ਕਰਤਾਰਪੁਰ ਲਾਂਘਾ: ਨੀਂਹ ਪੱਥਰ ਸਮਾਗਮ ਦੀਆਂ ਕੁਝ ਦਿਲਚਸਪ ਤਸਵੀਰਾਂ

ਡੇਰਾ ਬਾਬਾ ਨਾਨਕ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਇੱਕ ਸਮਾਗਮ ਦੌਰਾਨ ਨੀਂਹ ਪੱਥਰ ਰੱਖ ਦਿੱਤਾ ਗਿਆ। 90 ਮਿੰਟ ਦੇ ਇਸ ਸਮਾਗਮ ਦੌਰਾਨ ਥੋੜ੍ਹਾ ਡਰਾਮਾ ਵੀ ਹੋਇਆ ਅਤੇ ਕੁਝ ਦਿਲਚਸਪ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਡੇਰਾ ਬਾਬਾ ਨਾਨਕ ਵਿੱਚ ਹੋਏ ਸਮਾਗਮ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਨੇਤਾ ਇੱਕ ਮੰਚ ਉੱਤੇ ਨਜ਼ਰ ਆਏ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ 1984 ਸਿੱਖ ਕਤਲੇਆਮ ਬਾਰੇ ਗੱਲ ਕਰਨ 'ਤੇ ਜਿੱਥੇ ਕਾਂਗਰਸ ਦੇ ਸਮਰਥਕਾਂ ਨੇ ਨਾਰਾਜ਼ਗੀ ਜਤਾਈ, ਉੱਥੇ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੁਆਰਾ ਨਸ਼ੇ ਦੀ ਗੱਲ ਕਰਨ 'ਤੇ ਅਕਾਲੀ ਦਲ ਵੱਲੋਂ ਨਾਅਰੇ ਲਗਾਏ ਗਏ।

ਜਾਖੜ ਦੀ ਗੱਲ ਸੁਣ ਕੇ ਹਰਸਿਮਰਤ ਬਾਦਲ ਵੀ ਸਟੇਜ ਉੱਤੇ ਖੜੇ ਹੋ ਗਏ। ਉਸ ਸਮੇਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਵਜੇ ਸਾਂਪਲਾ ਨੇ ਉਨ੍ਹਾਂ ਨੂੰ ਬੈਠਣ ਲਈ ਕਿਹਾ।

ਇਹ ਵੀ ਪੜ੍ਹੋ:

ਨੀਂਹ ਪੱਥਰ ਰੱਖਣ ਦੀ ਰਸਮ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਦਾ ਕੀਤੀ ਗਈ।

ਉਨ੍ਹਾਂ ਕਿਹਾ ਕਿ ਭਾਰਤ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਚਾਹੁੰਦਾ ਹੈ।

ਇਸ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਗੁਰੂ ਸਾਹਿਬ ਨੇ ਖੁਦ ਮੋਦੀ ਜੀ ਤੋਂ ਇਹ ਕਾਰਜ ਕਰਵਾਇਆ ਹੈ। ਇਹ ਸਾਡੀ ਕੌੰਮ ਲਈ ਸਭ ਤੋਂ ਇਤਿਹਾਸਕ ਦਿਨ ਹੈ। ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅਰਦਾਸ ਪੂਰੀ ਹੋਈ।"

"ਜਿਸ ਥਾਂ ਤੋਂ ਸਾਨੂੰ 70 ਸਾਲ ਪਹਿਲਾਂ ਵਿਛੋੜਿਆ ਗਿਆ ਉਸ ਦੇ ਦਰਸ਼ਨ ਹੋਣਗੇ। 70 ਸਾਲਾਂ ਤੋਂ ਕੀਤੀ ਅਰਦਾਸ ਸਫਲ ਹੋ ਗਈ।"

ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ 'ਤੇ ਲਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਵਾਂ 'ਤੇ ਇਤਰਾਜ਼ ਜਤਾਇਆ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸੀ ਤਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਦੇਸ ਧਰੋਹੀ ਤੱਕ ਕਹਿ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਉਹ ਆਪ ਪਾਕਿਸਤਾਨ ਜਾ ਰਹੇ ਹਨ।

ਉੱਥੇ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲਾਂਘਾ ਸਾਢੇ ਚਾਰ ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਇੱਕ ਖ਼ਾਸ ਟਰੇਨ ਵੀ ਚਲਾਈ ਜਾਵੇਗੀ।

ਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ 4 ਕਿਲੋਮੀਟਰ ਪਾਕਿਸਤਾਨ ਵੱਲ ਹੈ। ਇਸ ਵਿਚਾਲੇ ਰਾਵੀ ਦਰਿਆ ਅਤੇ ਵੇਈਂ ਨਦੀ ਪੈਂਦੀ ਹੈ ਅਤੇ ਅਜਿਹੇ ਵਿੱਚ ਜੇਕਰ ਗੁਰਦੁਆਰੇ ਤੱਕ ਲਾਂਘਾ ਬਣਾਉਣਾ ਹੈ ਤਾਂ ਇਨ੍ਹਾਂ ਉਪਰ 4 ਕਿਲੋਮੀਟਰ ਲੰਬਾ ਪੁਲ ਉਸਾਰਨ ਦੀ ਲੋੜ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)