You’re viewing a text-only version of this website that uses less data. View the main version of the website including all images and videos.
ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘਾ: ਕੈਪਟਨ ਨੇ ਕਿਹਾ, ਜਨਰਲ ਬਾਜਵਾ ਪੰਜਾਬ 'ਚ ਦਹਿਸ਼ਤੀ ਕਾਰਵਾਈ ਬੰਦ ਕਰੇ
ਡੇਰਾ ਬਾਬਾ ਨਾਨਕ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅੱਜ ਇੱਕ ਸਮਾਗਮ ਦੌਰਾਨ ਨੀਂਹ ਪੱਥਰ ਰੱਖਿਆ ਗਿਆ।
ਨੀਂਹ ਪੱਥਰ ਰੱਖਣ ਦੀ ਰਸਮ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਦਾ ਕੀਤੀ ਗਈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਲਏ ਫੈਸਲੇ ਬਾਰੇ ਕਿਹਾ ਕਿ ਨਵਜੋਤ ਸਿੱਧੂ ਦਾ ਆਪਣਾ ਸੋਚਣ ਦਾ ਤਰੀਕਾ ਹੈ।
ਉਨ੍ਹਾਂ ਕਿਹਾ, ''ਇੱਕ ਫੌਜੀ ਹੋਣ ਦੇ ਨਾਤੇ ਮੈਂ ਇਹ ਬੇਕਸੂਰ ਭਾਰਤੀਆਂ ਦੀਆਂ ਹੁੰਦੀਆਂ ਮੌਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹਾਂ। ਅਜਿਹੇ ਹਾਲਾਤ ਵਿੱਚ ਮੈਂ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਜਾਣਾ ਸਹੀ ਨਹੀਂ ਸਮਝਿਆ।''
ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਵੱਲੋਂ ਲਾਂਘੇ ਦੇ ਨੀਂਹ ਪੱਥਰ ਰੱਖੇ ਜਾਣ ਦੇ ਸਮਾਗਮ ਵਿੱਚ ਦੋ ਕੇਂਦਰੀ ਮੰਤਰੀ ਭੇਜੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਭਾਰਤੀ ਨਾਗਰਿਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ, "ਕੇਂਦਰ ਸਰਕਾਰ ਪਾਕਿਸਤਾਨ ਕਰਕੇ ਹੁੰਦੇ ਤਣਾਅ ਬਾਰੇ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੀ ਹੈ।''
ਕੈਪਟਨ ਅਮਰਿੰਦਰ ਦੀ ਪਾਕ ਦੇ ਫੌਜ ਮੁਖੀ ਨੂੰ ਚੇਤਾਵਨੀ
- ਮੈਂ ਜਨਰਲ ਬਾਜਵਾ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੈਂ ਸਰਕਾਰ ਵਿੱਚ ਹਾਂ ਕਿਸੇ ਤਰੀਕੇ ਦੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ
- ਲਾਂਘੇ ਦਾ ਮਤਲਬ ਵੀਜ਼ੇ ਦੀ ਲੋੜ ਨਹੀਂ। ਇਹ ਤੁਹਾਡੇ ਵਾਸਤੇ ਖੁਲ੍ਹੇ ਦਰਸ਼ਨ ਦੀਦਾਰ ਹਨ।
- ਮੈਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਹਰ ਫੌਜੀ ਨੂੰ ਪਤਾ ਹੈ ਕਿ ਦੂਜਾ ਫੌਜੀ ਕੀ ਸੋਚ ਰਿਹਾ ਹੈ। ਯਾਦ ਰੱਖੋ ਸਾਡੇ ਵਿੱਚ ਵੀ ਪੰਜਾਬੀਆਂ ਦਾ ਖੂਨ ਹੈ।
- ਇਹ ਕਿਸ ਨੇ ਸਿਖਾਇਆ ਕਿ ਸਰਹੱਦ 'ਤੇ ਆ ਕੇ ਸਾਡੇ ਜਵਾਨਾਂ ਨੂੰ ਮਾਰ ਦਿਓ, ਪਠਾਨਕੋਠ 'ਚ, ਦੀਨਾਨਗਰ 'ਚ ਸਾਡੇ ਲੋਕਾਂ ਨੂੰ ਮਾਰ ਦਿਓ।
- ਅੰਮ੍ਰਿਤਸਰ ਵਿਚ ਨਿਰਦੋਸ਼ ਲੋਕਾਂ 'ਤੇ ਹਮਲਾ ਹੋਇਆ। ਇੱਕ ਬੱਚਾ ਮਾਰਿਆ ਗਿਆ। ਇੱਕ ਛੇ ਸਾਲ ਦਾ ਬੱਚਾ ਜ਼ਖ਼ਮੀ ਹੋਇਆ। ਉਨ੍ਹਾਂ ਨੇ ਕਿਸੇ ਦਾ ਕਿ ਵਗਾੜਿਆ ਸੀ?
- 20 ਸਾਲਾਂ ਤੱਕ ਪੰਜਾਬ ਨੇ ਅਜਿਹੀਆਂ ਗਤੀਵਿਧੀਆਂ ਦੀ ਮਾਰ ਝੱਲੀ ਹੈ, ਕੀ ਅਸੀਂ ਆਪਣੇ ਬੱਚਿਆਂ ਲਈ ਵਿਕਾਸ ਤੇ ਨੌਕਰੀਆਂ ਨਹੀਂ ਚਾਹੁੰਦੇ।
- ਮਾਸੂਮਾਂ ਨੂੰ ਗੋਲੀ ਮਾਰਨਾ ਬੁਜ਼ਦਿਲੀ ਹੈ।
- ਜਨਰਲ ਬਾਜਵਾ ਯਾਦ ਰਖਣ ਕਿ ਜੇ ਗੜਬੜ ਕਰਨ ਦੀ ਕੋਸ਼ਿਸ਼ ਕਰਨਗੇ, ਅਸੀਂ ਪੰਜਾਬ ਵਿੱਚ ਨਹੀਂ ਆਉਣ ਦੇਵਾਂਗੇ।
- 17 ਟੋਲੀਆਂ ਅਸੀ ਇੰਨਾਂ ਦੀਆਂ ਫੜੀਆਂ ਹਨ। ਕੀ ਲਗਦਾ ਹੈ ਕਿ ਪੰਜਾਬ ਇਸ ਤਰ੍ਹਾਂ ਦੀ ਜਗ੍ਹਾ ਹੈ ਜਿਥੇ ਕੁਝ ਵੀ ਕਰੋ? ਤੁਸੀਂ ਇਹ ਗੱਲਾਂ ਬੰਦ ਕਰੋ।
- ਜਨਰਲ ਬਾਜਵਾ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਸਿੱਖਣ ਦੀ ਲੋੜ ਹੈ।
- ਮੈਂ ਸਿੱਖ ਹਾਂ। ਮੇਰਾ ਦਿਲ ਹੈ ਮੈਂ ਗੁਰੂ ਸਾਹਿਬ ਦੀ ਧਰਤੀ 'ਤੇ ਜਾਵਾਂ। ਮੈਂ ਮੁਖ ਮੰਤਰੀ ਵੀ ਹਾਂ ਤੇ ਲੋਕਾਂ ਦੀ ਰੱਖਿਆ ਮੇਰਾ ਧਰਮ ਹੈ।
- ਜਦੋਂ ਤਕ ਮੇਰੇ 'ਚ ਜਾਨ ਹੈ ਮੈਂ ਪੰਜਾਬ ਦੀ ਰੱਖਿਆ ਕਰਾਂਗਾ।
- ਮੈਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਹਿਣਾ ਚਾਹੁੰਦਾਂ ਹਾਂ ਕਿ ਫੌਜ 'ਤੇ ਕਾਬੂ ਕਰਨ।
- ਸਾਡੀ ਫੌਜ ਇਸ ਜਵਾਬ ਦੇਣ ਲਈ ਤਿਆਰ ਹੈ।
ਇਹ ਵੀ ਪੜ੍ਹੋ-
ਸਮਾਗਮ 'ਚ ਕੀ ਹੋਇਆ
ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਦੇਸ ਕਿਸੇ ਵੀ ਦਹਿਸ਼ਦਗਰਦੀ ਕਾਰਵਾਈ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਰਤ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਚਾਹੁੰਦਾ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲਾਂਘਾ ਸਾਢੇ ਚਾਰ ਮਹੀਨੇ ਵਿੱਤ ਪੂਰਾ ਕੀਤਾ ਜਾਵੇਗਾ ਅਤੇ ਇੱਕ ਖ਼ਾਸ ਟਰੇਨ ਵੀ ਚਲਾਈ ਜਾਵੇਗੀ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਗੁਰੂ ਸਾਹਿਬ ਨੇ ਆਪ ਮੋਦੀ ਜੀ ਤੋਂ ਕਰਵਾਇਆ। ਸਾਡੀ ਕੌੰਮ ਲਈ ਸਭ ਤੋਂ ਇਤਿਹਾਸਕ ਦਿਨ ਹੈ। ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅਰਦਾਸ ਪੂਰੀ ਹੋਈ। ਜਿਸ ਧਾਂ ਤੋਂ ਸਾਨੂੰ 70 ਸਾਲ ਪਹਿਲਾਂ ਵਿਛੋੜਿਆ ਗਿਆ ਉਸ ਦੇ ਦਰਸ਼ਨ ਹੋਣਗੇ। 70 ਸਾਲਾਂ ਤੋਂ ਕੀਤੀ ਅਰਦਾਸ ਸਫਲ ਹੋ ਗਈ।"
"ਇਹ ਨੀਂਹ ਪੱਥਰ ਸਿੱਖਾਂ ਦੀ ਅਰਦਾਸ ਦੀ ਸ਼ਕਤੀ ਦਾ ਪ੍ਰਤੀਕ ਹੈ।"
"ਸਿੱਖਾਂ ਦਾ ਕਤਲੇਆਮ ਕਰਨ ਵਾਲੇ ਵੱਡੇ ਮਗਰਮੱਛਾਂ ਨੂੰ ਵੀ ਸਜ਼ਾ ਮਿਲੀ। ਸਭ ਨੂੰ ਪਤਾ ਹੈ ਕਿ ਪਿਛਲੇ ਪ੍ਰਧਾਨ ਮੰਤਰੀਆਂ ਨੇ ਕੀ ਕੀਤਾ। ਕਿਸ ਨੇ ਗੁਰਦੁਆਰੇ ਢਾਹੇ। ਮੋਦੀ ਜੀ ਨੇ ਦੋ ਲੜਦੇ ਹੋਏ ਦੇਸਾਂ ਵਿੱਚ ਅਮਨ ਸ਼ਾਂਤੀ ਲਿਆਉਣ ਦਾ ਕੰਮ ਕੀਤਾ। ਜੋ ਲਾਂਘਾ 70 ਸਾਲ 'ਚ ਨਹੀਂ ਬਣਿਆ ਉਹ ਗਡਕਰੀ ਜੀ ਨੇ 70 ਦਿਨਾਂ ਵਿੱਚ ਹੀ ਬਣਾ ਦੋਣਾ ਹੈ।"
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "ਲੋਕਾਂ ਦੀਆਂ ਅਰਦਾਸਾਂ ਅੱਜ ਪੂਰੀਆਂ ਹੋਈਆਂ। ਜਿੰਨਾਂ ਗੁਰਧਾਮਾ ਤੋਂ ਸਾਨੂੰ ਵਿਛੋੜਾ ਮਿਲਿਆ ਉਨ੍ਹਾਂ ਤਕ ਅਸੀਂ ਹੁਣ ਪਹੁੰਚ ਸਕਦੇ ਹਾਂ। ਗੁਰੂ ਨਾਨਕ ਦਾ ਡੇਰਾ ਅੱਜ ਸਿੱਖੀ ਦਾ ਧੁਰਾ ਬਣਿਆ।"
ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਰੁੱਖ ਲਗਾਉਣ ਲਈ ਪਹੁੰਚੇ। 550 ਪੌਧੇ ਲਗਾਏ ਹਨ।
ਸਮਾਗਮ 'ਤੇ ਸਿਆਸਤ
ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ 'ਤੇ ਲਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਵਾਂ 'ਤੇ ਇਤਰਾਜ਼ ਜਤਾਇਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਨੀਂਹ ਪੱਥਰ ਤੋਂ ਇਹ ਨਾਮ ਨਾ ਹਟਾਏ ਗਏ ਤਾਂ ਉਹ ਸਮਾਗਮ ਦਾ ਬਾਈਕਾਟ ਕਰਨਗੇ।
ਇਸ ਤੋਂ ਇਲਾਵਾ ਰੰਧਾਵਾ ਨੇ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸੀ ਤਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਦੇਸ ਧਰੋਹੀ ਤੱਕ ਕਹਿ ਦਿੱਤਾ ਸੀ ਤੇ ਹੁਣ ਉਹ ਆਪ ਪਾਕਿਸਕਾਨ ਜਾ ਰਹੇ ਹਨ।
ਇਸ ਤੋਂ ਪਹਿਲਾਂ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੇ ਪ੍ਰਬੰਧਾਂ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਇਸ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਇਲਾਕੇ ਦੇ ਮੰਤਰੀਆਂ ਨੂੰ ਪੂਰੀ ਤਰਾਂ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ।
ਬਿਆਨ ਜਾਰੀ ਕਰਦਿਆਂ ਬਾਜਵਾ ਨੇ ਕਿਹਾ ਹੈ ਕਿ ਇਸ ਸਮਾਗਮ ਸਬੰਧੀ ਫ਼ੈਸਲੇ ਦਿੱਲੀ ਵਿਚ ਬੈਠ ਕੇ ਕੀਤੇ ਗਏ ਹਨ। ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਮਾਗਮ 'ਚ ਧੰਨਵਾਦ ਕਰਨ ਦੀ ਜ਼ਿੰਮੇਵਾਰੀ ਦੇਣ 'ਤੇ ਵੀ ਇਤਰਾਜ਼ ਜਤਾਇਆ ਹੈ।
ਬਾਜਵਾ ਨੇ ਮੰਗ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਇਲਾਕੇ ਦੇ ਮੰਤਰੀਆਂ ਨੂੰ ਸਮਾਗਮ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।
ਲਾਂਘੇ ਬਾਰੇ ਖ਼ਾਸ ਗੱਲਾਂ
- ਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ 4 ਕਿਲੋਮੀਟਰ ਪਾਕਿਸਤਾਨ ਵੱਲ ਹੈ। ਇਸ ਵਿਚਾਲੇ ਰਾਵੀ ਦਰਿਆ ਅਤੇ ਵੇਈਂ ਨਦੀ ਪੈਂਦੀ ਹੈ ਅਤੇ ਅਜਿਹੇ ਵਿੱਚ ਜੇਕਰ ਗੁਰਦੁਆਰੇ ਤੱਕ ਲਾਂਘਾ ਬਣਾਉਣਾ ਹੈ ਤਾਂ ਇਨ੍ਹਾਂ ਉਪਰ 4 ਕਿਲੋਮੀਟਰ ਲੰਬਾ ਪੁਲ ਉਸਾਰਨ ਦੀ ਲੋੜ ਹੈ।
- ਜੇਕਰ ਤੁਸੀਂ ਕੱਚੇ ਰਸਤੇ ਰਾਹੀਂ ਜਾਂਦੇ ਹੋ ਤਾਂ ਅੱਧੇ ਕਿਲੋਮੀਟਰ ਤੱਕ ਵੇਈਂ ਨਦੀ ਪੈਂਦੀ ਹੈ ਅਤੇ ਉਸ ਦੇ ਦੋ ਕਿਲੋਮੀਟਰ ਬਾਅਦ ਰਾਵੀ ਦਰਿਆ ਆਉਂਦਾ ਹੈ।
- ਵੇਂਈ ਨਦੀ ਰਾਵੀ ਦਰਿਆ 'ਚੋਂ ਹੀ ਨਿਕਲਦੀ ਹੈ ਅਤੇ ਫੇਰ ਕੁਝ ਕਿਲੋਮੀਟਰ ਬਾਅਦ ਜਾ ਕੇ ਰਾਵੀ 'ਚ ਹੀ ਮਿਲ ਜਾਂਦੀ ਹੈ। ਇਸ ਤਰ੍ਹਾਂ 3 ਕਿਲੋਮੀਟਰ ਦਾ ਰਸਤਾ ਪਾਣੀ ਵਿੱਚ ਪੈਂਦਾ ਹੈ।
ਦਰਅਸਲ, ਡੇਰਾ ਬਾਬਾ ਨਾਨਕ ਤੋਂ ਸ਼ਰਧਾਲੂ 4 ਕਿਲੋਮੀਟਰ ਦੂਰ ਤੋਂ ਹੀ ਗੁਰਦੁਆਰੇ ਦੇ ਦਰਸ਼ਨ ਕਰਦੇ ਹਨ, ਜਿੱਥੇ ਬੀਐਸਐਫ ਨੇ "ਦਰਸ਼ਨ ਅਸਥਲ" ਬਣਾਇਆ ਹੋਇਆ ਹੈ।
ਗੁਰਦੁਆਰੇ ਦਾ ਇਤਿਹਾਸ
ਬੀਬੀਸੀ ਉਪਦੂ ਨਾਲ ਗੱਲਬਾਤ ਦੌਰਾਨ ਕਰਤਾਰਪੁਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੀ ਦੇਖਭਾਲ ਕਰਨ ਵਾਲੇ ਗੋਬਿੰਦ ਸਿੰਘ ਮੁਤਾਬਕ, "ਕਰਤਾਰਪੁਰ ਵਿਖੇ ਸਿੱਖ ਧਰਮ ਦੇ ਬਾਨੀ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦਾ ਸਭ ਤੋਂ ਵੱਧ ਸਮਾਂ 17-18 ਸਾਲ ਗੁਜਾਰਿਆ ਅਤੇ ਇੱਥੇ ਉਨ੍ਹਾਂ ਨੇ ਅਕਾਲ ਚਲਾਣਾ ਕੀਤਾ ਸੀ।"
"ਇਸ ਦਾ ਨਾਮ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਰੱਖਿਆ ਸੀ। ਕਰਤਾਰ ਦਾ ਮਤਲਬ 'ਕਰਤਾ'। ਇੱਥੇ ਹੀ ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ 7 ਸਾਲ ਬਿਤਾਏ ਹਨ। ਉਨ੍ਹਾਂ ਨੂੰ ਸਿੱਖਾਂ ਦੇ ਦੂਜੇ ਗੁਰੂ ਵਜੋਂ ਥਾਪਿਆ ਗਿਆ।"
ਇਸ ਥਾਂ 'ਤੇ ਗੁਰੂ ਜੀ ਰਹਿੰਦੇ ਸਨ ਅਤੇ ਘੁੰਮਣ ਤੇ ਧਿਆਨ ਲਾਉਣ ਲਈ ਰਾਵੀ ਦੇ ਦੂਜੇ ਪਾਸੇ ਜਾਂਦੇ ਸਨ, ਜਿੱਥੇ ਅੱਜ ਗੁਰਦੁਆਰਾ ਡੇਰਾ ਬਾਬਾ ਨਾਨਕ ਬਣਿਆ ਹੋਇਆ ਹੈ।
ਗੁਰਦੁਆਰੇ ਤੋਂ ਕੁਝ ਕਦਮ ਪਹਿਲਾਂ ਇੱਥੇ ਇੱਕ ਖੂਹ ਹੈ ਜਿਸ ਨੂੰ 'ਸ੍ਰੀ ਖੂਹ ਸਾਹਿਬ' ਕਹਿੰਦੇ ਹਨ। ਇਸ ਦਾ ਸਬੰਧ ਵੀ ਗੁਰੂ ਨਾਨਕ ਦੇਵ ਜੀ ਨਾਲ ਹੈ।
ਗੋਬਿੰਦ ਸਿੰਘ ਮੁਤਾਬਕ ਇਸ ਖੂਹ ਦਾ ਪਾਣੀ ਕਦੇ ਨਹੀਂ ਸੁਕਦਾ ਅੱਜ ਵੀ ਵਗ ਰਿਹਾ ਹੈ।
ਗੁਰਦੁਆਰੇ ਅੰਦਰ ਦਾਖ਼ਲ ਹੁੰਦਿਆਂ ਹੀ ਸੱਜੇ ਪਾਸੇ ਵਿਹੜਾ ਬਣਿਆ ਹੋਇਆ ਹੈ। ਪੈਰ ਧੋਣ ਤੋਂ ਬਾਅਦ ਤੁਸੀਂ ਦਰਗਾਹ ਸਾਹਿਬ ਦਾਖ਼ਲ ਹੁੰਦੇ ਹੋ। ਇਹ ਉਹ ਸਥਾਨ ਜਿੱਥੇ ਮੁਸਲਮਾਨ ਵੀ ਗੁਰੂ ਨਾਨਕ ਦੇਵ ਜੀ ਨੂੰ ਸਜਦਾ ਕਰਦੇ ਹਨ।
ਦਰਗਾਹ ਸਾਹਿਬ ਤੋਂ ਬਾਅਦ ਖੱਬੇ ਪਾਸੇ ਇੱਕ ਗੁਰਦੁਆਰਾ 'ਸਮਾਧੀ' ਹੈ, ਜਿੱਥੇ ਹਿੰਦੂ ਅਤੇ ਸਿੱਖ ਮੱਥਾ ਟੇਕਦੇ ਹਨ।
ਗੋਬਿੰਦ ਸਿੰਘ ਦਾ ਕਹਿਣਾ ਹੈ, "ਗੁਰਦੁਆਰਾ ਤਿਆਰ ਹੈ ਤਾਂ ਅਸੀਂ ਵੀ ਹਾਂ। ਪਰ ਹੁਣ ਭਾਰਤੀ ਸਰਕਾਰ 'ਤੇ ਗੱਲ ਟਿਕੀ ਹੋਈ ਹੈ।"
ਗੁਰਦੁਆਰੇ ਦੇ ਬਾਹਰ ਕੁਝ ਕਮਰੇ ਹਨ। ਕੀ ਲਾਂਘਾ ਖੁੱਲ੍ਹਣ ਤੋਂ ਬਾਅਦ ਸ਼ਰਧਾਲੂਆਂ ਲਈ ਇਹ ਕਾਫ਼ੀ ਹੋਣਗੇ?