ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਦਾ ਮਾਮਲਾ: ਕੌਣ ਕੀ-ਕੀ ਕਹਿ ਰਿਹਾ?

ਬਰਗਾੜੀ ਦੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਦਾ ਚੋਣ ਕਮਿਸ਼ਨ ਵੱਲੋਂ ਤਬਾਦਲਾ ਕੀਤਾ ਜਾਣ ਦਾ ਮੁੱਦਾ ਸਿਆਸੀ ਗਲਿਆਰਿਆਂ ਵਿੱਚ ਗਰਮ ਹੈ।

ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਾਗੂ ਰਹਿਣ ਤੱਕ ਵਿਜੈ ਪ੍ਰਤਾਪ ਦਾ ਤਬਾਦਲਾ ਕੀਤਾ ਗਿਆ ਸੀ।

ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਦੇ ਹੁਕਮ ਦਿੱਤੇ ਸਨ।

ਚੋਣ ਕਮਿਸ਼ਨ ਨੇ ਇਹ ਵੀ ਹਦਾਇਤ ਦਿੱਤੀ ਹੈ ਕਿ ਜਦੋਂ ਤੱਕ ਚੋਣ ਜ਼ਾਬਤਾ ਲਗਿਆ ਹੋਇਆ ਹੈ। ਐੱਸਆਈਟੀ ਨਾਲ ਜੁੜਿਆ ਕੋਈ ਵੀ ਅਧਿਕਾਰੀ ਮਾਮਲੇ ਨਾਲ ਜੁੜੀ ਕੋਈ ਅਜਿਹੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰੇਗਾ ਜਿਸ ਨਾਲ ਚੋਣਾਂ 'ਤੇ ਅਸਰ ਪੈਣ ਦੀ ਸੰਭਾਵਨਾ ਹੋਵੇ।"

ਇਹ ਵੀ ਪੜ੍ਹੋ

ਕੀ ਸੀ ਅਕਾਲੀ ਦਲ ਦੀ ਸ਼ਿਕਾਇਤ?

ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਇਲਜ਼ਾਮ ਲਾਏ ਸਨ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦੌਰਾਨ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਬਾਰੇ ਉਹ ਗੱਲਾਂ ਦੱਸੀਆਂ ਜੋ ਕਿ ਸਿਆਸਤ ਨਾਲ ਜੁੜੀਆਂ ਹੋਈਆਂ ਸਨ।

ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਕੁੰਵਰ ਵਿਜੈ ਪ੍ਰਤਾਪ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਦੇ ਨਾਂ ਲਏ ਜੋ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ।

ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਇਹ ਫੈਸਲਾ ਚੋਣ ਕਮਿਸ਼ਨ ਦੀ ਦਖਲਅੰਦਾਜ਼ੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ 'ਤੇ ਲਿਆ ਗਿਆ ਪੱਖਪਾਤੀ ਫੈਸਲਾ ਹੈ।

ਕੈਪਟਨ ਅਮਰਿੰਦਰ ਨੇ ਕਿਹਾ, ''ਪਹਿਲਾਂ ਅਕਾਲੀਆਂ ਨੇ ਬਰਗਾੜੀ ਕਾਂਡ ਦੀ ਜਾਂਚ ਨੂੰ ਰੋਕਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਤੇ ਹੁਣ ਆਪਣੇ ਆਪ ਨੂੰ ਬਚਾਉਣ ਲਈ ਇਹ ਸਭ ਕਰ ਰਹੇ ਹਨ।''

ਸੀਐੱਮ ਨੇ ਅੱਗੇ ਕਿਹਾ, ''ਭਾਜਪਾ-ਸ਼੍ਰੋਮਣੀ ਅਕਾਲੀ ਦਲ ਅਤੇ ਚੋਣ ਕਮਿਸ਼ਨ ਵਿਚਾਲੇ ਗਠਜੋੜ ਕਾਰਨ ਇਹ ਸਾਰੇ ਫੈਸਲੇ ਲਏ ਜਾ ਰਹੇ ਹਨ ਜੋ ਕਿ ਕਾਂਗਰਸ ਦੇ ਖਿਲਾਫ਼ ਹਨ।''

ਕੈਪਟਨ ਅਮਰਿੰਦਰ ਨੇ ਕਿਹਾ, ''ਐਸਆਈਟੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਹੀ ਆਪਣੀ ਜਾਂਚ ਕਰ ਰਹੀ ਸੀ।''

''ਬਲਕਿ ਹਾਈ ਕੋਰਟ ਨੇ ਜਾਂਚ ਸੀਬੀਆਈ ਨੂੰ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਮੁਤਾਬਕ ਐਸਾਈਟੀ ਬੇਹੱਦ ਨਿਰਪੱਖ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਆਪਣਾ ਕੰਮ ਕਰ ਰਹੀ ਸੀ।''

ਇਹ ਵੀ ਪੜ੍ਹੋ

ਧਿਆਨ ਸਿੰਘ ਮੰਡ ਨੇ ਕੀ ਕਿਹਾ?

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਚੋਣ ਕਮਿਸ਼ਨ ਤੋਂ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਦੇ ਹੁਕਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

ਧਿਆਨ ਸਿੰਘ ਮੰਡ ਨੇ ਕਿਹਾ, ਐੱਸਆਈਟੀ ਚੰਗਾ ਕੰਮ ਕਰ ਰਹੀ ਸੀ। ਤਬਾਦਲੇ ਦਾ ਇਹ ਫੈਸਲਾ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਪਾਉਣ ਦੇ ਬਰਾਬਰ ਹੈ ਅਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ।"

"ਅਸੀਂ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਇੱਕ ਹਫ਼ਤੇ ਦਾ ਟਾਈਮ ਦਿੰਦੇ ਹਾਂ। ਇੱਕ ਹਫਤੇ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਵਾਪਸ ਬਹਾਲੀ ਨਹੀਂ ਕੀਤੀ ਗਈ ਤਾਂ ਸਾਡੇ ਵੱਲੋਂ ਕੋਈ ਕਦਮ ਚੁੱਕਿਆ ਜਾਵੇਗਾ।"

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)