ਨਿਰੰਕਾਰੀ ਸਮਾਗਮ : 7 ਦਹਾਕੇ ਬਾਅਦ ਪੰਜਾਬ-ਹਰਿਆਣਾ ਖੇਤਰ 'ਚ ਨਿਰੰਕਾਰੀਆਂ ਦਾ ਸਭ ਤੋਂ ਵੱਡਾ ਸਮਾਗਮ

ਤਸਵੀਰ ਸਰੋਤ, Getty Images
- ਲੇਖਕ, ਅਰਵਿੰਦ ਛਾਬੜਾ
- ਰੋਲ, ਪੱਤਰਕਾਰ, ਬੀਬੀਸੀ
ਅੰਮ੍ਰਿਤਸਰ ਵਿੱਚ ਨਿਰੰਕਾਰੀ ਭਵਨ ਉੱਤੇ ਹਮਲਾ ਉਸ ਵੇਲੇ ਹੋਇਆ ਜਦੋਂ ਉਹ 71 ਸਾਲਾਂ ਵਿੱਚ ਪਹਿਲੀ ਵਾਰੀ ਦਿੱਲੀ ਤੋਂ ਬਾਹਰ ਸਲਾਨਾ ਸਮਾਗਮ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ।
ਚੰਡੀਗੜ੍ਹ ਵਿਚ ਨਿਰੰਕਾਰੀ ਮਿਸ਼ਨ ਦੇ ਮੀਡੀਆ ਇੰਚਾਰਜ ਰਜਿੰਦਰ ਕੁਮਾਰ ਨੇ ਕਿਹਾ, "ਇਹ ਸਮਾਗਮ ਹਰਿਆਣਾ ਦੇ ਸਮਾਲਖਾ ਵਿੱਚ 24 ਨਵੰਬਰ ਤੋਂ 26 ਨਵੰਬਰ ਤੱਕ ਹੋ ਰਿਹਾ ਹੈ, ਜਿਥੇ ਸਾਨੂੰ 10 ਲੱਖ ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਉਮੀਦ ਹੈ।"
ਰਜਿੰਦਰ ਕੁਮਾਰ ਨੇ ਕਿਹਾ ਕਿ ਦੇਸ ਵਿੱਚ ਸਾਲ ਭਰ ਕਈ ਸਮਾਗਮ ਹੋਣਗੇ ਪਰ ਉਹ ਰੋਜ਼ਾਨਾ ਕੁਝ ਹੀ ਘੰਟਿਆਂ ਦੇ ਹਨ।
"1948 ਵਿੱਚ ਹੋਏ ਪਹਿਲੇ ਸਮਾਗਮ ਤੋਂ ਬਾਅਦ ਕਦੇ ਵੀ ਦਿੱਲੀ ਤੋਂ ਬਾਹਰ ਸਮਾਗਮ ਨਹੀਂ ਹੋਇਆ।"
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ ਕਿ 1978 ਵਿੱਚ ਅੰਮ੍ਰਿਤਸਰ ਵਿੱਚ ਇੱਕ ਦਿਨ ਦਾ ਸਮਾਗਮ ਹੋਇਆ ਸੀ, ਜਿਸ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ।
ਮਰਨ ਵਾਲਿਆਂ ਵਿੱਚ 13 ਸਿੱਖ ਅਤੇ ਤਿੰਨ ਨਿਰੰਕਾਰੀ ਸਨ। ਇਹ ਟਕਰਾਅ ਸੂਬੇ ਵਿੱਚ ਬਗਾਵਤ ਦਾ ਸ਼ੁਰੂਆਤੀ ਬਿੰਦੂ ਸੀ, ਜਿਸ ਕਾਰਨ 1980 ਅਤੇ 90 ਦੇ ਦਹਾਕੇ 'ਚ ਸੂਬੇ ਵਿੱਚ ਹਜ਼ਾਰਾਂ ਦੀ ਜਾਨ ਗਈ।
ਹਮਲਾ ਭੁੱਲ ਕੇ ਅੱਗੇ ਵੱਧਣ ਦਾ ਮਕਸਦ
18 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਇੱਕ ਨਿਕੰਰਾਕੀ ਭਵਨ ਤੇ ਗ੍ਰਨੇਡ ਸੁੱਟਿਆ ਗਿਆ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ।
ਇੱਕ ਨਿਰੰਕਾਰੀ ਸ਼ਰਧਾਲੂ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ, "ਅਸੀਂ ਹਮਲੇ ਨੂੰ ਭੁੱਲ ਕੇ ਅੱਗੇ ਵਧਣਾ ਚਾਹੁੰਦੇ ਹਾਂ। ਇਹ ਅਸੁਖਾਵੀਂ ਘਟਨਾ ਸੀ ਪਰ ਅਸੀਂ ਇਸ ਉੱਤੇ ਪ੍ਰਤਿਕਰਮ ਨਹੀਂ ਦੇ ਰਹੇ।"
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵੇਲੇ ਉਨ੍ਹਾਂ ਦੇ ਮਨ ਵਿੱਚ ਸਿਰਫ਼ ਵੱਡਾ ਸਮਾਗਮ ਹੀ ਚੱਲ ਰਿਹਾ ਹੈ।

ਤਸਵੀਰ ਸਰੋਤ, Getty Images
ਨਿਰੰਕਾਰੀ ਮਿਸ਼ਨ ਦੀ ਖੇਤਰੀ ਇੰਚਾਰਜ ਜੋਗਿੰਦਰ ਕੌਰ ਨੇ ਕਿਹਾ, "ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਹਾਂ, ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਿੰਨੀ ਵੀ ਸੁਰੱਖਿਆ ਦੀ ਲੋੜ ਹੋਵੇਗੀ ਉਹ ਦੇਣਗੇ।"
ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਈਚਾਰੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ।
"ਜਿੰਨ੍ਹਾਂ ਦੇ ਪਰਿਵਾਰ ਜ਼ਖਮੀ ਹੋਏ ਹਨ ਉਹ ਵੀ ਚੰਗੇ ਮਾਹੌਲ ਵਿੱਚ ਸਮਾਗਮ ਲਈ ਕੰਮ ਕਰਨਾ ਚਾਹੁੰਦੇ ਹਨ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸਾਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਹੈ ਕਿ ਇਹ ਕਿਸ ਨੇ ਕੀਤਾ ਹੈ।"

ਤਸਵੀਰ ਸਰੋਤ, Getty Images
ਹਰੀਸ਼ ਕੁਮਾਰ ਨਾਮ ਦੇ ਨਿਰੰਕਾਰੀ ਨੇ ਕਿਹਾ, "ਸਾਡਾ ਕੋਈ ਦੁਸ਼ਮਣ ਨਹੀਂ ਹੈ ਅਤੇ ਇਹ ਇੱਕ ਵਾਰ ਦੀ ਘਟਨਾ ਹੈ ਜਿਸ ਨੂੰ ਇਸ ਤਰ੍ਹਾਂ ਹੀ ਲਿਆ ਜਾਣਾ ਚਾਹੀਦਾ ਹੈ।"
ਇਹ ਵੀ ਪੜ੍ਹੋ:
ਉੱਥੇ ਹੀ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਜੋਗਿੰਦਰ ਕੌਰ ਨੇ ਦੱਸਿਆ ਕਿ ਸਮਾਲਖਾ ਜਿੱਥੇ ਸਮਾਗਮ ਹੋਣ ਜਾ ਰਿਹਾ ਹੈ ਉਹ 600 ਏਕੜ ਵਿੱਚ ਫੈਲਿਆ ਹੋਇਆ ਕੰਪਲੈਕਸ ਹੈ। ਇਸ ਦਾ ਉਦਘਾਟਨ ਪਿਛਲੇ ਮਹੀਨੇ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਨੇ ਹੀ ਕੀਤਾ ਸੀ।
ਸ਼ਰਧਾਲੂਆਂ ਦੀ ਸਹੂਲਤ ਦੇ ਲਈ ਰੇਲਵੇ ਨੂੰ ਦਰਖਾਸਤ ਕੀਤੀ ਗਈ ਸੀ ਕਿ ਉਹ ਸਮਾਗਮ ਦੇ ਨੇੜੇ ਵਾਲੇ ਰੇਲਵੇ ਸਟੇਸ਼ਨ ਭੌਦਵਾਲ ਮਾਜਰੀ 'ਤੇ 10 ਨਵੰਬਰ ਤੋਂ 5 ਦਸੰਬਰ ਤੱਕ 2 ਮਿੰਟ ਲਈ ਟਰੇਨ ਰੋਕਣ। ਇਸ ਅਰਜ਼ੀ ਨੂੰ ਰੇਲਵੇ ਨੇ ਮੰਨ ਲਿਆ ਹੈ।












