ਕਿਹੜੇ ਕਾਰਨਾਂ ਕਰਕੇ ਹੁੰਦਾ ਹੈ ਫੇਫੜਿਆਂ ਦਾ ਕੈਂਸਰ ਜਿਸ ਕਾਰਨ ਹੋਈ ਕੇਂਦਰੀ ਮੰਤਰੀ ਅਨੰਤ ਕੁਮਾਰ ਦੀ ਮੌਤ

ਤਸਵੀਰ ਸਰੋਤ, SPL
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸਾਲ 2018 ਵਿੱਚ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਕੇਂਦਰੀ ਮੰਤਰੀ ਅਨੰਤ ਕੁਮਾਰ ਨੂੰ ਲੋਕਾਂ ਅਤੇ ਪੱਤਰਕਾਰਾਂ ਨੇ ਕਈ ਵਾਰ ਖੰਘਦੇ ਹੋਏ ਵੇਖਿਆ ਸੀ। ਇਹ ਮਈ-ਜੂਨ ਮਹੀਨੇ ਦੀ ਗੱਲ ਹੈ।
ਚੋਣਾਂ ਖ਼ਤਮ ਹੁੰਦੇ ਹੀ ਜਦੋਂ ਅਨੰਤ ਕੁਮਾਰ ਨੇ ਡਾਕਟਰਾਂ ਤੋਂ ਇਲਾਜ ਕਰਵਾਇਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੈ। ਫਿਰ ਸੱਤ ਮਹੀਨਿਆਂ ਬਾਅਦ ਹੀ ਖ਼ਬਰ ਆ ਗਈ ਕਿ ਅਨੰਤ ਕੁਮਾਰ ਨਹੀਂ ਰਹੇ।
ਅਨੰਤ ਕੁਮਾਰ ਦੇ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਂਸਰ ਅਤੇ ਇਨਫੈਕਸ਼ਨ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਆਈਸੀਯੂ ਵਿੱਚ ਭਰਤੀ ਸਨ ਅਤੇ ਵੈਂਟੀਲੇਟਰ 'ਤੇ ਸਨ।
ਇਹ ਵੀ ਪੜ੍ਹੋ:
ਅਨੰਤ ਕੁਮਾਰ ਦਾ ਇਲਾਜ ਬੈਂਗਲੁਰੂ ਦੇ ਸ਼੍ਰੀ ਸ਼ੰਕਰਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ ਵਿੱਚ ਚੱਲ ਰਿਹਾ ਸੀ। ਇਸੇ ਹਸਪਤਾਲ ਵਿੱਚ ਖੰਘ ਦੇ ਇਲਾਜ ਦੌਰਾਨ ਉਨ੍ਹਾਂ ਨੂੰ ਕੈਂਸਰ ਦਾ ਪਤਾ ਲੱਗਿਆ ਸੀ। ਇਸ ਤੋਂ ਬਾਅਦ ਇਲਾਜ ਲਈ ਉਹ ਅਮਰੀਕਾ ਵੀ ਗਏ ਸਨ।
ਵੀਹ ਦਿਨ ਪਹਿਲਾਂ ਹੀ ਉਹ ਅਮਰੀਕਾ ਤੋਂ ਵਾਪਿਸ ਪਰਤੇ ਸਨ ਅਤੇ ਸ਼ੰਕਰਾ ਹਸਪਤਾਲ ਵਿੱਚ ਵੀ ਭਰਤੀ ਸਨ।
ਫੇਫੜਿਆਂ ਦੇ ਕੈਂਸਰ ਦਾ ਕਾਰਨ
ਫੇਫੜਿਆਂ ਦੇ ਕੈਂਸਰ ਨੂੰ ਸਮਝਣ ਤੋਂ ਪਹਿਲਾਂ ਜ਼ਰੂਰੀ ਹੈ ਇਹ ਸਮਝੋ ਕਿ ਕੈਂਸਰ ਵਿੱਚ ਆਖ਼ਰ ਹੁੰਦਾ ਕੀ ਹੈ?

ਤਸਵੀਰ ਸਰੋਤ, Getty Images
ਦਿੱਲੀ ਦੇ ਧਰਮਸ਼ਿਲਾ ਕੈਂਸਰ ਐਂਡ ਰਿਸਰਚ ਹਸਪਤਾਲ ਦੇ ਡਾਕਟਰ ਅੰਸ਼ੂਮਨ ਕੁਮਾਰ ਦੇ ਮੁਤਾਬਕ, "ਸਰੀਰ ਵਿੱਚ ਮੌਜੂਦ ਸੈੱਲ ਯਾਨਿ ਕੋਸ਼ੀਕਾਵਾਂ ਦੀ ਇੱਕ ਮਹੱਤਤਾ ਹੁੰਦੀ ਹੈ। ਇੱਕ ਉਮਰ ਤੋਂ ਬਾਅਦ ਉਹ ਖ਼ੁਦ ਨਸ਼ਟ ਹੋ ਜਾਂਦੀ ਹੈ ਪਰ ਕੈਂਸਰ ਦੀ ਬਿਮਾਰੀ ਤੋਂ ਬਾਅਦ ਸਰੀਰ ਦੇ ਉਸ ਅੰਗ ਦੇ ਵਿਸ਼ੇਸ਼ ਸੈੱਲ ਦੀ ਉਹ ਮਹੱਤਤਾ ਖ਼ਤਮ ਹੋ ਜਾਂਦੀ ਹੈ।"
"ਉਹ ਕੋਸ਼ੀਕਾਵਾਂ ਮਰਦੀਆਂ ਨਹੀਂ ਸਗੋਂ ਦੋ ਤੋਂ ਚਾਰ, ਚਾਰ ਤੋਂ ਅੱਠ ਦੇ ਹਿਸਾਬ ਨਾਲ ਵਧਦੀਆਂ ਹਨ। ਸਰੀਰ ਦੇ ਜਿਸ ਅੰਗ ਦੀਆਂ ਕੋਸ਼ੀਕਾਵਾਂ ਵਿੱਚ ਇਹ ਦਿੱਕਤ ਆਉਣ ਲੱਗਦੀ ਹੈ, ਉਸੇ ਅੰਗ ਨੂੰ ਕੈਂਸਰ ਦੇ ਹੋਣ ਦੀ ਥਾਂ ਮੰਨਿਆ ਜਾਂਦਾ ਹੈ।"
ਡਾਕਟਰ ਅੰਸ਼ੂਮਨ ਮੁਤਾਬਕ ਫੇਫੜਿਆਂ ਦੇ ਕੈਂਸਰ ਦੇ ਤਿੰਨ ਕਾਰਨ ਹੁੰਦੇ ਹਨ। ਪਹਿਲੀ ਤੰਬਾਕੂ ਦੀ ਵਰਤੋਂ ਜਾਂ ਸਮੋਕਿੰਗ। ਸਿਗਰੇਟ ਪੀਣ ਅਤੇ ਤੰਬਾਕੂ ਦੀ ਵਰਤੋਂ ਦਾ ਸਿੱਧਾ ਸਬੰਧ ਫੇਫੜਿਆਂ ਨਾਲ ਜੁੜੀਆਂ ਬਿਮਾਰੀਆਂ ਨਾਲ ਹੁੰਦਾ ਹੈ। ਇਸ ਨਾਲ ਲੰਗ ਕੈਂਸਰ ਤੱਕ ਦਾ ਖ਼ਤਰਾ ਹੁੰਦਾ ਹੈ।
ਦੂਜਾ ਕਾਰਨ ਹੈ ਹਵਾ ਵਿੱਚ ਮੌਜੂਦ ਪ੍ਰਦੂਸ਼ਣ। ਡਾਕਟਰ ਅੰਸ਼ੂਮਨ ਕਹਿੰਦੇ ਭਾਵੇਂ ਕਾਰਖਾਨਿਆਂ ਤੋਂ ਫੈਲ ਰਿਹਾ ਪ੍ਰਦੂਸ਼ਣ ਹੋਵੇ ਜਾਂ ਫਿਰ ਡੀਜ਼ਲ ਗੱਡੀਆਂ ਤੋਂ ਨਿਕਲਣ ਵਾਲਾ ਧੂੰਆ, ਸਭ ਤੋਂ ਬੈਨਜੀਨ ਗੈਸ ਨਿਕਲਦੀ ਹੈ। ਇਹੀ ਗੈਸ ਹਵਾ ਨੂੰ ਪ੍ਰਦੂਸ਼ਿਤ ਕਰਦੀ ਹੈ ਜਿਸ ਨਾਲ ਫੇਫੜਿਆਂ ਨੂੰ ਕੈਂਸਰ ਦਾ ਖ਼ਤਰਾ ਹੁੰਦਾ ਹੈ।
ਤੀਜਾ ਕਾਰਨ ਹੈ ਜੈਨੇਟਿਕ ਯਾਨਿ ਸਰੀਰ ਵਿੱਚ ਮੌਜੂਦ ਜੀਨ 'ਚ ਬਦਲਾਅ ਦੇ ਕਾਰਨ ਵੀ ਅਜਿਹਾ ਕੈਂਸਰ ਹੁੰਦਾ ਹੈ।
ਅਨੰਤ ਕੁਮਾਰ ਨੂੰ ਕਿਉਂ ਹੋਇਆ ਸੀ ਫੇਫੜਿਆਂ ਦਾ ਕੈਂਸਰ?
ਬੈਂਗਲੁਰੂ ਦੇ ਸ਼ੰਕਰਾ ਹਸਪਤਾਲ ਦੇ ਡਾਇਰੈਕਟਰ ਬੀਐਸ ਸ਼੍ਰੀਨਾਥ ਮੁਤਾਬਕ, "ਅਨੰਤ ਕੁਮਾਰ ਕਿਸੇ ਵੀ ਪ੍ਰਕਾਰ ਤੋਂ ਤੰਬਾਕੂ ਦੀ ਵਰਤੋਂ ਨਹੀਂ ਕਰਦੇ ਸਨ। ਉਨ੍ਹਾਂ ਨੂੰ ਸਿਗਰੇਟ, ਸੀਗਾਰ ਜਾਂ ਸ਼ਰਾਬ ਪੀਣ ਦਾ ਕੋਈ ਸ਼ੌਕ ਨਹੀਂ ਸੀ। ਇਸ ਲਈ ਅਨੰਤ ਕੁਮਾਰ ਦੇ ਕੈਂਸਰ ਨੂੰ ਪਹਿਲੇ ਕਾਰਨ ਨਾਲ ਨਹੀਂ ਜੋੜਿਆ ਜਾ ਸਕਦਾ। ਨਾ ਹੀ ਜੈਨੇਟਿਕ ਕਾਰਨਾਂ ਨਾਲ ਉਨ੍ਹਾਂ ਦੇ ਕੈਂਸਰ ਦਾ ਕੋਈ ਲੈਣ-ਦੇਣ ਹੈ।"

ਤਸਵੀਰ ਸਰੋਤ, Getty Images
ਅਨੰਤ ਕੁਮਾਰ ਕੇਂਦਰੀ ਮੰਤਰੀ ਸਨ, ਜ਼ਿਆਦਾਤਰ ਸਮਾਂ ਦਿੱਲੀ ਵਿੱਚ ਰਹਿਣਾ ਪੈਂਦਾ ਸੀ। ਦੁਨੀਆਂ ਭਰ ਵਿੱਚ ਦਿੱਲੀ ਦੇ ਖ਼ਤਰਨਾਕ ਪ੍ਰਦੂਸ਼ਣ ਦੇ ਪੱਧਰ ਦੀ ਚਰਚਾ ਜ਼ੋਰਾਂ-ਸ਼ੋਰਾਂ 'ਤੇ ਹੈ।
"ਕਈ ਵਾਰ ਕੈਂਸਰ ਦਾ ਕਾਰਨ ਪਤਾ ਨਹੀਂ ਲਗਦਾ। ਇਸੇ ਸਾਲ ਜੂਨ ਵਿੱਚ ਉਨ੍ਹਾਂ ਨੂੰ ਆਪਣੇ ਲੰਗ ਕੈਂਸਰ ਬਾਰੇ ਪਤਾ ਲੱਗਿਆ ਸੀ। ਸਿਆਸਤ ਨਾਲ ਜੁੜੇ ਹੋਣ ਕਾਰਨ ਕਈ ਥਾਵਾਂ 'ਤੇ ਉਨ੍ਹਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਉਨ੍ਹਾਂ ਨੂੰ ਬੰਦ ਕਮਰੇ ਵਿੱਚ ਰਹਿਣ ਦੀ ਸਲਾਹ ਵੀ ਨਹੀਂ ਦਿੱਤੀ ਜਾ ਸਕਦੀ ਸੀ। ਪਰ ਜਦੋਂ ਉਨ੍ਹਾਂ ਦਾ ਕੈਂਸਰ ਡਿਟੈਕਟ ਹੋਇਆ ਉਦੋਂ ਉਹ ਐਡਵਾਂਸ ਸਟੇਜ 'ਤੇ ਸਨ।"
ਇਹ ਵੀ ਪੜ੍ਹੋ:
"ਪ੍ਰਦੂਸ਼ਣ ਅਤੇ ਫੇਫੜਿਆਂ ਨਾਲ ਜੁੜੀਆਂ ਬਿਮਾਰੀਆਂ ਦਾ ਸਿੱਧਾ ਸਬੰਧ ਹੈ ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹੈ। ਸਲਾਹ ਜ਼ਰੂਰ ਦਿੱਤੀ ਜਾਂਦੀ ਹੈ ਕਿ ਫੇਫੜੇ ਨਾਲ ਜੁੜੀ ਬਿਮਾਰੀ ਵਾਲੇ ਪ੍ਰਦੂਸ਼ਣ ਦੀਆਂ ਥਾਵਾਂ ਤੋਂ ਦੂਰ ਰਹੋ। ਪਰ ਉਨ੍ਹਾਂ ਦੇ ਕੈਂਸਰ ਦਾ ਸਿੱਧਾ ਸਬੰਧ ਪ੍ਰਦੂਸ਼ਣ ਨਾਲ ਸੀ ਇਹ ਮੈਂ ਨਹੀਂ ਕਹਾਂਗਾ।''
ਲੰਗ ਕੈਂਸਰ ਦੇ ਲੱਛਣ ਅਤੇ ਪ੍ਰਕਾਰ
ਡਾਕਟਰਾਂ ਮੁਤਾਬਕ ਲੰਗ ਕੈਂਸਰ ਦੋ ਪ੍ਰਕਾਰ ਦੇ ਹੁੰਦੇ ਹਨ- ਸਮੌਲ ਸੈੱਲ ਕੈਂਸਰ ਅਤੇ ਨੌਨ ਸਮੌਲ ਸੈੱਲ ਕੈਂਸਰ।
ਸਮੌਲ ਸੈੱਲ ਲੰਗ ਕੈਂਸਰ ਤੇਜ਼ੀ ਨਾਲ ਫੈਲਦਾ ਹੈ ਜਦਕਿ ਨੌਨ ਸਮੌਲ ਸੈੱਲ ਲੰਗ ਕੈਂਸਰ, ਸਮੌਲ ਸੈੱਲ ਲੰਗ ਕੈਂਸਰ ਦੇ ਮੁਕਾਬਲੇ ਘੱਟ ਤੇਜ਼ੀ ਨਾਲ ਫੈਲਦਾ ਹੈ।
ਕੈਂਸਰ ਸਬੰਧੀ ਜਾਗਰੂਕਤਾ ਲਈ ਡਾਕਟਰਾਂ ਦੀ ਇੱਕ ਪਹਿਲ ਹੈ ਇੰਡੀਆ ਅਗੇਂਸਟ ਕੈਂਸਰ। ਇਸ ਵੈੱਬਸਾਈਟ ਦੇ ਮੁਤਾਬਕ:
- ਜੇਕਰ ਤਿੰਨ ਹਫ਼ਤਿਆਂ ਤੱਕ ਤੁਹਾਨੂੰ ਖੰਘ ਹੈ ਜਿਹੜੀ ਠੀਕ ਨਹੀਂ ਹੈ
- ਬਲਗਮ ਵਿੱਚ ਖ਼ੂਨ ਆ ਰਿਹਾ ਹੋਵੇ
- ਪੌੜੀਆਂ ਚੜ੍ਹਨ-ਉਤਰਨ ਵਿੱਚ ਸਾਹ ਚੜ੍ਹਦਾ ਹੋਵੇ
- ਛਾਤੀ ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਹੋਵੇ
- ਜਾਂ ਫਿਰ ਸਭ ਕੁਝ ਠੀਕ ਹੋਣ ਤੋਂ ਬਾਅਦ ਵੀ ਭਾਰ ਲਗਾਤਾਰ ਘੱਟ ਰਿਹਾ ਹੋਵੇ
ਤਾਂ ਤੁਹਾਨੂੰ ਲੰਗ ਕੈਂਸਰ ਦੇ ਇਲਾਜ ਲਈ ਡਾਰਟਕ ਨਾਲ ਸਪੰਰਕ ਕਰਨਾ ਚਾਹੀਦਾ ਹੈ। ਇਹ ਲੰਗ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।

ਤਸਵੀਰ ਸਰੋਤ, PAUL WOOTTON SPL
ਪਰ ਜੇਕਰ ਲੰਗ ਕੈਂਸਰ ਸਰੀਰ ਦੇ ਦੂਜੇ ਹਿੱਸੇ ਜਿਵੇਂ ਦਿਮਾਗ ਤੱਕ ਫੈਲ ਚੁਕਿਆ ਹੈ, ਤਾਂ ਇਸਦੇ ਕਾਰਨ ਸਰੀਰ ਦੇ ਕਿਸੇ ਅੰਗ ਨੂੰ ਲਕਵਾ ਮਾਰ ਸਕਦਾ ਹੈ। ਜੇਕਰ ਕੈਂਸਰ ਕਿਡਨੀ ਤੱਕ ਫੈਲ ਜਾਵੇ ਤਾਂ ਹੋ ਸਕਦਾ ਹੈ ਕਿ ਪੀਲੀਆ ਦੀ ਬਿਮਾਰੀ ਹੋ ਜਾਵੇ।
ਕੈਂਸਰ ਦੇ ਸਟੇਜ
ਡਾਕਟਰ ਅੰਸ਼ੂਮਨ ਕਹਿੰਦੇ ਹਨ ਕਿ ਹਰ ਕੈਂਸਰ ਦੀ ਤਰ੍ਹਾਂ ਫੇਫੜਿਆਂ ਦੇ ਕੈਂਸਰ ਦੇ ਵੀ ਤਿੰਨ ਸਟੇਜ ਹੁੰਦੇ ਹਨ।
ਸ਼ੁਰੂਆਤੀ ਸਟੇਜ ਜਾਂ ਅਰਲੀ ਸਟੇਜ- ਜਦੋਂ ਕੈਂਸਰ ਦੀ ਸ਼ੁਰੂਆਤ ਹੁੰਦੀ ਹੈ। ਸਰੀਰ ਦੇ ਕਿਸੇ ਇੱਕ ਅੰਗ ਵਿੱਚ ਇਸਦੀਆਂ ਕੋਸ਼ੀਕਾਵਾਂ ਦੋ ਦੂਣੀ ਚਾਰ ਦੇ ਅੰਦਾਜ਼ ਵਿੱਚ ਵੱਧਣਾ ਸ਼ੁਰੂ ਹੁੰਦੀਆਂ ਹਨ। ਇਸ ਸਟੇਜ ਵਿੱਚ ਆਪਰੇਸ਼ਨ ਨਾਲ ਸਰੀਰ ਦਾ ਇੱਕ ਲੰਗ ਜਾਂ ਹਿੱਸਾ ਹਟਾਇਆ ਜਾ ਸਕਦਾ ਹੈ ਜਿਸ ਵਿੱਚ ਕੈਂਸਰ ਦੇ ਲੱਛਣ ਮਿਲੇ ਹੋਣ।

ਇੰਟਰਮੀਡੀਏਟ ਜਾਂ ਵਿਚਾਲੇ ਦੀ ਸਟੇਜ- ਜਦੋਂ ਕੈਂਸਰ ਸੈੱਲ ਸਰੀਰ ਦੇ ਇੱਕ ਅੰਗ ਤੋਂ ਦੂਜੇ ਅੰਗ ਵਿੱਚ ਫੈਲਣ ਲੱਗਦੇ ਹਨ। ਇਸ ਸਟੇਜ ਵਿੱਚ ਕੀਮੋ ਥੈਰੇਪੀ, ਰੇਡੀਓ ਥੈਰੇਪੀ ਅਤੇ ਆਪਰੇਸ਼ਨ ਮਿਲਾ ਕੇ ਇਲਾਜ ਚਲਦਾ ਹੈ।
ਐਡਵਾਂਸ ਸਟੇਜ- ਜਦੋਂ ਸਰੀਰ ਦੇ ਦੂਜਿਆਂ ਹਿੱਸਿਆਂ ਵਿੱਚ ਕੈਂਸਰ ਕੋਸ਼ੀਕਾਵਾਂ ਪੂਰੀ ਤਰ੍ਹਾਂ ਫੈਲ ਜਾਂਦੀਆਂ ਹਨ। ਇਸ ਸਟੇਜ ਵਿੱਚ ਮਰੀਜ਼ ਦੇ ਠੀਕ ਹੋਣ ਦੀ ਗੁਜਾਇੰਸ਼ ਨਾ ਦੇ ਬਰਾਬਰ ਹੁੰਦੀ ਹੈ ਪਰ ਕੀਮੋ ਥੈਰੇਪੀ ਨਾਲ ਇਲਾਜ ਚੱਲ ਸਕਦਾ ਹੈ।
ਇਲਾਜ ਲਈ ਅਮਰੀਕਾ ਕਿਉਂ?
ਭਾਵੇਂ ਅਦਾਕਾਰਾਂ ਸੋਨਾਲੀ ਬੇਂਦਰੇ ਹੋਵੇ ਜਾਂ ਕ੍ਰਿਕੇਟਰ ਯੁਵਰਾਜ ਸਿੰਘ, ਕੋਈ ਵੀ ਵੱਡਾ ਨਾਮ ਦੇਸ ਵਿੱਚ ਕੈਂਸਰ ਦਾ ਇਲਾਜ ਨਹੀਂ ਕਰਵਾਉਂਦਾ। ਸਭ ਇਲਾਜ ਲਈ ਵਿਦੇਸ਼ ਜਾਂਦੇ ਹਨ।
ਬੈਂਗਲੁਰੂ ਦੇ ਸ਼ੰਕਰਾ ਹਸਪਤਾਲ ਦੇ ਡਾਕਟਰ ਸ਼੍ਰੀਨਾਥ ਕਹਿੰਦੇ ਹਨ, "ਅਨੰਤ ਕੁਮਾਰ ਨੂੰ ਅਮਰੀਕਾ ਜਾ ਕੇ ਇਲਾਜ ਕਰਵਾਉਣ ਦੀ ਸਲਾਹ ਸਾਡੇ ਵੱਲੋਂ ਦਿੱਤੀ ਗਈ ਸੀ। ਦਰਅਸਲ ਅਮਰੀਕਾ ਨੇ ਕੈਂਸਰ ਦੇ ਇਲਾਜ ਨਾਲ ਜੁੜੇ ਕੁਝ ਨਵੇਂ ਡਰੱਗਜ਼ ਇਜਾਦ ਕੀਤੇ ਹਨ ਜਿਹੜੇ ਭਾਰਤ ਵਿੱਚ ਉਪਲਬਧ ਨਹੀਂ ਹਨ।"
"ਅਮਰੀਕਾ ਵਿੱਚ ਲੰਗ ਕੈਂਸਰ ਦੇ ਇਲਾਜ 'ਚ ਕਾਰਗਰ ਡਰੱਗਜ਼ 'ਤੇ ਰਿਸਰਚ ਐਡਵਾਂਸ ਸਟੇਜ ਵਿੱਚ ਹੈ। ਇਸ ਲਈ ਅਸੀਂ ਉਨ੍ਹਾਂ ਨੂੰ ਉੱਥੇ ਜਾਣ ਦੀ ਸਲਾਹ ਦਿੱਤੀ ਸੀ।"

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ, "ਭਾਰਤ ਵਿੱਚ ਫੇਫੜਿਆਂ ਦੇ ਕੈਂਸਰ ਦੇ ਇਲਾਜ ਲਈ ਮੌਜੂਦ ਡਰੱਗਜ਼ ਦਾ ਅਨੰਤ ਕੁਮਾਰ 'ਤੇ ਕੋਈ ਅਸਰ ਨਹੀਂ ਹੋਇਆ। ਕੈਂਸਰ ਅਤੇ ਉਸ ਨਾਲ ਜੁੜੀ ਰਿਸਰਚ 'ਤੇ ਭਾਰਤ ਵਿੱਚ ਬਹੁਤ ਕਮੀ ਹੈ। ਆਪਣੇ ਦੇਸ ਵਿੱਚ ਅਸੀਂ ਸਿਰਫ਼ ਕੁਝ ਸਟੈਂਡਰਡ ਟਰੀਟਮੈਂਟ ਹੀ ਕਰ ਸਕਦੇ ਹਾਂ।"
"ਐਡਵਾਂਸ ਸਟੇਜ ਦੇ ਇਲਾਜ ਲਈ ਅਸੀਂ ਕਾਬਿਲ ਨਹੀਂ ਹਾਂ। ਇਸ ਲਈ ਜਦੋਂ ਹਾਰ ਜਾਂਦੇ ਹਾਂ ਤਾਂ ਅਸੀਂ ਖ਼ੁਦ ਹੀ ਮਰੀਜ਼ ਨੂੰ ਦੂਜੇ ਦੇਸ ਵਿੱਚ ਜਾ ਕੇ ਇਲਾਜ ਕਰਵਾਉਣ ਦੀ ਸਲਾਹ ਦਿੰਦੇ ਹਾਂ। ਅਮਰੀਕਾ ਅਤੇ ਯੂਰੋਪ ਦੇ ਸ਼ਹਿਰਾਂ ਵਿੱਚ ਅਜਿਹੀ ਰਿਸਰਚ 'ਤੇ ਬਹੁਤ ਪੈਸਾ ਖਰਚ ਹੁੰਦਾ ਹੈ ਅਤੇ ਉੱਥੇ ਇਲਾਜ ਵੀ ਚੰਗਾ ਹੁੰਦਾ ਹੈ।"
ਪਰ ਧਰਮਸ਼ਿਲਾ ਕੈਂਸਰ ਹਸਪਤਾਲ ਦੇ ਡਾਕਟਰ ਅੰਸ਼ੂਮਨ ਮੁਤਾਬਕ, "ਭਾਰਤ ਵਿੱਚ ਵੀ ਹਰ ਤਰ੍ਹਾਂ ਦੇ ਕੈਂਸਰ ਦਾ ਇਲਾਜ ਮੌਜੂਦ ਹੈ। ਪਰ ਲੋਕ ਦੋ ਕਾਰਨਾਂ ਕਰਕੇ ਇਲਾਜ ਕਰਵਾਉਣ ਬਾਹਰ ਜਾਂਦੇ ਹਨ। ਇੱਕ ਕਾਰਨ ਹੈ ਲੋਕ ਆਪਣੀ ਬਿਮਾਰੀ ਨੂੰ ਲੁਕਾਉਣਾ ਚਾਹੁੰਦੇ ਹਨ ਅਤੇ ਦੂਜਾ ਕਾਰਨ ਹੈ ਪੈਸਾ। ਸੈਲੀਬ੍ਰਿਟੀ ਸਟੇਟਸ ਦੇ ਕਾਰਨ ਜ਼ਿਆਦਾਤਰ ਪੈਸੇ ਵਾਲੇ ਲੋਕ ਭਾਰਤ ਵਿੱਚ ਮੌਜੂਦ ਇਲਾਜ 'ਤੇ ਭਰੋਸਾ ਨਹੀਂ ਕਰਦੇ।"
ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਵੱਧ ਹੁੰਦਾ ਹੈ ਲੰਗ ਕੈਂਸਰ
ਨੈਸ਼ਨਲ ਇੰਸਟੀਟਿਊਟ ਆਫ਼ ਕੈਂਸਰ ਪ੍ਰਿਵੈਂਸ਼ਨ ਐਂਡ ਰਿਸਰਚ (NICPR) ਦੇ ਕੁਝ ਡਾਕਟਰਾਂ ਅਤੇ ਖੋਜਕਰਤਾਵਾਂ ਨੇ ਇੰਡੀਆ ਅਗੇਂਸਟ ਕੈਂਸਰ ਤੋਂ ਇੱਕ ਅਨੌਖੀ ਪਹਿਲੀ ਸ਼ੁਰੂ ਕੀਤੀ ਹੈ।
ਉਨ੍ਹਾਂ ਦੀ ਵੈੱਬਸਾਈਟ, ਇੰਡੀਆ ਅਗੇਂਸਟ ਕੈਂਸਰ ਮੁਤਾਬਕ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਫੇਫੜਿਆਂ ਦੇ ਕੈਂਸਰ ਦੀ ਸੰਭਾਵਨਾ ਘੱਟ ਹੁੰਦੀ ਹੈ।
ਇਹ ਵੀ ਪੜ੍ਹੋ:
ਇਸ ਗੱਲ ਨਾਲ ਡਾਕਟਰ ਸ਼੍ਰੀਨਾਥ ਵੀ ਇਤਫ਼ਾਕ ਰੱਖਦੇ ਹਨ। ਉਨ੍ਹਾਂ ਮੁਤਾਬਕ ਹੁਣ ਤੱਕ ਦਾ ਟਰੈਂਡ ਇਹੀ ਰਿਹਾ ਹੈ ਕਿ ਪੁਰਸ਼ਾਂ ਵਿੱਚ ਲੰਗ ਕੈਂਸਰ ਦੇ ਮਾਮਲੇ ਵਧੇਰੇ ਸਾਹਮਣੇ ਆਉਂਦੇ ਹਨ। ਪਰ ਔਰਤਾਂ ਵਿੱਚ ਅਜਿਹੇ ਮਾਮਲੇ ਹੁਣ ਵਧੇਰੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।
ਡਾ. ਸ਼੍ਰੀਨਾਥ ਕਹਿੰਦੇ ਹਨ ਕਿ ਭਾਰਤ ਵਿੱਚ ਦੂਜੇ ਦੇਸਾਂ ਦੇ ਮੁਕਾਬਲੇ ਘੱਟ ਉਮਰ ਦੇ ਲੋਕ ਕੈਂਸਰ ਦੇ ਸ਼ਿਕਾਰ ਹੋ ਰਹੇ ਹਨ, ਜੋ ਚਿੰਤਾ ਦਾ ਮੁੱਦਾ ਜ਼ਰੂਰ ਹੈ। ਹਾਲਾਂਕਿ ਇਸਦਾ ਕਾਰਨ ਅਜੇ ਪਤਾ ਨਹੀਂ ਹੈ।
ਇੰਡੀਆ ਅਗੇਂਸਟ ਕੈਂਸਰ ਦੀ ਵੈੱਬਸਾਈਟ ਮੁਤਾਬਕ ਕੈਂਸਰ ਦੇ ਮਰੀਜ਼ ਦੀ ਔਸਤ ਉਮਰ 54 ਸਾਲ ਦੇ ਕਰੀਬ ਹੈ।












