ਇਹ ਬਜ਼ੁਰਗ ਕਹਿ ਰਹੇ ਹਨ, 'ਸਾਨੂੰ ਜੇਲ੍ਹ ਭੇਜ ਦਿਓ'

ਜਪਾਨ ਵਿੱਚ ਬਜ਼ੁਰਗਾਂ ਦੀ ਜੁਰਮ ਵਿੱਚ ਸ਼ਮੂਲੀਅਤ ਵਧ ਰਹੀ ਹੈ। ਪਿਛਲੇ ਵੀਹ ਸਾਲਾਂ ਦੌਰਾਨ 65 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਵੱਲੋਂ ਕੀਤੇ ਜਾਂਦੇ ਜੁਰਮਾਂ ਦੀ ਗਿਣਤੀ ਵਿੱਚ ਲਗਾਤਰ ਵਾਧਾ ਹੋ ਰਿਹਾ ਹੈ।
ਬੀਬੀਸੀ ਪੱਤਰਕਾਰ ਐਡ ਬਟਲਰ ਨੇ ਮਾਮਲੇ ਦੀ ਪੜਤਾਲ ਕੀਤੀ।
ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾਅ ਹੋਏ 69 ਸਾਲਾ ਤੋਸ਼ੀਓ ਤਕਾਤਾ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਗ਼ਰੀਬੀ ਕਾਰਨ ਕਾਨੂੰਨ ਤੋੜਿਆ ਸੀ। ਉਹ ਜੇਲ੍ਹ ਜਾਣਾ ਚਾਹੁੰਦੇ ਸਨ ਤਾਂ ਕਿ ਉਹ ਮੁਫ਼ਤ ਵਿੱਚ ਰਹਿ ਸਕਣ।
ਉਨ੍ਹਾਂ ਨੇ ਕਿਹਾ, "ਮੇਰੀ ਪੈਨਸ਼ਨ ਵਾਲੀ ਉਮਰ ਹੋ ਗਈ ਸੀ ਅਤੇ ਮੇਰੇ ਕੋਲ ਪੈਸੇ ਨਹੀਂ ਸਨ। ਇਸ ਲਈ ਮੈਨੂੰ ਲਗਿਆ ਕਿ ਸ਼ਾਇਦ ਮੈਂ ਜੇਲ੍ਹ ਵਿੱਚ ਮੁਫ਼ਤ ਰਹਿ ਸਕਾਂਗਾ।"
"ਇਸ ਲਈ ਮੈਂ ਸਾਈਕਲ ਚੁੱਕੀ ਅਤੇ ਪੁਲਿਸ ਸਟੇਸ਼ਨ ਜਾ ਕੇ ਉਨ੍ਹਾਂ ਨੂੰ ਕਿਹਾ ਕਿ ਦੇਖੋ ਮੈਂ ਇਸ ਨੂੰ ਚੋਰੀ ਕੀਤਾ ਹੈ।"
ਇਹ ਵੀ ਪੜ੍ਹੋ:
ਸਕੀਮ ਕੰਮ ਕਰ ਗਈ। ਇਹ ਤੋਸ਼ੀਓ ਦਾ ਪਹਿਲਾ ਜੁਰਮ ਸੀ ਜੋ ਉਨ੍ਹਾਂ ਨੇ 62 ਸਾਲ ਦੀ ਉਮਰ ਵਿੱਚ ਕੀਤਾ ਸੀ। ਜਪਾਨੀ ਅਦਾਲਤ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਤੇ ਤੋਸ਼ੀਓ ਨੂੰ 9 ਸਾਲ ਦੀ ਕੈਦ ਸੁਣਾਈ।
ਹਾਲਾਂਕਿ ਤੋਸ਼ੀਓ ਪੇਸ਼ੇਵਰ ਮੁਜਰਮ ਨਹੀਂ ਲਗ ਰਹੇ ਸਨ ਪਰ ਜੇਲ੍ਹ ਤੋਂ ਰਿਹਾ ਹੁੰਦਿਆਂ ਹੀ ਉਨ੍ਹਾਂ ਨੇ ਇੱਕ ਔਰਤ ਨੂੰ ਚਾਕੂ ਦਿਖਾ ਕੇ ਧਮਕਾਇਆ।
ਤੋਸ਼ੀਓ ਨੇ ਦੱਸਿਆ, "ਮੈਂ ਪਾਰਕ 'ਚ ਜਾ ਕੇ ਉਨ੍ਹਾਂ ਨੂੰ ਡਰਾਇਆ। ਮੇਰਾ ਉਦੇਸ਼ ਕੋਈ ਨੁਕਸਾਨ ਪਹੁੰਚਾਉਣ ਦਾ ਨਹੀਂ ਸੀ। ਮੈਂ ਸਿਰਫ਼ ਉਨ੍ਹਾਂ ਨੂੰ ਇੱਕ ਚਾਕੂ ਦਿਖਾਇਆ ਕਿ ਸ਼ਾਇਦ ਉਨ੍ਹਾਂ ਵਿੱਚੋਂ ਕੋਈ ਤਾਂ ਪੁਲਿਸ ਨੂੰ ਫੋਨ ਕਰੇਗੀ। ਇੱਕ ਨੇ ਫੋਨ ਕਰ ਦਿੱਤਾ।"
ਕੁਲ ਮਿਲਾ ਕੇ ਤੋਸ਼ੀਓ ਨੇ ਪਿਛਲੇ ਅੱਠ ਸਾਲਾਂ ’ਚੋਂ ਚਾਰ ਸਾਲ ਜੇਲ੍ਹ ਵਿੱਚ ਬਿਤਾਏ ਹਨ।

ਮੈਂ ਉਨ੍ਹਾਂ ਨੂੰ ਪੁੱਛਿਆ ਕਿ, ਕੀ ਉਨ੍ਹਾਂ ਨੂੰ ਜੇਲ੍ਹ 'ਚ ਰਹਿਣਾ ਪਸੰਦ ਹੈ। ਉਨ੍ਹਾਂ ਨੇ ਮੈਨੂੰ ਇੱਕ ਵਿੱਤੀ ਲਾਭ ਵੀ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਰਹਿਣ ਦੌਰਾਨ ਵੀ ਪੈਨਸ਼ਨ ਮਿਲਦੀ ਰਹਿੰਦੀ ਹੈ।
ਉਹ ਕਹਿੰਦੇ ਹਨ, "ਅਜਿਹਾ ਕੁਝ ਨਹੀਂ ਹੈ ਕਿ ਮੈਨੂੰ ਇਹ ਸਭ ਪਸੰਦ ਹੈ ਪਰ ਇੱਥੇ ਮੈਂ ਮੁਫ਼ਤ ਰਹਿ ਸਕਦਾ ਹਾਂ ਅਤੇ ਇਸ ਦੌਰਾਨ ਕੁਝ ਬਚਤ ਵੀ ਹੋ ਜਾਂਦੀ ਹੈ। ਜਿਸ ਕਾਰਨ ਜ਼ਿਆਦਾ ਦੁੱਖ ਨਹੀਂ ਹੁੰਦਾ।"
ਤੋਸ਼ੀਓ ਜਪਾਨ ਵਿੱਚ ਹੋ ਰਹੇ ਜੁਰਮਾਂ ਦੇ ਇੱਕ ਹੈਰਾਨੀਜਨਕ ਰੁਝਾਨ ਪੇਸ਼ ਕਰਦੇ ਹਨ। ਕਾਨੂੰਨ ਦਾ ਪਾਲਣ ਕਰਨ ਵਾਲੇ ਸਮਾਜ ਵਿੱਚ ਹੁਣ 65 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਜੁਰਮਾਂ ਵਿੱਚ ਲਗਾਤਰਾ ਵਾਧਾ ਹੋ ਰਿਹਾ ਹੈ।
ਸਾਲ 1997 ਵਿੱਚ ਜਿਨ੍ਹੇ ਮੁਜਰਮਾਂ ਨੂੰ ਸਜ਼ਾ ਸੁਣਾਈ ਜਾਂਦੀ ਸੀ ਉਨ੍ਹਾਂ ਵਿੱਚੋਂ ਇੱਕ ਬਜ਼ੁਰਗ ਹੁੰਦਾ ਸੀ ਪਰ 20 ਸਾਲਾਂ ਬਾਅਦ ਇਹ ਅਨੁਪਾਤ ਵੱਧ ਕੇ ਪੰਜਾਂ ਵਿੱਚੋਂ ਇੱਕ ਹੋ ਗਿਆ ਹੈ।
ਤੋਸ਼ੀਓ ਵਾਂਗ ਇਸ ਉਮਰ ਦੇ ਹੋਰ ਲੋਕ ਵੀ ਵਾਰ-ਵਾਰ ਜੁਰਮ ਕਰਦੇ ਹਨ। ਸਾਲ 2016 ਵਿੱਚ 65ਵਿਆਂ ਦੀ ਉਮਰ ਦੇ 2500 ਲੋਕ ਦੋਸ਼ੀ ਕਰਾਰ ਦਿੱਤੇ ਗਏ।
ਇਹ ਵੀ ਪੜ੍ਹੋ:
ਇੱਕ ਹੋਰ ਮਿਸਾਲ ਕੀਕੋ (ਬਦਲਿਆ ਹੋਇਆ ਨਾਮ) ਦੀ ਹੈ। 70 ਸਾਲਾਂ ਦੀ ਇਸ ਪਤਲੀ ਜਿਹੀ ਬਜ਼ੁਗਰ ਔਰਤ ਨੇ ਦੱਸਿਆ ਕਿ ਆਪਣੀ ਗ਼ਰੀਬੀ ਕਾਰਨ ਇਸ ਨੇ ਜੁਰਮ ਨੂੰ ਅੰਜ਼ਾਮ ਦਿੱਤਾ।
ਉਨ੍ਹਾਂ ਨੇ ਦੱਸਿਆ, "ਮੈਂ ਆਪਣੇ ਪਤੀ ਦੇ ਨਾਲ ਨਹੀਂ ਰਹਿ ਸਕਦੀ ਸੀ। ਮੇਰੇ ਕੋਲ ਰਹਿਣ ਲਈ ਕੋਈ ਹੋਰ ਥਾਂ ਨਹੀਂ ਸੀ। ਇਸ ਲਈ ਮੇਰੇ ਕੋਲ ਚੋਰੀ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਹਾਲਾਂਕਿ ਆਪਣੀ ਉਮਰ ਦੇ ਅੱਸੀਵਿਆਂ 'ਚ ਇਹ ਔਰਤ ਚੰਗੀ ਤਰ੍ਹਾਂ ਤੁਰ ਵੀ ਨਹੀਂ ਸਕਦੀ ਪਰ ਉਨ੍ਹਾਂ ਨੇ ਜੁਰਮ ਕੀਤਾ। ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਕੋਲ ਖਾਣਾ ਅਤੇ ਪੈਸਾ ਨਹੀਂ ਸੀ।"
ਕੁਝ ਮਹੀਨੇ ਪਹਿਲਾਂ ਅਸੀਂ ਸਾਬਕਾ ਮੁਜਰਮਾਂ ਦੇ ਹੋਸਟਲ 'ਚ ਕੀਕੋ ਨਾਲ ਗੱਲਬਾਤ ਕੀਤੀ ਸੀ। ਮੈਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਦੁਕਾਨ ਤੋਂ ਚੋਰੀ ਕਰਨ ਦੀ ਸਜ਼ਾ ਕੱਟ ਰਹੇ ਹਨ।
ਜਪਾਨ ਵਿੱਚ ਦੁਕਾਨਾਂ ਤੋਂ ਚੋਰੀ ਕਰਨ ਵਾਲੇ ਬਜ਼ੁਰਗਾਂ ਦੀ ਗਿਣਤੀ ਬਹੁਤ ਵਧੀ ਹੈ। ਉਹ ਜਿਨ੍ਹਾਂ ਦੁਕਾਨਾਂ 'ਤੇ ਉਹ ਅਕਸਰ ਜਾਂਦੇ ਰਹਿੰਦੇ ਹਨ ਉੱਥੋਂ ਵੀ ਲਗਪਗ 3,000 ਯੈਨ ਦਾ ਖਾਣਾ ਚੋਰੀ ਕਰ ਲੈਂਦੇ ਹਨ।
ਟੋਕੀਓ ਸਥਿਤ ਕਸਟਮ ਪ੍ਰੋਡਕਟ ਰਿਸਰਚ ਗਰੁੱਪ 'ਚ ਆਸਟਰੇਲੀਆ ਮੂਲ ਦੇ ਡੇਮੋਗਰਾਫਰ ਮਾਈਕਲ ਨਿਊਮੈਨ ਮੁਤਾਬਕ ਜਪਾਨ ਵਿੱਚ ਬਜ਼ੁਰਗਾਂ ਲਈ "ਨਿਗੂਣੀ" ਪੈਨਸ਼ਨ ਸਹਾਰੇ ਜ਼ਿੰਦਗੀ ਕੱਟਣੀ ਔਖੀ ਹੈ।
2016 'ਚ ਪ੍ਰਕਾਸ਼ਿਤ ਇੱਕ ਪੇਪਰ 'ਚ ਉਨ੍ਹਾਂ ਨੇ ਹਿਸਾਬ ਲਾਇਆ ਕਿ ਪੈਨਸ਼ਨ ਭੋਗੀਆਂ ਕੋਲ ਜੇ ਆਮਦਨੀ ਦਾ ਕੋਈ ਹੋਰ ਸਾਧਨ ਨਾ ਹੋਵੇ ਤਾਂ ਮਕਾਨ ਦਾ ਕਿਰਾਇਆ, ਖੁਰਾਕ ਅਤੇ ਸਹਿਤ ਉੱਪਰ ਹੋਣ ਵਾਲਾ ਖ਼ਰਚਾ ਵੀ ਉਨ੍ਹਾਂ ਨੂੰ ਕਰਜ਼ਾਈ ਕਰ ਦੇਵੇਗਾ।
ਪਹਿਲਾਂ ਬੱਚੇ ਆਪਣੇ ਮਾਪਿਆਂ ਦੀ ਦੇਖਭਾਲ ਕਰਦੇ ਸਨ ਪਰ ਰੁਜ਼ਗਾਰ ਦੀ ਕਮੀ ਕਾਰਨ ਬਹੁਤ ਸਾਰੇ ਨੌਜਵਾਨ ਆਪਣੇ ਬਜ਼ੁਰਗ ਮਾਪਿਆਂ ਨੂੰ, ਆਪਣੀ ਹੋਣੀ 'ਤੇ ਛੱਡ ਕੇ ਜਾਣ ਲਈ ਮਜਬੂਰ ਹੋ ਜਾਂਦੇ ਹਨ।

ਉਹ ਕਹਿੰਦੇ ਹਨ, "ਪੈਨਸ਼ਨ ਭੋਗੀ ਬਜ਼ੁਰਗ ਆਪਣੇ ਬੱਚਿਆਂ 'ਤੇ ਬੋਝ ਨਹੀਂ ਬਣਨਾ ਚਾਹੁੰਦੇ ਅਤੇ ਨਾ ਹੀ ਪੈਨਸ਼ਨ ਨਾਲ ਉਨ੍ਹਾਂ ਦਾ ਗੁਜ਼ਾਰਾ ਹੁੰਦਾ ਹੈ ਅਤੇ ਅਜਿਹੇ ਵਿੱਚ ਉਹ ਜੇਲ੍ਹ ਵੱਲ ਰੁਖ਼ ਕਰਦੇ ਹਨ।"
ਮਾਈਕਲ ਨਿਊਮੈਨ ਦਸਦੇ ਹਨ ਕਿ ਇਨ੍ਹਾਂ ਬਜ਼ੁਰਗਾਂ ਕੋਲ ਵਾਰ-ਵਾਰ ਜੁਰਮ ਕਰੀ ਜਾਣਾ 'ਜੇਲ੍ਹ ਵਿੱਚ ਜਾਣ ਦਾ ਇੱਕ ਰਾਹ ਹੈ' ਜਿੱਥੇ ਉਹ ਮੁਫ਼ਤ ਰਹਿ ਸਕਦੇ ਹਨ ਤੇ ਖਾਣਾ ਖਾ ਸਕਦੇ ਹਨ।
ਨਿਊਮੈਨ ਕਹਿੰਦੇ ਹਨ ਕਿ ਬਜ਼ੁਰਗਾਂ ਵਿੱਚ ਖੁਦਕੁਸ਼ੀ ਦਾ ਰੁਝਾਨ ਵੀ ਵਧਦਾ ਜਾ ਰਿਹਾ ਹੈ।
"ਵਿੱਦ ਹਿਰੋਸ਼ੀਮਾ" ਮੁੜ ਵਸੇਬਾ ਕੇਂਦਰ ਵਿੱਚ ਮੇਰੀ ਮੁਲਾਕਾਤ ਤੋਸ਼ੀਓ ਨਾਲ ਹੋਈ ਸੀ। ਉੱਥੋਂ ਦੇ ਨਿਰਦੇਸ਼ਕ ਵੀ ਸੋਚਦੇ ਹਨ ਕਿ ਜਪਾਨੀ ਪਰਿਵਾਰਾਂ 'ਚ ਬਦਲਾਅ ਨੇ ਬਜ਼ੁਰਗਾਂ ਵੱਲੋਂ ਕੀਤੇ ਜਾਂਦੇ ਜੁਰਮਾਂ ਦੀ ਲਹਿਰ 'ਚ ਯੋਗਦਾਨ ਪਾਇਆ ਹੈ। ਨਿਰਦੇਸ਼ਕ ਨੂੰ ਇਸ ਸਭ ਦੇ ਮਨੋਵਿਗਿਆਨਕ ਨਤੀਜਿਆਂ ਦੀ ਵਿੱਤੀ ਨਤੀਜਿਆਂ ਨਾਲੋਂ ਵਧੇਰੇ ਫਿਕਰ ਹੈ।
ਜਦੋਂ ਹੀਰੋਸ਼ੀਮਾ ’ਤੇ ਪਰਮਾਣੂ ਬੰਬ ਸੁੱਟਿਆ ਗਿਆ ਤਾਂ ਕਾਂਚੀ ਯਾਮਹਾ ਇੱਕ ਬੱਚੀ ਸੀ। ਹੁਣ ਉਨ੍ਹਾਂ ਦੀ ਉਮਰ 85 ਸਾਲ ਹੈ।
ਉਨ੍ਹਾਂ ਨੇ ਦੱਸਿਆ,"ਲੋਕਾਂ ਦੇ ਰਿਸ਼ਤੇ ਬਦਲ ਗਏ ਹਨ। ਲੋਕ ਪਹਿਲਾਂ ਨਾਲੋਂ ਜ਼ਿਆਦਾ ਇਕੱਲੇ ਪੈ ਗਏ ਹਨ। ਉਨ੍ਹਾਂ ਨੂੰ ਸਮਾਜ ਵਿੱਚ ਥਾਂ ਨਹੀਂ ਮਿਲ ਰਹੀ। ਉਨ੍ਹਾਂ ਤੋਂ ਇਕੱਲਾਪਣ ਵੀ ਬਰਦਾਸ਼ਤ ਨਹੀਂ ਹੋ ਰਿਹਾ।"
"ਆਮ ਕਰਕੇ ਜਦੋਂ ਲੋਕਾਂ ਦੇ ਨਾਲ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਲੋਕ ਹੁੰਦੇ ਹਨ ਤਾਂ ਉਹ ਜੁਰਮ ਨਹੀਂ ਕਰਦੇ ਪਰ ਜਦੋਂ ਅਧੇੜ ਉਮਰ ਵਿੱਚ ਉਨ੍ਹਾਂ ਦੀ ਪਤਨੀ ਜਾਂ ਬੱਚੇ ਗੁਆਚ ਜਾਂਦੇ ਹਨ ਤਾਂ ਉਹ ਜੁਰਮ ਦੀ ਰਾਹ ’ਤੇ ਪੈ ਜਾਂਦੇ ਹਨ।"

ਉਨ੍ਹਾਂ ਕਿਹਾ ਕਿ ਗ਼ਰੀਬੀ ਕਾਰਨ ਜੁਰਮ ਵਿੱਚ ਪੈ ਜਾਣਾ ਇਹ ਸਿਰਫ ਤੋਸ਼ੀਓ ਦਾ ਇੱਕ ਬਹਾਨਾ ਹੈ। ਇਸ ਦਾ ਮੂਲ ਕਾਰਨ ਤਾਂ ਇਕੱਲਾਪਨ ਹੈ। ਜੁਰਮ ਦੁਹਰਾਉਣ ਪਿੱਛੇ ਇੱਕ ਵਜ੍ਹਾ ਤੋਸ਼ੀਓ ਨੂੰ ਜੇਲ੍ਹ ਵਿੱਚ ਮਿਲਣ ਵਾਲਾ ਸਾਥ ਵੀ ਹੋ ਸਕਦਾ ਹੈ।
ਇਹ ਸੱਚ ਹੈ ਕਿ ਤੋਸ਼ੀਓ ਇਸ ਦੁਨੀਆਂ ਵਿੱਚ ਇਕੱਲੇ ਹਨ। ਉਨ੍ਹਾਂ ਦੇ ਮਾਂ-ਬਾਪ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੇ ਭਰਾਵਾਂ ਤੋਂ ਸੰਪਰਕ ਟੁੱਟ ਚੁੱਕਿਆ ਹੈ। ਉਨ੍ਹਾਂ ਦੇ ਭਰਾ ਉਨ੍ਹਾਂ ਦੀਆਂ ਫੋਨ ਕਾਲਾਂ ਦਾ ਜਵਾਬ ਨਹੀਂ ਦਿੰਦੇ। ਉਨ੍ਹਾਂ ਦਾ ਹੁਣ ਆਪਣੀਆਂ ਦੋ ਤਲਾਕਸ਼ੁਦਾ ਪਤਨੀਆਂ ਅਤੇ ਤਿੰਨ ਬੱਚਿਆਂ ਨਾਲ ਵੀ ਕੋਈ ਰਾਬਤਾ ਨਹੀਂ ਹੈ।
ਮੈਂ ਪੁੱਛਿਆ ਕੀ ਜੇ ਉਨ੍ਹਾਂ ਦੀ ਪਤਨੀ ਜਾਂ ਬੱਚੇ ਉਨ੍ਹਾਂ ਦੇ ਨਾਲ ਹੁੰਦੇ ਤਾਂ ਕੀ ਹਾਲਾਤ ਕੁਝ ਹੋਰ ਹੁੰਦੇ। ਇਸ ਬਾਰੇ ਉਨ੍ਹਾਂ ਕਿਹਾ ਕਿ ਸ਼ਾਇਦ।
ਮਾਈਕਲ ਨਿਊਮੈਨ ਮੁਤਾਬਕ ਜਪਾਨੀ ਸਰਕਾਰ ਨੇ ਜੇਲ੍ਹਾਂ ਦੀ ਸਮਰੱਥਾ ਵਧਾ ਦਿੱਤੀ ਹੈ ਅਤੇ ਮਹਿਲਾ ਗਾਰਡ ਭਰਤੀ ਕੀਤੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਜੇਲ੍ਹਾਂ ਵਿੱਚ ਬਜ਼ੁਰਗ ਮਹਿਲਾ ਕੈਦੀਆਂ ਦੀ ਗਿਣਤੀ ਵਧ ਰਹੀ ਹੈ। ਪਿਛਲੇ ਸਮੇਂ ਦੌਰਾਨ ਕੈਦੀਆਂ ਦੇ ਮੈਡੀਕਲ ਬਿਲਾਂ ਵਿੱਚ ਵੀ ਵਾਧਾ ਹੋਇਆ ਹੈ।
ਜਪਾਨ ਦੀਆਂ ਜੇਲ੍ਹਾਂ ਵਿੱਚ ਬਜ਼ੁਰਗ ਕੈਦੀਆਂ ਦੀ ਚਹਿਲ-ਕਦਮੀ ਵਧਦੀ ਜਾ ਰਹੀ ਹੈ। ਰਾਜਧਾਨੀ ਟੋਕੀਓ ਦੀ ਇੱਕ ਜੇਲ੍ਹ ਵਿੱਚ ਇੱਕ ਤਿਹਾਈ ਕੈਦੀ ਸੱਠਾਂ ਤੋਂ ਉੱਪਰ ਹਨ।

ਕੈਦੀਆਂ ਦੀ ਪਰੇਡ ਬਜ਼ੁਰਗਾਂ ਨੂੰ ਬਹੁਤ ਮੁਸ਼ਕਿਲ ਹੈ। ਮੈਂ ਕੁਝ ਕੁ ਧੌਲੇ ਵਾਲਾਂ ਵਾਲੇ ਕੈਦੀਆਂ ਨੂੰ ਦੇਖਿਆ ਜੋ ਬੜੀ ਮੁਸ਼ਕਿਲ ਨਾਲ ਪਰੇਡ ਨਾਲ ਤੁਰ ਰਹੇ ਸਨ ਉਨ੍ਹਾਂ ਵਿੱਚੋਂ ਇੱਕ ਤਾਂ ਫਹੁੜੀਆਂ ਦੇ ਸਹਾਰੇ ਚੱਲ ਰਹੇ ਸਨ।
ਜੇਲ੍ਹ ਦੇ ਮੁੱਖ ਸਿਖਿਆ ਅਫ਼ਸਰ ਨੇ ਮੈਨੂੰ ਦੱਸਿਆ ਕਿ ਬਜ਼ੁਰਗ ਕੈਦੀਆਂ ਕਾਰਨ ਸਾਨੂੰ ਜੇਲ੍ਹਾਂ ਦੀਆਂ ਸਹੂਲਤਾਂ ਵਿੱਚ ਸੁਧਾਰ ਕਰਨਾ ਪਿਆ ਹੈ। ਅਸੀਂ ਰੇਲਿੰਗਾਂ ਲਾਈਆਂ ਹਨ ਤੇ ਖ਼ਾਸ ਪਖਾਨੇ ਬਣਾਏ ਹਨ।
ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਨ੍ਹਾਂ ਨੂੰ ਮਹਿਸੂਸ ਕਰਵਾਇਆ ਜਾਵੇ ਕਿ ਅਸਲੀ ਖ਼ੁਸ਼ੀ ਤਾਂ ਜੇਲ੍ਹ ਦੇ ਬਾਹਰ ਹੈ ਪਰ ਫੇਰ ਵੀ ਕੁਝ ਲੋਕ ਸੋਚਦੇ ਹਨ ਕਿ ਜੇਲ੍ਹ ਦੀ ਜ਼ਿੰਦਗੀ ਵਧੀਆ ਹੈ ਤੇ ਉਹ ਵਾਪਸ ਆ ਹੀ ਜਾਂਦੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਫਰਾਟੇਦਾਰ ਪੰਜਾਬੀ ਬੋਲਣ ਵਾਲੇ ਜਾਪਾਨੀ ਪ੍ਰੋਫੈਸਰ ਸਾਹਿਬ ਨੂੰ ਮਿਲੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












