲੱਬ ਹਨ। ਟਿਊਲਿਪ ਦਾ ਫੁੱਲ ਤਿੰਨ ਤੋਂ ਚਾਰ ਹਫ਼ਤਿਆਂ ਦਾ ਪ੍ਰਾਹੁਣਾ ਹੁੰਦਾ ਹੈ।
ਇਹ ਗਾਰਡਨ 30 ਹੈਕਟੇਅਰ ਜ਼ਮੀਨ ’ਤੇ ਫੈਲਿਆ ਹੋਇਆ ਹੈ। ਇਸ ਦੇ ਇਲਾਵਾ ਸ਼੍ਰੀਨਗਰ ਦੀ ਬਦਾਮ ਵਾੜੀ ਵਿੱਚ ਰੁੱਖਾਂ ਨੂੰ ਸਫ਼ੇਦ ਫੁੱਲਾਂ ਨੇ ਸ਼ਿੰਗਾਰਿਆ ਹੋਇਆ ਹੈ।
ਕੋਹ-ਏ-ਮਰਾਨ ਦੇ ਪੈਰਾਂ ਵਿੱਚ ਲੱਗੀ ਇਸ ਬਦਾਮ ਵਾੜੀ ਹਾਲਾਂਕਿ ਸਾਰਾ ਸਾਲ ਹੀ ਸੈਲਾਨੀਆਂ ਲਈ ਖੁੱਲ੍ਹਾ ਰਹਿੰਦਾ ਹੈ ਪਰ ਜਦੋਂ ਬਦਾਮ ਦੇ ਰੁੱਖਾਂ 'ਤੇ ਬਹਾਰ ਆਉਂਦੀ ਹੈ ਤਾਂ ਸੈਲਾਨੀ ਵੀ।
ਕਸ਼ਮੀਰ ਦੀਆਂ ਇਨ੍ਹਾਂ ਬਹਾਰਾਂ ਦਾ ਨਜ਼ਾਰਾ ਭਾਈ ਵੀਰ ਸਿੰਘ ਦੀਆਂ ਕਸ਼ਮੀਰ ਬਾਰੇ ਲਿਖੀਆਂ ਕਵਿਤਾਵਾਂ ਦੇ ਨਾਲ ਮਾਣੋ-
ਵੈਰੀ ਨਾਗ! ਤੇਰਾ ਪਹਿਲਾ ਝਲਕਾ
ਜਦ ਅੱਖੀਆਂ ਵਿਚ ਵਜਦਾ,
ਕੁਦਰਤ ਦੇ ਕਾਦਰ ਦਾ ਜਲਵਾ
ਲੈ ਲੈਂਦਾ ਇਕ ਸਿਜਦਾ,
ਰੰਗ ਫੀਰੋਜ਼ੀ, ਝਲਕ ਬਲੌਰੀ,
ਡਲ੍ਹਕ ਮੋਤੀਆਂ ਵਾਲੀ
ਰੂਹ ਵਿਚ ਆ ਆ ਜਜ਼ਬ ਹੋਇ
ਜੀ ਵੇਖ ਵੇਖ ਨਹੀਂ ਰਜਦਾ ।
ਨਾ ਕੁਈ ਨਾਦ ਸਰੋਦ ਸੁਣੀਵੇ
ਫਿਰ 'ਸੰਗੀਤ-ਰਸ' ਛਾਇਆ;
ਚੁੱਪ ਚਾਨ ਪਰ ਰੂਪ ਤਿਰੇ ਵਿਚ
ਕਵਿਤਾ ਰੰਗ ਜਮਾਇਆ,
ਸਰਦ ਸਰਦ ਪਰ ਛੁਹਿਆਂ ਤੈਨੂੰ
ਰੂਹ ਸਰੂਰ ਵਿਚ ਆਵੇ,
ਗਹਿਰ ਗੰਭੀਰ ਅਡੋਲ ਸੁਹਾਵੇ !
ਤੈਂ ਕਿਹਾ ਜੋਗ ਕਮਾਇਆ ?
ਗੁਲ ਮਰਗ
ਹੋਰ ਉਚੇਰਾ, ਹੋਰ ਉਚੇਰਾ
ਚੜ੍ਹ ਫਿਰ ਪੱਧਰ ਆਈ,
ਮਖ਼ਮਲ ਘਾਹ ਸੁਹਾਵੀ ਕਿਣਮਿਣ
ਠੰਢ ਠੰਢ ਹੈ ਛਾਈ,
ਤਪਤਾਂ ਤੇ ਘਮਸਾਨਾਂ ਛੁਟੀਆਂ
ਉੱਚੇ ਹੋਇਆਂ ਠਰ ਗਏ
ਠਰਨ, ਜੁੜਨ, ਰਸ-ਮਗਨ ਹੋਣ ਦੀ
ਚਉਸਰ ਵਿਛੀ ਇਥਾਈਂ ।
ਵੁੱਲਰ
ਵੁੱਲਰ (ਝੀਲ) ਤੇਰਾ ਖੁਲ੍ਹਾ ਨਜ਼ਾਰਾ
ਵੇਖ ਵੇਖ ਦਿਲ ਠਰਿਆ
ਖੁੱਲ੍ਹਾ, ਵੱਡਾ, ਸੁਹਣਾ, ਸੁੱਚਾ,
ਤਾਜ਼ਾ, ਹਰਿਆ ਭਰਿਆ;
ਸੁੰਦਰਤਾ ਤਰ ਰਹੀ ਤੈਂ ਉਤੇ
ਖੁਲ੍ਹ ਉਡਾਰੀਆਂ ਲੈਂਦੀ
ਨਿਰਜਨ ਫਬਨ ਕੁਆਰੀ ਰੰਗਤ
ਰਸ ਅਨੰਤ ਦਾ ਵਰਿਆ ।
ਕਸ਼ਮੀਰ ਤੇ ਸੁੰਦਰਤਾ
ਜਿੱਕੁਰ ਰੁਲਦੇ ਸੇਬ ਤੇ ਨਸ਼ਪਾਤੀਆਂ
ਵਿੱਚ ਗਿਰਾਂ ਕਸ਼ਮੀਰ ਤੀਕਰ ਰੁਲ ਰਹੀ
ਸੁੰਦਰਤਾ ਵਿਚ ਖਾਕ ਲੀਰਾਂ ਪਾਟੀਆਂ,
ਜਿੱਕੁਰ ਫੁੱਲ ਗੁਲਾਬ ਟੁੱਟਾ ਢਹਿ ਪਵੇ
ਮਿੱਟੀ ਘੱਟੇ ਵਿਚ ਹੋਏ ਨਿਮਾਨੜਾ ।
ਕਸ਼ਮੀਰ ਤੋਂ ਵਿਦੈਗੀ
ਸੁਹਣਿਆਂ ਤੋਂ ਜਦ ਵਿਛੁੜਨ ਲਗੀਏ
ਦਿਲ ਦਿਲਗੀਰੀ ਖਾਵੇ,
ਪਰ ਤੈਥੋਂ ਟੁਰਦਯਾਂ ਕਸ਼ਮੀਰੇ !
ਸਾਨੂੰ ਨਾ ਦੁਖ ਆਵੇ,
'ਮਟਕ-ਹਿਲੋਰਾ' ਛੁਹ ਤੇਰੀ ਦਾ
ਜੋ ਰੂਹ ਸਾਡੀ ਲੀਤਾ
ਖੇੜੇ ਵਾਲੀ ਮਸਤੀ ਦੇ ਰਿਹਾ,
ਨਾਲ ਨਾਲ ਪਿਆ ਜਾਵੇ ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ