‘ਭਾਜਪਾ ਵੱਲੋਂ ਬਹੁਗਿਣਤੀ ਬਨਾਮ ਘੱਟ ਗਿਣਤੀ ਦੀ ਧੜੇਬਾਜ਼ੀ ਲੋਕਤੰਤਰ ਲਈ ਖ਼ਤਰਨਾਕ’ - ਨਜ਼ਰੀਆ

    • ਲੇਖਕ, ਰਾਮ ਦੱਤ ਤ੍ਰਿਪਾਠੀ
    • ਰੋਲ, ਸੀਨੀਅਰ ਪੱਤਰਕਾਰ, ਲਖਨਊ ਤੋਂ

ਆਮ ਚੋਣਾਂ ਇੱਕ ਅਜਿਹਾ ਵੇਲਾ ਹੁੰਦਾ ਹੈ ਜਿਸ ਵਿੱਚ ਸੱਤਾਧਾਰੀ ਪਾਰਟੀ ਆਪਣੀਆਂ ਪੰਜ ਸਾਲ ਦੀਆਂ ਉਪਲਬਧੀਆਂ ਅਤੇ ਯੋਜਨਾਵਾਂ ਨੂੰ ਜਨਤਾ ਮੁਹਰੇ ਰੱਖ ਕੇ ਇੱਕ ਹੋਰ ਵਾਰ ਸਾਸ਼ਨ ਕਰਨ ਦਾ ਮੌਕਾ ਮੰਗਦੀ ਹੈ।

ਪਰ ਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਪਣੇ ਪ੍ਰਚਾਰ ਨੂੰ ਸਿੱਧਾ-ਸਿੱਧਾ ਬਹੁਗਿਣਤੀ ਬਨਾਮ ਘੱਟ ਗਿਣਤੀ ਜਾਂ ਹਿੰਦੂ-ਮੁਸਲਿਮ ਧਰੁਵੀਕਰਨ 'ਤੇ ਲਿਜਾ ਰਹੇ ਹਨ। ਜੋ ਸੰਸਦੀ ਲੋਕਤੰਤਰ ਲਈ ਖ਼ਤਰਨਾਕ ਸੰਕੇਤ ਹੈ।

ਮਹਾਤਮਾ ਗਾਂਧੀ ਦੀ ਕਰਮਭੂਮੀ ਵਰਧਾ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਕਾਂਗਰਸ ਨੇ ਹਿੰਦੂ ਅੱਤਵਾਦ ਸ਼ਬਦ ਦੀ ਵਰਤੋਂ ਕਰਕੇ ਦੇਸ ਦੇ ਕਰੋੜਾਂ ਲੋਕਾਂ 'ਤੇ ਦਾਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਤੁਸੀਂ ਹੀ ਦੱਸੋ ਹਿੰਦੂ ਅੱਤਵਾਦ ਸ਼ਬਦ ਸੁਣ ਕੇ ਤੁਹਾਨੂੰ ਡੂੰਘੀ ਪੀੜ ਨਹੀ ਹੁੰਦੀ?“

“ਹਜ਼ਾਰਾਂ ਸਾਲਾਂ ਵਿੱਚ ਕੀ ਇੱਕ ਵੀ ਅਜਿਹੀ ਘਟਨਾ ਹੈ, ਜਿਸ ਵਿੱਚ ਹਿੰਦੂ ਅੱਤਵਾਦ ਵਿੱਚ ਸ਼ਾਮਲ ਰਿਹਾ ਹੋਵੇ।"

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਿੰਦੂ ਭਾਈਚਾਰਾ ਜਾਂ ਸਨਾਤਨ ਧਰਮ ਨੂੰ ਮੰਨਣ ਵਾਲੇ ਲੋਕ ਸ਼ਾਂਤੀ ਪਸੰਦ ਅਤੇ ਸਾਰੇ ਧਰਮਾਂ ਦਾ ਆਦਰ ਕਰਦੇ ਆਏ ਹਨ।

ਇਹ ਵੀ ਪੜ੍ਹੋ:

ਪਰ ਇਹ ਸਵਾਲ ਤਾਂ ਬਣਦਾ ਹੈ ਕਿ ਜਿਸ ਵਿਚਾਰਧਾਰਾ ਨਾਲ ਜੁੜੇ ਲੋਕਾਂ ਨੇ ਗਾਂਧੀ ਵਰਗੇ ਮਹਾਤਮਾ ਨੂੰ ਮਰਵਾਇਆ ਉਨ੍ਹਾਂ ਲਈ ਕਿਸ ਵਿਸ਼ੇਸ਼ਣ ਦੀ ਵਰਤੋਂ ਕੀਤੀ ਜਾਵੇ?

ਜਿਹੜੇ ਲੋਕ ਕਿਸੇ ਦੇ ਘਰ ਵਿੱਚ ਵੜ ਕੇ ਗਊ ਹੱਤਿਆ ਦੇ ਨਾਂ ’ਤੇ ਕੁੱਟ-ਕੁੱਟ ਕੇ ਮਾਰ ਦਿੰਦੇ ਹਨ ਜਾਂ ਆਪਣੀ ਡਿਊਟੀ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਕਤਲ ਕਰਦੇ ਹਨ, ਉਨ੍ਹਾਂ ਨੂੰ ਕੀ ਕਹਿ ਕੇ ਬੁਲਾਇਆ ਜਾਵੇ।

ਵਿਭਿੰਨ ਧਰਮਾਂ ਤੇ ਜਾਤਾਂ ਵਾਲਾ ਦੇਸ

ਭਾਰਤ ਵੱਖ-ਵੱਖ ਧਰਮਾਂ ਅਤੇ ਜਾਤਾਂ ਵਾਲਾ ਦੇਸ ਹੈ ਅਤੇ ਦੇਸ ਦੀਆਂ ਨੀਤੀਆਂ ਬਣਾਉਣ ਅਤੇ ਸਰਕਾਰ ਚਲਾਉਣ ਵਿੱਚ ਸਾਰਿਆਂ ਨੂੰ ਨੁਮਾਇੰਦਗੀ ਮਿਲੇ, ਇਸ ਲਈ ਭਾਰਤੀ ਸੰਵਿਧਾਨ ਸਭਾ ਨੇ ਜਾਣਬੁੱਝ ਕੇ ਦੇਸ ਵਿੱਚ ਸੰਸਦੀ ਪ੍ਰਣਾਲੀ ਦੀ ਸਥਾਪਨਾ ਕੀਤੀ ਸੀ, ਤਾਂ ਜੋ ਕਿਸੇ ਇੱਕ ਧਰਮ ਦਾ ਬੋਲਬਾਲਾ ਨਾ ਹੋਵੇ।

ਉਸ ਸਮੇਂ ਸੁਤੰਤਰਤਾ ਅੰਦੋਲਨ ਦੀਆਂ ਕਦਰਾਂ-ਕੀਮਤਾਂ ਨਾਲ ਸਹਿਮਤ ਭਾਰਤੀ ਸਮਾਜ ਨੇ ''ਹਿੰਦੂ ਰਾਸ਼ਟਰ'' ਦੀ ਗੱਲ ਕਰਨ ਵਾਲਿਆਂ ਨੂੰ ਹਾਸ਼ੀਏ 'ਤੇ ਰੱਖ ਦਿੱਤਾ ਸੀ।

ਪਰ ਗੁਜਰਾਤ ਬਹੁਗਿਣਤੀ ਸਿਆਸਤ ਦੀ ਪ੍ਰਯੋਗਸ਼ਾਲਾ ਬਣਿਆ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਧਰੁਵੀਕਰਨ ਦੀ ਸਿਆਸਤ ਕਾਮਯਾਬ ਰਹੀ।

ਲਗਦਾ ਹੈ ਕਿ ਇਸ ਵਾਰ ਭਾਜਪਾ ਧਾਰਮਿਕ ਧਰੁਵੀਕਰਨ ਦੇ ਸਹਾਰੇ ਹੀ ਆਪਣੀ ਬੇੜੀ ਪਾਰ ਲਗਾਉਣਾ ਚਾਹੁੰਦੀ ਹੈ।

ਧਰੁਵੀਕਰਨ ਲਈ ਇੱਕ ਖਲਨਾਇਕ ਜਾਂ ਨਫ਼ਰਤ ਦੇ ਪ੍ਰਤੀਕ ਦੀ ਲੋੜ ਹੁੰਦੀ ਹੈ। ਪਹਿਲਾਂ ਇਹ ਪ੍ਰਤੀਕ ਬਾਬਰੀ ਮਸਜਿਦ ਸੀ। ਹੁਣ ਮਸਜਿਦ ਢਹਿ ਚੁੱਕੀ ਹੈ ਅਤੇ ਮੰਦਿਰ ਨਿਰਮਾਣ ਦਾ ਵਾਅਦਾ ਪੂਰਾ ਨਹੀਂ ਕੀਤਾ ਜਾ ਸਕਿਆ।

ਇਹ ਵੀ ਪੜ੍ਹੋ:

ਵਿਕਾਸ ਅਤੇ ਰੁਜ਼ਗਾਰ ਦੇ ਨਾਂ 'ਤੇ ਜ਼ਿਆਦਾ ਕੁਝ ਦੱਸਣ ਲਾਇਕ ਨਹੀਂ ਹੈ, ਇਸ ਲਈ ਅੰਕੜਿਆਂ ਵਿੱਚ ਹੇਰ-ਫੇਰ ਕੀਤਾ ਜਾ ਰਿਹਾ ਹੈ ਜਾਂ ਲੁਕਾਇਆ ਜਾ ਰਿਹਾ ਹੈ।

ਹੁਣ ਨਵਾਂ ਵਿਲੇਨ ਪਾਕਿਸਤਾਨ ਹੈ ਜਿਸ ਦੇ ਸਹਾਰੇ ਰਾਸ਼ਟਰਵਾਦ ਅਤੇ ਅੱਤਵਾਦ ਜ਼ਰੀਏ ਸਿੱਧਾ ਮੁਸਿਲਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਯੋਗੀ ਨੇ ਸਹਾਰਨਪੁਰ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪਾਕਿਸਤਾਨੀ ਅੱਤਵਾਦੀ ਅਜ਼ਹਰ ਮਸੂਦ ਦਾ ''ਜਵਾਈ'' ਕਿਹਾ।

ਉਸ ਤੋਂ ਬਾਅਦ ਉਹ ਜਾਣਬੁਝ ਕੇ ਬਿਸਾਹੜੀ ਪਿੰਡ ਵਿੱਚ ਪ੍ਰਚਾਰ ਲਈ ਗਏ, ਜਿੱਥੇ ਅਖ਼ਲਾਕ ਕਤਲਕਾਂਡ ਦੇ ਮੁਲਜ਼ਮ ਉਨ੍ਹਾਂ ਦੀ ਸਭਾ ਦੀ ਸ਼ੁਰੂਆਤੀ ਲਾਈਨ ਵਿੱਚ ਬੈਠੇ ਸਨ।

ਮੁੱਦੇ ਬਣਾਉਣ ਦੇ ਮਾਹਰ ਪੀਐੱਮ ਮੋਦੀ

ਚੋਣ ਕਮਿਸ਼ਸ਼ਨ ਦੀ ਸਪੱਸ਼ਟ ਮਨਾਹੀ ਦੇ ਬਾਵਜੂਦ ਪ੍ਰਚਾਰ ਵਿੱਚ ਫੌਜ ਦੀ ਬਹਾਦੁਰੀ ਨੂੰ ਪਾਰਟੀ ਦੀਆਂ ਉਪਲਬਧੀਆਂ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਯੋਗੀ ਜੀ ਨੇ ਭਾਰਤੀ ਫੌਜ ਨੂੰ ''ਮੋਦੀ ਦੀ ਫੌਜ'' ਬਣਾ ਦਿੱਤਾ, ਜਿਸ 'ਤੇ ਕਈ ਸਾਬਕਾ ਫੌਜ ਅਧਿਕਾਰੀਆਂ ਨੇ ਖੁੱਲ੍ਹ ਕੇ ਏਤਰਾਜ਼ ਜਤਾਇਆ ਹੈ। ਦੇਖਣਾ ਇਹ ਹੈ ਕਿ ਚੋਣ ਕਮਿਸ਼ਨ ਇਸ 'ਤੇ ਕੀ ਕਾਰਵਾਈ ਕਾਰਵਾਈ ਕਰਦਾ ਹੈ?

ਪ੍ਰਧਾਨ ਮੰਤਰੀ ਮੋਦੀ ਮੁੱਦੇ ਬਣਾਉਣ ਵਿੱਚ ਮਾਹਰ ਹਨ। ਕਾਂਗਰਸ ਨੇਤਾ ਅਤੇ ਉਨ੍ਹਾਂ ਦੇ ਮੁੱਖ ਮੁਕਾਬਲੇਬਾਜ਼ ਬਣ ਕੇ ਉਭਰੇ ਰਾਹੁਲ ਗਾਂਧੀ ਨੇ ਅਮੇਠੀ ਤੋਂ ਇਲਾਵਾ ਕੇਰਲ ਦੇ ਵਾਇਨਾਡ ਤੋਂ ਚੋਣ ਲੜਨ ਦਾ ਜੋ ਫ਼ੈਸਲਾ ਕੀਤਾ ਉਸ ਨੂੰ ਵੀ ਉਨ੍ਹਾਂ ਨੇ ਬਹੁਗਿਣਤੀ ਬਨਾਮ ਘੱਟ ਗਿਣਤੀ ਮੁਹਿੰਮ ਨਾਲ ਜੋੜ ਦਿੱਤਾ ਹੈ।

ਵਰਧਾ ਦੀ ਸਭਾ ਵਿੱਚ ਹੀ ਮੋਦੀ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ, " ਦੇਸ ਨੇ ਕਾਂਗਰਸ ਨੂੰ ਸਜ਼ਾ ਦੇਣ ਦਾ ਫ਼ੈਸਲਾ ਕਰ ਲਿਆ ਹੈ, ਇਸ ਲਈ ਕੁਝ ਲੀਡਰ ਉਨ੍ਹਾਂ ਸੀਟਾਂ ਤੋਂ ਚੋਣ ਲੜਨ ਤੋਂ ਡਰ ਰਹੇ ਹਨ ਜਿੱਥੇ ਬਹੁਗਿਣਤੀ ਆਬਾਦੀ ਦਾ ਦਬਦਬਾ ਹੈ ਅਤੇ ਹੁਣ ਉਹ ਇਸ ਸੀਟ ਤੋਂ ਲੜਨ ਲਈ ਮਜਬੂਰ ਹਨ ਜਿੱਥੇ ਬਹੁਗਿਣਤੀ ਆਬਾਦੀ ਘੱਟਗਿਣਤੀ ਹੈ।"

ਇਹ ਵੀ ਪੜ੍ਹੋ:

ਮੋਦੀ ਸਰਕਾਰ ਵਿੱਚ ਸਾਬਕਾ ਮੰਤਰੀ ਐਮ ਜੇ ਅਕਬਰ ਨੇ ਇੱਕ ਹਿੰਦੀ ਅਖ਼ਬਾਰ ਦੈਨਿਕ ਜਾਗਰਣ (2 ਅਪ੍ਰੈਲ 2019) ਵਿੱਚ ਆਪਣੇ ਲੇਖ 'ਚ ਇੱਕ ਕਦਮ ਅੱਗੇ ਜਾ ਕੇ ਕਿਹਾ, "ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ, ਜਦੋਂ ਕੋਈ ਕਾਂਗਰਸ ਪ੍ਰਧਾਨ ਜਿੱਤ ਦੇ ਲਈ ਮੁਸਲਿਮ ਲੀਗ 'ਤੇ ਨਿਰਭਰ ਹੋਵੇਗਾ। ਜ਼ਰਾ ਇਸ ਦੇ ਹੋਣ ਵਾਲੇ ਅਸਰ ਬਾਰੇ ਵਿਚਾਰ ਕਰੋ।"

ਹਾਲ ਹੀ ਵਿੱਚ ਨਿਊਜ਼ੀਲੈਂਡ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਉੱਥੋਂ ਦੀ ਸਰਕਾਰ ਅਤੇ ਸਮਾਜ ਨੇ ਦੇਖਿਆ ਕਿ ਘੱਟ ਗਿਣਤੀਆਂ ਨਾਲ ਕਿਸ ਤਰ੍ਹਾਂ ਦਾ ਅਪਣਾਪਨ ਦਿਖਾਇਆ ਜਾਂਦਾ ਹੈ।

ਅੱਜ ਭਾਰਤ ਵਿੱਚ ਹਰ ਲੀਡਰ ਆਪਣੀ ਜਾਤ-ਬਿਰਾਦਰੀ ਵਾਲੀ ਸੁਰੱਖਿਅਤ ਸੀਟ ਤੋਂ ਲੜਨਾ ਚਾਹੁੰਦਾ ਹੈ। ਚੰਗਾ ਹੋਵੇਗਾ ਕਿ ਪ੍ਰਧਾਨ ਮੰਤਰੀ ਮੋਦੀ ਰਾਹੁਲ ਗਾਂਧੀ ਦੇ ਵਾਇਨਾਡ ਸੀਟ ਤੋਂ ਚੋਣ ਲੜਨ ਦਾ ਜਵਾਬ ਮੁਰਾਦਾਬਾਦ ਜਾਂ ਰਾਮਪੁਰ ਤੋਂ ਚੋਣ ਲੜ ਕੇ ਦੇਣ ਅਤੇ ਸਾਬਿਤ ਕਰਨ ਕਿ ਉਹ ਅਸਲ ਵਿੱਚ , "ਸਬਕਾ ਸਾਥ, ਸਬਕਾ ਵਿਕਾਸ" ਚਾਹੁੰਦੇ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)