ਸਮਝੌਤਾ ਐਕਸਪ੍ਰੈਸ ਧਮਾਕਾ: ‘ਅੱਜ ਵੀ ਨਹੀਂ ਭੁੱਲਦਾ, ਸਮਝੌਤਾ ਐਕਸਪ੍ਰੈਸ ’ਚ ਸੜਦੇ ਲੋਕਾਂ ਦਾ ਮੰਜ਼ਰ’

ਤਸਵੀਰ ਸਰੋਤ, Sat Singh/BBC
- ਲੇਖਕ, ਸੱਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਫਰਵਰੀ 18, 2007 ਦੀ ਅੱਧੀ ਰਾਤ ਨੂੰ ਈਸ਼ਵਰ ਸਿੰਘ ਕਾਦਯਾਨ ਖੇਤਾਂ 'ਚੋਂ ਵਾਪਸ ਘਰ ਪਰਤ ਰਹੇ ਸਨ ਜਦੋਂ ਉਨ੍ਹਾਂ ਨੇ ਸਮਝੌਤਾ ਐਕਸਪ੍ਰੈਸ ਦੇ ਸੜਦੇ ਹੋਏ ਡਿੱਬੇ ਵੇਖੇ ਜੋ ਦਿਵਾਨਾ ਰੇਲਵੇ ਸਟੇਸ਼ਨ ਤੋਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਸਨ।
ਸਮਝੌਤਾ ਐਸਕਪ੍ਰੈਸ ਬਲਾਸਟ ਮਾਮਲੇ ਵਿੱਚ 11 ਮਾਰਚ ਨੂੰ ਫੈਸਲਾ ਸੁਣਾਇਆ ਜਾ ਸਕਦਾ ਹੈ। 2007 ਵਿੱਚ ਹੋਏ ਇਸ ਧਮਾਕੇ ਵਿੱਚ 68 ਲੋਕ ਮਾਰੇ ਗਏ ਸਨ।
ਅੱਗ ਵਿੱਚ ਬਲਦੇ ਡਿੱਬਿਆਂ ਨਾਲ ਜਿੱਥੇ ਟਰੇਨ ਰੁਕੀ ਉੱਥੇ ਨੇੜੇ ਪਿੰਡ ਸਿਵਾਹ ਪੈਂਦਾ ਸੀ।
ਪਿੰਡ ਸਿਵਾਹ ਦੇ ਰਹਿਣ ਵਾਲੇ ਈਸ਼ਵਰ ਨੇ ਕਿਹਾ, ''ਪਹਿਲਾਂ ਮੈਨੂੰ ਲਗਿਆ ਕਿ ਉਹ ਲਾਈਟਾਂ ਹਨ ਪਰ ਜਦੋਂ ਟਰੇਨ ਮੇਰੇ ਘਰ ਦੇ ਕੋਲ੍ਹ ਰੁਕੀ ਤਾਂ ਮੈਂ ਝੱਟ ਰੋਂਦੇ ਹੋਏ ਲੋਕਾਂ ਦੀਆਂ ਆਵਾਜ਼ਾਂ ਸੁਣਕੇ ਭੱਜਿਆ।''
ਈਸ਼ਵਰ ਸਿੰਘ ਨੇ ਦੱਸਿਆ ਕਿ ਉਹ ਤੁਰੰਤ ਹੋਰ ਪਿੰਡ ਵਾਲਿਆਂ ਨੂੰ ਮਦਦ ਲਈ ਬੁਲਾਉਣ ਲੱਗੇ ਅਤੇ 40 ਤੋਂ 50 ਲੋਕ ਪਾਣੀ ਦੀਆਂ ਬਾਲਟੀਆਂ ਲੈ ਕੇ ਟਰੇਨ ਕੋਲ੍ਹ ਪਹੁੰਚ ਗਏ।
ਉਨ੍ਹਾਂ ਕਿਹਾ, ''ਕੁਝ ਲੋਕ ਪਾਣੀ ਤੇ ਕੁਝ ਮਿੱਟੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਨਾਕਾਮ ਰਹੇ।''
ਇਹ ਵੀ ਪੜ੍ਹੋ:
ਉਸ ਵੇਲੇ ਦੇ ਸਿਵਾਹ ਪਿੰਡ ਦੇ ਸਰਪੰਚ, ਹੁਣ 70 ਸਾਲਾ ਕਰਨ ਸਿੰਘ ਨੇ ਦੱਸਿਆ, ''ਮੈਂ ਇੱਕ ਵਜੇ ਘਟਨਾ ਦੀ ਥਾਂ 'ਤੇ ਪਹੁੰਚਿਆ ਤਾਂ ਰੇਲਾਂ ਨੇੜੇ ਰਹਿਣ ਵਾਲੇ ਲੋਕ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।''
ਪਿੰਡ ਦੇ ਸਰਪੰਚ ਹੋਣ ਕਰਕੇ ਉਨ੍ਹਾਂ ਨੇ ਸਥਾਨਕ ਪੁਲਿਸ, ਫਾਇਰ-ਬ੍ਰਿਗੇਡ ਅਤੇ ਮੁੱਖ ਮੈਂਬਰਾਂ ਨੂੰ ਮਦਦ ਲਈ ਬੁਲਾਇਆ ਸੀ।
ਉਨ੍ਹਾਂ ਕਿਹਾ, ''ਮਰਨ ਵਾਲੇ ਪਾਕਿਸਤਾਨੀ ਸਨ, ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪਿਆ, ਉਸ ਵੇਲੇ ਇਨਸਾਨੀਅਤ ਸਭ ਤੋਂ ਅਹਿਮ ਸੀ। ਮੈਂ ਸਮਝਾ ਨਹੀਂ ਸਕਦਾ ਕਿ ਰੋਂਦੇ ਲੋਕਾਂ ਨੂੰ ਵੇਖ ਕੇ ਮੇਰੇ 'ਤੇ ਕੀ ਗੁਜ਼ਰ ਰਹੀ ਸੀ।''

ਤਸਵੀਰ ਸਰੋਤ, Sat Singh/BBC
ਉਨ੍ਹਾਂ ਦੱਸਿਆ ਕਿ ਉਸ ਰਾਤ ਉਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਨਹੀਂ ਸੁੱਤਾ ਸੀ ਅਤੇ ਸਾਰੀ ਰਾਤ ਲੋਕਾਂ ਦੀ ਮਦਦ ਕਰਨ ਵਿੱਚ ਬਿਤਾਈ।
ਉਨ੍ਹਾਂ ਅੱਗੇ ਦੱਸਿਆ ਕਿ ਉਸ ਵੇਲੇ ਤੱਕ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਗੱਡੀ ਨੂੰ ਅੱਗ ਬੰਬ ਧਮਾਕੇ ਕਾਰਨ ਲੱਗੀ ਸੀ।
ਸਵੇਰ ਤੱਕ ਪੁਲਿਸ ਨੇ ਵੀ ਇਲਾਕੇ ਨੂੰ ਸੀਲ ਕਰ ਦਿੱਤਾ ਸੀ।
'ਬੂਹੇ ਕੋਲ੍ਹ ਲਾਸ਼ਾਂ ਇੱਕ ਦੂਜੇ ’ਤੇ ਇੱਟਾਂ ਵਾਂਗ ਪਈਆਂ ਸਨ'
1991 ਤੋਂ ਪਿੰਡ ਦੇ ਚੌਕੀਦਾਰ ਰਹੇ ਰਾਜਬੀਰ ਉਸ ਰਾਤ ਨੂੰ ਯਾਦ ਕਰਦਿਆਂ ਕਹਿੰਦੇ ਹਨ, ''ਉਹ ਰਾਤ ਨਹੀਂ ਭੁੱਲ ਸਕਦਾ ਜਦੋਂ ਇੱਕ ਪਾਸੇ ਪੂਰਾ ਪਿੰਡ ਮਦਦ ਲਈ ਆ ਗਿਆ ਸੀ ਤੇ ਦੂਜੇ ਪਾਸੇ ਲੋਕ ਅੱਗ ਵਿੱਚ ਸੜ ਰਹੇ ਸਨ। ਪਿੰਡ ਵਾਲਿਆਂ ਨੂੰ ਮਦਦ ਕਰਨ ਵਿੱਚ ਇਸ ਲਈ ਮੁਸ਼ਕਿਲ ਆ ਰਹੀ ਸੀ ਕਿਉਂਕਿ ਬੂਹੇ ਅੰਦਰੋਂ ਬੰਦ ਸਨ।''
ਉਨ੍ਹਾਂ ਅੱਗੇ ਕਿਹਾ, ''ਜਦੋਂ ਗੈਸ-ਕਟਰ ਰਾਹੀਂ ਬੂਹੇ ਕੱਟੇ ਗਏ, ਮੈਂ ਅੰਦਰ ਗਿਆ ਅਤੇ ਵੇਖਿਆ ਕਿ ਸਰੀਰ ਸੁਆਹ ਬਣ ਗਏ ਸਨ। ਬੂਹੇ ਕੋਲ੍ਹ ਲਾਸ਼ਾਂ ਇੱਕ ਦੂਜੇ ’ਤੇ ਇੱਟਾਂ ਵਾਂਗ ਪਈਆਂ ਸਨ, ਸ਼ਾਇਦ ਉਹ ਬੂਹਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ।''
ਇਹ ਵੀ ਪੜ੍ਹੋ:
ਪ੍ਰਸ਼ਾਸਨ ਵੱਲੋਂ ਬਚਾਅ ਲਈ ਜਾਣ ਵਾਲੇ ਲੋਕਾਂ ਨੂੰ ਮਾਸਕ ਅਤੇ ਦਸਤਾਨੇ ਦਿੱਤੇ ਗਏ ਸਨ।
ਉਨ੍ਹਾਂ ਕਿਹਾ ਕਿ ਆਪਣੇ ਵਲੋਂ ਉਨ੍ਹਾਂ ਨੇ ਲਾਸ਼ਾਂ ਦੇ ਉੱਤੇ ਦੇਣ ਲਈ ਸਫੇਦ ਚਾਦਰਾਂ ਦਾ ਇੰਤਜ਼ਾਮ ਕੀਤਾ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੇ ਇਸਤੇਮਾਲ ਤੋਂ ਇਨਕਾਰ ਕਰ ਦਿੱਤਾ ਸੀ।
''ਉਥੋਂ ਲਾਸ਼ਾਂ ਐਂਬੂਲੈਂਸ ਅਤੇ ਨਿੱਜੀ ਗੱਡੀਆਂ ਵਿੱਚ ਪਲਾਸਟਿਕ ਦੀਆਂ ਥੈਲੀਆਂ ’ਚ ਲਿਜਾਈਆਂ ਗਈਆਂ ਸਨ।''

ਤਸਵੀਰ ਸਰੋਤ, Sat Singh/BBC
ਪਿੰਡ ਜੇ ਬਲਵਾਨ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੰਜ ਵਜੇ ਇਸ ਹਾਦਸੇ ਬਾਰੇ ਪਤਾ ਲਗਿਆ ਸੀ।
ਉਨ੍ਹਾਂ ਕਿਹਾ, ''ਮੈਂ ਵੇਖਿਆ ਕਿ ਸੈਂਕੜੇ ਪਿੰਡ ਵਾਲੇ ਕੰਬਲਾਂ, ਚਾਦਰਾਂ ਤੇ ਬਾਲਟੀਆਂ ਲੈ ਕੇ ਪਟੜੀ 'ਤੇ ਖੜੇ ਹਨ। ਪ੍ਰਸ਼ਾਸਨ ਵੀ ਤੜਕੇ ਹੀ ਆ ਗਿਆ ਸੀ, ਅਸੀਂ ਲੋੜਵੰਦ ਯਾਤਰੀਆਂ ਨੂੰ ਖਾਣਾ, ਦੁੱਧ ਤੇ ਕੱਪੜੇ ਦਿੱਤੇ ਸੀ।''
ਦਿਵਾਨਾ ਰੇਲਵੇ ਸਟੇਸ਼ਨ 'ਤੇ ਲੱਗੇ ਪੌਇੰਟ ਮੈਨ ਵਿਜੇ ਕੁਮਾਰ ਨੇ ਉਸ ਦਿਨ ਨੂੰ ਯਾਦ ਕਰਦਿਆਂ ਕਿਹਾ, ''ਲੋਕ ਕਹਿ ਰਹੇ ਸਨ ਕਿ ਹਾਦਸਾ ਹੋ ਗਿਆ ਹਾਦਸਾ ਹੋ ਗਿਆ। ਜਦੋਂ ਮੈਂ ਘਟਨਾ ਵਾਲੀ ਥਾਂ 'ਤੇ ਪਹੁੰਚਿਆ ਤਾਂ ਮੈਨੂੰ ਰੇਲਾਂ 'ਤੇ ਡਿਊਟੀ ਲਈ ਭੇਜਿਆ ਗਿਆ। 2 ਕਿਲੋਮੀਟਰ ਦੂਰ ਤੋਂ ਹੀ ਮੈਂ ਖੇਤਾਂ ਵਿੱਚ ਖੜ੍ਹੀ ਅੱਗ ਨਾਲ ਸੜੀ ਹੋਈ ਗੱਡੀ ਵੇਖ ਸਕਦਾ ਸੀ।''

ਤਸਵੀਰ ਸਰੋਤ, Sat Singh/BBC
ਉਨ੍ਹਾਂ ਕਿਹਾ ਕਿ ਰੇਲਵੇ ਅਧਿਕਾਰੀਆਂ ਨੇ ਦੋ ਡਿੱਬਿਆਂ ਨੂੰ ਬਾਕੀ ਦੀ ਰੇਲ ਗੱਡੀ ਤੋਂ ਵੱਖ ਕਰ ਦਿੱਤਾ ਸੀ ਤਾਂ ਜੋ ਅੱਗ ਅੱਗੇ ਨਾ ਫੈਲੇ।
2-3 ਮਹੀਨਿਆਂ ਤੱਕ ਰੇਲ ਦੇ ਸੜੇ ਹੋਏ ਡਿੱਬੇ ਉਸੇ ਥਾਂ 'ਤੇ ਖੜ੍ਹੇ ਰਹੇ ਸਨ। ਫਿਰ ਉਨ੍ਹਾਂ ਨੂੰ ਪਾਣੀਪਤ ਰੇਲਵੇ ਸਟੇਸ਼ਨ 'ਤੇ ਸ਼ਿਫਟ ਕੀਤਾ ਗਿਆ ਸੀ।
ਸਰਕਾਰ ਨੇ ਪਿੰਡ ਨੂੰ ਸਨਮਾਨ ਨਹੀਂ ਦਿੱਤਾ
ਪਿੰਡ ਵਾਲਿਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਵੇਲੇ ਦੇ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਥਾਂ 'ਤੇ ਆਏ ਸਨ ਅਤੇ ਪਿੰਡ ਵਾਲਿਆਂ ਦੀ ਸਿਫਤ ਕੀਤੀ ਸੀ।
ਕਰਨ ਸਿੰਘ ਨੇ ਕਿਹਾ, ''ਸਰਕਾਰ ਨੇ ਪਿੰਡ ਵਿੱਚ ਕਮਿਊਨਿਟੀ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਸੀ ਪਰ ਸਮੇਂ ਦੇ ਨਾਲ ਭੁੱਲ ਗਏ।''
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













