ਕੋਲਕਾਤਾ 'ਚ ਮਮਤਾ ਬੈਨਰਜੀ ਬਨਾਮ ਸੀਬੀਆਈ : ਧਰਨੇ 'ਤੇ ਬੈਠੀ ਸੀਐੱਮ ਨੇ ਕਿਹਾ, 'ਮੈਂ ਡਰਨ ਵਾਲੀ ਨਹੀਂ'

ਤਸਵੀਰ ਸਰੋਤ, Getty Images
ਕੋਲਕਾਤਾ ਵਿਚ ਸੀਬੀਆਈ ਤੇ ਪੱਛਮੀ ਬੰਗਾਲ ਵਿਚ ਹਾਈ ਵੋਲਟੇਜ਼ ਡਰਾਮਾ ਚੱਲ ਰਿਹਾ ਹੈ। ਪੱਛਮੀ ਬੰਗਾਲ ਦੇ ਚਰਚਿਤ ਸ਼ਾਰਦਾ ਚਿਟਫੰਡ ਘੋਟਾਲੇ ਦੇ ਮਾਮਲੇ ਵਿਚ ਸੀਬੀਆਈ ਦੀ ਟੀਮ ਕੋਲਕਾਤਾ ਪਹੁੰਚੀ ਸੀ।
ਜਦੋਂ ਸੀਬੀਆਈ ਦੀ ਟੀਮ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਪਹੁੰਚੀ ਤਾਂ ਪੁਲਿਸ ਨਾਲ ਉਨ੍ਹਾਂ ਦੀ ਧੱਕਾਮੁੱਕੀ ਹੋਈ ਅਤੇ ਸੀਬੀਆਈ ਟੀਮ ਨੂੰ ਹੀ ਹਿਰਾਸਤ ਵਿਚ ਲੈ ਲਿਆ ਗਿਆ।
ਜਦੋਂ ਇਹ ਮਾਮਲਾ ਚੱਲ ਰਿਹਾ ਸੀ ਤਾਂ ਮੁੱਖ ਮੰਤਰੀ ਮਮਤਾ ਬੈਨਰਜੀ ਖ਼ੁਦ ਪੁਲਿਸ ਕਮਿਸ਼ਨਰ ਦੇ ਘਰ ਪਹੁੰਚ ਗਈ ਅਤੇ ਮੈਟਰੋ ਸਿਨੇਮਾ ਦੇ ਸਾਹਮਣੇ ਧਰਨੇ ਉੱਤੇ ਬੈਠ ਗਈ।
ਮਮਤਾ ਬੈਨਰਜੀ ਦੇ ਧਰਨੇ ਉੱਤੇ ਉਸਦੇ ਕਈ ਮੰਤਰੀ ਵੀ ਸ਼ਾਮਲ ਹਨ। ਭਾਵੇਂ ਕਿ ਬਾਅਦ ਵਿਚ ਸੀਬੀਆਈ ਟੀਮ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਸੀਬੀਆਈ ਦੇ ਦਫ਼ਤਰ ਉੱਤੇ ਸੀਆਰਪੀਐਫ਼ ਦਾ ਪਹਿਰਾ ਲਾ ਦਿੱਤਾ ਗਿਆ ਹੈ।
ਸੀਬੀਆਈ ਸੋਮਵਾਰ ਨੂੰ ਸੁਪਰੀਮ ਕੋਰਟ ਗਈ ਅਤੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਮੰਗਲਵਾਰ 'ਤੇ ਪਾ ਦਿੱਤੀ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਸੰਘੀ ਅਤੇ ਸਿਆਸੀ ਢਾਂਚੇ ਲਈ ਖਤਰਨਾਕ ਟਕਰਾਅ- ਰਾਜਨਾਥ ਸਿੰਘ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਬੋਲਦਿਆਂ ਮਮਤਾ ਬੈਨਰਜੀ ਸਰਕਾਰ ਨੂੰ ਨਿਸ਼ਾਨ 'ਤੇ ਲਿਆ।
ਅਧਿਕਾਰੀਆਂ ਨੂੰ ਤਾਕਤ ਦੀ ਵਰਤੋਂ ਕਰਦਿਆਂ ਪੁਲਿਸ ਸਟੇਸ਼ਨ ਲਿਜਾਇਆ ਗਿਆ
ਸੀਬੀਆਈ ਦੀ ਕਾਰਵਾਈ ਬਾਰੇ ਉਨ੍ਹਾਂ ਕਿਹਾ, ''ਲਗਾਤਾਰ ਕਈ ਸੰਮਨ ਦਿੱਤੇ ਜਾਣ ਦੇ ਬਾਵਜੂਦ ਵੀ ਕਮਿਸ਼ਰ ਪੇਸ਼ ਨਹੀਂ ਹੋ ਰਹੇ ਸਨ। ਮਜਬੂਰ ਹੋ ਕੇ ਸੀਬੀਆਈ ਨੂੰ ਜਾਣਾ ਪਿਆ ਕਿਉਂਕਿ ਕਮਿਸ਼ਨਰ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਸਨ। ਇਹ ਸੰਘੀ ਅਤੇ ਸਿਆਸੀ ਢਾਂਚੇ ਲਈ ਖਤਰਨਾਕ ਟਕਰਾਅ ਹੈ।''
ਉਨ੍ਹਾਂ ਅੱਗੇ ਕਿਹਾ ਕਿ ਰਾਜਪਾਲ ਕੋਲੋਂ ਇੱਕ ਰਿਪੋਰਟ ਮੰਗੀ ਗਈ ਹੈ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਲਾਅ ਐਨਫੋਰਸ ਏਜੰਸੀਆਂ ਨੂੰ ਠੀਕ ਢੰਗ ਨਾਲ ਕੰਮ ਕਰਨ ਦੇਣ। ਸੀਬੀਆਈ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਹੀ ਕਾਰਵਾਈ ਕੀਤੀ ਸੀ।
ਇਹ ਵੀ ਪੜ੍ਹੋ

ਤਸਵੀਰ ਸਰੋਤ, Sanjay das
ਐਤਵਾਰ ਤੋਂ ਸੋਮਾਵਰ ਤੱਕ ਕੀ-ਕੀ ਹੋਇਆ?
- ਸੀਬੀਆਈ ਦੇ ਸੋਮਵਾਰ ਨੂੰ ਸੁਪਰੀਮ ਕੋਰਟ ਗਈ, ਅਦਾਲਤ ਨੇ ਮੰਗਲਵਾਰ 'ਤੇ ਸੁਣਵਾਈ ਟਾਲ ਦਿੱਤੀ।
- ਐਤਵਾਰ ਸ਼ਾਮ ਸੀਬੀਆਈ ਅਧਿਕਾਰੀਆਂ ਦੀ ਇੱਕ ਟੀਮ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਸਰਕਾਰੀ ਨਿਵਾਸ 'ਤੇ ਪਹੁੰਚੀ, ਸੀਬੀਆਈ ਅਧਿਕਾਰੀ ਸ਼ਾਰਦਾ ਚਿਟਫੰਡ ਮਾਮਲੇ ਵਿੱਚ ਪੁੱਛਗਿੱਛ ਕਰਨ ਆਏ ਸਨ।
- ਪੁਲਿਸ ਨੇ ਸੀਬੀਆਈ ਦੀ ਟੀਮ ਨੂੰ ਰਾਜੀਵ ਕੁਮਾਰ ਦੇ ਘਰ 'ਚ ਦਾਖ਼ਲ ਨਹੀਂ ਹੋਣ ਦਿੱਤਾ ਅਤੇ ਉਨ੍ਹਾਂ ਨੂੰ ਸ਼ੇਕਸਪੀਅਰ ਸਾਰਣੀ ਥਾਣੇ ਲੈ ਆਈ।
- ਕੋਲਕਾਤਾ ਪੁਲਿਸ ਨੇ ਦਾਅਵਾ ਕੀਤਾ ਕਿ ਸੀਬੀਆਈ ਦੀ ਟੀਮ ਬਿਨਾ ਕਿਸੇ ਵਾਰੰਟ ਦੇ ਆਈ ਸੀ।
- ਸੀਬੀਆਈ ਟੀਮ ਪਹੁੰਚਣ ਦੀ ਜਾਣਕਾਰੀ ਮਿਲਣ 'ਤੇ ਮਮਤਾ ਬੈਨਰਜੀ ਰਾਜੀਵ ਕੁਮਾਰ ਦੇ ਘਰ ਪਹੁੰਚੀ।
- ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਮਮਤਾ ਬੈਨਰਜੀ ਮੀਡੀਆ ਨੂੰ ਮੁਖ਼ਾਤਿਬ ਹੋਈ।
- ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਭਾਰਤ ਦੇ ਸੰਘੀ ਢਾਂਚੇ 'ਤੇ ਹਮਲਾ ਹੈ। ਇਹ ਸੂਬਾ ਪੁਲਿਸ 'ਤੇ ਕੇਂਦਰ ਸਰਕਾਰ ਦਾ ਹਮਲਾ ਹੈ।
- ਮਮਤਾ ਬੈਨਰਜੀ ਨੇ ਰਾਤ ਨੂੰ ਹੀ ਕੋਲਕਾਤਾ ਦੇ ਧਰਮਤੱਲਾ ਇਲਾਕੇ ਵਿੱਚ ਧਰਨਾ ਸ਼ੁਰੂ ਕਰ ਦਿੱਤਾ। ਰਾਤ 'ਚ ਹੀ ਧਰਨੇ ਲਈ ਮੰਚ ਤਿਆਰ ਕੀਤਾ ਗਿਆ।
- ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਵੱਡੀ ਗਿਣਤੀ 'ਚ ਵਰਕਰ ਧਰਨੇ ਵਾਲੀ ਥਾਂ 'ਤੇ ਪਹੁੰਚ ਗਏ।
- ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਅਤੇ ਦੂਜੇ ਪੁਲਿਸ ਅਧਿਕਾਰੀ ਵੀ ਸਾਦੇ ਕੱਪੜਿਆਂ ਵਿੱਚ ਧਰਨੇ ਵਾਲੀ ਥਾਂ 'ਤੇ ਹਨ।
- ਕੇਂਦਰੀ ਰਿਜ਼ਰਵ ਸੁਰੱਖਿਆ ਬਲ ਦੇ ਜਵਾਨ ਕੋਲਕਾਤਾ 'ਚ ਸੀਬੀਆਈ ਦੇ ਮੁੱਖ ਦਫ਼ਤਰ ਪਹੁੰਚੇ।
- ਸੀਬੀਆਈ ਦੇ ਅੰਤਰਿਮ ਨਿਰਦੇਸ਼ਕ ਐਮ ਨਾਗੇਸ਼ਵਰ ਰਾਓ ਮੁਤਾਬਕ ਰਾਜੀਵ ਕੁਮਾਰ ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਸਨ।
ਸੀਬੀਆਈ, ਮਮਤਾ ਤੇ ਭਾਜਪਾ ਦੇ ਇਲਜ਼ਾਮ
ਮਮਤਾ ਬੈਨਰਜੀ ਨੇ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਇੱਕ ਸਾਜ਼ਿਸ ਤਹਿਤ ਸੰਵਿਧਾਨਕ ਸੰਸਥਾਵਾਂ ਨੂੰ ਖਤਮ ਕਰ ਰਹੇ ਹਨ। ਮਮਤਾ ਦੇ ਧਰਨਾ ਸ਼ੁਰੂ ਕਰਨ ਤੋਂ ਬਾਅਦ ਪੂਰੇ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੇ ਸਮਰਥਕ ਸੜ੍ਹਕਾਂ ਉੱਤੇ ਉਤਰ ਆਏ ਹਨ।
ਸੀਬੀਆਈ ਨੇ ਕਿਹਾ, 'ਸ਼ਾਰਦਾ ਚਿਟਫੰਡ ਘੋਟਾਲੇ ਦੀ ਜਾਂਚ ਕਰਨ ਲਈ ਟੀਮ ਗਈ ਸੀ ਅਤੇ ਜਾਂਚ ਵਿਚ ਸਹਿਯੋਗ ਨਾ ਕਰਨ ਨਾਲ ਦੀ ਸੂਰਤ ਵਿਚ ਪੁਲਿਸ ਕਮਿਸ਼ਨਰ ਦੀ ਗ੍ਰਿਫ਼ਤਾਰੀ ਹੋ ਸਕਦੀ ਸੀ'। ਸੀਬੀਆਈ ਦੇ ਅੰਤ੍ਰਿਮ ਡਾਇਰੈਕਟਰ ਨਾਗੇਸ਼ਵਰ ਰਾਓ ਮੁਤਾਬਕ ਇਹ ਜਾਂਚ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਹੋ ਰਹੀ।
ਇਸ ਤੋਂ ਪਹਿਲਾਂ ਇਹ ਜਾਂਚ ਬੰਗਾਲ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕਰ ਰਹੀ ਸੀ, ਜਿਸ ਦੀ ਅਗਵਾਈ ਰਾਜੀਵ ਕੁਮਾਰ ਕਰ ਰਹੇ ਸਨ। ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਹਨ ਅਤੇ ਇਸ ਮਾਮਲੇ ਵਿਚ ਚਿੱਠੀ ਪੱਤਰ ਕੀਤਾ ਗਿਆ ਪਰ ਇਸ ਬਾਬਤ ਸਹਿਯੋਗ ਨਹੀਂ ਮਿਲ ਰਿਹਾ ਸੀ। ਜਿਸ ਕਰਕੇ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਲਈ ਟੀਮ ਗਈ ਸੀ।
ਉੱਧਰ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨਲਿਨ ਕੋਹਲੀ ਨੇ ਕਿਹਾ ਕਿ ਮਮਤਾ ਬੈਨਰਜੀ ਇੱਕ ਭ੍ਰਿਸ਼ਟ ਪੁਲਿਸ ਅਫ਼ਸਰ ਨੂੰ ਬਚਾਉਣ ਲਈ ਗੈਰ -ਸੰਵਿਧਾਨਕ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਜਾਂਚ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਹੋ ਰਹੀ ਹੈ ਅਤੇ ਮਮਤਾ ਨੂੰ ਡਰ ਕਿਸ ਗੱਲ ਤੋਂ ਹੈ।
ਦੂਜੇ ਪਾਸੇ ਅਖਿਲੇਸ਼ ਯਾਦਵ, ਲਾਲੂ ਯਾਦਵ, ਅਰਵਿੰਦ ਕੇਜਰੀਵਾਲ ਅਤੇ ਕਈ ਹੋਰ ਭਾਜਪਾ ਵਿਰੋਧੀ ਪਾਰਟੀਆਂ ਮਮਤਾ ਬੈਨਰਜੀ ਦੇ ਹੱਕ ਵਿਚ ਨਿੱਤਰ ਆਈਆਂ ਹਨ।

ਤਸਵੀਰ ਸਰੋਤ, Getty Images
ਮੈਂ ਡਰਨ ਵਾਲੀ ਨਹੀਂ ਹਾਂ: ਮਮਤਾ
ਪੱਛਮੀ ਬੰਗਾਲ ਦੇ ਚਰਚਿਤ ਸ਼ਾਰਦਾ ਚਿਟਫੰਡ ਘੋਟਾਲੇ ਦੀ ਜਾਂਚ ਨੂੰ ਲੈਕੇ ਇੱਕ ਨਾਟਕੀ ਘਟਨਾਕ੍ਰਮ ਵਿਚ ਕੋਲਕਾਤਾ ਪੁਲਿਸ ਅਤੇ ਸੀਬੀਆਈ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ।
ਕੇਂਦਰੀ ਜਾਂਚ ਏਜੰਸੀ ਦੀ ਇੱਕ ਟੀਮ ਕੋਲਕਾਤਾ ਪੁਲਿਸ ਦੇ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਪਹੁੰਚੀ ਪਰ ਪੁਲਿਸ ਨੇ ਉਸਨੂੰ ਰੋਕਿਆ ਅਤੇ ਸੀਬੀਆਈ ਟੀਮ ਨੂੰ ਥਾਣੇ ਵਿੱਚ ਬਿਠਾ ਲਿਆ ਗਿਆ ਪਰ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਮੁੱਖ ਮੰਤਰੀ ਮਮਤਾ ਬੈਨਰਜੀ ਵੀ ਪੁਲਿਸ ਕਮਿਸ਼ਨਰ ਦੇ ਘਰ ਪਹੁੰਚੀ ਸੀ।

ਤਸਵੀਰ ਸਰੋਤ, EPA
ਮਮਤਾ ਬੈਨਰਜੀ ਨੇ ਮੀਡੀਆ ਨੂੰ ਦੱਸਿਆ, "ਮੇਰੇ ਘਰੇ ਵੀ ਸੀਬੀਆਈ ਭੇਜ ਰਹੇ ਹਨ। 2011 ਵਿੱਚ ਸਾਡੀ ਹੀ ਸਰਕਾਰ ਨੇ ਚਿੱਟਫੰਡ ਘੋਟਾਲੇ ਦੀ ਜਾਂਚ ਸ਼ੁਰੂ ਕੀਤੀ ਸੀ। ਅਸੀਂ ਗ਼ਰੀਬਾਂ ਦੇ ਪੈਸੇ ਮੋੜਨ ਲਈ ਕੰਮ ਸ਼ੁਰੂ ਕੀਤਾ ਸੀ। ਅਸੀਂ ਕਸੂਰਵਾਰਾਂ ਨੂੰ ਫੜਨ ਲਈ ਇੱਕ ਕਮੇਟੀ ਬਣਾਈ ਸੀ। ਸੀਪੀਐਮ ਦੇ ਸਮੇਂ ਚਿੱਟਫੰਡ ਸ਼ੁਰੂ ਹੋਇਆ ਸੀ, ਉਨ੍ਹਾਂ ਖਿਲਾਫ਼ ਜਾਂਚ ਕਿਉਂ ਨਹੀਂ ਹੋਈ।"
ਇਸੇ ਦੌਰਾਨ ਮਮਤਾ ਬੈਨਰਜੀ ਮੈਟਰੋ ਸਿਨੇਮਾ ਦੇ ਸਾਹਮਣੇ ਧਰਨਾ ਦੇ ਰਹੀ ਹੈ। ਉਨ੍ਹਾਂ ਕਿਹਾ, ਮੈਂ ਦੁਖੀ ਹਾਂ। ਮੈਂ ਡਰਨ ਵਾਲੀ ਨਹੀਂ ਹਾਂ। ਮੈਂ ਜਾਣਦੀ ਹਾਂ ਕਿ ਦੇਸ਼ ਵਾਸੀ ਮੇਰੀ ਹਮਾਇਤ ਕਰਨਗੇ।"
ਮਮਤਾ ਨੇ ਕਿਹਾ, "ਸੀਬੀਆਈ ਅਫ਼ਸਰਾਂ ਤੇ ਪਿਛਲੇ ਕਈ ਦਿਨਾਂ ਤੋਂ ਦਬਾਅ ਪਾਇਆ ਜਾ ਰਿਹਾ ਸੀ ਕਿ ਕੁਝ ਤਾਂ ਕਰੋ, ਕੁਝ ਤਾਂ ਕਰੋ। ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆਉਂਦੀਆਂ ਹਨ ਤਾਂ ਇਹ ਲੋਕ ਚਿੱਟਫੰਡ ਘੋਟਾਲੇ ਦਾ ਨਾਂ ਲੈਣ ਲਗਦੇ ਹਨ। ਡੋਭਾਲ ਹੀ ਹਨ ਜੋ ਇਹ ਸਭ ਕੁਝ ਕਰਾ ਰਹੇ ਹਨ।"
ਮਮਤਾ ਬੈਨਰਜੀ ਨੇ ਕਿਹਾ, "ਮੇਰੀ ਪਾਰਟੀ ਦੇ ਆਗੂਆਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ। ਮੈਂ ਇਹ ਬੇਇੱਜ਼ਤੀ ਵੀ ਸਹਿ ਲਈ। ਮੈਂ ਸੂਬੇ ਦੀ ਮੁਖੀ ਹਾਂ ਤਾਂ ਮੇਰਾ ਫਰਜ਼ ਬਣਦਾ ਹੈ ਕਿ ਸਰਿਆਂ ਦੀ ਰਾਖੀ ਕਰਾਂ। ਤੁਸੀਂ ਕੋਲਕੱਤਾ ਪੁਲਿਸ ਕਮਿਸ਼ਨਰ ਦੇ ਘਰ ਬਿਨਾਂ ਵਾਰੰਟ ਜਾਂਦੇ ਹੋ। ਤੁਹਾਡੀ ਇੰਨੀ ਹਿੰਮਤ ਕਿਵੇਂ ਹੋਈ। ਮੈਂ ਸਾਰੀਆਂ ਪਾਰਟੀਆਂ ਨੂੰ ਕਹਾਂਗੀ ਕਿ ਇਸ ਸਰਕਾਰ ਦੇ ਖਿਲਾਫ਼ ਏਕਾ ਕਰਨਾ ਹੋਵੇਗਾ। ਮੋਦੀ ਹਟਾਓ ਦੇਸ ਬਚਾਓ।"
ਮਮਤਾ ਬੈਨਰਜੀ ਦਾ ਇਲਜ਼ਾਮ ਹੈ ਕਿ ਪੱਛਮੀ ਬੰਗਾਲ ਵਿੱਚ ਸੰਵਿਧਾਨਕ ਸੰਕਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ, ''ਬੰਗਾਲ ਵਿੱਚ ਕੀਤੀਆਂ ਰੈਲੀਆਂ ਵਿੱਚ ਮੋਦੀ ਨੇ ਗੈਰ ਸੰਵਿਧਾਨਕ ਭਾਸ਼ਾ ਦੀ ਵਰਤੋਂ ਕੀਤੀ। ਮੋਦੀ ਨੇ ਕੱਲ ਧਮਕੀ ਦਿੱਤੀ ਅਤੇ ਉਸ ਨੂੰ ਪੂਰਾ ਕਰਨ ਲਈ ਸੀਬੀਆਈ ਸਰਗਰਮ ਹੋ ਗਈ।''
ਘੋਟਾਲੇ ਦੀ ਜਾਂਚ ਕਰ ਰਹੀ ਟੀਮ ਦੇ ਮੁਖੀ ਨੇ ਰਾਜੀਵ
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪੁਲਿਸ ਕਮਿਸ਼ਨਰ ਘੋਟਾਲੇ ਦੀ ਜਾਂਚ ਕਰ ਰਹੀ ਇੱਕ ਖ਼ਾਸ ਟੀਮ ਦੀ ਅਗਵਾਈ ਕਰ ਰਹੇ ਸਨ। ਸੀਬੀਆਈ ਉਨ੍ਹਾਂ ਤੋਂ ਕੁਝ ਲਾਪਤਾ ਫ਼ਾਈਲਾਂ ਤੇ ਕਾਗਜ਼ਾਤ ਬਾਰੇ ਪੁੱਛਗਿੱਛ ਕਰਨਾ ਚਾਹੁੰਦੀ ਹੈ।
ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਕਈ ਵਾਰ ਨੋਟਿਸ ਭੇਜਣ ਦੇ ਬਾਵਜੂਦ ਪੁਲਿਸ ਕਮਿਸ਼ਨਰ ਸੀਬੀਆਈ ਦੇ ਸਾਹਮਣੇ ਪੇਸ਼ ਨਹੀਂ ਹੋਏ।

ਤਸਵੀਰ ਸਰੋਤ, Getty Images
ਹਾਲ ਹੀ ਵਿੱਚ ਆਂਧਰਾ ਪ੍ਰੇਦਸ਼ ਅਤੇ ਪੱਛਮੀਂ ਬੰਗਾਲ ਨੇ ਸੂਬਿਆਂ ਵਿੱਚ ਸੀਬੀਆਈ ਦੇ ਛਾਪੇ ਤੇ ਜਾਂਚ ਬਾਰੇ ਜੋ ਆਮ ਸਹਿਮਤੀ ਸੀ, ਉਸ ਨੂੰ ਵਾਪਸ ਲੈ ਲਿਆ ਸੀ। ਦੋਹਾਂ ਸੂਬਿਆਂ ਦਾ ਇਲਜ਼ਾਮ ਸੀ ਕਿ ਕੇਂਦਰ ਸਰਕਾਰ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਦੀ ਸਵੇਰ ਪੁਲਿਸ ਕਮਿਸ਼ਨਰ ਦਾ ਬਚਾਅ ਕਰਦਿਆਂ ਭਾਜਪਾ ਤੇ ਸੀਬੀਆ ਦੀ ਗਲਤ ਵਰਤੋਂ ਕਰਨ ਦਾ ਇਲਜ਼ਾਮ ਲਾਇਆ ਸੀ।
ਕੀ ਹੈ ਸ਼ਾਰਧਾ ਚਿੱਟਫੰਡ ਘੋਟਾਲਾ?
ਸ਼ਾਰਧਾ ਕੰਪਨੀ ਦੀ ਸ਼ੁਰੂਆਤ ਸਾਲ 2008 ਦੇ ਜੁਲਾਈ ਮਹੀਨੇ ਵਿੱਚ ਹੋਈ ਸੀ।
ਦੇਖਦੇ ਹੀ ਦੇਖਦੇ ਕੰਪਨੀ ਹਜ਼ਾਰਾਂ ਕਰੋੜ ਦੀ ਮਾਲਕ ਬਣ ਗਈ। ਇਸ ਕੰਪਨੀ ਨੇ ਆਮ ਲੋਕਾਂ ਤੋਂ ਬਹੁਤ ਜ਼ਿਆਦਾ ਨਿਵੇਸ਼ ਕਰਵਾਇਆ ਪਰ ਆਪਣੇ ਵਾਅਦੇ ਪੂਰੇ ਨਾ ਕਰ ਸਕੀ।
ਅਜਿਹੀਆਂ ਕੰਪਨੀਆਂ ਦੇ ਕੇਸ ਵਿੱਚ ਹੁੰਦਾ ਤਾਂ ਇਹ ਹੈ ਕਿ ਕੰਪਨੀ ਦੇ ਏਜੰਟ ਇੱਕ ਦੋ ਜਣਿਆਂ ਤੋਂ ਪੈਸੇ ਲੈਂਦੇ ਹਨ ਫਿਰ ਅਗਲੇ ਸਾਲ ਉਨ੍ਹਾਂ ਦੇ ਪੈਸੇ ਮੋੜਨ ਲਈ ਉਹ ਤਿੰਨ ਹੋਰ ਬੰਦਿਆਂ ਤੋਂ ਪੈਸੇ ਲੈਂਦੇ ਹਨ। ਫਿਰ ਉਨ੍ਹਾਂ ਦਾ ਪੈਸਾ ਮੋੜਨ ਲਈ ਦਸ ਜਣਿਆਂ ਤੋਂ ਪੈਸੇ ਲੈਂਦੇ ਹਨ ਅਤੇ ਇਸੇ ਤਰ੍ਹਾਂ ਮਾਮਲਾ ਚਲਦਾ ਰਹਿੰਦਾ ਹੈ। ਇਸ ਦੌਰਾਨ ਜੇ ਕੰਪਨੀ ਦੇ ਉਲਟ ਪ੍ਰਚਾਰ ਹੋ ਜਾਵੇ ਤਾਂ ਲੋਕ ਪੈਸੇ ਲਾਉਣਾ ਬੰਦ ਕਰ ਦਿੰਦੇ ਹਨ ਅਤੇ ਕੰਪਨੀ ਡੁੱਬ ਜਾਂਦੀ ਹੈ। ਸ਼ਾਰਧਾ ਨਾਲ ਵੀ ਇਹੀ ਕਹਾਣੀ ਬਣੀ।
ਇਸ ਕੰਪਨੀ ਦੇ ਮਾਲਕ ਸੁਦਿਪਤੋ ਸੇਨ ਨੇ ਸਿਆਸੀ ਵਕਾਰ ਅਤੇ ਤਾਕਤ ਹਾਸਲ ਕਰਨ ਲਈ ਮੀਡੀਆ ਵਿੱਚ ਖ਼ੂਬ ਪੈਸੇ ਲਾਏ ਤੇ ਹਰ ਪਾਰਟੀ ਦੇ ਆਗੂਆਂ ਨਾਲ ਜਾਣ ਪਹਿਚਾਣ ਵਧਾਈ।
ਕੁਝ ਹੀ ਸਾਲਾਂ ਵਿੱਚ ਸੁਦਿਪਤੋ ਸੇਨ ਰਫੂ-ਚੱਕਰ ਹੋ ਗਏ। ਬਾਅਦ ਵਿੱਚ ਉਨ੍ਹਾਂ ਨੂੰ ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਕੰਪਨੀ ਠੰਡੀ ਪੈ ਗਈ।
ਸਾਲ 2014 ਵਿੱਚ ਸੁਪਰੀਮ ਕੋਰਟ ਨੇ ਸ਼ਾਰਧਾ ਚਿੱਟਫੰਡ ਘੋਟਾਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ। ਪੱਛਮੀ ਬੰਗਾਲ ਦੀ ਸਰਕਾਰ ਇਸ ਫੈਸਲੇ ਦਾ ਵਿਰੋਧ ਕਰਦੀ ਰਹੀ ਹੈ।
ਕੀ ਹੈ ਰੋਜ਼ ਵੈਲੀ ਚਿੱਟਫੰਡ ਮਾਮਲਾ?
ਰੋਜ਼ ਵੈਲੀ ਨੇ ਲੋਕਾਂ ਤੋਂ 17,000 ਕਰੋੜ ਰੁਪਏ ਇਕੱਠੇ ਕੀਤੇ ਸਨ। ਇਸ ਰਕਮ ਦਾ ਵੱਡਾ ਹਿੱਸਾ ਪੱਛਮੀਂ ਬੰਗਾਲ ਅਤੇ ਹੋਰ ਉੱਤਰ-ਪੂਰਬੀ ਸੂਬਿਆਂ ਤੋਂ ਇਕੱਠਾ ਕੀਤਾ ਗਿਆ ਸੀ।
ਕੰਪਨੀ ਦੇ ਮਾਲਕ ਗੌਤਮ ਕੁੰਡੂ ਤ੍ਰਿਪੁਰਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਭਰਾ, ਭਾਬੀ ਤੇ ਭਤੀਜਾ ਜਿਸ ਗੱਡੀ ਵਿੱਚ ਜਾ ਰਹੇ ਸਨ, ਉਹ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਘ ਦੀ ਇੱਕ ਝੀਲ ਵਿੱਚ ਡੁੱਬ ਗਈ।
ਇਸ ਹਾਦਸੇ ਵਿੱਚ ਬਾਕੀ ਸਾਰੇ ਤਾਂ ਮਾਰੇ ਗਏ ਪਰ ਡਰਾਈਵਰ ਬਚ ਗਿਆ। ਇਹ ਹਾਦਸਾ ਹਾਲੇ ਤੱਕ ਇੱਕ ਰਾਜ਼ ਬਣਿਆ ਹੋਇਆ ਹੈ।
ਉਹ ਸਮੂਹ ਫ਼ਿਲਮ ਤੇ ਮੀਡੀਆ ਦੇ ਕਾਰੋਬਾਰ ਵਿੱਚ ਵੀ ਹੈ। ਇਸ ਦਾ ਆਪਣਾ ਫ਼ਿਲਮ ਡਿਵੀਜ਼ਨ ਹੈ, ਜਿਸ ਨੇ ਗੌਤਮ ਘੋਸ਼ ਦੀ ਨਿਰਦੇਸ਼ਨਾ ਹੇਠ "ਮੋਨੇਰ ਮਾਨੁਸ਼" ਬਣਾਈ। ਇਸ ਦਾ ਬੰਗਾਲੀ ਵਿੱਚ ਇੱਕ ਮਨੋਰੰਜਨ ਅਤੇ ਨਿਊਜ਼ ਚੈਨਲ ਹੈ, ਜੋ ਪੱਛਮੀਂ ਬੰਗਾਲ ਅਤੇ ਅਸਾਮ ਵਿੱਚ ਕਾਫ਼ੀ ਦੇਖਿਆ ਜਾਂਦਾ ਹੈ।

ਤਸਵੀਰ ਸਰੋਤ, EPA
ਰੋਜ਼ ਵੈਲੀ 'ਤੇ ਇਲਜ਼ਾਮ ਹਨ ਕਿ ਇਸ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪੈਸੇ ਇਕੱਠੇ ਕੀਤੇ ਅਤੇ ਉਨ੍ਹਾਂ ਦਾ ਵੱਡਾ ਹਿੱਸਾ ਗਲਤ ਤਰੀਕੇ ਨਾਲ ਕੱਢ ਲਿਆ ਹੈ ਅਤੇ ਵਿਦੇਸ਼ ਭੇਜ ਦਿੱਤਾ ਹੈ।
ਕੰਪਨੀ ਦੇ ਮਾਲਕ ਕੁੰਡੂ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਕੁਝ ਆਗੂਆਂ ਨਾਲ ਮਿਲ ਦੀ ਮਦਦ ਨਾਲ ਪੈਸੇ ਦਾ ਇੱਕ ਹਿੱਸਾ ਵਿਦੇਸ਼ ਭੇਜਿਆ। ਇਸ ਕੰਮ ਵਿੱਚ ਸੀਪੀਆਈਐੱਮ ਦੇ ਵੀ ਕੁਝ ਆਗੂਆਂ ਨੇ ਉਨ੍ਹਾਂ ਦਾ ਸਾਥ ਦਿੱਤਾ।
ਤ੍ਰਿਣਮੂਲ ਕਾਂਗਰਸ ਦੇ ਕੁਝ ਆਗੂਆਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਰਕਾਰੀ ਏਜੰਸੀਆਂ ਰਾਹੀਂ ਪੈਸੇ ਟਿਕਾਣੇ ਲਾਉਣ ਵਿੱਚ ਕੁੰਡੂ ਦੀ ਮਦਦ ਕੀਤੀ। ਜਿਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਮਹਿੰਗੇ ਤੋਹਫ਼ੇ ਦਿੱਤੇ ਗਏ। ਰੋਜ਼ ਵੈਲੀ ਨੇ ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ ਦੇ ਖ਼ਰਚੇ ਵੀ ਕੀਤੇ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਰਚ 2015 ਵਿੱਚ ਗੌਤਮ ਕੁੰਡੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੀਬੀਆਈ ਨੇ ਉਨ੍ਹਾਂ 'ਤੇ ਸਾਲ 2016 ਵਿੱਚ ਇਲਜ਼ਾਮ ਤੈਅ ਕੀਤੇ।
ਸੁਦੀਪ ਬੰਧੋਪਾਧਿਆਇ ਤੇ ਭਾਰਤੀ ਦੰਡਾਵਲੀ ਦੀ ਧਾਰਾ 420, 210 (ਬੀ) ਅਤੇ ਹੋਰ ਕਈ ਧਾਰਾਵਾਂ ਤਹਿਤ ਇਲਜ਼ਾਮ ਲਾਏ ਗਏ ਹਨ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












