ਕੀ ਮੋਦੀ ਸਰਕਾਰ ਨੇ ਪਿਛਲੀ ਸਰਕਾਰ ਤੋਂ ਵੱਧ ਸੜਕਾਂ ਬਣਵਾਈਆਂ : #IndiaElection2019

    • ਲੇਖਕ, ਸਲਮਾਨ ਰਾਵੀ
    • ਰੋਲ, ਪੱਤਰਕਾਰ, ਬੀਬੀਸੀ

ਦਾਅਵਾ: ਮੌਜੂਦਾ ਸਰਕਾਰ ਦਾ ਦਾਅਵਾ ਹੈ ਕਿ ਉਹ ਪਿਛਲੀ ਸਰਕਾਰ ਨਾਲੋਂ ਤਿੰਨ ਗੁਣਾ ਵੱਧ ਸੜਕਾਂ ਦੀ ਉਸਾਰੀ ਕਰ ਰਹੀ ਹੈ।

ਹਕੀਕਤ: ਸੜਕ ਦੀ ਉਸਾਰੀ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਕਾਫ਼ੀ ਵੱਧ ਹੋਈ ਹੈ ਪਰ ਇਹ ਪਿਛਲੀ ਸਰਕਾਰ ਨਾਲੋਂ ਤਿੰਨ ਗੁਣਾ ਵੱਧ ਨਹੀਂ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪ੍ਰੈਲ 2018 'ਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਨਾਲੋਂ ਜ਼ਿਆਦਾ ਸੜਕਾਂ ਦੀ ਉਸਾਰੀ ਕਰ ਰਹੀ ਹੈ।

ਉਨ੍ਹਾਂ ਕਿਹਾ ਸੀ, "ਅੱਜ ਰੋਜ਼ਾਨਾ ਜੋ ਕੰਮ ਕੀਤਾ ਜਾ ਰਿਹਾ ਹੈ ਉਹ ਪਿਛਲੀ ਸਰਕਾਰ ਨਾਲੋਂ ਤਿੰਨ ਗੁਣਾ ਵੱਧ ਹੋ ਰਿਹਾ ਹੈ।"

ਭਾਰਤ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਸੜਕ ਨੈੱਟਵਰਕ ਹੈ। ਭਾਰਤ ਵਿੱਚ ਸੜਕੀ ਢਾਂਚਾ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ:

  • ਨੈਸ਼ਨਲ ਹਾਈਵੇਅ
  • ਸਟੇਟ ਹਾਈਵੇਅ
  • ਪੇਂਡੂ ਸੜਕਾਂ

ਸਾਲ 1947 ਵਿੱਚ ਆਜ਼ਾਦੀ ਵੇਲੇ ਭਾਰਤ ਵਿਚ ਕੌਮੀ ਸ਼ਾਹਰਾਹ ਦੀ ਕੁੱਲ ਲੰਬਾਈ 21,378 ਕਿਲੋਮੀਟਰ ਸੀ ਜੋ ਕਿ ਦੇਸ ਦੇ ਅਹਿਮ ਮਾਰਗ ਹਨ।

ਸਾਲ 2018 ਤੱਕ ਇਹ ਅੰਕੜਾ 1,29,709 ਕਿਲੋਮੀਟਰ ਤੱਕ ਪਹੁੰਚ ਗਿਆ ਸੀ।

ਦਿੱਲੀ ਸਰਕਾਰ ਨੈਸ਼ਨਲ ਹਾਈਵੇਜ਼ ਲਈ ਫੰਡ ਦਿੰਦੀ ਅਤੇ ਸੜਕਾਂ ਦੀ ਉਸਾਰੀ ਕਰਵਾਉਂਦੀ ਹੈ। ਸੂਬਾ ਸਰਕਾਰਾਂ ਸੂਬੇ ਵਿੱਚ ਹਾਈਵੇਅਜ਼ ਦੀ ਉਸਾਰੀ ਕਰਵਾਉਂਦੀਆਂ ਹਨ। ਪੇਂਡੂ ਖੇਤਰਾਂ ਦੀਆਂ ਸੜਕਾਂ ਪੇਂਡੂ ਵਿਕਾਸ ਮੰਤਰਾਲੇ ਅਧੀਨ ਆਉਂਦੀਆਂ ਹਨ।

ਉਸਾਰੀ ਦੀ ਦਰ ਵਿੱਚ ਵਾਧਾ

ਪਿਛਲੇ ਇੱਕ ਦਹਾਕੇ ਦੇ ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 2014 ਵਿੱਚ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਰ ਸਾਲ ਬਣੇ ਹਾਈਵੇਜ਼ ਦੀ ਗਿਣਤੀ ਵਿੱਚ ਵਾਧਾ ਜ਼ਰੂਰ ਹੋਇਆ ਹੈ।

ਆਪਣੇ ਕਾਰਜਕਾਲ ਦੇ ਅਖੀਰਲੇ ਸਾਲ 2013-14 'ਚ ਪਿਛਲੀ ਕਾਂਗਰਸ ਸਰਕਾਰ ਨੇ 4,260 ਕਿਲੋਮੀਟਰ ਕੌਮੀ ਮਾਰਗ ਬਣਵਾਏ।

ਸਾਲ 2017-18 ਵਿਚ ਮੌਜੂਦਾ ਭਾਜਪਾ ਸਰਕਾਰ ਨੇ ਕੁੱਲ 9,829 ਕਿਲੋਮੀਟਰ ਹਾਈਵੇਅ ਬਣਵਾਇਆ। ਇਹ ਸਾਲ 2013-14 ਦੇ ਅੰਕੜੇ ਨਾਲੋਂ ਦੁਗਣਾ ਹੈ ਪਰ ਸਾਲ 2013-14 ਨਾਲੋਂ ਤਿੰਨ ਗੁਣਾਂ ਦੇ ਅੰਕੜੇ ਤੋਂ ਘੱਟ ਹੈ।

ਇਹ ਵੀ ਪੜ੍ਹੋ:

ਸੜਕੀ ਆਵਾਜਾਈ ਅਤੇ ਹਾਈਵੇਅ ਮੰਤਰਾਲੇ ਨੇ ਦਸੰਬਰ ਵਿੱਚ 2018 ਵਿੱਚ ਰੀਵਿਊ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 300 ਤੋਂ ਵੱਧ ਸਰਕਾਰੀ ਹਾਈਵੇਅ ਪ੍ਰੋਜੈਕਟ ਸਾਲ 2019 ਦੇ ਅਖੀਰ ਵਿੱਚ ਪੂਰੇ ਕਰ ਦਿੱਤੇ ਜਾਣਗੇ।

ਮੌਜੂਦਾ ਸਰਕਾਰ ਨੇ ਨੈਸ਼ਨਲ ਹਾਈਵੇਅਜ਼ ਦੀ ਉਸਾਰੀ ਲਈ ਹਰੇਕ ਵਿੱਤੀ ਵਰ੍ਹੇ ਲਈ ਵਾਧੂ ਬਜਟ ਰਾਖਵਾਂ ਹੈ।

ਹਾਈਵੇਅਜ਼ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਸੜਕਾਂ ਅਤੇ ਹਾਈਵੇਅ 'ਦੇਸ ਦੀ ਜਾਇਦਾਦ' ਹਨ, ਉਨ੍ਹਾਂ ਦੀਆਂ ਕੋਸ਼ੀਸ਼ਾਂ ਦੀ ਸ਼ਲਾਘਾ ਵਿਰੋਧੀ ਧਿਰ ਕਾਂਗਰਸ ਦੀ ਆਗੂ ਸੋਨੀਆ ਗਾਂਧੀ ਵੱਲੋਂ ਕੀਤੀ ਜਾ ਰਹੀ ਹੈ।

ਪੇਂਡੂ ਸੜਕ ਉਸਾਰੀ

ਪੇਂਡੂ ਖੇਤਰਾਂ ਵਿਚ ਸੜਕਾਂ ਦੇ ਵਿਸਥਾਰ ਦੀ ਯੋਜਨਾ ਪਿਛਲੀ ਭਾਜਪਾ ਸਰਕਾਰ ਦੀ ਅਗਵਾਈ ਵਿੱਚ ਸਾਲ 2000 ਵਿੱਚ ਕੀਤੀ ਗਈ ਸੀ।

ਪਿਛਲੇ ਸਾਲ ਮਈ ਵਿੱਚ ਭਾਜਪਾ ਨੇ ਕਿਹਾ ਸੀ ਕਿ ਸਾਲ 2016-17 ਵਿੱਚ 47,000 ਕਿਲੋਮੀਟਰ ਤੋਂ ਵੱਧ ਪੇਂਡੂ ਸੜਕਾਂ ਦੀ ਉਸਾਰੀ ਕੀਤੀ ਗਈ ਸੀ।

ਭਾਜਪਾ ਨੇ ਕਿਹਾ, "ਮੋਦੀ ਸਰਕਾਰ ਦੇ ਅਧੀਨ ਸਾਲ 2016-17 ਵਿਚ ਪੇਂਡੂ ਸੜਕਾਂ ਦੀ ਉਸਾਰੀ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ।"

ਹਾਲਾਂਕਿ ਪਿਛਲੇ ਦਹਾਕੇ ਸਾਲ 2009-10 ਦੇ ਅਧਿਕਾਰਤ ਅੰਕੜਿਆਂ ਮੁਤਾਬਕ ਪੇਂਡੂ ਖੇਤਰਾਂ ਵਿੱਚ ਇਸ ਤੋਂ ਵੀ ਵੱਧ ਜੋ ਕਿ 60,017 ਕਿਲੋਮੀਟਰ ਸੜਕਾਂ ਦੀ ਉਸਾਰੀ ਹੋਈ।

ਅਤੇ ਇਹ ਉਦੋਂ ਹੋਇਆ ਜਦੋਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿੱਚ ਸੀ।

ਜਦੋਂ ਤੋਂ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ ਪੇਂਡੂ ਖੇਤਰਾਂ ਵਿੱਚ ਸੜਕਾਂ ਦੀ ਉਸਾਰੀ ਲਈ ਬਜਟ ਵਿੱਚ ਵਾਧਾ ਹੋਇਆ ਹੈ।

ਕੋਸ਼ਿਸ਼ ਸੀ ਉਨ੍ਹਾਂ ਖੇਤਰਾਂ ਵਿੱਚ ਸੜਕਾਂ ਦਾ ਵਿਸਥਾਰ ਕਰਨ ਦੀ ਜਿਨ੍ਹਾਂ ਤੱਕ ਪਹੁੰਚ ਬਹੁਤ ਘੱਟ ਹੈ।

ਵਿਸ਼ਵ ਬੈਂਕ ਜੋ ਕਿ ਪੇਂਡੂ ਖੇਤਰਾਂ ਵਿੱਚ ਸੜਕਾਂ ਦੀ ਉਸਾਰੀ ਲਈ ਸਾਲ 2004 ਤੋਂ ਹੀ ਵਿੱਤੀ ਮਦਦ ਕਰ ਰਿਹਾ ਹੈ ਉਸ ਨੇ ਦਸੰਬਰ 2018 ਵਿੱਚ ਇੱਕ ਰਿਪੋਰਟ ਜਾਰੀ ਕੀਤੀ।

ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਵਿਕਾਸ 'ਕਾਫ਼ੀ ਸੰਤੁਸ਼ਟੀ' ਦੇਣ ਵਾਲਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)