ਮੁਸਲਮਾਨ ਮਰਦਾਂ ਦੀਆਂ ਪਤਨੀਆਂ ਦੀ ਗਿਣਤੀ ਤੈਅ ਕਰਨ ਵਾਲੀ ਮਲੇਸ਼ੀਆ ਦੀ ਜੱਜ

    • ਲੇਖਕ, ਹੀਥਰ ਚੇਨਸ਼ਾਹ ਆਲਮ
    • ਰੋਲ, ਬੀਬੀਸੀ ਨਿਊਜ਼, ਸੇਲਗਾਰ, ਮਲੇਸ਼ੀਆ

ਇਸਲਾਮੀ ਕਾਨੂੰਨ- ਸ਼ਰੀਆ ਦੀ ਬਹੁਤ ਜ਼ਿਆਦਾ ਕਠੋਰ ਸਜ਼ਾਵਾਂ ਦੇਣ ਤੇ ਕੱਟਰਪੰਥੀ ਸੋਚ ਵਾਲਾ ਹੋਣ ਕਾਰਨ ਕਾਫੀ ਆਲੋਚਨਾ ਹੁੰਦੀ ਹੈ।

ਇਸ ਧਾਰਣਾ ਦੇ ਉਲਟ ਮਲੇਸ਼ੀਆ ਦੀ ਸ਼ਰੀਆ ਹਾਈਕੋਰਟ ਦੀਆਂ ਪਹਿਲੀਆਂ ਮਹਿਲਾ ਜੱਜਾਂ ਵਿੱਚੋਂ ਇੱਕ ਜੱਜ ਦੀ ਸੋਚ ਇਸ ਆਮ ਧਾਰਣਾ ਨੂੰ ਚੁਣੌਤੀ ਦਿੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭੂਮਿਕਾ ਉਨ੍ਹਾਂ ਨੂੰ ਇਸ ਮੁਸਲਿਮ ਬਹੁਗਿਣਤੀ ਵਾਲੇ ਦੇਸ ਵਿੱਚ ਔਰਤਾਂ ਦੀ ਰਾਖੀ ਕਰਨ ਦਾ ਇੱਕ ਮੌਕਾ ਦਿੰਦੀ ਹੈ।

ਇਸ ਜੱਜ ਦਾ ਨਾਮ ਹੈ- ਨੇਨੀ ਸ਼ੁਸ਼ਾਇਦਾ। ਉਹ ਦਿਨ ਵਿੱਚ ਪੰਜ ਕੇਸਾਂ ਤੋਂ ਲੈ ਕੇ ਹਫ਼ਤੇ ਵਿੱਚ 80 ਕੇਸਾਂ ਦੀ ਸੁਣਵਾਈ ਕਰ ਲੈਂਦੇ ਹਨ।

ਮਲੇਸ਼ੀਆ ਇਸਲਾਮ ਦੇ ਉਦਾਰ ਸਰੂਪ ਦੀ ਪਾਲਣਾ ਕਰਦਾ ਹੈ ਪਰ ਇੱਥੇ ਕੱਟੜਪੰਥੀ ਸੋਚ ਆਪਣੇ ਪੈਰ ਪਸਾਰ ਰਹੀ ਹੈ ਜਿਸ ਕਾਰਨ ਸ਼ਰੀਆ ਦੀ ਵਰਤੋਂ ਵੀ ਵਧ ਰਹੀ ਹੈ।

ਮਲੇਸ਼ੀਆ ਵਿੱਚ ਇੱਕ ਡਬਲ ਟਰੈਕ ਕਾਨੂੰਨੀ ਪ੍ਰਣਾਲੀ ਹੈ। ਇਸ ਤਹਿਤ, ਹਜ਼ਾਰਾਂ ਮੁਸਲਿਮ ਪਰਿਵਾਰਿਕ ਅਤੇ ਨੈਤਿਕਤਾ ਦੇ ਕੇਸਾਂ ਦਾ ਨਿਪਟਾਰਾ ਸ਼ਰੀਆ ਅਦਾਲਤਾਂ ਵਿੱਚ ਕੀਤਾ ਜਾਂਦਾ ਹੈ। ਮਲੇਸ਼ੀਆ ਦੇ ਗੈਰ-ਮੁਸਲਮਾਨ ਬਾਸ਼ਿੰਦੇ ਇਸ ਤਰ੍ਹਾਂ ਦੇ ਕੇਸਾਂ ਦੇ ਨਿਪਟਾਰੇ ਲਈ ਧਰਮ ਨਿਰਪੇਖ ਕਾਨੂੰਨਾਂ ਦਾ ਸਹਾਰਾ ਲੈਂਦੇ ਹਨ।

ਸ਼ਰੀਆ ਅਦਾਲਤਾਂ ਵਿੱਤੀ ਕੇਸਾਂ ਤੋਂ ਲੈ ਕੇ ਖ਼ਲਵਤ (ਕੁਆਰੇ ਮੁਸਲਮਾਨ ਜੋੜਿਆਂ ਦਾ ਇਤਰਾਜਯੋਗ ਹਾਲਤ ਵਿੱਚ ਫੜੇ ਜਾਣਾ) ਤੋਂ ਲੈ ਕੇ ਹਰ ਤਰ੍ਹਾਂ ਦੇ ਕੇਸਾਂ ਵਿੱਚ ਫੈਸਲੇ ਦਿੰਦੀਆਂ ਹਨ।

ਨੇਨੀ ਸ਼ੁਸ਼ਾਇਦਾ ਕਿੰਨ੍ਹਾਂ ਮਾਮਲਿਆਂ ਦੇ ਮਾਹਿਰ ਹਨ

ਬੱਚੇ ਦੀ ਕਸਟਡਜੀ ਅਤੇ ਬਹੁਵਿਆਹ ਦੇ ਮਾਮਲਿਆਂ ਵਿੱਚ ਉਨ੍ਹਾਂ ਦੀ ਖ਼ਾਸ ਮੁਹਾਰਤ ਹੈ। ਇਸਲਾਮੀ ਪ੍ਰਣਾਲੀ ਪੁਰਸ਼ਾਂ ਨੂੰ ਚਾਰ ਪਤਨੀਆਂ ਰੱਖਣ ਦੀ ਖੁੱਲ੍ਹ ਦਿੰਦੀ ਹੈ। ਮਲੇਸ਼ੀਆ ਦਾ ਕਾਨੂੰਨ ਇਸ ਰਵਾਇਤ ਨੂੰ ਮਾਨਤਾ ਦਿੰਦਾ ਹੈ।

ਜੱਜ ਨੇਨੀ ਸ਼ੁਸ਼ਾਇਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੈਸਲਾ ਦੇਣ ਤੋਂ ਪਹਿਲਾਂ ਕਈ ਪੱਖਾਂ ਬਾਰੇ ਵਿਚਾਰ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਕਹਿਣਾ ਹੈ, "ਹਰ ਮਾਮਲਾ ਗੁੰਝਲਦਾਰ ਅਤੇ ਵੱਖਰਾ ਹੈ। ਤੁਸੀਂ ਇਸਲਾਮੀ ਕਾਨੂੰਨ ਦਾ ਸਾਧਾਰਣੀਕਰਨ ਨਹੀਂ ਕਰ ਸਕਦੇ ਅਤੇ ਨਾ ਹੀ ਇਹ ਕਹਿ ਸਕਦੇ ਹੋ ਕਿ ਇਹ ਪੁਰਸ਼ਾਂ ਦਾ ਪੱਖ ਪੂਰਦਾ ਹੈ ਤੇ ਔਰਤਾਂ ਨਾਲ ਵਿਤਕਰਾ ਕਰਦਾ ਹੈ। ਮੈਂ ਇਸ ਗਲਤਫ਼ਹਿਮੀ ਨੂੰ ਦੂਰ ਕਰਨਾ ਚਾਹੁੰਦੀ ਹਾਂ।"

ਬਹੁਵਿਆਹ ਨਾਲ ਜੁੜੇ ਕੇਸਾਂ ਵਿੱਚ ਜੱਜ ਸ਼ੁਸ਼ਾਇਦਾ ਦੀ ਅਦਾਲਤ ਵਿੱਚ ਹਰ ਧਿਰ ਨੇ ਨਿੱਜੀ ਰੂਪ ਵਿੱਚ ਹਾਜਰ ਰਹਿਣਾ ਹੁੰਦਾ ਹੈ।

ਉਹ ਕਹਿੰਦੀ ਹੈ, "ਮੈਂ ਸਿਰਫ ਪੁਰਸ਼ਾਂ ਦੀ ਹੀ ਨਹੀਂ, ਸਗੋਂ ਹਰ ਕਿਸੇ ਦੀ ਗੱਲ ਸੁਣਨਾ ਚਾਹੁੰਦੀ ਹਾਂ। ਇਹ ਪਤਾ ਕਰਨ ਲਈ ਕਿ ਕੀ ਪਹਿਲੀ ਪਤਨੀ ਵੀ ਇਸ ਫੈਸਲੇ ਨਾਲ ਸਹਿਮਤ ਹੈ, ਮੈਂ ਉਸ ਨਾਲ ਗੱਲ ਕਰਦੀ ਹਾਂ। ਇਹ ਵੀ ਜਰੂਰੀ ਹੈ ਕਿ ਉਹ ਵੀ ਸਹਿਮਤ ਹੋਵੇ ਕਿਉਂਕਿ ਜੇ ਮੈਨੂੰ ਜ਼ਰਾ ਜਿੰਨਾ ਵੀ ਸ਼ੱਕ ਹੋਇਆ ਤਾਂ ਮੈਂ ਇਜਾਜ਼ਤ ਨਹੀਂ ਦਿਆਂਗੀ।"

"ਮੈਂ ਔਰਤ ਹਾਂ ਅਤੇ ਸਮਝ ਸਕਦੀ ਹਾਂ ਕਿ ਜਿਆਦਾਤਰ ਔਰਤਾਂ ਨੂੰ ਇਹ ਗੱਲ ਪਸੰਦ ਨਹੀਂ ਹੋਵੇਗੀ। ਇਸਲਾਮ ਇਸ ਦੀ ਇਜਾਜ਼ਤ ਦਿੰਦਾ ਹੈ ਪਰ ਸਾਡੀਆਂ ਮਲੇਸ਼ਈਆਈ ਅਦਾਲਤਾਂ ਨੇ ਇਸ 'ਤੇ ਲਗਾਮ ਕਸਣ ਲਈ ਸਖ਼ਤ ਕਾਨੂੰਨ ਬਣਾਏ ਹਨ।"

ਉਹ ਕਹਿੰਦੇ ਹਨ, "ਕਿਸੇ ਪੁਰਸ਼ ਕੋਲ ਦੂਸਰੀ ਪਤਨੀ ਰੱਖਣ ਦੀ ਇੱਛਾ ਪੂਰੀ ਕਰਨ ਲਈ ਬਹੁਤ ਮਜਬੂਤ ਵਜ੍ਹਾ ਹੋਣੀ ਚੀਹੀਦੀ ਹੈ।"

"ਉਹ ਸਪਸ਼ਟ ਰੂਪ ਵਿੱਚ ਦੱਸੇਗਾ ਕਿ ਉਹ ਆਪਣੀ ਪਹਲੀ ਪਤਨੀ ਦੇ ਨਾਲ-ਨਾਲ ਨਵੀਂ ਔਰਤ ਦੀ ਦੇਖਭਾਲ ਕਰ ਸਕਦਾ ਹੈ। ਉਸਨੂੰ ਕਿਸੇ ਦੀਆਂ ਵੀ ਲੋੜਾਂ ਦੀ ਅਣਦੇਖੀ ਕਰਨ ਦੀ ਇਜਾਜ਼ਤ ਨਹੀਂ ਹੈ।"

ਸ਼ੁਸ਼ਾਇਦਾ ਨੇ ਇਹ ਵੀ ਦੱਸਿਆ ਕਿ ਕੁਝ ਪਤਨੀਆਂ ਇਸ ਵਿਚਾਰ ਦੀ ਹਮਾਇਤ ਵੀ ਕਰ ਸਕਦੀਆਂ ਹਨ।

ਉਨ੍ਹਾਂ ਕੁਝ ਯਾਦ ਕਰਦਿਆਂ ਦੱਸਿਆ, ''ਇੱਕ ਅਜਿਹਾ ਕੇਸ ਸੀ ਜਿਸ ਵਿੱਚ ਗੰਭੀਰ ਬਿਮਾਰੀ ਤੋਂ ਪੀੜਿਤ ਔਰਤ, ਬੱਚਿਆਂ ਦੀ ਸੰਭਾਲ ਨਹੀਂ ਕਰ ਪਾ ਰਹੀ ਸੀ। ਉਹ ਆਪਣੇ ਪਤੀ ਨਾਲ ਪਿਆਰ ਕਰਦੀ ਸੀ ਅਤੇ ਚਾਹੁੰਦੀ ਸੀ ਕਿ ਮੈਂ ਉਸ ਨੂੰ ਦੂਸਰੇ ਵਿਆਹ ਦੀ ਇਜਾਜ਼ਤ ਦੇ ਦੇਵਾਂ। ਮੈਂ ਦੇ ਦਿੱਤੀ।"

ਸ਼ਰੀਆ ਕੀ ਹੈ?

  • ਸ਼ਰੀਆ ਇਸਲਾਮੀ ਕਾਨੂੰਨ ਹੈ, ਜੋ ਕਿ ਕੁਰਾਨ 'ਤੇ ਆਧਾਰਿਤ ਹੈ; ਹਦੀਸ, ਪੈਗੰਬਰ ਮੁਹੰਮਦ ਦੇ ਕਥਨ ਅਤੇ ਸਾਖੀਆਂ ਹਨ; ਅਤੇ ਫਤਵਾ, ਇਸਲਾਮ ਧਰਮ ਦੇ ਵਿਦਵਾਨਾਂ ਦੇ ਫੈਸਲੇ ਹੁੰਦੇ ਹਨ।
  • ਮਲੇਸ਼ੀਆ ਦੇ ਹਰੇਕ ਸੂਬੇ ਵਿੱਚ ਸ਼ਰੀਆ ਕਾਨੂੰਨ ਲਾਗੂ ਹੈ।
  • ਜੱਜ ਸ਼ੁਸ਼ਾਇਦਾ ਸਖ਼ਤ ਕਾਨੂੰਨਾਂ ਦੇ ਮਾਮਲੇ ਵਿੱਚ ਆਪਣੇ ਧਰਮ ਦੀ ਤਾਰੀਫ ਕਰਦੇ ਹਨ। ਉਨ੍ਹਾਂ ਮੁਤਾਬਕ ਸਖ਼ਤ ਹੋਣ ਦੇ ਬਾਵਜੂਦ ਇਹ ਨਿਰਪੱਖ ਹੈ।
  • ਹਾਲਾਂਕਿ ਆਲੋਚਕਾਂ ਮੁਤਾਬਕ ਸ਼ਰੀਆ ਦੀ ਦੁਰਵਰਤੋਂ ਹੁੰਦੀ ਹੈ।

ਹਿਊਮਨ ਰਾਈਟਸ ਵਾਚ ਦੇ ਏਸ਼ੀਆ ਡਿਪਟੀ ਡਾਇਰੈਕਟਰ ਫਿਲ ਰਾਬਰਟਸ ਨੇ ਬੀਬੀਸੀ 100 ਵੁਮਿਨ ਨਾਲ ਗੱਲਬਾਤ ਦੌਰਾਨ ਦੱਸਿਆ, "ਸਾਨੂੰ ਸ਼ਰੀਆ ਕਾਨੂੰਨ ਤੋਂ ਕੋਈ ਸ਼ਿਕਾਇਤ ਨਹੀਂ ਹੈ। ਇਹ ਔਰਤਾਂ, ਸਮਲਿੰਗੀਆਂ ਜਾਂ ਸਮਾਜਿਕ ਅਤੇ ਧਾਰਮਿਕ ਘੱਟ ਗਿਣਤੀਆਂ ਖਿਲਾਫ ਪੱਖਪਾਤ ਨਹੀਂ ਕਰਦਾ।"

ਉਨ੍ਹਾਂ ਅੱਗੇ ਕਿਹਾ, "ਮਲੇਸ਼ੀਆ ਵਿੱਚ ਸ਼ਰੀਆ ਕਾਨੂੰਨ ਦੇ ਨਾਲ ਦਿੱਕਤ ਇਹ ਹੈ ਇਹ ਅਕਸਰ ਹੀ ਅਜਿਹਾ (ਪੱਖਪਾਤ) ਕਰਦਾ ਹੈ। ਧਰਮ ਕਦੇ ਵੀ ਸਮਾਨਤਾ ਅਤੇ ਗੈਰ-ਵਿਤਕਰੇ ਦੇ ਕੌਮਾਂਤਰੀ ਮਨੁੱਖੀ ਅਧਿਕਾਰ ਮਾਨਕਾਂ ਦੇ ਉਲੰਘਣ ਦਾ ਕਾਰਣ ਨਹੀਂ ਹੋ ਸਕਦਾ।"

ਮਲੇਸ਼ੀਆਈ ਔਰਤਾਂ ਨੂੰ ਕੋੜੇ ਮਾਰਨ ਦੀ ਸਜ਼ਾ

ਮਿਸਾਲ ਵਜੋਂ ਹਾਲ ਹੀ ਵਿੱਚ ਸਮਲਿੰਗੀ ਸਬੰਧ ਰੱਖਣ ਦੀਆਂ ਦੋਸ਼ੀ ਦੋ ਮਲੇਸ਼ੀਆਈ ਔਰਤਾਂ ਨੂੰ ਕੋੜੇ ਮਾਰਨ ਦੀ ਸਜ਼ਾ ਦੇਣ ਦੇ ਮਾਮਲੇ ਕਾਰਨ ਹੱਕਾਂ ਬਾਰੇ ਕੰਮ ਕਰਨ ਵਾਲੇ ਕਾਰਕੁਨ ਨਾਰਾਜ਼ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸ਼ਰੀਆ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਹੈ।

ਜੱਜ ਸ਼ੁਸ਼ਾਇਦਾ ਨੇ ਉਸ ਕੇਸ ਦੀ ਸੁਣਵਾਈ ਨਹੀਂ ਸੀ ਕੀਤੀ। ਉਨ੍ਹਾਂ ਦਾ ਕਹਿਣਾ ਹੈ, "ਸ਼ਰੀਆ ਕਾਨੂੰਨ ਤਹਿਤ ਕੋੜੇ ਮਾਰਨ ਦੀ ਸਜ਼ਾ ਮੁਲਜ਼ਮਾਂ ਨੂੰ ਸਬਕ ਸਿਖਾਉਣ ਵਿੱਚ ਮਦਦਗਾਰ ਹੁੰਦੀ ਹੈ ਤਾਂ ਕਿ ਉਹ ਅਜਿਹਾ ਵਿਹਾਰ ਦੁਬਾਰਾ ਨਾ ਕਰਨ।"

ਜੱਜ ਸ਼ੁਸ਼ਾਇਦਾ ਦਾ ਇਹ ਵੀ ਕਹਿਣਾ ਹੈ ਕਿ ਸ਼ਰੀਆ ਅਦਾਲਤ ਪੁਰਸ਼ਾਂ ਦੇ ਪੱਖ ਵਿੱਚ ਕੰਮ ਨਹੀਂ ਕਰਦੀ।

"ਸਾਡਾ ਕਾਨੂੰਨ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਹੈ। ਇਹ ਉਨ੍ਹਾਂ ਦੇ ਕਲਿਆਣ ਨੂੰ ਦੇਖਦਾ ਹੈ ਅਤੇ ਉਨ੍ਹਾਂ ਦੀ ਰੋਜ਼ੀਰੋਟੀ ਦੀ ਰਾਖੀ ਕਰਦਾ ਹੈ। ਇਸਲਾਮ ਔਰਤਾਂ ਨੂੰ ਉੱਚਾ ਦਰਜਾ ਦਿੰਦਾ ਹੈ ਅਤੇ ਇੱਕ ਜਜ ਵਜੋਂ ਸਾਨੂੰ ਇਨ੍ਹਾਂ ਸਿੱਖਿਆਵਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਸ਼ਰੀਆ ਦਾ ਇਸਤੇਮਾਲ ਇਸ ਦੀਆਂ ਚੰਗਿਆਈਆਂ ਨੂੰ ਬਚਾਈ ਰੱਖਣ ਵਿੱਚ ਕਰਨਾ ਚਾਹੀਦਾ ਹੈ।"

ਮੁਸਲਮਾਨ ਪੁਰਸ਼ ਸ਼ਰੀਆ ਅਦਾਲਤ ਨੂੰ ਧੋਖਾ ਕਿਵੇਂ ਦਿੰਦੇ ਹਨ?

ਜੱਜ ਸ਼ੁਸ਼ਾਇਦਾ ਦੀ ਸਭ ਤੋਂ ਵੱਡੀ ਫਿਕਰ ਤਾਂ ਇਹ ਹੈ ਕਿ ਮੁਸਲਮਾਨ ਮਰਦ ਵਿਦੇਸ਼ਾਂ ਵਿੱਚ ਵਿਆਹ ਕਰਾ ਕੇ ਸ਼ਰੀਆ ਅਦਾਲਤਾਂ ਨੂੰ ਧੋਖਾ ਦੇ ਰਹੇ ਹਨ।

ਉਨ੍ਹਾਂ ਦੱਸਿਆ, "ਜੇ ਉਹ ਵਿਦੇਸ਼ ਵਿੱਚ ਵਿਆਹ ਕਰਦੇ ਹਨ ਤਾਂ ਮਲੇਸ਼ੀਆਈ ਕਾਨੂੰਨ ਵਿੱਚ ਬੱਝੇ ਨਹੀਂ ਹੋਣਗੇ। ਕੁਝ ਪਤਨੀਆਂ ਸਚਮੁੱਚ ਆਪਣੇ ਪਤਨੀਆਂ ਦੀ ਰਾਖੀ ਲਈ ਸਹਿਮਤੀ ਦੇ ਦਿੰਦੀਆਂ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਕਿਵੇਂ ਉਨ੍ਹਾਂ ਦੇ ਹੀ ਖਿਲਾਫ ਕੰਮ ਕਰਦਾ ਹੈ। ਸਾਡਾ ਸ਼ਰੀਆਂ ਕਾਨੂੰਨ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਪੁਰਸ਼ਾਂ ਨੂੰ ਜਵਾਬਦੇਹ ਬਣਾਉਣ ਲਈ ਹੈ।"

ਇਹ ਵੀ ਪੜ੍ਹੋ:

ਸਿਸਟਰਸ ਇਨ ਇਸਲਾਮ ਵਰਗੇ ਔਰਤਾਂ ਦੇ ਸੰਗਠਨਾਂ ਨੇ ਅਦਾਲਤਾਂ ਵਿੱਚ "ਔਰਤਾਂ ਦੀ ਨੁਮਾਇੰਦਗੀ ਦੀ ਗੰਭੀਰ ਕਮੀ" ਅਤੇ ਪ੍ਰਣਾਲੀ ਵਿੱਚ "ਡੂੰਘੀ ਪਿੱਤਰਸੱਤਾ ਵਾਲੀ ਭਾਵਨਾ" ਦਾ ਮੁੱਦਾ ਚੁੱਕਿਆ ਹੈ।

ਇਸ ਦੀ ਬੁਲਾਰੀ ਮਾਜਿਦਾ ਹਾਸ਼ਿਮ ਕਹਿੰਦੀ ਹੈ, "ਮਲੇਸ਼ੀਆ ਵਿੱਚ ਸ਼ਰੀਆ ਦਾ ਕਾਨੂੰਨੀ ਢਾਂਚਾ ਨਾ ਸਿਰਫ ਚੋਣਵੇਂ ਰੂਪ ਵਿੱਚ ਔਰਤਾਂ ਨਾਲ ਵਿਤਕਰਾ ਕਰਦਾ ਹੈ ਸਗੋਂ ਉਨ੍ਹਾਂ ਨੂੰ ਸਮਾਜਿਕ ਅਨੈਤਿਕਤਾਵਾਂ ਦਾ ਦੋਸ਼ੀ ਵੀ ਬਣਾ ਦਿੰਦਾ ਹੈ।"

"ਇਸਲਾਮੀ ਰਾਜ ਦੀਆ ਸੰਸਥਾਵਾਂ ਨੇ... ਔਰਤਾਂ ਲਈ ਢੁਕਵਾਂ ਇਨਸਾਫ਼ ਯਕੀਨੀ ਬਣਾਉਣ ਲਈ ਕੁਝ ਨਹੀਂ ਕੀਤਾ। ਅਸਲ ਵਿੱਚ, ਸ਼ਰੀਆ ਕਾਨੂੰਨ ਤਹਿਤ ਔਰਤਾਂ ਨਾਲ ਜੁੜੇ ਦੇ ਤਾਜ਼ਾ ਮਾਮਲਿਆਂ ਵਿੱਚ ਇਹ ਸਾਫ ਰੂਪ ਵਿੱਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੀ ਆਵਾਜ਼ ਖ਼ਤਰਨਾਕ ਢੰਗ ਨਾਲ ਦੱਬਾ ਦਿੱਤੀ ਜਾਂਦੀ ਹੈ।"

ਇਹ ਗੱਲਾਂ ਸ਼ੁਸ਼ਾਇਦਾ ਦੀ ਨਿਯੁਕਤੀ ਨੂੰ ਹੋਰ ਖ਼ਾਸ ਬਣਾ ਦਿੰਦੀਆਂ ਹਨ।

ਉਹ ਕਹਿੰਦੇ ਹਨ, "ਜਦੋਂ ਮੈਂ ਵਕਾਲਤ ਕਰ ਰਹੀ ਸੀ ਤਾਂ ਜ਼ਿਆਦਾਤਰ ਸ਼ਰੀਆ ਜੱਜ ਪੁਰਸ਼ ਸਨ। ਉਹ ਔਰਤਾਂ ਦੇ ਵਕਾਲਤ ਕਰਨ ਬਾਰੇ ਸਵਾਲ ਖੜ੍ਹੇ ਕਰਦੇ ਸਨ।"

ਉਹ ਮੰਨਦੇ ਹਨ, "ਮੈਂ ਕਦੇ ਜੱਜ ਬਣਨ ਦਾ ਸੁਪਨਾ ਨਹੀਂ ਦੇਖਿਆ। ਇੱਕ ਵਕੀਲ ਵਜੋਂ ਮੈਂ ਨਹੀਂ ਸੀ ਜਾਣਦੀ ਕਿ ਕੀ ਮੈਂ ਗੁੰਝਲਦਾਰ ਮਸਲਿਆਂ ਨਾਲ ਨਜਿੱਠਣ ਵਾਲੀ ਭੂਮਿਕਾ ਨਿਭਾ ਸਕਦੀ ਹਾਂ ਅਤੇ ਇੱਕ ਔਰਤ ਵਜੋਂ ਮੈਨੂੰ ਸ਼ੱਕ ਅਤੇ ਡਰ ਮਹਿਸੂਸ ਹੋਇਆ।"

"ਮੈਂ ਕਈ ਵਾਰ ਅਸਹਿਜ ਮਹਿਸੂਸ ਕਰਦੀ ਹਾਂ। ਇੱਕ ਔਰਤ ਵਜੋਂ, ਮੈਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਜੇ ਮੈਂ ਕਹਿੰਦੀ ਹਾਂ ਕਿ ਮੈਨੂੰ ਕੁਝ ਮਹਿਸੂਸ ਨਹੀਂ ਹੁੰਦਾ ਤਾਂ ਮੈਂ ਝੂਠ ਬੋਲਾਂਗੀ।"

"ਪਰ ਮੈਂ ਇੱਕ ਜੱਜ ਹਾਂ ਅਤੇ ਮੈਂ ਇਹ ਯਕੀਨੀ ਬਣਾਉਣਾ ਹੈ ਕਿ ਮੈਂ ਹਮੇਸ਼ਾ ਸਪਸ਼ਟ ਅਤੇ ਤੱਥਾਂ ਦੀ ਗੱਲ ਕਰਾਂ। ਮੈਂ ਅਦਾਲਤ ਦੇ ਸਾਹਮਣੇ ਰੱਖੇ ਜਾਣ ਵਾਲੇ ਸਭ ਤੋਂ ਬਿਹਤਰੀਨ ਸਬੂਤਾਂ ਦੇ ਆਧਾਰ 'ਤੇ ਇਨਸਾਫ ਕਰਦੀ ਹਾਂ।"

ਕੀ ਹੈ '100 ਵੂਮੈੱਨ' ?

'ਬੀਬੀਸੀ 100 ਵੂਮੈੱਨ' ਹਰ ਸਾਲ ਵਿਸ਼ਵ ਭਰ 'ਚੋਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਔਰਤਾਂ ਦੇ ਰੂ-ਬ-ਰੂ ਕਰਾਉਂਦੀ ਹੈ।

ਸਾਲ 2018 ਦੁਨੀਆਂ ਭਰ ਵਿੱਚ ਔਰਤਾਂ ਦੇ ਹੱਕਾਂ ਲਈ ਯਾਦਗਾਰੀ ਸਾਲ ਰਿਹਾ ਹੈ। ਇਸ ਲਈ ਬੀਬੀਸੀ 100 ਵੁਮਿਨ ਉਨ੍ਹਾਂ ਰਾਹ ਦਸੇਰੀਆਂ ਔਰਤਾਂ ਦੀ ਕਹਾਣੀ ਪੇਸ਼ ਕਰਦਾ ਹੈ, ਜੋ ਆਪਣੇ ਜਨੂੰਨ, ਰੋਹ ਅਤੇ ਗੁੱਸੇ ਦੀ ਵਰਤੋਂ ਕਰਕੇ ਆਪਣੇ ਆਸਪਾਸ ਦੀ ਦੁਨੀਆਂ ਵਿੱਚ ਇੱਕ ਅਮਲੀ ਬਦਲਾਅ ਲਿਆ ਰਹੀਆਂ ਹਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)