You’re viewing a text-only version of this website that uses less data. View the main version of the website including all images and videos.
ਬਰਨਾਲਾ 'ਆਪ' ਰੈਲੀ: ਭਗਵੰਤ ਮਾਨ ਵੱਲੋਂ ਮੰਚ ਤੋਂ ਸ਼ਰਾਬ ਛੱਡਣ ਦਾ ਐਲਾਨ, ਕਿਹਾ ਕਦੇ ਕਦੇ ਪੀਂਦਾ ਸੀ, ਬਦਨਾਮੀ ਜ਼ਿਆਦਾ ਹੋਈ
ਆਮ ਆਦਮੀ ਪਾਰਟੀ ਪੰਜਾਬ ਵਿਚ ਅੱਜ ਅਗਾਮੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਬਿਗਲ ਵਜਾਉਣ ਜਾ ਰਹੀ ਹੈ। ਪੰਜਾਬ ਵਿਧਾਨ ਸਭਾ -2017 ਦੀਆਂ ਆਮ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਕਿਸੇ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਹੋਏ ਹਨ।
ਲੋਕ ਸਭਾ ਹਲਕਾ ਸੰਗਰੂਰ ਤਹਿਤ ਆਉਣ ਵਾਲੇ ਵਿਧਾਨ ਸਭਾ ਹਲਕਾ ਵਿਚ ਇਹ ਰੈਲੀ ਹੋ ਰਹੀ ਹੈ। ਇਹ ਰੈਲੀ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂ ਕਿ ਇਹ ਪਾਰਟੀ ਦੀ ਪੰਜਾਬ ਇਕਾਈ ਵਿਚ ਫੁੱਟ ਪੈਣ ਤੋਂ ਬਾਅਦ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੇ ਜਾਣ ਤੋਂ ਬਾਅਦ ਵੀ ਪਹਿਲੀ ਰੈਲੀ ਹੈ।
ਰੈਲੀਆਂ ਦੀ ਇਸ ਕੜੀ ਤਹਿਤ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਤਿੰਨ ਰੈਲੀਆਂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਪਹਿਲੀ ਰੈਲੀ ਬਰਨਾਲਾ ਵਿੱਚ ਕਰਨ ਦਾ ਮਕਸਦ ਬਠਿੰਡਾ, ਫਰੀਦਕੋਟ ਅਤੇ ਸੰਗਰੂਰ ਵਿੱਚ ਪਾਰਟੀ ਦੇ ਵੋਟ ਬੇਸ ਨੂੰ ਮਜ਼ਬੂਤ ਕਰਨਾ ਹੈ।
ਇਨ੍ਹਾਂ ਹਲਕਿਆਂ ਵਿੱਚੋਂ ਹੀ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਮਿਲੀਆਂ ਸਨ।
ਕੇਜਰੀਵਾਲ ਦੇ ਭਾਸ਼ਣ ਦੀਆਂ ਮੁੱਖ ਗੱਲਾਂ
- ਆਮ ਆਦਮੀ ਪਾਰਟੀ ਮੁਖੀ ਨੇ ਕਿਹਾ ਕਿ ਪੰਜਾਬ ਦੇ ਲੋਕ ਪਾਰਟੀ ਨੂੰ 13 ਦੀਆਂ 13 ਸੀਟਾਂ ਜਿਤਾਉਣ ਤਾਂ ਜੋ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕੇ।
- ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਦਲਿਤਾਂ ਦਾ ਸਸ਼ਤੀਕਰਨ ਕੀਤਾ ਹੈ।
- ਕੈਪਟਨ ਅਮਰਿੰਦਰ ਪੰਜਾਬ ਦੇ ਸਕੂਲਾਂ ਤੇ ਹਸਪਤਾਲਾਂ ਨੂੰ ਨਿੱਜੀ ਕੰਪਨੀਆਂ ਦੇ ਹੱਥਾਂ ਵਿਚ ਦੇ ਰਹੇ ਹਨ।ਜਦਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਹਰ ਇੱਕ ਨੂੰ ਬਰਾਬਰ ਸਿੱਖਿਆ ਤੇ ਸਿਹਤ ਸਹੂਲਤਾਂ ਦਿੱਤੀਆਂ।
- ਕੈਪਟਨ ਅਮਰਿੰਦਰ ਨੇ ਪੰਜਾਬ ਨਾ ਘਰ ਘਰ ਨੌਕਰੀ ਦਿੱਤੀ ਨਾ ਸਮਾਰਟ ਫੋਨ ਅਤੇ ਨਾ ਕਿਸਾਨਾਂ ਦੀ ਬਾਹ ਫੜ੍ਹੀ
- ਕੇਜਰੀਵਾਲ ਨੇ ਕਿਹਾ ਕਿ ਜਿਹੜੇ ਟਿਕਟਾਂ ਅਤੇ ਅਹੁਦਿਆਂ ਦੇ ਲਾਲਚੀ ਸਨ ,ਉਹ ਪਾਰਟੀ ਛੱਡ ਕੇ ਚਲੇ ਗਏ, ਚੰਗੇ ਤੇ ਇਮਾਨਦਾਰ ਆਗੂ ਪਾਰਟੀ ਵਿਚ ਸ਼ਾਮਲ ਹਨ।
- ਆਮ ਆਦਮੀ ਪਾਰਟੀ ਨੂੰ ਛੱਡਣ ਵਾਲੇ ਪਾਰਟੀ ਵਿਚ ਰਹਿਣ ਦੇ ਲਾਇਕ ਨਹੀਂ ਸਨ। ਰੱਬ ਨੇ ਪਾਰਟੀ ਦੀ ਸਫ਼ਾਈ ਕੀਤੀ ਹੈ। ਝਾੜੂ ਤੀਲਾ ਤੀਲਾ ਨਹੀਂ ਹੋਇਆ।
- ਕੁਝ ਲੋਕ ਛੱਡ ਕੇ ਗਏ ਹਨ ਤੇ ਕਹਿ ਰਹੇ ਨੇ ਕਿ ਝਾੜੂ ਤੀਲੀ-ਤੀਲੀ ਹੋ ਗਿਆ। ਪਰ ਕਿਸੇ ਦੀ ਹਿੰਮਤ ਨਹੀਂ ਕਿ ਝਾੜੂ ਨੂੰ ਤੀਲਾ-ਤੀਲਾ ਕਰ ਸਕੇ। ਕਾਂਗਰਸ ਤੇ ਭਾਜਪਾ ਪਿਛਲੇ ਚਾਰ ਸਾਲ ਤੋਂ ਲੱਗੇ ਹੋਏ ਹਨ।
- ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਉਸ ਵਰਗਾ ਆਗੂ ਵਿਰਲਾ ਹੀ ਮਿਲਦਾ ਹੈ। ਜਿਹੜੇ ਕਰੋੜਾਂ ਰੁਪਏ ਦੀ ਆਮਦਨ ਛੱਡ ਕੇ ਪੰਜਾਬ ਦੇ ਲੋਕਾਂ ਲਈ ਮੈਦਾਨ ਵਿਚ ਕੱਦਿਆ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਜਿੱਥੋਂ ਚਾਹੁੰਦਾ ਚੋਣ ਲੜ ਸਕਦਾ ਸੀ। ਪਰ ਉਹ ਸੁਖਬੀਰ ਬਾਦਲ ਦੇ ਖਿਲਾਫ਼ ਲੜਿਆ ਅਤੇ ਦੋਵਾਂ ਪਾਰਟੀਆਂ ਨੇ ਮਿਲ ਕੇ ਭਗਵੰਤ ਮਾਨ ਨੂੰ ਹਰਾਇਆ।
ਇਕੱਠ ਨੇ ਨਿੰਦਕਾਂ ਦਾ ਮੂੰਹ ਬੰਦ ਕੀਤਾ- ਭਗਵੰਤ ਮਾਨ
ਪਾਰਟੀ ਦੇ ਲੋਕ ਸਭਾ ਤੋਂ ਸੰਸਦ ਮੈਂਬਰ ਭਗਵੰਤ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ ਲਈ ਆਪਣਾ ਕਰੀਅਰ ਛੱਡਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਮੈਂ ਸਰਕਾਰਾਂ ਉੱਤੇ ਸਵਾਲ ਚੁੱਕਦਾ ਸੀ ਇਸ ਲਈ ਮੈਨੂੰ ਬਦਨਾਮ ਕੀਤਾ ਗਿਆ।
ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਸ਼ਰਾਬ ਦੇ ਨਾਂ ਉੱਤੇ ਬਦਨਾਮ ਕੀਤਾ ਗਿਆ ਇਸ ਲਈ ਮੈਂ ਅੱਜ ਸ਼ਰਾਬ ਛੱਡਣ ਦਾ ਐਲਾਨ ਕੀਤਾ।
ਸੋਲਾਂ ਕਲਾਂ ਸੰਪੂਰਨ ਕੋਈ ਨਹੀਂ ਹੁੰਦਾ ਇਸ ਲਈ ਗਲਤੀਆਂ ਕੋਈ ਨਹੀਂ ਕਰਦਾ। ਭਗਵੰਤ ਮਾਨ ਨੇ ਕਿਹਾ ਜਿਹੜੇ ਲੋਕ ਆਮ ਆਦਮੀ ਪਾਰਟੀ ਨੂੰ ਕਹਿੰਦੇ ਨੇ ਤੀਲਾ -ਤੀਲਾ ਹੋ ਗਿਆ ਉਨ੍ਹਾਂ ਦਾ ਮੂੰਹ ਬੰਦ ਹੋ ਗਿਆ ਹੈ।
ਭਗਵੰਤ ਮਾਨ ਨੇ ਪਾਰਟੀ ਵੱਲੋਂ ਲੋਕ ਸਭਾ ਸੀਟ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਉਮੀਦਵਾਰ ਐਲਾਨਿਆ।
ਬੇਅਦਬੀ ਕਾਂਡ ਦੇ ਸਾਜ਼ਿਸ਼ਕਾਰੀਆਂ ਖ਼ਿਲਾਫ਼ ਲੜਾਂਗੇ-ਸੰਧਵਾਂ
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸੰਧਵਾਂ ਨੇ ਕਿਹਾ ਕਿ 'ਆਪ' ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਸਾਜਿਸ਼ਕਾਰੀਆਂ ਖ਼ਿਲਾਫ਼ ਲੜਾਈ ਜਾਰੀ ਰੱਖਾਂਗੇ।
ਉਨ੍ਹਾਂ ਕਿਹਾ ਪੰਜਾਬ ਨੂੰ ਬਰਾਬਰ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਸਿਸਟਮ ਦਾ ਦਿੱਲੀ ਦੀ ਤਰਜ਼ ਉੱਤੇ ਵਿਕਾਸ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ਦੇ ਲੋਕਾਂ ਦਾ ਵਿਕਾਸ ਹੈ ਕੋਈ ਸੀਟਾਂ ਤੇ ਅਹੁਦੇ ਹਾਸਲ ਕਰਨੇ ਨਹੀਂ।
ਪੰਜਾਬ ਵਿਚ ਗਠਜੋੜ ਨਹੀਂ
ਕੇਰਜੀਵਾਲ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਲਈ ਪਹੁੰਚ ਚੁੱਕੇ ਹਨ ਪਹਿਲਾ ਉਹ ਸੇਵਾ ਸਿੰਘ ਠੀਕਰੀਵਾਲਾ ਦੀ ਸਮਾਰਕ ਉੱਤੇ ਪਹੁੰਚੇ ਅਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਰੇਲ ਗੱਡੀ ਰਾਹੀ ਬਰਨਾਲਾ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਵਿਚ ਕਿਹਾ ਕਿ ਪਾਰਟੀ 13-13 ਦੀਆਂ ਲੜੇਗੀ ਅਤੇ ਕਿਸੇ ਨਾਲ ਗਠਜੋੜ ਨਹੀਂ ਕਰੇਗੀ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਮਾਡਲ ਦੀ ਤਰਜ ਉੱਤੇ ਪੰਜਾਬ ਦਾ ਵਿਕਾਸ ਕੀਤਾ ਜਾਵੇਗਾ।
ਬਿਨਾਂ ਜਰਨੈਲ ਤੋਂ ਫੌਜ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਾਲਤ ਬਿਨਾਂ ਜਰਨੈਲ ਤੋਂ ਫੌਜ ਵਰਗੀ ਹੈ। ਲੋਕਾਂ ਵੱਲੋਂ ਪਹਿਲਾਂ ਲੋਕ ਸਭਾ ਚੋਣਾਂ ਤੇ 2017 ਦੀਆਂ ਵਿਧਾਨਸਭਾ ਚੋਣਾਂ ਵਿਚ ਪਾਰਟੀ ਨੂੰ ਤਕੜਾ ਹੁੰਗਾਰਾ ਦਿੱਤਾ ਗਿਆ, ਪਰ ਪਾਰਟੀ ਸੂਬੇ ਵਿਚ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਬਣਾ ਕੇ ਪੇਸ਼ ਨਾ ਕਰ ਸਕੀ।
ਇਸ ਦਾ ਨਤੀਜਾ 20 ਸੀਟਾਂ ਵਿਚ ਹੀ ਸਿਮਟਣ ਵਾਲਾ ਹੋ ਨਿਕਲਿਆ ਜਦਕਿ ਪਾਰਟੀ 100 ਸੀਟਾਂ ਜਿੱਤਣ ਦੇ ਦਾਅਵੇ ਕਰ ਰਹੀ ਸੀ।
ਪੰਜਾਬ ਇਕਾਈ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਸਰਕਾਰ ਨੇ ਪੰਜਾਬ ਦੀ ਕਮਾਨ ਸੌਂਪ ਸੀ ਉਨ੍ਹਾਂ ਪਾਰਟੀ ਨੂੰ ਪੰਜਾਬ ਵਿੱਚ ਖੜ੍ਹਾ ਕਰਨ ਵਿੱਚ ਕਾਫ਼ੀ ਅਹਿਮ ਭੂਮਿਕਾ ਵੀ ਨਿਭਾਈ ਸੀ।
ਫਿਰ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਪਾਰਟੀ ਦੇ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸੁੱਚਾ ਸਿੰਘ ਛੋਟੇਪੁਰ ਦੀ ਥਾਂ ਗੁਰਪ੍ਰੀਤ ਘੁੱਗੀ ਨੂੰ ਪੰਜਾਬ ਕਨਵੀਨਰ ਬਣਾਇਆ ਗਿਆ ਪਰ ਉਹ ਵੀ ਜ਼ਿਆਦਾ ਦੇਰ ਇਸ ਅਹੁਦੇ 'ਤੇ ਨਹੀਂ ਰਹੇ ਅਤੇ ਉਨ੍ਹਾਂ ਨੇ ਪਹਿਲਾਂ ਪਾਰਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਤੇ ਬਾਅਦ ਵਿੱਚ ਪਾਰਟੀ ਤੋਂ ਹੀ ਅਸਤੀਫ਼ਾ ਦੇ ਦਿੱਤਾ ਸੀ।
ਪੰਜਾਬ ਨੇ ਬਚਾਈ ਸੀ ਲਾਜ ਪਰ ਹੋਏ ਰਹੇ ਪਾਟੋਧਾੜ
2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਦੇਸ ਦੇ ਕਈ ਹਿੱਸਿਆਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਖੁਦ ਅਰਵਿੰਦ ਕੇਜਰੀਵਾਲ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਖੜ੍ਹੇ ਹੋਏ ਸਨ ਪਰ ਆਮ ਆਦਮੀ ਪਾਰਟੀ ਨੂੰ ਦੇਸ ਦੇ ਹਰ ਹਿੱਸੇ ਵਿੱਚ ਹਾਰ ਦਾ ਮੂੰਹ ਦਾ ਵੇਖਣਾ ਪਿਆ ਸੀ।
ਇਹ ਵੀ ਪੜ੍ਹੋ:
ਅਰਵਿੰਦ ਕੇਜਰੀਵਾਲ ਵੀ ਆਪਣੀ ਸੀਟ ਹਾਰ ਗਏ ਸਨ। ਸਿਰਫ਼ ਪੰਜਾਬ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਮਿਲੀਆਂ ਸਨ। ਪੰਜਾਬ ਵਿੱਚ ਪਾਰਟੀ ਦਾ ਵੋਟ ਸ਼ੇਅਰ 24.40% ਰਿਹਾ ਸੀ।
ਸੰਗਰੂਰ ਤੋਂ ਭਗਵੰਤ ਮਾਨ, ਪਟਿਆਲਾ ਤੋਂ ਧਰਮਵੀਰ ਗਾਂਧੀ, ਪ੍ਰੋਫੈੱਸਰ ਸਾਧੂ ਸਿੰਘ ਫਰੀਦਕੋਟ ਤੋਂ ਅਤੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਚੋਣ ਜਿੱਤੇ ਸਨ।
ਪਰ ਚੋਣਾਂ ਦੇ ਕੁਝ ਸਮੇਂ ਬਾਅਦ ਹੀ ਪਾਰਟੀ ਨੂੰ ਇੱਕ ਵੱਡੀ ਬਗ਼ਾਵਤ ਦਾ ਸਾਹਮਣਾ ਕਰਨਾ ਪਿਆ ਸੀ। ਪਟਿਆਲਾ ਤੋਂ ਐੱਮਪੀ ਧਰਮਵੀਰ ਗਾਂਧੀ ਤੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਨੇ ਪਾਰਟੀ ਲੀਡਰਸ਼ਿਪ ਖਿਲਾਫ਼ ਬਗ਼ਾਵਤੀ ਮੋਰਚਾ ਖੋਲ੍ਹ ਲਿਆ ਸੀ।
ਦੋਵੇਂ ਮੈਂਬਰ ਪਾਰਲੀਮੈਂਟਾਂ ਨੇ ਪਾਰਟੀ ਲੀਡਰਸ਼ਿਪ ਖਾਸਕਰ ਅਰਵਿੰਦ ਕੇਜਰੀਵਾਲ 'ਤੇ ਵਧੀਕਿਆਂ ਕਰਨ ਦਾ ਇਲਜ਼ਾਮ ਲਾਇਆ ਸੀ। 2015 ਵਿੱਚ ਪਾਰਟੀ ਵੱਲੋਂ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
ਫੂਲਕਾ ਦਾ ਅਸਤੀਫ਼ਾ
ਵਿਧਾਨ ਸਭਾ ਚੋਣਾਂ ਤੋਂ ਬਾਅਦ ਐੱਚ.ਐੱਸ ਫੂਲਕਾ ਨੂੰ ਵਿਧਾਨ ਸਭਾ ਵਿੱਚ ਪਾਰਟੀ ਵੱਲੋਂ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਸੀ ਪਰ ਕੁਝ ਵਕਤ ਤੋਂ ਬਾਅਦ ਫੂਲਕਾ ਨੇ ਇਹ ਕਹਿ ਕੇ ਅਸਤੀਫ਼ਾ ਦੇ ਦਿੱਤਾ ਕਿਉਂ ਕਿ ਸੁਪਰੀਮ ਕੋਰਟ ਦੀ ਬਾਰ ਕੌਸਲ ਨੇ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਉਹ ਮੰਤਰੀ ਰੈਂਕ ਰੱਖਕੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਲਈ ਅਦਾਲਤ ਵਿਚ ਪੇਸ਼ ਨਹੀਂ ਹੋ ਸਕਦੇ।
ਉਸ ਤੋਂ ਬਾਅਦ ਐੱਚ ਐੱਸ ਫੂਲਕਾ ਨੇ ਬੇਅਦਬੀ ਮਾਮਲਿਆਂ ਬਾਰੇ ਸੂਬਾ ਸਰਕਾਰ ਦੀ ਨਾਕਾਮੀ ਦਾ ਹਵਾਲਾ ਦਿੰਦਿਆਂ ਵਿਧਾਨ ਸਭਾ ਸਪੀਕਰ ਨੂੰ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ ਜੋ ਅਜੇ ਤੱਕ ਮਨਜ਼ੂਰ ਨਹੀਂ ਹੋਇਆ। ਬਾਅਦ ਵਿੱਚ ਫੂਲਕਾ ਨੇ ਪਾਰਟੀ ਤੋਂ ਹੀ ਅਸਤੀਫ਼ਾ ਦੇ ਦਿੱਤਾ ਸੀ।
ਵਿਧਾਇਕਾਂ ਦੀ ਬਗਾਵਤ
ਐੱਚ.ਐੱਸ ਫੂਲਕਾ ਵੱਲੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ।
ਸੁਖਪਾਲ ਖਹਿਰਾ ਦੇ ਪਾਰਟੀ ਲੀਡਰਸ਼ਿਪ ਨਾਲ ਕਈ ਮੁੱਦਿਆਂ ਬਾਰੇ ਵਿਵਾਦ ਰਹੇ। ਵਿਵਾਦਾਂ ਦੀ ਫਹਿਰਿਸਤ ਵਧਣ 'ਤੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਲਿਆ ਗਿਆ ਸੀ।
ਸੁਖਪਾਲ ਖਹਿਰਾ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਨੇ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਗਿਆ ਸੀ।
ਪਾਰਟੀ ਦੇ ਫੈਸਲੇ ਨੂੰ ਖਿਲਾਫ਼ ਸੁਖਪਾਲ ਖਹਿਰਾ, ਕੰਵਰ ਸੰਧੂ ਅਤੇ ਹੋਰ ਵਿਧਾਇਕਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਤੋਂ ਪਰੇ ਜਾ ਕੇ ਰੈਲੀਆਂ ਵੀ ਕੀਤੀਆਂ ਸਨ।
ਫਿਰ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:
ਉਸ ਤੋਂ ਕੁਝ ਵਕਤ ਬਾਅਦ ਸੁਖਪਾਲ ਖਹਿਰਾ ਨੇ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਨਵੀਂ ਪਾਰਟੀ ਪੰਜਾਬ ਏਕਤਾ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ।
ਪਾਰਟੀ ਵੱਲੋਂ ਵੀ ਵਿਧਾਨ ਸਭਾ ਦੇ ਸਪੀਕਰ ਨੂੰ ਸੁਖਪਾਲ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਲਈ ਅਰਜ਼ੀ ਦਿੱਤੀ ਗਈ ਹੈ।
ਹਾਲ ਹੀ ਵਿੱਚ ਹੀ ਵਿਧਾਇਕ ਬਲਦੇਵ ਸਿੰਘ ਨੇ ਪਾਰਟੀ ਲੀਡਰਸ਼ਿਪ 'ਤੇ ਵਧੀਕੀਆਂ ਕਰਨ ਦਾ ਇਲਜ਼ਾਮ ਲਾਉਂਦਿਆਂ ਹੋਇਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਆਮ ਆਦਮੀ ਪਾਰਟੀ ਸਰਕਾਰ ਜਾਂ ਵਿਰੋਧੀ ਪਾਰਟੀਆਂ ਨਾਲ ਘੱਟ ਆਪਣੇ ਬਾਗੀਆਂ ਨਾਲ ਲੜਨ ਵਿਚ ਵੱਧ ਉਲਝੀ ਹੋਈ ਹੈ।
ਸਿਆਸੀ ਮਾਹਰ ਮੰਨਦੇ ਨੇ ਕਿ ਪਾਰਟੀ ਵਿਚ ਬਗਾਵਤ ਤੋਂ ਬਾਅਦ ਪਾਰਟੀ ਦਾ ਸੱਤਾਧਾਰੀ ਤੇ ਬਾਗੀ ਧੜ੍ਹਾ ਆਪਣੀ ਜ਼ਮੀਨ ਤਲਾਸ਼ਣ ਲੱਗਾ ਹੋਇਆ ਹੈ।