ਲੋਕ ਸਭਾ ਚੋਣਾ 2019: ਗੁਜਰਾਤੀ ਪੜ੍ਹਨ ਤੇ ਪਿੰਡ 'ਚ ਰਹਿਣ ਵਾਲੀ ਗੁਜਰਾਤੀ ਕੁੜੀ ਨੇ ਕੀ ਦੱਸੇ ਮੋਦੀ ਦੇ ਸੂਬੇ ਦੇ ਹਾਲਾਤ

- ਲੇਖਕ, ਅਨਘਾ ਪਾਠਕ
- ਰੋਲ, ਬੀਬੀਸੀ ਪੱਤਰਕਾਰ
"ਮੈਂ ਪਿੰਡ ਦੀ ਰਹਿਣ ਵਾਲੀ ਹਾਂ ਪਰ ਮੈਂ ਸ਼ਹਿਰੀ ਵਿਦਿਆਰਥੀਆਂ ਦੇ ਬਰਾਬਰ ਹੀ ਹੋਣਾ ਚਾਹੁੰਦੀ ਹਾਂ।"
ਉਹ ਸ਼ੀਸ਼ੇ ਵਿਚ ਦੇਖ ਕੇ ਗੱਲ ਕਰਦੀ ਹੈ ਤੇ ਹੱਸਦੀ ਹੈ, "ਆਈ ਕੈਨ ਟਾਕ ਇੰਗਲਿਸ਼, ਆਈ ਕੈਨ ਵਾਕ ਇੰਗਲਿਸ਼। ਕਿਉਂਕਿ ਅੰਗਰੇਜ਼ੀ ਬਹੁਤ ਹੀ ਮਜ਼ਾਕੀਆ ਭਾਸ਼ਾ ਹੈ।"
18 ਸਾਲਾ ਬੀਨਲ ਜੋਸ਼ ਨਾਲ ਭਰੀ ਹੋਈ ਹੈ।
ਮੈਂ ਗੁਜਰਾਤ ਵਿੱਚ ਉਸ ਦੇ ਪਿੰਡ ਪਹੁੰਚੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਲੋਕ ਸਭਾ ਚੋਣਾਂ ਤੋਂ ਉਹ ਕੀ ਚਾਹੁੰਦੀ ਹੈ।
ਅਸੀਂ ਖੁੱਲ੍ਹੇ ਅਸਮਾਨ ਹੇਠ ਹਰੇਕ ਚੀਜ਼ ਬਾਰੇ ਗੱਲ ਕੀਤੀ। ਉਸ ਦੀ ਪਸੰਦੀਦਾ ਕੁਲਫ਼ੀ, ਕਾਲਜ ਤੋਂ ਬਾਅਦ ਘੁੰਮਣ ਲਈ ਮਨਪਸੰਦ ਥਾਂ, ਦੋਸਤ ਅਤੇ ਉਸ ਦਾ ਨਵਾਂ ਮੋਬਾਈਲ ਫੋਨ ਜੋ ਕਿ ਉਸ ਦੇ ਭਰਾ ਨੇ ਜਨਮ ਦਿਨ ਮੌਕੇ ਤੋਹਫ਼ੇ ਵਜੋਂ ਦਿੱਤਾ ਸੀ। ਇਸ ਤੋਂ ਇਲਾਵਾ ਉਸ ਦੇ ਡਰ ਬਾਰੇ ਵੀ ਗੱਲਬਾਤ ਕੀਤੀ।
ਇਹ ਵੀ ਪੜ੍ਹੋ:
ਉਹ ਕਾਲਜ ਜਾਣਾ, ਦੋਸਤਾਂ ਨਾਲ ਘੁੰਮਣਾ, ਚਾਟ ਖਾਣਾ ਪਸੰਦ ਕਰਦੀ ਹੈ ਪਰ ਕਲਾਸ ਵਿੱਚ ਉਸ ਨੂੰ ਬੰਦਿਸ਼ ਲਗਦੀ ਹੈ। ਉਸ ਨੂੰ ਅਧੂਰਾ ਜਿਹਾ ਲਗਦਾ ਹੈ ਕਿਉਂਕਿ ਉਹ ਪੇਂਡੂ ਖੇਤਰ ਨਾਲ ਸਬੰਧਤ ਹੈ ਅਤੇ ਅੰਗਰੇਜ਼ੀ ਨਹੀਂ ਬੋਲ ਸਕਦੀ।
ਚੁਲਬੁਲੀ ਕੁੜੀ ਕਲਾਸ ਚੁੱਪ ਕਿਉਂ?
ਬੀਨਲ ਦਾ ਕਹਿਣਾ ਹੈ, "ਹਾਂ, ਮੈਂ ਜਾਣਦੀ ਹਾਂ ਕਿ ਇਹ ਹੀਣ ਭਾਵਨਾ ਹੈ ਪਰ ਮੈਂ ਕੁਝ ਨਹੀਂ ਕਰ ਸਕਦੀ। ਮੈਂ ਕਲਾਸ ਵਿਚ ਇੱਕ ਵੀ ਸ਼ਬਦ ਨਹੀਂ ਬੋਲ ਸਕਦੀ ਹਾਲਾਂਕਿ ਜਦੋਂ ਅਧਿਆਪਕ ਸਵਾਲ ਪੁੱਛਦੇ ਹਨ ਅਤੇ ਮੈਨੂੰ ਜਵਾਬ ਵੀ ਪਤਾ ਹੁੰਦਾ ਹੈ ਤਾਂ ਵੀ ਨਹੀਂ।"
ਵਿਸ਼ਵਾਸ ਕਰਨਾ ਔਖਾ ਹੈ ਕਿ ਅਜਿਹੀ ਖ਼ੁਸ਼ਗਵਾਰ ਕੁੜੀ ਵੀ ਕਦੇ ਚੁੱਪ ਰਹਿ ਸਕਦੀ ਹੈ। ਉਸ ਦੀ ਵੀ ਉਹੀ ਕਿਸਮਤ ਹੈ ਜੋ ਪਿੰਡਾਂ ਦੇ ਕਈ ਹੋਣਹਾਰ ਬੱਚਿਆਂ ਦੀ ਹੁੰਦੀ ਹੈ।
ਉਹ ਬਿਹਤਰ ਮੌਕਿਆਂ ਅਤੇ ਬਿਹਤਰ ਸਿੱਖਿਆ ਦੀ ਭਾਲ ਵਿਚ ਸ਼ਹਿਰ ਜਾਂਦੇ ਹਨ ਪਰ ਅਕਸਰ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਜਾਂਦਾ ਹੈ ਕਿਉਂਕਿ ਉਹ ਅੰਗਰੇਜ਼ੀ ਨਹੀਂ ਬੋਲ ਸਕਦੇ ਜਾਂ ਫਿਰ ਸ਼ਹਿਰ ਦੇ ਵਿਦਿਆਰਥੀਆਂ ਵਾਂਗ ਤੇਜ਼ ਨਹੀਂ ਹੁੰਦੇ।

ਬੀਨਲ ਦਾ ਕਹਿਣਾ ਹੈ ਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਨਹੀਂ ਮਿਲਦੀ। ਸਾਲ 2018 ਦੀ ਸਲਾਨਾ ਸਿੱਖਿਆ ਰਿਪੋਰਟ ਮੁਤਾਬਕ ਪਿਛਲੇ 10 ਸਾਲਾਂ ਵਿਚ ਪ੍ਰਾਈਵੇਟ ਸਕੂਲ ਸਰਕਾਰੀ ਸਕੂਲਾਂ ਤੋਂ ਅੱਗੇ ਰਹੇ ਹਨ।
"ਮੈਂ ਸਰਕਾਰੀ ਸਕੂਲ ਵਿਚ ਗੁਜਰਾਤੀ ਮੀਡੀਅਮ ਵਿਚ ਪੜ੍ਹੀ ਹਾਂ। ਸਭ ਕੁਝ ਚੰਗਾ ਸੀ ਪਰ ਜਦੋਂ ਮੈਂ ਨਡਿਆਡ ਵਿਚ ਬੈਚਲਰ ਆਫ਼ ਬਿਜ਼ਨੈਸ ਐਡਮਿਨਸਟਰੇਸ਼ਨ ਦੇ ਕੋਰਸ ਲਈ ਦਾਖਲਾ ਲਿਆ ਤਾਂ ਮੇਰੀ ਦੁਨੀਆਂ ਹੀ ਬਦਲ ਗਈ।
ਮੈਨੂੰ ਅਹਿਸਾਸ ਹੋਇਆ ਕਿ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਮੈਂ ਨਹੀਂ ਜਾਣਦੀ। ਮੈਂ ਭਾਸ਼ਾ ਦੇ ਮਾਮਲੇ ਵਿੱਚ ਬਹੁਤ ਚੁਸਤ ਨਹੀਂ ਹਾਂ ਜਿਵੇਂ ਕਿ ਸ਼ਹਿਰ ਦੇ ਬਾਕੀ ਵਿਦਿਆਰਥੀ ਹਨ। ਉਨ੍ਹਾਂ ਨੇ ਜੋ ਸਿੱਖਿਆ ਪ੍ਰਾਪਤ ਕੀਤੀ ਹੈ ਉਹ ਸਾਡੇ ਨਾਲੋਂ ਬਿਹਤਰ ਹੈ।"
ਪਹਿਲੀ ਵਾਰੀ ਵੋਟਰ ਕਿਸ ਨੂੰ ਪਾਏਗੀ ਵੋਟ
ਇਸ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਬੀਨਲ ਉਸ ਨੂੰ ਵੋਟ ਪਾਏਗੀ ਜੋ ਕਿ ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਸਿੱਖਿਆ ਦੇ ਪੱਧਰ ਨੂੰ ਬਰਾਬਰੀ 'ਤੇ ਲਿਆਉਣਗੇ।
ਉਸ ਨੂੰ ਲਗਦਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਪਿੰਡ ਦੇ ਵਿਦਿਆਰਥੀਆਂ ਬਾਰੇ ਨਹੀਂ ਸੋਚਦੀ।
"ਉਹ ਸਿਰਫ਼ ਦਿਖਾਵੇ ਲਈ ਸਕੂਲ ਬਣਾਉਂਦੇ ਹਨ ਕਿ ਉਹ ਵਿਦਿਆਰਥੀਆਂ ਲਈ ਕਾਫ਼ੀ ਕੁਝ ਕਰ ਰਹੇ ਹਨ ਪਰ ਸਿੱਖਿਆ ਦੀ ਗੁਣਵੱਤਾ ਬਾਰੇ ਕੀ? ਕਾਫ਼ੀ ਗੁਜਰਾਤੀ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ ਪਰ ਉਨ੍ਹਾਂ ਨੂੰ ਚੰਗੀ ਸਿੱਖਿਆ ਨਹੀਂ ਮਿਲਦੀ।"
ਉਸ ਦਾ ਸਵਾਲ ਹੈ ਕਿ ਜੇ ਉਨ੍ਹਾਂ ਨੂੰ ਚੰਗੀ ਸਿੱਖਿਆ ਨਹੀਂ ਮਿਲੇਗੀ ਤਾਂ ਉਹ ਭਵਿੱਖ ਲਈ ਕਿਵੇਂ ਤਿਆਰ ਹੋਣਗੇ?
ਬੀਨਲ ਦਾ ਪਿੰਡ ਗੁਜਰਾਤ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਸ਼ਹਿਰ ਨਾਡਿਆਡ ਤੋਂ ਸਿਰਫ਼ 14 ਕਿਲੋਮੀਟਰ ਦੂਰ ਹੈ। ਉਹ ਕਾਲਜ ਜਾਣ ਲਈ ਰੋਜ਼ਾਨਾ ਆਪਣੇ ਪਿੰਡ ਤੋਂ ਨਾਡਿਆਡ ਜਾਂਦੀ ਹੈ। ਉਹ ਨਡਿਆਡ ਦੀ ਹਲਚਲ ਵਾਲੀ ਕਾਲਜ ਰੋਡ ਤੋਂ ਰੋਜ਼ਾਨਾ ਲੰਘਦੀ ਹੈ।
ਇਸੇ ਥਾਂ ਤੋਂ ਉਸ ਦੀਆਂ ਇੱਛਾਵਾਂ ਵੱਧਦੀਆਂ ਹਨ। ਫਿਰ ਵੀ ਉਹ ਆਪਣੇ ਸਾਥੀ ਵਿਦਿਆਰਥੀਆਂ ਦੇ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਕਰ ਸਕਦੀ ਕਿਉਂਕਿ ਉਸ ਦੀ ਸਿੱਖਿਆ ਨੇ ਉਸ ਨੂੰ ਇਸ ਕਾਬਿਲ ਹੀ ਨਹੀਂ ਬਣਾਇਆ।
ਤਿੰਨ ਭੈਣਾਂ ਦੇ ਪਰਿਵਾਰ ਵਿਚ ਸਭ ਤੋਂ ਛੋਟੀ ਬੀਨਲ ਆਪਣੇ ਪਰਿਵਾਰ ਨੂੰ ਮਾਣ ਮਹਿਸੂਸ ਕਰਵਾਉਣਾ ਚਾਹੁੰਦੀ ਹੈ।
"ਮੇਰੇ ਮਾਪਿਆਂ ਨੇ ਮੈਨੂੰ ਸਿੱਖਿਆ ਦਿਵਾਉਣ ਲਈ ਸਭ ਕੁਝ ਲਾ ਦਿੱਤਾ। ਮੈਂ ਸੋਚਿਆ ਕਿ ਮੈਂ ਕਾਲਜ ਵਿਚ ਆਪਣੀ ਕਾਰਗੁਜ਼ਾਰੀ ਨਾਲ ਉਨ੍ਹਾਂ ਨੂੰ ਖੁਸ਼ ਕਰ ਦੇਵਾਂਗੀ ਪਰ ਕਿਸੇ ਕਾਰਨ ਮੈਂ ਪਿੱਛੇ ਰਹਿ ਰਹੀ ਹਾਂ।"
ਪੇਂਡੂ ਖੇਤਰਾਂ ਵਿੱਚ ਵਿਕਾਸ ਦੀ ਲੋੜ
ਉਹ ਵੱਡੀਆਂ ਗੱਲਾਂ ਕਰਨ ਅਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਦੀ ਮਦਦ ਨਾ ਕਰਨ ਲਈ ਸਰਕਾਰ ਦੀ ਕਾਫ਼ੀ ਅਲੋਚਨਾ ਕਰਦੀ ਹੈ।
"ਸਰਕਾਰ ਸਟਾਰਟ-ਅਪ ਇੰਡੀਆ, ਡਿਜੀਟਲ ਇੰਡੀਆ ਦੀ ਗੱਲ ਕਰਦੀ ਹੈ ਪਰ ਉਹ ਇਹ ਚੀਜ਼ਾਂ ਪੇਂਡੂ ਵਿਦਿਆਰਥੀਆਂ ਨੂੰ ਨਹੀਂ ਸਿਖਾਉਂਦੀ। ਤਾਂ ਉਹ ਜ਼ਿੰਦਗੀ ਵਿਚ ਕਿਵੇਂ ਤਰੱਕੀ ਕਰ ਸਕਦੇ ਹਨ?"

ਤਸਵੀਰ ਸਰੋਤ, Getty Images
ਸਾਲ 2018 ਦੀ ਸਲਾਨਾ ਸਿੱਖਿਆ ਰਿਪੋਰਟ ਮੁਤਾਬਕ ਸਰਕਾਰੀ ਸਕੂਲਾਂ ਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਸਿਰਫ਼ 44.2 ਫੀਸਦੀ ਵਿਦਿਆਰਥੀ ਹੀ ਦੂਜੀ ਕਲਾਸ ਦੀ ਪੜ੍ਹਾਈ ਪੜ੍ਹ ਸਕਦੇ ਹਨ।
ਬੀਨਲ ਨਿਰਾਸ਼ ਹੋ ਕੇ ਕਹਿੰਦੀ ਹੈ, "ਸਰਕਾਰ ਸਾਡੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ।"
"ਉਹ ਸੱਚਮੁੱਚ ਸਾਡੀ ਪਰਵਾਹ ਨਹੀਂ ਕਰਦੇ ਅਤੇ ਉਹ ਕਰਨ ਵੀ ਕਿਉਂ? ਉਨ੍ਹਾਂ ਦੇ ਬੱਚੇ ਚੰਗੇ ਸਕੂਲਾਂ ਵਿਚ ਜਾਂਦੇ ਹਨ, ਉਨ੍ਹਾਂ ਨੂੰ ਵਧੀਆ ਸਿੱਖਿਆ ਮਿਲਦੀ ਹੈ, ਫਿਰ ਉਹ ਪਿੰਡਾਂ ਵਿਚ ਸਰਕਾਰੀ ਸਕੂਲਾਂ ਬਾਰੇ ਕਿਉਂ ਫਿਕਰ ਕਰਨਗੇ?"
ਇਹ ਵੀ ਪੜ੍ਹੋ:
ਬੀਨਲ ਦੇ ਵੱਡੇ ਭਰਾ ਹਿਤੇਸ਼ ਚਾਵੜਾ ਦਾ ਕਹਿਣਾ ਹੈ, "ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਸੁਰੱਖਿਅਤ ਨੌਕਰੀ ਹੈ, ਉਹ ਆਉਂਦੇ ਹਨ ਅਤੇ ਜਾਂਦੇ ਹਨ। ਕੋਈ ਵੀ ਪਿੰਡ ਦੇ ਵਿਦਿਆਰਥੀਆਂ ਦੀ ਬਿਹਤਰੀ ਬਾਰੇ ਨਹੀਂ ਸੋਚਦਾ। ਇਹ ਅਧਿਆਪਕਾਂ ਦੀ ਗਲਤੀ ਨਹੀਂ ਹੈ, ਇਹ ਸੀਨੀਅਰ ਸਰਕਾਰੀ ਅਫ਼ਸਰਾਂ ਅਤੇ ਸਿਆਸਤਦਾਨਾਂ ਦੀ ਗਲਤੀ ਹੈ ਜਿਨ੍ਹਾਂ ਨੂੰ ਸਰਕਾਰੀ ਅਧਿਆਪਕਾਂ ਦੇ ਬੋਝ ਨੂੰ ਘਟਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਵਿਕਾਸ ਲਈ ਜਵਾਬਦੇਹ ਬਣਾਉਣਾ ਚਾਹੀਦਾ ਹੈ।"
ਉਹ ਕਹਿੰਦੀ ਹੈ ਸਿਰਫ਼ ਨਾਮ ਦੇ ਲਈ ਸਕੂਲ ਅਤੇ ਕਾਲਜ ਬਣਾਉਣੇ ਕਾਫ਼ੀ ਨਹੀਂ ਹੈ।
ਇਸੇ ਲਈ ਭਾਰਤ ਦੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਦੇ ਲਈ ਸਿਰਫ਼ ਸਿੱਖਿਆ ਹੀ ਨਹੀਂ ਸਗੋਂ ਸਿੱਖਿਆ ਦੀ ਗੁਣਵੱਤਾ ਇੱਕ ਮਹੱਤਵਪੂਰਨ ਮੁੱਦਾ ਬਣ ਜਾਂਦਾ ਹੈ।
"ਅਸੀਂ ਸ਼ਹਿਰੀ ਵਿਦਿਆਰਥੀਆਂ ਨਾਲ ਹੀ ਮੁਕਾਬਲਾ ਕਰਨ ਦੇ ਯੋਗ ਨਹੀਂ ਹਾਂ, ਅਸੀਂ ਕਿਵੇਂ ਵਿਦੇਸ਼ੀ ਵਿਦਿਆਰਥੀਆਂ ਨਾਲ ਮੁਕਾਬਲਾ ਕਰਨ ਬਾਰੇ ਸੋਚ ਸਕਦੇ ਹਾਂ?"
ਉਹ ਇੱਕ ਦੇਸ ਵਿਚ ਹੀ ਦੋ ਸੰਸਾਰਾਂ ਦੇ ਹੋਣ ਬਾਰੇ ਗੱਲ ਕਰਦਿਆਂ ਕਹਿੰਦੀ ਹੈ, "ਭਾਰਤ ਅਤੇ ਇੰਡੀਆ ਦੋਨੋਂ ਵੱਖਰੀਆਂ ਗੱਲਾਂ ਹਨ। ਉਨ੍ਹਾਂ ਦੀ ਅਸਲੀਅਤ ਅਤੇ ਤਜ਼ਰਬੇ ਬਿਲਕੁਲ ਵੱਖਰੇ ਹਨ। ਮੈਂ ਚਾਹੁੰਦੀ ਹਾਂ ਕਿ ਉਹ ਇਕੱਠੇ ਹੋ ਕੇ ਵਿਕਸਿਤ ਹੋ ਸਕਣ। ਉਹ ਇਕੱਠੇ ਹੋ ਸਕਣ।"
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ












