ਕਰਤਾਪੁਰ ਲਾਂਘੇ ਤੇ ਭਾਰਤ-ਪਾਕ ਰਿਸ਼ਤਿਆਂ ਬਾਰੇ ਨੌਜਵਾਨ ਇਹ ਸੋਚਦੇ ਹਨ

    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਗੁਰਦਸਪੁਰ ਤੋਂ ਬੀਬੀਸੀ ਪੰਜਾਬੀ ਲਈ

ਗੁਆਂਢੀ ਦੇਸ ਪਾਕਿਸਤਾਨ ਨਾਲ ਭਾਰਤ ਦੇ ਸਬੰਧਾਂ ਬਾਰੇ ਅੱਜ ਦੇ ਹਾਲਾਤ ਚੰਗੇ ਨਹੀਂ ਦਿੱਖ ਰਹੇ ਹਨ। ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤ ਨਾਲ ਦੋਵਾਂ ਦੇਸਾਂ ਦੇ ਸੰਬੰਧਾਂ ਬਾਰੇ ਗੱਲਬਾਤ ਕਰਨ ਦਾ ਮਤਾ ਦਿੱਤਾ ਗਿਆ ਸੀ।

ਜਿਸ ਦੇ ਤਹਿਤ ਭਾਰਤ ਨੇ ਪਹਿਲਾਂ ਤਾਂ ਹਾਂ ਪੱਖੀ ਰਵੱਈਆ ਦਿਖਾਇਆ ਪਰ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਮੁਲਾਜ਼ਮਾਂ ਨੂੰ ਅਗਵਾ ਕਰਕੇ ਕਤਲ ਕੀਤੇ ਜਾਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਪਾਕਿਸਤਾਨ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਉਥੇ ਹੀ ਭਾਰਤ -ਪਾਕਿਸਤਾਨ ਦੀ ਹੋਣ ਵਾਲੀ ਮੁਲਾਕਾਤ 'ਚ ਨਾਨਕ ਨਾਮ ਲੇਵਾ ਸੰਗਤਾਂ ਨੂੰ ਉਮੀਦ ਸੀ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਨੂੰ ਲੈ ਕੇ ਕੁਝ ਨਤੀਜੇ ਸਾਹਮਣੇ ਆਉਣਗੇ ਅਤੇ ਉਨ੍ਹਾਂ ਦੀਆਂ ਅਰਦਾਸਾਂ ਪੂਰੀਆਂ ਹੋਣਗੀਆਂ।

ਉੱਥੇ ਹੀ ਇਹਨਾਂ ਸੰਗਤਾਂ 'ਚ ਨੌਜਵਾਨ ਪੀੜੀ ਹਰ ਦਿਨ ਬਦਲ ਰਹੇ ਹਾਲਾਤਾਂ 'ਤੇ ਦੋਵਾਂ ਦੇਸਾਂ ਦੇ ਹੁਕਮਰਾਨਾਂ ਦੀ ਬਿਆਨਬਾਜ਼ੀ 'ਤੇ ਵੱਖ-ਵੱਖ ਰਾਇ ਰੱਖਦੀ ਹੈ।

ਇਹ ਵੀ ਪੜ੍ਹੋ:

ਨੌਜਵਾਨਾਂ ਦੀ ਪ੍ਰਤੀਕਿਰਿਆ

ਇਤਿਹਾਸ ਵੱਲ ਝਾਤ ਮਾਰੀਏ ਤਾਂ 22 ਸਤੰਬਰ 1539 'ਚ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ ਪਰ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਸ ਵਾਰ 4 ਅਕਤੂਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਮੁਤਾਬਕ ਉਥੇ ਹੀ ਅੱਜ ਵੱਡੀ ਗਿਣਤੀ 'ਚ ਨਾਨਕ ਨਾਮ ਲੇਵਾ ਸੰਗਤ ਦੂਰ ਦੁਰਾਢਿਓਂ ਭਾਰਤ -ਪਾਕਿਸਤਾਨ ਸਰਹੱਦ 'ਤੇ ਭਾਰਤ ਵੱਲ ਲੱਗੀ ਕੰਡਿਆਲੀ ਤਾਰ ਦੇ ਨੇੜੇ ਬੀਐਸਐਫ ਵਲੋਂ ਬਣਾਏ ਗਏ ਸ੍ਰੀ ਕਰਤਾਰਪੁਰ ਸਥਲ ਵਿਖੇ ਸੰਗਤਾਂ ਦਰਸ਼ਨਾਂ ਲਈ ਪਹੁੰਚੀਆਂ ਸਨ।

ਇਹ ਵੀ ਪੜ੍ਹੋ:

ਜਲੰਧਰ ਨੇੜੇ ਪੈਂਦੇ ਕਰਤਾਰਪੁਰ ਤੋਂ ਆਈ ਰਾਜਿੰਦਰ ਕੌਰ ਮੁਤਾਬਕ ਭਾਰਤ -ਪਾਕਿਸਤਾਨ ਦੇ ਰਿਸ਼ਤੇ ਤਾਂ ਹੀ ਸੁਧਰ ਸਕਦੇ ਹਨ ਜੇ ਦੋਵਾਂ ਦੇਸ਼ਾ ਦੀਆਂ ਸਰਕਾਰਾਂ ਆਪਸ 'ਚ ਗੱਲਬਾਤ ਕਰਨ।

ਉਨ੍ਹਾਂ ਕਿਹਾ, "ਜੇ ਭਾਰਤ ਗੱਲਬਾਤ ਨਹੀਂ ਕਰਨਾ ਚਾਉਂਦਾ ਤਾਂ ਫਿਰ ਆਪਣੇ ਜਵਾਨ ਸ਼ਹੀਦ ਹੋਣ ਦੇ ਇੰਤਜ਼ਾਰ 'ਚ ਕਿਉਂ ਰਹਿੰਦਾ ਹੈ ਭਾਰਤ ਸਰਕਾਰ ਵੀ ਤਾਂ ਕੋਈ ਠੋਸ ਜਵਾਬ ਪਾਕਿਸਤਾਨ ਨੂੰ ਨਹੀਂ ਦੇ ਰਹੀ ਉਲਟਾ ਰੋਜ਼ਾਨਾ ਸਰਹੱਦ 'ਤੇ ਜਵਾਨ ਮਰ ਰਹੇ ਹਨ।''

ਰਾਜਿੰਦਰ ਨੇ ਆਖਿਆ, "ਦੋਵੇਂ ਦੇਸ ਦੇ ਨੇਤਾ ਮਹਿਜ਼ ਰਾਜਨੀਤੀ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਤੇ ਅਵਾਮ ਨੂੰ ਗੁੰਮਰਾਹ ਕਰ ਰਹੇ ਹਨ।"

ਸਨਪ੍ਰੀਤ ਕੌਰ ਨੇ ਆਖਿਆ ਕਿ ਉਹ ਪਹਿਲੀ ਵਾਰ ਇੱਥੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੇ ਹਨ ਅਤੇ ਦੂਰਬੀਨ ਨਾਲ ਤਾਂ ਦਰਸ਼ਨ ਵੀ ਸਹੀ ਨਹੀਂ ਹੋ ਰਹੇ।

ਉਨ੍ਹਾਂ ਦਾ ਕਹਿਣਾ ਹੈ, "ਖੁੱਲ੍ਹਾ ਲਾਂਘਾ ਮਿਲਣਾ ਚਾਹੀਦਾ ਹੈ ਪਰ ਉਹ ਸੰਭਵ ਨਹੀਂ ਲੱਗ ਰਿਹਾ ਕਿਉਂਕਿ ਪਾਕਿਸਤਾਨ ਤੇ ਭਾਰਤ ਆਪਸ 'ਚ ਸਮਝੌਤਾ ਨਹੀਂ ਕਰਨਾ ਚਾਹੁੰਦੇ ਅਤੇ ਬਿਆਨਬਾਜ਼ੀ ਹੀ ਹੋ ਰਹੀ ਹੈ।"

ਲੁਧਿਆਣਾ ਤੋਂ ਆਈ ਹਰਪ੍ਰੀਤ ਕੌਰ ਨੇ ਆਖਿਆ ਕਿ ਦੋਵਾਂ ਦੇਸ਼ਾ ਚ ਸ਼ਾਂਤੀ ਹੋ ਸਕਦੀ ਹੈ ਜੇਕਰ ਭਾਰਤ ਪਾਕਿਸਤਾਨ ਦੇ ਰਾਜਨੇਤਾ ਚਾਹੁਣ ਲੇਕਿਨ ਹੋ ਨਹੀਂ ਰਿਹਾ ਅਤੇ ਅੰਦਰ ਦੀ ਸਚਾਈ ਵੀ ਜਨਤਾ ਸਾਹਮਣੇ ਨਹੀਂ ਹੈ।

ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰਬੀਨ ਨਾਲ ਦਰਸ਼ਨ ਕਰਨ ਪਹੁੰਚੇ ਜਲੰਧਰ ਦੇ ਨੌਜਵਾਨ ਜਗਦੀਪ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਰਾਇ ਹੈ ਕਿ ਇਹ ਰਸਤਾ ਨਹੀਂ ਖੁੱਲਣਾ ਚਾਹੀਦਾ ਜੇਕਰ ਇਹ ਰਸਤਾ ਖੁੱਲ੍ਹਦਾ ਹੈ ਤਾਂ ਭਾਰਤ 'ਚ ਘੁਸਪੈਠ ਦਾ ਖ਼ਤਰਾ ਹਮੇਸ਼ਾ ਬਣਿਆ ਰਹੇਗਾ।

ਜਗਦੀਪ ਸਿੰਘ ਨੇ ਮੁਤਾਬਕ "ਇਹ ਬਿਲਕੁਲ ਠੀਕ ਹੈ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ ਕਿਉਂਕਿ ਇਕ ਪਾਸੇ ਰੋਜ਼ ਪਾਕਿਸਤਾਨ ਸਰਹੱਦ 'ਤੇ ਭਾਰਤੀ ਜਵਾਨ ਮਾਰੇ ਜਾ ਰਹੇ ਹਨ ਅਤੇ ਦੂਜੇ ਪਾਸੇ ਉਹ ਸ਼ਾਂਤੀ ਦੀ ਗੱਲ ਆਖ ਰਹੇ ਹਨ।"

ਗੁਰਦਸਪੁਰ ਤੋਂ ਆਏ ਨੌਜਵਾਨ ਸੰਜੂ ਕੁਮਾਰ ਮੁਤਾਬਕ, "ਜੇਕਰ ਪਾਕਿਸਤਾਨ ਇੱਕ ਗੋਲੀ ਚਲਾਵੇ ਤਾਂ ਭਾਰਤ ਨੂੰ ਦੋ 'ਚ ਜਵਾਬ ਦੇਣਾ ਚਾਹੀਦਾ ਹੈ ਅਤੇ ਜੇ ਪਿਆਰ ਦਾ ਇੱਕ ਕਦਮ ਅਗੇ ਵਧਾਵੇ ਤਾਂ ਭਾਰਤ ਨੂੰ ਵੀ ਚਾਰ ਕਦਮ ਅੱਗੇ ਹੋਣਾ ਚਾਹੀਦਾ ਹੈ।"

ਕਰਤਾਰਪੁਰ ਦਰਸ਼ਨ ਸਥਲ 'ਤੇ ਕਈ ਸਾਲਾਂ ਤੋਂ ਬਜ਼ੁਰਗ ਕਰਤਾਰ ਸਿੰਘ ਰੋਜ਼ਾਨਾ ਉਥੇ ਸ਼ਬਦ ਗਾਇਨ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲਾਂਘਾ ਜੋ ਸੰਗਤ ਮੰਗਦੀ ਹੈ ਉਹ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ 'ਚ ਨਤਮਸਤਕ ਹੋਣ ਉਥੇ ਵੀ ਬਾਬਾ ਨਾਨਕ ਹੈ। ਇਹ ਮੰਗ ਆਉਣ ਵਾਲੇ ਸਮੇਂ 'ਚ ਇਕ ਕਲ੍ਹ (ਕਲੇਸ਼) ਵੀ ਸਾਬਿਤ ਹੋ ਸਕਦੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)