ਭਾਰਤ: ਇਮਰਾਨ ਦਾ ਚਿਹਰਾ ਨੰਗਾ ਹੋਇਆ, ਅੱਤਵਾਦ 'ਤੇ ਹੀ ਤਾਂ ਗੱਲ ਕਰਨੀ ਹੈ, ਪਿੱਛੇ ਕਿਉਂ ਹਟੇ: ਪਾਕਿਸਤਾਨ

ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਨਿਊਯਾਰਕ ਵਿਚ ਇਸੇ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਪ੍ਰਸਤਾਵਿਤ ਮੁਲਾਕਾਤ ਰੱਦ ਕਰ ਦਿੱਤੀ ਗਈ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦਾ ਬੁਲਾਰੇ ਰਵੀਸ਼ ਕੁਮਾਰ ਨੇ ਮੁਲਾਕਾਤ ਰੱਦ ਕਰਨ ਦਾ ਐਲਾਨ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਵੀਰਵਾਰ ਸ਼ਾਮ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਸੀ ਕਿ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮੁਹੰਮਦ ਕੁਰੈਸ਼ੀ ਨਾਲ ਸਯੁੰਕਤ ਰਾਸ਼ਟਰਜ਼ ਸੰਮੇਲਨ ਦੌਰਾਨ ਮੁਲਾਕਾਤ ਕਰਨਗੇ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਵਾਰਤਾ ਰੱਦ ਕੀਤੇ ਜਾਣ ਬਾਰੇ ਇੱਕ ਨਿੱਜੀ ਟੀਵੀ ਚੈਨਲ ਉੱਤੇ ਕਿਹਾ, 'ਉਹ (ਭਾਰਤ) ਅੱਤਵਾਦ ਉੱਤੇ ਗੱਲਬਾਤ ਕਰਨੀ ਚਾਹੁੰਦਾ ਹੈ ਤੇ ਪਾਕਿਸਤਾਨ ਵੀ ਗੱਲ ਕਰਨੀ ਚਾਹੁੰਦਾ ਹੈ ਪਰ ਹੁਣ ਉਹ ਮੁਲਾਕਾਤ ਕਰਨ ਤੋਂ ਹੀ ਪਿੱਛੇ ਹਟ ਰਹੇ ਹਨ।'

'ਸਾਡੇ ਕੋਲ ਵੀ ਇਸ ਗੱਲ ਦੇ ਸਬੂਤ ਹਨ ਕਿ ਬਲੂਚਿਸਤਾਨ ਵਿਚ ਕੁਝ ਤੱਤ ਗੜਬੜ ਫੈਲਾ ਰਹੇ ਹਨ, ਪਰ ਅਸੀਂ ਇਸ ਸਭ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਚਾਹੁੰਦੇ ਹਾਂ।'

ਇਹ ਵੀ ਪੜ੍ਹੋ:

ਇਮਰਾਨ ਦਾ ਚਿਹਰਾ ਬੇਨਕਾਬ ਹੋਇਆ

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, " ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਦੀ ਭਾਵਨਾ ਮੁਤਾਬਕ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਨਿਊਯਾਰਕ ਵਿਚ ਮੁਲਾਕਾਤ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਤਰ੍ਹਾਂ ਕਰਕੇ ਅਮਨ ਸ਼ਾਂਤੀ ਦੀ ਬਹਾਲੀ ਲਈ ਵਚਨਬੱਧਤਾ ਪ੍ਰਗਟਾਈ ਗਈ ਸੀ, ਪਰ ਜੰਮੂ ਕਸ਼ਮੀਰ ਵਿਚ ਸੁਰੱਖਿਆ ਕਰਮੀਆਂ ਨੂੰ ਅਗਵਾ ਕਰਕੇ ਕਤਲ ਕੀਤੇ ਜਾਣ ਤੋਂ ਬਾਅਦ ਇਸ ਮੁਲਾਕਾਤ ਦਾ ਕੋਈ ਅਰਥ ਨਹੀਂ ਰਹਿ ਜਾਂਦਾ।

ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਕਰਮੀਆਂ ਦੇ ਕਤਲ ਅਤੇ ਅੱਤਵਾਦੀਆਂ ਦੀ ਯਾਦ ਵਿਚ ਪਾਕਿਸਤਾਨ ਵੱਲੋਂ ਡਾਕ ਟਿਕਟਾਂ ਜਾਰੀ ਕੀਤੇ ਜਾਣ ਨਾਲ ਇਮਰਾਨ ਖਾਨ ਦਾ ਚਿਹਰਾ ਬੇਨਕਾਬ ਹੋ ਗਿਆ ਹੈ। ਉਹ ਵੀ ਉਨ੍ਹਾਂ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੇ ਮੁੱਢਲੇ ਹੀ ਸਮੇਂ ਵਿਚ।

ਕਰਤਾਰਪੁਰ ਲਾਂਘੇ ਉੱਤੇ ਵੀ ਹੋਣੀ ਸੀ ਗੱਲਬਾਤ

ਰਵੀਸ਼ ਕੁਮਾਰ ਨੇ ਕਿਹਾ ਸੀ, " ਇਹ ਬੈਠਕ ਸਿਰਫ਼ ਮੁਲਾਕਾਤ ਹੈ ਇਹ ਗੱਲਬਾਤ ਸ਼ੁਰੂ ਹੋਣਾ ਨਹੀਂ ਹੈ, ਇਸ ਦਾ ਅਜੰਡਾ ਅਜੇ ਤੱਕ ਤੈਅ ਨਹੀਂ ਹੋਇਆ ਹੈ।' ਕਰਤਾਰਪੁਰ ਲਾਂਘੇ ਬਾਰੇ ਸਵਾਲ ਦੇ ਜਵਾਬ ਵਿਚ ਰਵੀਸ਼ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਬਾਰੇ ਹਾਲ ਹੀ ਵਿਚ ਕੋਈ ਤਾਜ਼ਾ ਗੱਲਬਾਤ ਨਹੀਂ ਹੋਈ ਹੈ।

ਰਵੀਸ਼ ਕਮਾਰ ਨੇ ਕਿਹਾ ਸੀ , 'ਜਦੋਂ ਇਹ ਮਾਮਲਾ ਨਵਜੋਤ ਸਿੰਘ ਸਿੱਧੂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ਼ ਉਠਾਇਆ ਸੀ ਤਾਂ ਉਨ੍ਹਾਂ ਦੱਸਿਆ ਸੀ ਕਿ ਹਰਸਿਮਰਤ ਕੌਰ ਬਾਦਲ ਨੇ ਵੀ ਇਹ ਮਸਲਾ ਉਨ੍ਹਾਂ ਕੋਲ ਉਠਾਇਆ ਹੈ।ਰਵੀਸ਼ ਮੁਤਾਬਕ ਮੁਲਾਕਾਤ ਜਾ ਏਜੰਡਾ ਅਜੇ ਤੈਅ ਨਹੀਂ ਹੋਇਆ ਪਰ ਕਰਤਾਰ ਲਾਂਘੇ ਦਾ ਮਾਮਲਾ ਸੁਸ਼ਮਾ ਸਵਰਾਜ ਮੁਲਾਕਾਤ ਦੌਰਾਨ ਜਰੂਰ ਉਠਾਉਣਗੇ।

ਇਮਰਾਨ ਦੀ ਪਹਿਲਕਦਮੀ

ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ । ਜਿਸ ਵਿਚ 2015 ਤੋਂ ਬੰਦ ਪਿਆ ਗੱਲਬਾਤ ਦਾ ਸਿਲਸਿਲਾ ਮੁੜ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਮਰਾਨ ਨੇ ਸਾਰਕ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਸੀ।

ਪਰ ਇਸ ਨੂੰ ਸਵਿਕਾਰ ਨਹੀਂ ਕੀਤਾ ਗਿਆ ਸੀ। ਸਿਰਫ਼ ਮੁਲਾਕਾਤ ਕਰਨ ਲਈ ਸਹਿਮਤੀ ਦਿੱਤੀ ਗਈ ਸੀ।

ਭਾਰਤ ਨੇ ਇਸੇ ਦੌਰਾਨ ਸਾਫ਼ ਕੀਤਾ ਹੈ ਕਿ ਅੱਤਵਾਦ ਉੱਤੇ ਭਾਰਤ ਦੇ ਰੁਖ਼ ਵਿਚ ਕੋਈ ਤਬਦੀਲੀ ਨਹੀਂ ਆਈ ਹੈ।ਇਮਰਾਨ ਖ਼ਾਨ ਨੇ ਇਹ ਪੱਤਰ ਪ੍ਰਧਾਨ ਨਰਿੰਦਰ ਮੋਦੀ ਦੇ ਵਧਾਈ ਪੱਤਰ ਦੇ ਜਵਾਬ ਵਿਚ ਲਿਖਿਆ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।