ਫਲਿੱਪਕਾਰਟ ਖੜ੍ਹਾ ਕਰਨ ਵਾਲੇ ਚੰਡੀਗੜ੍ਹ ਦੇ ਬਿੰਨੀ ਬਾਂਸਲ ਦਾ ਬਿਜ਼ਨੈੱਸ ਮਾਡਲ

ਤਸਵੀਰ ਸਰੋਤ, MINT
- ਲੇਖਕ, ਕਮਲੇਸ਼
- ਰੋਲ, ਪੱਤਰਕਾਰ, ਬੀਬੀਸੀ
ਫਲਿੱਪਕਾਰਟ ਦੇ ਸਹਿ-ਸੰਸਥਾਪਕ ਬਿੰਨੀ ਬਾਂਸਲ ਨੇ ਸ਼ਾਇਦ ਹੀ ਸੋਚਿਆ ਹੋਵੇਗਾ ਕਿ ਕਦੇ ਉਨ੍ਹਾਂ ਨੂੰ ਇਸ ਤਰ੍ਹਾਂ ਆਪਣੀ ਕੰਪਨੀ ਛੱਡਣੀ ਪਏਗੀ।
ਬਿੰਨੀ ਬਾਂਸਲ ਅਤੇ ਫਲਿੱਪਕਾਰਟ ਇਹ ਦੋ ਨਾਮ ਹੁਣ ਤੱਕ ਕਾਮਯਾਬੀ ਦੀ ਇੱਕ ਸ਼ਾਨਦਾਰ ਕਹਾਣੀ ਸਨ ਪਰ ਇਸ ਵਿੱਚ ਇਲਜ਼ਾਮ ਅਤੇ ਅਸਤੀਫੇ ਦਾ ਪਹਿਲੂ ਵੀ ਜੁੜ ਗਿਆ ਹੈ।
ਭਾਰਤ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲਰ ਕੰਪਨੀ ਫਲਿੱਪਕਾਰਟ ਦੇ ਸੀਈਓ ਅਤੇ ਸਹਿ-ਸੰਸਥਾਪਕ ਸਚਿਨ ਬਾਂਸਲ ਆਪਣੀ ਹਿੱਸੇਦਾਰੀ ਵੇਚਕੇ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ, ਪਰ 37 ਸਾਲਾ ਬਿੰਨੀ ਅਹੁਦੇ 'ਤੇ ਬਣੇ ਹੋਏ ਸਨ।
ਕੰਪਨੀ ਦਾ ਕਹਿਣਾ ਹੈ ਕਿ ਬਿੰਨੀ ਦੇ ਖਿਲਾਫ਼ ਸ਼ਿਕਾਇਤ ਦੀ ਅੰਦਰੂਨੀ ਜਾਂਚ ਵਿੱਚ ਇਲਜ਼ਾਮਾਂ ਦੇ ਪੱਖ ਵਿੱਚ ਸਬੂਤ ਤਾਂ ਨਹੀਂ ਮਿਲੇ ਹਨ ਪਰ ਇਸ ਮਾਮਲੇ ਉੱਤੇ ਬਿੰਨੀ ਬਾਂਸਲ ਨੇ ਪਾਰਦਰਸ਼ਿਤਾ ਨਹੀਂ ਦਿਖਾਈ ਹੈ।
ਹਾਲਾਂਕਿ ਬਿੰਨੀ ਬਾਂਸਲ ਨੇ ਕੰਪਨੀ ਦੇ ਮੁਲਾਜ਼ਮਾਂ ਨੂੰ ਲਿਖੀ ਇੱਕ ਮੇਲ ਵਿੱਚ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਨੇ ਲਿਖਿਆ, "ਇਨ੍ਹਾਂ ਇਲਜ਼ਾਮਾਂ ਤੋਂ ਮੈਂ ਹੈਰਾਨ ਹਾਂ ਅਤੇ ਪੱਕੇ ਇਰਾਦੇ ਨਾਲ ਇਨ੍ਹਾਂ ਨੂੰ ਖਾਰਿਜ ਕਰਦਾ ਹਾਂ। ਇਹ ਮੇਰੇ ਪਰਿਵਾਰ ਅਤੇ ਮੇਰੇ ਲਈ ਚੁਣੌਤੀ ਭਰਿਆ ਸਮਾਂ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਚੇਅਰਮੈਨ ਅਤੇ ਗਰੁੱਪ ਸੀਈਓ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਹੀ ਸਹੀ ਸਮਝਦਾ ਹਾਂ।"
ਇਹ ਵੀ ਪੜ੍ਹੋ:
ਫਿਲਹਾਲ ਦੋਨੋਂ ਬਾਂਸਲ ਹੁਣ ਫਲਿੱਪਕਾਰਟ ਤੋਂ ਵੱਖ ਹੋ ਚੁੱਕੇ ਹਨ ਪਰ ਇਹ ਕਹਾਣੀ ਘੱਟ ਹੈਰਾਨ ਕਰਨ ਵਾਲੀ ਨਹੀਂ ਹੈ। ਜਦੋਂ ਜ਼ੀਰੋ ਤੋਂ ਸ਼ੁਰੂਆਤ ਕਰਕੇ ਬਿੰਨੀ ਅਤੇ ਸਚਿਨ ਬਾਂਸਲ ਨੇ ਫਲਿੱਪਕਾਰਟ ਨੂੰ ਇੱਥੇ ਤੱਕ ਪਹੁੰਚਾਇਆ ਸੀ।
ਸਟਾਰਅਪ ਦੀ ਦੁਨੀਆਂ ਦੇ ਜੈ-ਵੀਰੂ
ਭਾਰਤੀ ਸਟਾਰਟਅਪ ਦੀ ਦੁਨੀਆਂ ਵਿੱਚ ਜੈ-ਵੀਰੂ ਕਹਾਉਣ ਵਾਲੇ ਬਿੰਨੀ ਬਾਂਸਲ ਅਤੇ ਸਚਿਨ ਬਾਂਸਲ ਕੁਝ ਹੀ ਸਾਲਾਂ ਵਿੱਚ ਕਾਲਜ ਸਹਿਪਾਠੀ ਤੋਂ ਸਹਿਯੋਗੀ ਅਤੇ ਫਿਰ ਵਪਾਰਕ ਭਾਈਵਾਲ (ਬਿਜ਼ਨੈਸ ਪਾਰਟਨਰ) ਬਣ ਗਏ।

ਤਸਵੀਰ ਸਰੋਤ, Getty Images
ਬਿੰਨੀ ਬਾਂਸਲ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਇੱਕ ਬੈਂਕ ਦੇ ਚੀਫ਼ ਮੈਨੇਜਰ ਹਨ ਅਤੇ ਮਾਂ ਵੀ ਸਰਕਾਰੀ ਨੌਕਰੀ ਵਿੱਚ ਹਨ। ਉਨ੍ਹਾਂ ਨੇ ਆਈਆਈਟੀ ਦਿੱਲੀ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਹੈ।
ਕਾਲਜ 'ਚੋਂ ਨਿਕਲੇ ਕਿਸੇ ਵੀ ਨੌਜਵਾਨ ਵਾਂਗ ਉਹ ਇੱਕ ਨੌਕਰੀ ਚਾਹੁੰਦੇ ਸਨ ਜੋ ਪੜ੍ਹਾਈ ਨੂੰ "ਸਫਲ" ਬਣਾ ਸਕੇ।
ਉਨ੍ਹਾਂ ਨੇ ਗੂਗਲ ਵਿੱਚ ਵੀ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ। ਗੂਗਲ ਤੋਂ ਉਨ੍ਹਾਂ ਨੂੰ ਦੋ ਵਾਰੀ ਖਾਲੀ ਹੱਥ ਪਰਤਣਾ ਪਿਆ।
ਉਨ੍ਹਾਂ ਦੀਆਂ ਕੋਸ਼ਿਸ਼ਾਂ ਕੰਮ ਆਈਆਂ ਅਤੇ ਇੱਕ ਵੱਡੀ ਆਨਲਾਈਨ ਰਿਟੇਲਰ ਕੰਪਨੀ ਐਮਾਜ਼ੌਨ ਵਿੱਚ ਉਨ੍ਹਾਂ ਨੂੰ ਨੌਕਰੀ ਮਿਲ ਗਈ।
ਐਮਾਜ਼ੌਨ ਵਿੱਚ ਹੀ ਉਹ ਆਪਣੇ ਪੁਰਾਣੇ ਦੋਸਤ ਸਚਿਨ ਬਾਂਸਲ ਨੂੰ ਮਿਲੇ। ਬਿੰਨੀ ਅਤੇ ਸਚਿਨ ਦੋਸਤ ਹਨ, ਭਰਾ ਨਹੀਂ।
ਸਚਿਨ ਬਾਂਸਲ ਵੀ ਆਈਆਈਟੀ ਦਿੱਲੀ ਵਿੱਚ ਕੰਪਿਊਟਰ ਸਾਈਂਸ ਦੇ ਵਿਦਿਆਰਥੀ ਰਹੇ ਹਨ ਅਤੇ ਉਨ੍ਹਾਂ ਨੇ ਬਿੰਨੀ ਤੋਂ ਇੱਕ ਬੈਚ ਪਹਿਲਾਂ ਦਾਖਲਾ ਲਿਆ ਸੀ।
ਐਮਾਜ਼ੌਨ ਵਿੱਚ ਕੰਮ ਕਰਦੇ ਹੋਏ ਦੋਹਾਂ ਨੂੰ ਸਟਾਰਟਅਪ ਦਾ ਖਿਆਲ ਆਇਆ। ਦੋਨਾਂ ਵਿੱਚੋਂ ਕਿਸੇ ਨੂੰ ਕਾਰੋਬਾਰ ਦਾ ਅਨੁਭਵ ਨਹੀਂ ਸੀ ਪਰ ਉਨ੍ਹਾਂ ਕੋਲ ਇੱਕ ਆਈਡੀਆ ਜ਼ਰੂਰ ਸੀ।

ਤਸਵੀਰ ਸਰੋਤ, Reuters
ਦੋਹਾਂ ਨੇ ਕੁਝ ਹਿੰਮਤ ਦਿਖਾਈ ਅਤੇ ਨੌਕਰੀ ਛੱਡ ਦਿੱਤੀ। ਪਹਿਲਾਂ ਸਚਿਨ ਬਾਂਸਲ ਅਤੇ ਫਿਰ ਕੁਝ ਸਮੇਂ ਬਾਅਦ ਬਿੰਨੀ ਬਾਂਸਲ ਐਮਾਜ਼ੋਨ ਤੋਂ ਵੱਖ ਹੋ ਗਏ। ਬਿੰਨੀ ਨੇ ਸਿਰਫ਼ ਨੌ ਮਹੀਨੇ ਹੀ ਐਮਾਜ਼ੌਨ ਵਿੱਚ ਨੌਕਰੀ ਕੀਤੀ।
ਦੋਹਾਂ ਨੂੰ ਆਨਲਾਈਨ ਰਿਟੇਲ ਦਾ ਅਨੁਭਵ ਸੀ ਇਸ ਲਈ ਭਾਰਤ ਵਿੱਚ ਆਈਡੀਆ ਪੂਰੀ ਤਰ੍ਹਾਂ ਪੈਰ ਨਹੀਂ ਫੈਲਾ ਸਕਿਆ ਸੀ। ਆਨਲਾਈਨ ਰਿਟੇਲਿੰਗ ਆਪਣੇ ਸ਼ੁਰੂਆਤੀ ਦੌਰ ਵਿੱਚ ਸੀ ਅਤੇ ਇਸ ਖੇਤਰ ਵਿੱਚ ਕੰਪਨੀਆਂ ਵੀ ਕੰਮ ਕਰ ਰਹੀਆਂ ਸਨ।
ਖੁਦ ਹੀ ਬਣੇ ਮਾਲਿਕ ਅਤੇ ਮੁਲਾਜ਼ਮ
ਬਿੰਨੀ ਅਤੇ ਸਚਿਨ ਬਾਂਸਲ ਨੇ ਸਾਲ 2007 ਵਿੱਚ ਫਲਿੱਪਕਾਰਟ ਸ਼ੁਰੂ ਕੀਤਾ ਅਤੇ ਪਹਿਲਾਂ ਸਿਰਫ਼ ਕਿਤਾਬਾਂ ਵੇਚਣ ਦਾ ਫੈਸਲਾ ਕੀਤਾ।
ਦੋਵਾਂ ਨੇ ਕੰਪਨੀ ਨੂੰ 4 ਲੱਖ ਰੁਪਏ ਦੀ ਪੂੰਜੀ ਨਾਲ ਸ਼ੁਰੂ ਕੀਤਾ। ਸ਼ੁਰੂਆਤੀ ਕੰਮ ਸੀ ਕਿਤਾਬਾਂ ਦੀ ਹੋਮ ਡਿਲੀਵਰੀ। ਉਹ ਮਾਲਿਕ ਵੀ ਖੁਦ ਸਨ ਅਤੇ ਮੁਲਾਜ਼ਮ ਵੀ।

ਤਸਵੀਰ ਸਰੋਤ, Getty Images
ਬਿੰਨੀ ਅਤੇ ਸਚਿਨ ਬਾਂਸਲ ਖੁਦ ਕਿਤਾਬਾਂ ਖਰੀਦਦੇ ਅਤੇ ਵੈਬਸਾਈਟ 'ਤੇ ਆਏ ਆਰਡਰਾਂ ਦੀ ਆਪਣੇ ਸਕੂਟਰਾਂ 'ਤੇ ਡਿਲੀਵਰੀ ਕਰਦੇ।
ਕੰਪਨੀ ਕੋਲ ਪ੍ਰਚਾਰ ਦੇ ਵੀ ਕੋਈ ਖਾਸ ਸਾਧਨ ਨਹੀਂ ਸਨ। ਇਸ ਲਈ ਦੋਵੇਂ ਦੁਕਾਨਾਂ 'ਤੇ ਜਾ ਕੇ ਆਪਣੀ ਕੰਪਨੀ ਦੇ ਪਰਚੇ ਵੀ ਦਿੰਦੇ ਸਨ।
ਹੌਲੀ-ਹੌਲੀ ਕੰਪਨੀ ਨੇ ਕਦਮ ਵਧਾਉਣੇ ਸ਼ੁਰੂ ਕੀਤੇ। ਇਸ ਤੋਂ ਬਾਅਦ ਦੋਵਾਂ ਨੇ 2008 ਵਿੱਚ ਬੈਂਗਲੁਰੂ ਵਿੱਚ ਇਕ ਫਲੈਟ ਅਤੇ ਦੋ ਕੰਪਿਊਟਰ ਸਿਸਟਮ ਦੇ ਨਾਲ ਆਪਣਾ ਦਫ਼ਤਰ ਖੋਲ੍ਹਿਆ। ਹੁਣ ਉਨ੍ਹਾਂ ਨੂੰ ਰੋਜ਼ਾਨਾ 100 ਆਰਡਰ ਮਿਲਦੇ ਸਨ।
ਇਸ ਤੋਂ ਬਾਅਦ ਫਲਿੱਪਕਾਰਟ ਨੇ ਬੈਂਗਲੁਰੂ ਵਿੱਚ ਸੋਸ਼ਲ ਬੁੱਕ ਡਿਸਕਵਰੀ ਸਰਵਿਸ 'ਵੀਰੀਡ' ਅਤੇ 'ਲੁਲੁ ਡਾਟਕਾਮ' ਖਰੀਦ ਲਿਆ।
2011 ਵਿੱਚ ਫਲਿੱਪਕਾਰਟ ਨੇ ਕਈ ਹੋਰ ਕੰਪਨੀਆਂ ਖਰੀਦੀਆਂ ਜਿਸ ਵਿੱਚ ਬਾਲੀਵੁੱਡ ਪੋਰਟਲ ਚਕਪਕ ਦੀ ਡਿਜੀਟਲ ਕੰਟੈਂਟ ਲਾਇਬ੍ਰੇਰੀ ਵੀ ਸ਼ਾਮਿਲ ਸੀ।
ਕੈਸ਼-ਆਨ-ਡਿਲੀਵਰੀ ਨੇ ਕੀਤਾ ਕਮਾਲ
ਆਨਲਾਈਨ ਸਮਾਨ ਖਰੀਦਣ ਵੇਲੇ ਲੋਕਾਂ ਦੇ ਮੰਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਸਨ। ਸਮਾਨ ਦੀ ਗੁਣਵੱਤਾ ਤੋਂ ਉਸ ਦੇ ਡਿਲੀਵਰੀ ਤੱਕ।
ਇਹ ਸਭ ਸੋਚਦੇ ਹੋਏ ਲੋਕ ਆਨਲਾਈਨ ਭੁਗਤਾਨ ਕਰਨ ਦੀ ਬਜਾਏ ਡਿਲੀਵਰੀ ਦੇ ਸੁਰੱਖਿਅਤ ਬਦਲ ਅਪਣਾਉਂਦੇ ਹਨ।
ਹਾਲਾਂਕਿ ਫਲਿੱਪਕਾਰਟ ਨੇ ਇਸੇ ਸਮੱਸਿਆ ਨੂੰ ਮੌਕੇ ਵਿੱਚ ਬਦਲ ਦਿੱਤਾ। ਬਿੰਨੀ ਅਤੇ ਸਚਿਨ ਬਾਂਸਲ ਪਹਿਲੀ ਵਾਰ ਭਾਰਤ ਵਿੱਚ ਕੈਸ਼ ਆਨ ਡਿਲੀਵਰੀ ਦਾ ਬਦਲ ਲੈ ਕੇ ਆਏ।

ਤਸਵੀਰ ਸਰੋਤ, AFP/Getty Images
ਇਸ ਤਰ੍ਹਾਂ ਲੋਕਾਂ ਨੂੰ ਆਪਣਾ ਪੈਸਾ ਸੁਰੱਖਿਅਤ ਮਹਿਸੂਸ ਹੋਇਆ ਅਤੇ ਕੰਪਨੀ ਉੱਤੇ ਭਰੋਸਾ ਵਧਦਾ ਗਿਆ।
ਸਾਲ 2008-09 ਵਿੱਚ ਫਲਿੱਪਕਾਰਟ ਨੇ 4 ਕਰੋੜ ਰੁਪਏ ਦੀ ਵਿਕਰੀ ਕਰ ਦਿੱਤੀ। ਇਸ ਤੋਂ ਬਾਅਦ ਨਿਵੇਸ਼ਕ ਵੀ ਇਸ ਕੰਪਨੀ ਵੱਲ ਖਿੱਚੇ ਗਏ।
ਇਹ ਵੀ ਪੜ੍ਹੋ:
ਬਿੰਨੀ ਅਤੇ ਸਚਿਨ ਬਾਂਸਲ ਮੰਨਦੇ ਹਨ ਕਿ ਆਨਲਾਈਨ ਰਿਟੇਲ ਵਿੱਚ ਕਸਟਮਰ ਸਰਵਿਸ ਕਾਫੀ ਵੱਡਾ ਫੈਕਟਰ ਹੈ। ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਸਚਿਨ ਬਾਂਸਲ ਅਤੇ ਬਿੰਨੀ ਬਾਂਸਲ ਨੇ ਕਿਹਾ ਸੀ ਕਿ ਉਹ ਕਸਟਮਰ ਸਰਵਿਸ ਟੀਮ ਨਾਲ ਦੋ-ਦੋ ਦਿਨ ਬਿਤਾਉਂਦੇ ਹਨ ਅਤੇ ਉਨ੍ਹਾਂ ਦੇ ਸੁਝਾਅ ਅਤੇ ਸ਼ਿਕਾਇਤਾਂ 'ਤੇ ਕੰਮ ਕਰਦੇ ਹਨ।
ਉੱਥੇ ਹੀ ਕੰਪਨੀ ਨੇ ਸਰਚ ਇੰਜਨ ਓਪਟੀਮਾਇਜ਼ੇਸ਼ਨ 'ਤੇ ਵੀ ਕੰਮ ਕੀਤਾ। ਇਸ ਦਾ ਇਹ ਮਤਲਬ ਹੈ ਕਿ ਜਦੋਂ ਕੋਈ ਕਿਤਾਬ ਖਰੀਦਣ ਲਈ ਉਸ ਦਾ ਨਾਮ ਕਿਸੇ ਸਰਚ ਇੰਜਨ ਵਿੱਚ ਪਾਉਂਦਾ ਹੈ ਤਾਂ ਸਭ ਤੋਂ ਉੱਪਰ ਫਲਿੱਪਕਾਰਟ ਦਾ ਨਾਮ ਆਉਂਦਾ ਹੈ। ਇਸ ਕਾਰਨ ਕੰਪਨੀ ਨੂੰ ਇਸ਼ਤਿਹਾਰ ਵੀ ਮਿਲਣ ਲੱਗੇ।
ਦੂਜੀਆਂ ਕੰਪਨੀਆਂ ਤੋਂ ਚੁਣੌਤੀ
ਹਰੇਕ ਨਵੀਂ ਕੰਪਨੀ ਲਈ ਨਿਵੇਸ਼ ਦੀ ਵੱਡੀ ਲੋੜ ਹੁੰਦੀ ਹੈ। ਸ਼ੁਰੂਆਤੀ ਦੌਰ ਵਿੱਚ ਫਲਿੱਪਕਾਰਟ ਲਈ ਮੁਸ਼ਕਿਲਾਂ ਰਹੀਆਂ। ਕੰਪਨੀ ਵਿੱਚ ਸਾਲ 2009 ਵਿੱਚ ਐਸੈੱਲ ਇੰਡੀਆ ਨੇ 10 ਲੱਖ ਡਾਲਰ ਦਾ ਨਿਵੇਸ਼ ਕੀਤਾ ਸੀ ਜੋ ਕਿ ਸਾਲ 2010 ਵਿੱਚ ਇੱਕ ਕਰੋੜ ਡਾਲਰ ਪਹੁੰਚ ਗਿਆ।

ਤਸਵੀਰ ਸਰੋਤ, Reuters
- ਫਿਰ 2011 ਵਿੱਚ ਫਲਿੱਪਕਾਰਟ ਨੂੰ ਇੱਕ ਹੋਰ ਵੱਡਾ ਨਿਵੇਸ਼ਕ ਟਾਈਗਰ ਗਲੋਬ ਮਿਲਿਆ ਜਿਸ ਨੇ 2 ਕਰੋੜ ਡਾਲਰ ਦਾ ਨਿਵੇਸ਼ ਕੀਤਾ। ਐਸੈੱਲ ਇੰਡੀਆ ਅਤੇ ਟਾਈਗਰ ਗਲੋਬ ਲਗਾਤਾਰ ਫਲਿੱਪਕਾਰਟ ਦੇ ਨਾਲ ਜੁੜੇ ਰਹੇ।
- ਵੈੱਬਸਾਈਟ ਚੱਲ ਪਈ ਤਾਂ ਕਿਤਾਬਾਂ ਤੋਂ ਇਲਾਵਾ ਫਰਨੀਚਰ, ਕੱਪੜੇ, ਅਸੈਸਰੀਜ਼, ਇਲੈਕਟ੍ਰੋਨਿਕਸ ਅਤੇ ਗੈਜੇਟਸ ਵਰਗੇ ਸਮਾਨ ਵੀ ਵੇਚੇ ਜਾਣ ਲੱਗੇ।
- ਈ-ਕਾਮਰਸ ਦੀ ਮਾਰਕਿਟ ਵਧਣ ਨਾਲ ਫਲਿੱਪਕਾਰਟ ਨੂੰ ਦੂਜੀਆਂ ਕੰਪਨੀਆਂ ਤੋਂ ਚੁਣੌਤੀ ਮਿਲਣ ਲੱਗੀ ਸੀ। ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਕੁਝ ਆਨਲਾਈਨ ਰਿਟੇਲ ਵੈਬਸਾਈਟਾਂ ਨੂੰ ਖਰੀਦਿਆ।
- ਫਲਿੱਪਕਾਰਟ ਨੇ 2014 ਵਿੱਚ ਮਿੰਤਰਾ ਅਤੇ 2015 ਵਿੱਚ ਜਬੌਂਗ ਨੂੰ ਖਰੀਦ ਲਿਆ। ਕੰਪਨੀ ਸਨੈਪਡੀਲ ਨੂੰ ਵੀ ਖਰੀਦਣਾ ਚਾਹੁੰਦੀ ਸੀ ਪਰ ਗੱਲ ਨਹੀਂ ਬਣੀ।
- ਪਰ ਮਾਰਚ 2018 ਵਿੱਚ, ਵਾਲਮਾਰਟ ਨੇ ਫਲਿਪਕਾਰਟ ਦੀ 77 ਫੀਸਦੀ ਹਿੱਸੇਦਾਰੀ 16 ਅਰਬ ਡਾਲਰ ਵਿੱਚ ਖ਼ਰੀਦ ਲਈ।
- ਦਰਅਸਲ ਐਮਾਜ਼ੌਨ ਦੇ ਭਾਰਤ ਵਿੱਚ ਆਉਣ ਦੇ ਨਾਲ ਹੀ ਚੁਣੌਤੀ ਮਿਲਣੀ ਸ਼ੁਰੂ ਹੋ ਗਈ ਸੀ। ਇਸ ਮੁਕਾਬਲੇ ਵਿੱਚ ਉਨ੍ਹਾਂ ਨੂੰ ਕਾਫੀ ਨਿਵੇਸ਼ ਕਰਨਾ ਪਿਆ।
- ਹਾਲਾਂਕਿ ਵਾਲਮਾਰਟ ਦੇ ਨਾਲ ਐਮਾਜ਼ੌਨ ਵੀ ਫਲਿੱਪਕਾਰਟ ਨੂੰ ਖਰੀਦਣ ਦੀ ਰੇਸ ਵਿੱਚ ਸ਼ਾਮਲ ਸੀ ਪਰ ਵਾਲਮਾਰਟ ਅੱਗੇ ਰਹੀ।
- ਮਾਰਚ 2018 ਨੂੰ ਖ਼ਤਮ ਹੋਏ ਵਿੱਤੀ ਸਾਲ ਵਿੱਚ 7.5 ਅਰਬ ਡਾਲਰ ਦੀ ਵਿਕਰੀ ਕੀਤੀ ਸੀ। ਪਿਛਲੇ ਸਾਲ ਦੇ ਮੁਕਾਬਲੇ ਉਸ ਦੀ ਵਿਕਰੀ ਵਿੱਚ 50 ਫੀਸਦੀ ਵਾਧਾ ਹੋਇਆ ਸੀ।
ਬੈਕ ਰੂਮ ਮਾਸਟਰ ਮਾਈਂਡ
ਬਿੰਨੀ ਬਾਂਸਲ ਨੂੰ ਬੈਕ ਰੂਮ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਲੰਮੇ ਸਮੇਂ ਤੱਕ ਉਹ ਮੀਡੀਆ ਤੋਂ ਵੀ ਦੂਰ ਰਹੇ ਹਨ। ਆਮ ਤੌਰ 'ਤੇ ਸਚਿਨ ਬਾਂਸਲ ਹੀ ਮੀਡੀਆ ਨੂੰ ਡੀਲ ਕਰਦੇ ਸਨ।

ਤਸਵੀਰ ਸਰੋਤ, Reuters
ਬਿੰਨੀ ਕੰਪਨੀ ਵਿੱਚ ਪਿੱਛੇ ਰਹਿ ਕੇ ਕੰਮ ਕਰਦੇ ਰਹੇ ਅਤੇ ਸਚਿਨ ਉਸ ਦੇ ਲੀਡਰ ਦੇ ਤੌਰ 'ਤੇ ਸਾਹਮਣੇ ਰਹੇ। ਮੀਡੀਆ ਵਿੱਚ ਇਹ ਵੀ ਖਬਰਾਂ ਆਈਆਂ ਸਨ ਕਿ ਸਚਿਨ ਬਾਂਸਲ ਫਲਿੱਪਕਾਰਟ ਨੂੰ ਛੱਡਣ ਵੇਲੇ ਜ਼ਿਆਦਾ ਖੁਸ਼ ਨਹੀਂ ਸਨ। ਇਕਨਾਮਿਕ ਟਾਈਮਜ਼ ਨੇ ਲਿਖਿਆ ਹੈ ਕਿ ਕੰਪਨੀ ਦੋ ਸੀਈਓ ਨੂੰ ਨਹੀਂ ਰੱਖਣਾ ਚਾਹੁੰਦੀ ਸੀ।
ਉੱਥੇ ਹੀ ਸਚਿਨ ਬਾਂਸਲ ਦੇ ਜਾਣ 'ਤੇ ਬਿੰਨੀ ਬਾਂਸਲ ਨੇ ਇਕਨਾਮਿਕ ਟਾਈਮਜ਼ ਨੂੰ ਕਿਹਾ ਸੀ, "ਅਸੀਂ ਜਿਸ ਤਰੀਕੇ ਨਾਲ ਇਹ ਸਫਰ ਸ਼ੁਰੂ ਕੀਤਾ ਉਹ ਅਨੋਖਾ ਸੀ। ਪਿਛਲੇ 10 ਸਾਲਾਂ ਵਿੱਚ ਜਿਸ ਚੀਜ਼ ਨੇ ਸਾਨੂੰ ਨਾਲ ਰੱਖਿਆ ਹੈ ਉਹ ਹੈ ਇੱਕੋ ਜਿਹੀ ਕੀਮਤ ਅਤੇ ਇਹ ਯਕੀਨੀ ਬਣਾਉਣਾ ਗਾਹਕਾਂ ਨਾਲ ਸਭ ਕੁਝ ਸਹੀ ਹੋਵੇ।"
ਇਹ ਵੀ ਪੜ੍ਹੋ:
ਵਾਲਮਾਰਟ ਨੂੰ ਵੇਚੇ ਗਏ ਬਿੰਨੀ ਬਾਂਸਲ ਦੇ ਹਿੱਸੇ ਦੀ ਕੀਮਤ ਤਕਰੀਬਨ 700 ਕਰੋੜ ਸੀ ਅਤੇ ਅਜੇ ਵੀ ਕੰਪਨੀ ਵਿੱਚ ਬਚੇ ਹੋਏ ਹਿੱਸੇ ਦੀ ਕੀਮਤ 88 ਕਰੋੜ 10 ਲੱਖ ਡਾਲਰ ਹੈ।
ਹੁਣ ਬਿੰਨੀ ਬਾਂਸਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਉਨ੍ਹਾਂ ਨੇ ਕਿਹਾ ਹੈ ਕਿ ਉਹ ਫਲਿੱਪਕਾਰਟ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਬਣੇ ਰਹਿਣਗੇ।
ਬਿਨੀ ਦੀ ਥਾਂ ਕਲਿਆਣ ਕ੍ਰਿਸ਼ਣਾਮੂਰਤੀ ਗਰੁੱਪ ਦੇ ਨਵੇਂ ਸੀਈਓ ਹੋਣਗੇ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












