ਚੰਡੀਗੜ੍ਹ ਵਿੱਚ ਬਰਤਾਨਵੀ ਔਰਤ ਨਾਲ ਕਥਿਤ ਤੌਰ ’ਤੇ ਬਲਾਤਕਾਰ ਦਾ ਮੁਲਜ਼ਮ ਹਾਲੇ ਵੀ ਗ੍ਰਿਫ਼ਤ 'ਚੋਂ ਬਾਹਰ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਇੱਕ ਬਰਤਾਨਵੀ ਔਰਤ ਨਾਲ ਕਥਿਤ ਤੌਰ 'ਤੇ ਬਲਾਤਕਾਰ ਦਾ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।

ਮਿਲੀ ਸ਼ਿਕਾਇਤ ਦੇ ਮੁਤਾਬਕ 'ਤੇ ਬਲਾਤਕਾਰ ਦੀ ਘਟਨਾ ਉਦੋਂ ਵਾਪਰੀ ਜਦੋਂ 50 ਸਾਲਾ ਬਰਤਾਨਵੀ ਔਰਤ 20 ਦਸੰਬਰ ਨੂੰ ਹੋਟਲ ਵਿੱਚ ਮਸਾਜ ਕਰਵਾ ਰਹੀ ਸੀ।

ਔਰਤ ਬਰਤਾਨਵੀ ਆਪਣੇ ਪਾਰਟਨਰ ਨਾਲ ਇੱਥੇ ਘੁੰਮਣ ਆਈ ਹੋਈ ਸੀ। ਔਰਤ ਵੱਲੋਂ ਮਾਮਲੇ ਦੀ ਐਫਆਈਆਰ ਆਈਟੀ ਪਾਰਕ ਪੁਲਿਸ ਸਟੇਸ਼ਨ 'ਚ 28 ਦਸੰਬਰ ਨੂੰ ਕਰਵਾਈ ਗਈ।

ਪੁਲਿਸ ਅਫ਼ਸਰ ਅਨੁਸਾਰ ਇਸ ਮਾਮਲੇ ਵਿੱਚ ਮਜਿਸਟ੍ਰੇਟ ਨੇ ਬਿਆਨ ਦਰਜ ਕਰ ਲਏ ਹਨ। ਪੀੜਤ ਔਰਤ ਦਾ ਮੈਡੀਕਲ ਵੀ ਕਰਵਾ ਲਿਆ ਗਿਆ ਹੈ ਤੇ ਰਿਪੋਰਟ ਵੀ ਆ ਗਈ ਹੈ।

ਸਬ ਡਿਵੀਜ਼ਨਲ ਪੁਲਿਸ ਅਧਿਕਾਰੀ (ਈਸਟ ਜੋਨ) ਹਰਜੀਤ ਕੌਰ ਨੇ ਦੱਸਿਆ, "ਮੁਲਜ਼ਮ ਫਰਾਰ ਹੈ ਅਤੇ ਅਸੀਂ ਉਸ ਦੀ ਭਾਲ ਕਰ ਰਹੇ ਹਾਂ।"

ਇਸ ਮਾਮਲੇ ਦੀ ਜਾਂਚ ਕਰਨ ਵਾਲੀ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਮੁਲਜ਼ਮ ਦੀ ਉਮਰ 20 ਕੁ ਸਾਲ ਦੀ ਹੈ ਅਤੇ ਸ਼ਹਿਰ ਤੋਂ ਬਾਹਰਵਾਰ ਪੈਂਦੀ ਕਾਲੌਨੀ 'ਚ ਰਹਿੰਦਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਦੋਵਾਂ ਵਿਚਾਲੇ ਕੋਈ ਸਰੀਰਕ ਸਬੰਧ ਨਹੀਂ ਬਣਿਆ ਪਰ ਇਹ ਮਾਮਲਾ ਬਲਾਤਕਾਰ ਦੇ ਅਧੀਨ ਹੀ ਆਉਂਦਾ ਹੈ।

ਹਰਜੀਤ ਕੌਰ ਨੇ ਅੱਗੇ ਕਿਹਾ, "ਇਸ ਦੌਰਾਨ ਉਂਗਲੀ ਦੀ ਵਰਤੋਂ ਕੀਤੀ ਗਈ ਅਤੇ ਇਹ ਬਲਤਾਕਾਰ ਦੀ ਸ਼੍ਰੇਣੀ ਵਿੱਚ ਹੀ ਆਉਂਦਾ ਹੈ। ਇਸ ਲਈ ਅਸੀਂ ਇਹ ਮਾਮਲਾ ਆਈਪੀਸੀ ਦੀ ਧਾਰਾ 376 ਤਹਿਤ ਦਰਜ ਕੀਤਾ ਹੈ।"

ਇੱਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਲਾਤਕਾਰ ਦੀ ਧਾਰਾ 'ਚ ਇਹ ਸੋਧਾਂ ਦਸੰਬਰ 2012 'ਚ ਹੋਏ ਦਿੱਲੀ ਗੈਂਗ ਰੇਪ ਤੋਂ ਬਾਅਦ ਕੀਤੀਆਂ ਗਈਆਂ।

ਹਰਜੀਤ ਕੌਰ ਨੇ ਦੱਸਿਆ ਕਿ ਪੀੜਤ ਨੇ ਜਾਂਚ ਵਿੱਚ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ।

ਪੁਲਿਸ ਮੁਤਾਬਕ ਬਰਤਾਨਵੀ ਜੋੜੇ ਨੇ ਸ਼ਹਿਰ ਛੱਡ ਦਿੱਤਾ ਹੈ ਪਰ ਉਹ ਭਾਰਤ 'ਚ ਹਨ ਜਾਂ ਨਹੀਂ ਇਸ ਬਾਰੇ ਉਹ ਨਹੀਂ ਜਾਣਦੇ।

ਫਿਲਹਾਲ ਪੁਲਿਸ ਨੇ ਹੋਟਲ ਦੀ ਸੀਸੀਟੀਵੀ ਫੁਟੇਜ ਲੈ ਲਈ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਵੀ ਕਰ ਲਈ ਹੈ। ਜਦੋਂ ਐਤਵਾਰ ਨੂੰ ਬੀਬੀਸੀ ਦੀ ਟੀਮ ਹੋਟਲ ਪਹੁੰਚੀ ਤਾਂ ਜਨਰਲ ਮੈਨੇਜਰ ਮੌਜੂਦ ਨਹੀਂ ਸਨ।

10 ਦਿਨਾਂ 'ਚ ਦੂਜਾ ਮਾਮਲਾ

ਭਾਰਤ ਵਿੱਚ ਪਿਛਲੇ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜਾ ਮਾਮਲਾ ਹੈ।

ਇਸ ਤੋਂ ਪਹਿਲਾਂ ਗੋਆ ਵਿੱਚ 48 ਸਾਲ ਦੀ ਬਰਤਾਨਵੀਂ ਔਰਤ ਨਾਲ ਬਲਾਤਾਕਰ ਅਤੇ ਲੁੱਟ ਦੇ ਇਲਜ਼ਾਮਾਂ ਤਹਿਤ ਇੱਕ ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਚੰਡੀਗੜ੍ਹ ਵਿੱਚ ਅਜਿਹਾ ਕੋਈ ਪਹਿਲਾ ਕੇਸ ਨਹੀਂ

ਇਹ ਚੰਡੀਗੜ੍ਹ ਵਿੱਚ ਜਿਨਸੀ ਹਿੰਸਾ ਦਾ ਪਹਿਲਾ ਮਾਮਲਾ ਨਹੀਂ ਹੈ। 2008 ਵਿੱਚ ਜਰਮਨ ਔਰਤ ਨੂੰ ਅਗਵਾ ਕਰ ਕੇ ਫਾਰਮ ਹਾਊਸ ਵਿੱਚ ਰੇਪ ਕੀਤਾ ਗਿਆ ਸੀ। ਉਸ ਮਾਮਲੇ ਵਿੱਚ ਅਦਾਲਤ ਨੇ ਪੰਜ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।

1994 ਵਿੱਚ ਫਰਾਂਸ ਦੀ ਨਾਗਰਿਕ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਮੌਜੂਦਾ ਵੇਲੇ ਖੰਨਾ ਤੋਂ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਤੇ ਹੋਰ ਲੋਕਾਂ 'ਤੇ ਉਸ ਨੂੰ ਅਗਵਾ ਕਰਕੇ, ਸਰੀਰਕ ਸ਼ੋਸ਼ਣ ਕਰਨ ਤੇ ਬੰਦੀ ਕਰਨ ਦੇ ਇਲਜ਼ਾਮ ਲਾਏ ਸਨ।

ਘਟਨਾ ਤੋਂ ਬਾਅਦ ਉਹ ਔਰਤ ਭਾਰਤ ਤੋਂ ਚਲੀ ਗਈ ਸੀ ਅਤੇ ਕਦੇ ਵਾਪਸ ਨਹੀਂ ਮੁੜੀ ਸੀ। 1999 ਵਿੱਚ ਸਥਾਨਕ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)