ਰਫ਼ਾਲ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਕੇਂਦਰ ਸਰਕਾਰ ਨੂੰ ਝਟਕਾ

ਰਫਾਲ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਕੇਂਦਰ ਸਰਕਾਰ ਨੂੰ ਝਟਕਾ ਲੱਗਿਆ ਹੈ। ਕੋਰਟ ਨੇ ਸਰਕਾਰ ਦੇ ਇਤਰਾਜ਼ ਨੂੰ ਖਾਰਿਜ ਕਰ ਦਿੱਤਾ ਹੈ।

ਸਰਕਾਰ ਨੇ ਮਾਮਲੇ ਵਿੱਚ ਪਹਿਲਾਂ ਸੁਣਾਏ ਗਏ ਫ਼ੈਸਲੇ ਨੂੰ ਜਿਉਂ ਦਾ ਤਿਉਂ ਰੱਖਣ ਲਈ ਅਤੇ ਰਿਵਿਊ ਪਟੀਸ਼ਨ ਖਾਰਿਜ ਕਰਨ ਦੀ ਗੱਲ ਕਹੀ ਸੀ, ਜਿਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ।

ਰਿਵਿਊ ਪਟੀਸ਼ਨ ਦਾਇਰ ਕਰਨ ਵਾਲਿਆਂ ਵਿੱਚ ਸ਼ਾਮਲ ਅਰੁਣ ਸ਼ੌਰੀ ਨੇ ਕਿਹਾ, ''ਤਿੰਨੇ ਜੱਜਾਂ ਨੇ ਇੱਕ ਰਾਇ ਨਾਲ ਇਹ ਫੈਸਲਾ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਦੀ ਉਸ ਦਲੀਲ ਨੂੰ ਖਾਰਿਜ ਕੀਤਾ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਮੰਨਿਆ ਨਹੀਂ ਜਾ ਸਕਦਾ ਕਿਉਂਕਿ ਇਹ ਚੋਰੀ ਦੇ ਦਸਤਾਵੇਜ਼ ਹਨ।''

ਸ਼ੌਰੀ ਨੇ ਅੱਗੇ ਕਿਹਾ ਕਿ ਕੋਰਟ ਰਿਵਿਊ ਪਟੀਸ਼ਨ 'ਤੇ ਸੁਣਵਾਈ ਲਈ ਅਗਲੀ ਤਰੀਕ ਤੈਅ ਕਰੇਗਾ ਅਤੇ ਇਸ ਦੀ ਸੁਣਵਾਈ ਪਹਿਲ ਦੇ ਅਧਾਰ 'ਤੇ ਹੋਵੇਗੀ

ਇਹ ਵੀ ਪੜ੍ਹੋ

ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਕਰ ਰਹੀ ਹੈ, ਜਿਸ ਵਿੱਚ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਕੈਐੱਮ ਜੋਸਫ ਸ਼ਾਮਲ ਹਨ।

ਸੁਪਰੀਮ ਕੋਰਟ ਨੇ ਪਹਿਲਾਂ ਆਪਣੇ ਫੈਸਲੇ ਵਿੱਚ ਸਰਕਾਰ ਨੂੰ ਕਲੀਟ ਚਿੱਟ ਦੇ ਦਿੱਤੀ ਸੀ।

ਸਰਕਾਰ ਦੀ ਦਲੀਲ ਕੀ ਸੀ?

  • ਸਰਕਾਰ ਦਾ ਕਹਿਣਾ ਸੀ ਕਿ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਚੋਰੀ ਦੇ ਹਨ, ਇਸ ਲਈ ਅਦਾਲਤ ਨੂੰ ਉਸ ਤੇ ਧਿਆਨ ਨਹੀਂ ਦੇਣਾ ਚਾਹੀਦਾ।
  • ਸਰਕਾਰ ਦੀ ਦੂਜੀ ਦਲੀਲ ਸੀ ਕਿ ਇਨ੍ਹਾਂ ਦਸਤਾਵੇਜ਼ਾਂ 'ਤੇ ਜਨਤਕ ਤੌਰ 'ਤੇ ਚਰਚਾ ਕਰਨਾ ਕੌਮੀ ਸੁਰੱਖਿਆ ਲ਼ਈ ਖ਼ਤਰਾ ਹੋ ਸਕਦਾ ਹੈ।

ਪਰ ਸੁਪਰੀਮ ਕੋਰਟ ਨੇ ਦੇ ਦਲੀਲਾਂ ਖਾਰਿਜ ਕਰ ਦਿੱਤੀਆਂ।

ਵਕੀਲ ਡੀ. ਪੀਕੇ ਅਗਰਵਾਲ ਮੁਤਾਬਕ, ''ਫੈਸਲਾ ਦਰਸਾਉਂਦਾ ਹੈ ਕਿ ਇਸ ਮੁੱਦੇ ਦਾ ਨਿਪਟਾਰਾ ਸੁਪਰੀਮ ਕੋਰਟ ਨੇ ਪੂਰੀ ਤਰ੍ਹਾਂ ਹਾਲੇ ਨਹੀਂ ਕੀਤਾ ਹੈ ਅਤੇ ਬਾਅਦ ਵਿੱਚ ਇਸਦੇ ਨਤੀਜੇ ਸਰਕਾਰ ਲਈ ਜ਼ਿਆਦਾ ਝਟਕਾ ਦੇਣ ਵਾਲੇ ਹੋ ਸਕਦੇ ਹਨ। ਪਹਿਲਾਂ ਹੋਈਆਂ ਕਈ ਸੁਣਵਾਈਆਂ ਵਿੱਚ ਸਰਕਾਰ ਵੱਲੋਂ ਪੇਸ਼ ਕੀਤੇ ਤਰਕ ਕੋਰਟ ਵੱਲੋਂ ਸਵੀਕਾਰ ਨਹੀਂ ਕੀਤੇ ਗਏ, ਇਹ ਨਵਾਂ ਫੈਸਲਾ ਵੀ ਇਸੇ ਕੜੀ ਦਾ ਹਿੱਸਾ ਹੈ।''

ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਸਿਆਸੀ ਪ੍ਰਤੀਕਿਰਿਆ ਵੀ ਆਉਣ ਲੱਗੀ। ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪੀਐੱਮ ਮੋਦੀ ਚਾਹੇ ਜਿੰਨਾ ਭੱਜ ਲੈਣ ਪਰ ਸੱਚਾਈ ਤੋਂ ਬੱਚ ਨਹੀਂ ਸਕਦੇ।

ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਵਤੀ ਨੇ ਵੀ ਮੋਦੀ ਸਰਕਾਰ ਨੂੰ ਘੇਰਿਆ।

ਉਨ੍ਹਾਂ ਕਿਹਾ, ਸੰਸਦ ਦੇ ਅੰਦਰ ਅਤੇ ਬਾਹਰ ਵਾਰ-ਵਾਰ ਝੂਠ ਬੋਲ ਕੇ ਦੇਸ ਨੂੰ ਗੁਮਰਾਹ ਕਰਨ ਲਈ ਪੀਐੱਮ ਮੋਦੀ ਮੁਆਫ਼ੀ ਮੰਗਣ ਅਤੇ ਰੱਖਿਆ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ।

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਘੇਰਿਆ।

ਉਨ੍ਹਾਂ ਲਿਖਿਆ, ''ਪ੍ਰਧਾਨ ਮੰਤਰੀ ਹਰ ਥਾਂ ਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਰਫ਼ਾਲ ਵਿੱਚ ਕਲੀਨ ਚਿੱਟ ਮਿਲੀ ਹੈ।''

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਸਾਬਿਤ ਹੁੰਦਾ ਹੈ ਕਿ ਰਫ਼ਾਲ ਮਾਮਲੇ ਵਿੱਛ ਗੜਬੜੀ ਹੋਈ ਹੈ।

ਕੇਜਰੀਵਾਲ ਨੇ ਕਿਹਾ, ''ਨਰਿੰਦਰ ਮੋਦੀ ਨੇ ਦੇਸ ਦੀ ਸੈਨਾ ਨਾਲ ਧੋਖਾ ਕੀਤਾ ਹੈ ਅਤੇ ਆਪਣਾ ਜੁਰਮ ਲੁਕਾਉਣ ਲਈ ਸੁਪਰੀਮ ਕੋਰਟ ਨੂੰ ਗੁਮਰਾਹ ਕੀਤਾ ਹੈ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)