ਰਾਜਨਾਥ ਸਿੰਘ ਨੇ ਕਿਹਾ ਬਾਲਾਕੋਟ 'ਚ ਕਿੰਨੇ ਅੱਤਵਾਦੀ ਮਰੇ, ਅੱਜ ਜਾਂ ਕੱਲ੍ਹ ਦੱਸਾਂਗੇ- ਅੱਜ ਦੀਆਂ 5 ਅਹਿਮ ਖ਼ਬਰਾਂ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ 'ਤੇ ਹਵਾਈ ਹਮਲੇ 'ਚ ਕਿੰਨੇ ਅੱਤਵਾਦੀ ਮਾਰੇ ਗਏ ਉਸ ਬਾਰੇ ''ਅੱਜ ਜਾਂ ਕੱਲ੍ਹ'' ਪਤਾ ਲੱਗ ਜਾਵੇਗਾ।

ਉਨ੍ਹਾਂ ਦਾਅਵਾ ਕੀਤਾ ਕਿ ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜ਼ੇਸ਼ਨ ਸਿਸਟਮ ਨੇ ਭਾਰਤ ਵੱਲੋਂ ਏਅਰ ਸਟਰਾਈਕ ਕਰਨ ਤੋਂ ਪਹਿਲਾਂ ਉਸ ਥਾਂ 'ਤੇ 300 ਐਕਟਿਵ ਮੋਬਾਈਲ ਫ਼ੋਨਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਇਹ ਜਾਣਨਾ ਚਾਹੁੰਦੀ ਹੈ ਕਿ ਕਿੰਨੇ ਅੱਤਵਾਦੀ ਮਰੇ ਹਨ ਤਾਂ ਉਹ ਪਾਕਿਸਤਾਨ ਜਾਵੇ ਅਤੇ ਲਾਸ਼ਾਂ ਦੀ ਗਿਣਤੀ ਕਰ ਲਵੇ।

ਰਾਜਨਾਥ ਸਿੰਘ ਨੇ ਕਿਹਾ,''ਹੋਰਾਂ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਪੁੱਛ ਰਹੇ ਹਨ ਕਿ ਏਅਰ ਸਟਰਾਈਕ ਵਿੱਚ ਕਿੰਨੇ ਅੱਤਵਾਦੀ ਮਾਰੇ ਗਏ ਹਨ। ਅੱਜ ਜਾਂ ਕੱਲ ਇਸ ਬਾਰੇ ਪਤਾ ਲੱਗ ਜਾਵੇਗਾ। ਪਾਕਿਸਤਾਨ ਅਤੇ ਉਨ੍ਹਾਂ ਦੇ ਲੀਡਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿੰਨੇ ਅੱਤਵਾਦੀ ਮਾਰੇ ਗਏ ਹਨ।''

ਇਹ ਵੀ ਪੜ੍ਹੋ:

ਇਮਰਾਨ ਨੇ ਆਪਣੇ ਮੰਤਰੀ ਦੀ ਕੀਤੀ ਛੁੱਟੀ

ਪਾਕਿਸਤਾਨੀ ਪੰਜਾਬ ਦੇ ਸੂਚਨਾ ਤੇ ਸੱਭਿਆਚਾਰ ਮੰਤਰੀ ਫ਼ੈਯਾਜ਼ ਅਲ ਹਸਨ ਚੌਹਾਨ ਨੂੰ ਹਿੰਦੂਆਂ ਬਾਰੇ ਵਿਵਾਦਿਤ ਟਿੱਪਣੀ ਦੇਣ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਫ਼ੈਯਾਜ਼ ਅਲ ਹਸਨ ਚੌਹਾਨ ਨੂੰ ਇਸ ਬਿਆਨ ਤੋਂ ਬਾਅਦ ਤਲਬ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਮੁੱਖ ਮੰਤਰੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਚੌਹਾਨ ਨੇ ਹਿੰਦੂਆਂ ਨੂੰ ਗਊ ਦਾ ਮੂਤ ਪੀਣ ਵਾਲੇ ਦੱਸਿਆ ਸੀ ਤੇ ਕਿਹਾ ਸੀ ਕਿ ਭਾਰਤ ਪਾਕਿਸਤਾਨ ਦਾ ਮੁਕਾਬਲਾ ਨਹੀਂ ਕਰ ਸਕਦਾ।

ਇਸ ਬਿਆਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਚਾਰੇ ਪਾਸਿਓਂ ਨਿੰਦਾ ਹੋ ਰਹੀ ਸੀ।

ਕਾਂਗਰਸ 'ਚ ਸ਼ਾਮਲ ਹੋਏ ਘੁਬਾਇਆ

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਅਗਲੇ ਦਿਨ ਹੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।

ਸ਼ੇਰ ਸਿੰਘ ਘੁਬਾਇਆ ਦਿੱਲੀ ਵਿੱਚ ਰਾਹੁਲ ਗਾਂਧੀ, ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਦੀ ਮੌਜੂਦਗੀ ਵਿੱਚ ਅਧਿਕਾਰਤ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਹੋਏ।

ਘੁਬਾਇਆ ਨੂੰ ਫਿਰੋਜ਼ਪੁਰ ਸੀਟ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ। ਪਿਛਲੇ ਤਿੰਨ ਦਿਨਾਂ ਵਿੱਚ ਘੁਬਾਇਆ ਐਨਡੀਏ ਦੇ ਦੂਜੇ ਸੰਸਦ ਮੈਂਬਰ ਹਨ ਜਿਹੜੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਜਪਾ ਸਾਂਸਦ ਸਾਵਿਤਰੀ ਬਾਈ ਫੁਲੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਪੂਰੀ ਖ਼ਬਰ ਪੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਲੰਡਨ ਵਿੱਚ ਤਿੰਨ ਥਾਵਾਂ 'ਤੇ ਵਿਸਫੋਟਕ ਮਿਲੇ

ਬ੍ਰਿਟੇਨ ਦੇ ਹੀਥਰੋ ਹਵਾਈ ਅੱਡੇ, ਲੰਡਨ ਸਿਟੀ ਏਅਰਪੋਰਟ ਅਤੇ ਵਾਟਰੂਲ ਸਟੇਸ਼ਨ 'ਤੇ ਵਿਸਫੋਟਕ ਮਿਲੇ ਹਨ ਜਿਸਦੀ ਪੁਲਿਸ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਪੁਲਿਸ ਦਾ ਕਹਿਣਾ ਹੈ ਕਿ ਵਿਸਫੋਟਕ ਸਮੱਗਰੀ ਨੂੰ ਏ-4 ਪੋਸਟਲ ਬੈਗ ਦੇ ਅੰਦਰ ਰੱਖਿਆ ਗਿਆ ਸੀ।

ਜਾਂਚ ਅਧਿਕਾਰੀ ਵੱਖ-ਵੱਖ ਥਾਵਾਂ 'ਤੇ ਇੱਕੋ ਜਿਹੇ ਵਿਸਫੋਟਕ ਮਿਲਣ ਨੂੰ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪੁਲਿਸ ਮੁਤਾਬਕ ਵਿਸਫੋਟਕਾਂ ਕਾਰਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।

ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਲ ਬੈਗ ਵਿੱਚ ਵਿਸਫੋਟਕ ਇਸ ਤਰ੍ਹਾਂ ਰੱਖਿਆ ਗਿਆ ਸੀ ਕਿ ਜਦੋਂ ਉਸ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਉਹ ਅੱਗ ਫੜ ਲੈਂਦਾ ਹੈ। ਪੂਰੀ ਖ਼ਬਰ ਪੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਅਰਬਪਤੀ

ਫੋਰਬਸ ਬਿਲੀਅਨਰੀਜ਼ ਦੀ ਸੂਚੀ ਮੁਤਾਬਕ ਕੈਲੀ ਜੇਨਰ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ ਬਣੀ ਹੈ ਉਹ ਵੀ ਆਪਣੀ ਮਿਹਨਤ ਸਦਕਾ।

ਕਰਦਸ਼ੀਅਨ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਕੇਲੀ ਨੇ ਕੋਸਮੈਟਿਕ ਦੇ ਕਾਰੋਬਾਰ ਤੋਂ ਇਹ ਸਫਲਤਾ ਹਾਸਲ ਕੀਤੀ ਹੈ।

21 ਸਾਲਾ ਕੇਲੀ ਨੇ ਸਿਰਫ਼ ਤਿੰਨ ਸਾਲ ਪੁਰਾਣੇ ਇਸ ਕਾਰੋਬਾਰ ਤੋਂ ਔਸਤਨ 360 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ।

ਉਨ੍ਹਾਂ ਨੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਨੂੰ ਵੀ ਇਸ ਮਾਮਲੇ ਵਿੱਚ ਛੱਡ ਦਿੱਤਾ ਹੈ। ਮਾਰਕ ਜ਼ਕਰਬਰਗ ਨੇ 23 ਸਾਲ ਦੀ ਉਮਰ ਵਿੱਚ ਇਹ ਮੁਕਾਮ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)