ਬਿਨਾਂ ਬੰਦੂਕ ਜ਼ਿੰਦਾ ਕਾਰਤੂਸ ਨੇ ਕੇਜਰੀਵਾਲ ਦੀ ਸੁਰੱਖਿਆ 'ਤੇ ਖੜ੍ਹੇ ਕੀਤੇ ਸਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਵਾਸ ਤੋਂ ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਅਕਤੀ ਦੀ ਤਲਾਸ਼ੀ ਦੌਰਾਨ ਉਸ ਦੇ ਬਟੂਏ ਵਿਚੋਂ ਪੁਲਿਸ ਨੂੰ ਜ਼ਿੰਦਾ ਕਾਰਤੂਸ ਬਰਾਮਦ ਹੋਇਆ ਸੀ।

ਖ਼ਬਰ ਏਜੰਸੀ ਪੀਟੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ 39 ਸਾਲਾ ਸ਼ਖ਼ਸ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਤਲਾਸ਼ੀ ਦੌਰਾਨ ਉਸਦੇ ਬਟੂਏ ਵਿਚੋਂ ਇੱਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ, ਜਿਸ ਤੋਂ ਬਾਅਦ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ:

ਸ਼ਖ਼ਸ ਦੀ ਪਛਾਣ ਮੁਹੰਮਦ ਇਮਰਾਨ ਵਜੋਂ ਕੀਤੀ ਗਈ ਹੈ। ਉਹ ਦਿੱਲੀ ਦੇ ਕਰੋਲ ਬਾਗ਼ ਸਥਿਤ ਮਸਜਿਦ ਦੀ ਦੇਖ ਭਾਲ ਕਰਦਾ ਹੈ। ਇਹ ਸ਼ਖ਼ਸ ਦਿੱਲੀ ਦੇ ਸੀਲਮਪੁਰ ਇਲਾਕੇ ਵਿੱਚ ਰਹਿੰਦਾ ਹੈ।

ਮੁਹੰਮਦ ਇਮਰਾਨ ਦੀ ਗ੍ਰਿਫ਼ਤਾਰੀ ਸਮੇਂ ਉਹ ਮੁੱਖ ਮੰਤਰੀ ਦੇ ਘਰ ਜਨਤਾ ਦਰਬਾਰ (ਜਨਤਕ ਮੀਟਿੰਗ) ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪਹੁੰਚਿਆ ਸੀ।

ਭਾਜਪਾ 'ਤੇ ਨਿਸ਼ਾਨਾ

ਉੱਧਰ ਬੀਤੇ ਦਿਨੀਂ ਦਿੱਲੀ ਵਿਧਾਨ ਸਭਾ ਦੇ ਖਾਸ ਇਜਲਾਸ ਦੌਰਾਨ ਬੋਲਦਿਆਂ ਅਰਵਿੰਦ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਉਨ੍ਹਾਂ 'ਤੇ ਹੋਏ ਹਮਲੇ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਇਲਜ਼ਾਮ ਲਗਾਇਆ ਕਿ 20 ਨਵੰਬਰ ਨੂੰ ਉਨ੍ਹਾਂ 'ਤੇ ਹੋਏ ਹਮਲੇ ਪਿੱਛੇ ਭਾਜਪਾ ਦਾ ਹੱਥ ਹੈ ਕਿਉਂਕਿ ਉਹ 'ਆਪ' ਸਰਕਾਰ ਵੱਲੋਂ ਕੀਤੇ ਗਏ ਚੰਗੇ ਕੰਮਾਂ ਤੋਂ ਘਬਰਾ ਗਏ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾ ਸਕਦੇ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਅਰਵਿੰਦ ਕੇਜਰੀਵਾਲ 'ਤੇ ਕੁਝ ਦਿਨਾਂ ਪਹਿਲਾਂ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਇੱਕ ਵਿਅਕਤੀ ਵੱਲੋਂ ਲਾਲ ਮਿਰਚ ਪਾਊਡਰ ਸੁੱਟਿਆ ਗਿਆ ਸੀ।

ਇਸ ਸਭ ਤੋਂ ਬਾਅਦ ਮਾਮਲੇ ਨੇ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਦਾ ਧਿਆਨ ਖਿੱਚਿਆ। ਲੋਕਾਂ ਨੇ #DelhiCMUnderThreat ਦੀ ਵਰਤੋਂ ਕਰਦਿਆਂ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ।

ਟਵਿੱਟਰ ਯੂਜ਼ਰ ਅਭਿਸ਼ੇਕ ਵਸ਼ਿਸ਼ਟ ਲਿਖਦੇ ਹਨ ਕਿ, "ਪਿਛਲੇ 4 ਸਾਲਾਂ ਵਿੱਚ ਅਰਵਿੰਦ ਕੇਜਰੀਵਾਲ ਉੱਤੇ 10 ਵਾਰ ਹਮਲਾ ਹੋ ਚੁੱਕਿਆ ਹੈ। ਕੁਝ ਦਿਨ ਪਹਿਲਾਂ ਉਨ੍ਹਾਂ 'ਤੇ ਇਕ ਭਾਜਪਾ ਵਰਕਰ ਨੇ ਦਿੱਲੀ ਸਕੱਤਰੇਤ ਵਿਖੇ ਹਮਲਾ ਕੀਤਾ ਸੀ। ਪੀਐਮ ਮੋਦੀ ਦੀ ਸਰਕਾਰ ਦੇ ਦਬਾਅ ਕਾਰਨ ਪੁਲਿਸ ਮੁੱਖ ਮੰਤਰੀ ਦੀ ਸੁਰੱਖਿਆ ਵੱਲ ਧਿਆਨ ਨਹੀਂ ਦੇ ਰਹੀ।"

ਯੂਜ਼ਰ ਗੀਤਾ ਐਸ ਕਪੂਰ ਆਪਣੇ ਟਵਿੱਟਰ ਹੈਂਡਲ ਤੋਂ ਲਿਖਦੀ ਹੈ ਕਿ, "ਹਮਲਾ ਕਰਨ ਵਾਲਾ ਵਿਅਕਤੀ ਇਮਰਾਨ ਇੱਕ ਮੁਸਲਮਾਨ ਮੌਲਵੀ ਹੈ। ਉਸ ਕੋਲ ਸਿਰਫ਼ ਇੱਕ ਜ਼ਿੰਦਾ ਕਾਰਤੂਸ ਸੀ। ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਇੱਕ ਬੰਦੂਕ ਦੀ ਵੀ ਜ਼ਰੂਰਤ ਹੁੰਦੀ ਹੈ।"

ਅਨੀਕੇਤ ਨਾਮੀ ਟਵਿੱਟਰ ਹੈਂਡਲਰ ਲਿਖਦੇ ਹਨ ਕਿ, "ਸਿਰਫ਼ ਦਿੱਲੀ ਦੇ ਮੁੱਖ ਮੰਤਰੀ ਹੀ ਖਤਰੇ 'ਚ ਨਹੀਂ, ਦਿੱਲੀ ਖਤਰੇ ਵਿੱਚ ਹੈ। ਦਿੱਲੀ ਦੇ ਲੋਕ ਅਤੇ ਉਨ੍ਹਾਂ ਦੇ ਅਧਿਕਾਰ ਖਤਰੇ ਵਿੱਚ ਹਨ।"

ਟਵਿੱਟਰ ਯੂਜ਼ਰ ਗੀਤਿਕਾ ਸਵਾਮੀ ਲਿਖਦੀ ਹੈ, "ਗ੍ਰਿਫ਼ਤਾਰ ਕੀਤਾ ਗਿਆ ਮੁਸਲਮਾਨ ਮੌਲਵੀ ਅਰਵਿੰਦ ਕੇਜਰੀਵਾਲ ਕੋਲ ਵਕਫ਼ ਬੋਰਡ ਦੀ ਤਨਖ਼ਾਹ ਵਧਾਉਣ ਬਾਰੇ ਬੇਨਤੀ ਕਰਨ ਆਇਆ ਸੀ। ਪਰ ਪਾਰਟੀ ਦੇ ਕਿਸੇ ਵੀ ਟਵੀਟ ਤੋਂ ਇਹ ਗੱਲ ਨਹੀਂ ਝਲਕਦੀ। ਕੀ ਉਹ ਮੁਸਲਿਮ ਵੋਟ ਬੈਂਕ ਗੁਆ ਬੈਠਣ ਦੇ ਡਰ ਤੋਂ ਨਹੀਂ ਦੱਸ ਰਹੇ?"

ਟਵਿੱਟਰ ਯੂਜ਼ਰ ਮੁਕੇਸ਼ ਮਿੱਤਲ ਲਿਖਦੇ ਹਨ ਕਿ, "ਜਦੋਂ ਇੱਕ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਤਾਂ ਇਸ ਦੇਸ਼ ਦੇ ਆਮ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਹਨ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)