ਦੰਤੇਵਾੜਾ: ਨਕਸਲੀ ਹਮਲੇ ਦੌਰਾਨ ਮੌਤ ਨਾਲ ਦੋ-ਚਾਰ ਹੋਏ ਪੱਤਰਕਾਰ ਦੀ ਹੱਡਬੀਤੀ

- ਲੇਖਕ, ਸਰੋਜ ਸਿੰਘ
- ਰੋਲ, ਪੱਤਰਕਾਰ, ਬੀਬੀਸੀ
'ਅੱਤਵਾਦੀ ਹਮਲਾ ਹੋ ਗਿਆ ਹੈ'' (ਗੋਲੀਆਂ ਦੀ ਆਵਾਜ਼) 'ਅਸੀਂ ਦੰਤੇਵਾੜਾ ਵਿੱਚ ਆਏ ਸੀ, ਇਲੈਕਸ਼ਨ ਕਵਰੇਜ 'ਤੇ। ਇੱਕ ਰਾਹ 'ਤੇ ਜਾ ਰਹੇ ਸੀ' ( ਗੋਲੀਆਂ ਦੀ ਆਵਾਜ਼)
'ਫੌਜ ਸਾਡੇ ਨਾਲ ਸੀ। ਅਚਾਨਕ ਡਿੱਗ ਗਏ। ਨਕਸਲੀ ਹਮਲਾ ਹੋਇਆ ਹੈ। ਮੰਮੀ ਜੇ ਮੈਂ ਜ਼ਿੰਦਾ ਬਚਿਆ ਤਾਂ ਗਨੀਮਤ ਹੈ। ਮੰਮੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਹੋ ਸਕਦਾ ਹੈ ਇਸ ਹਮਲੇ ਵਿੱਚ ਮੈਂ ਮਰ ਜਾਵਾਂ।
ਹਾਲਾਤ ਠੀਕ ਨਹੀਂ ਹਨ। ਪਤਾ ਨਹੀਂ ਕਿਉਂ ਮੌਤ ਨੂੰ ਸਾਹਮਣੇ ਦੇਖਦੇ ਹੋਏ ਡਰ ਨਹੀਂ ਲਗ ਰਿਹਾ ਹੈ। ਬਚਣਾ ਔਖਾ ਹੈ ਇੱਥੇ। ਨਾਲ 6-7 ਜਵਾਨ ਹਨ। ਚਾਰੋਂ ਪਾਸਿਆਂ ਤੋਂ ਘੇਰ ਲਿਆ ਹੈ। ਫਿਰ ਵੀ ਮੈਂ ਇਹੀ ਚਾਹਾਂਗਾ।'
ਮੋਬਾਈਲ ਕੈਮਰਾ ਘੁੰਮ ਜਾਂਦਾ ਹੈ। ਕੋਈ ਐਂਬੁਲੈਂਸ ਬੁਲਾਉਣ ਦੀ ਗੱਲ ਕਹਿੰਦਾ ਹੈ। 'ਭਈਆ ਥੋੜ੍ਹਾ ਪੈਣੀ ਦੇ ਦੋਗੇ' 'ਹੁਣ ਸਰੱਖਿਅਤ ਹਾਂ?'
ਇਹ ਵੀ ਪੜ੍ਹੋ:
ਇਹ ਉਸ ਮੋਬਾਈਲ ਵੀਡੀਓ ਦਾ ਹਿੱਸਾ ਹੈ, ਜੋ ਦੂਰਦਰਸ਼ਨ ਦੇ ਅਸਿਸਟੈਂਟ ਲਾਈਟਮੈਨ ਮੋਰ ਮੁਕੁਟ ਸ਼ਰਮਾ ਨੇ ਆਪਣੀ ਮਾਂ ਲਈ ਰਿਕਾਰਡ ਕੀਤਾ ਸੀ। ਸੋਸ਼ਲ ਮੀਡੀਆ 'ਤੇ ਪਿਛਲੇ 36 ਘੰਟਿਆਂ ਤੋਂ ਇਹ ਵੀਡੀਓ ਵਾਇਰਲ ਹੋ ਗਿਆ ਹੈ।
ਕੀ ਮਾਂ ਤੱਕ ਪਹੁੰਚਿਆਂ ਵਾਇਰਲ ਵੀਡੀਓ?
ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਹਾਲੇ ਲੋਕਾਂ ਨੂੰ ਨਹੀਂ ਪਤਾ।
ਜਿਵੇਂ ਕਿ ਉਸ ਮਾਂ ਦੇ ਦਿਲ 'ਤੇ ਕੀ ਬੀਤੀ, ਜਿਸ ਦੇ ਲਈ ਮੋਰ ਮੁਕੁਟ ਨੇ ਇਹ ਵੀਡੀਓ ਬਣਾਇਆ ਸੀ। ਕੀ ਉਨ੍ਹਾਂ ਤੱਕ ਇਹ ਵੀਡੀਓ ਪਹੁੰਚ ਵੀ ਸਕਿਆ?
ਮੌਤ ਨੂੰ ਸਾਹਮਣੇ ਦੇਖ ਕੇ ਵੀਡੀਓ ਬਣਾਉਣ ਦਾ ਅਜਿਹਾ ਖਿਆਲ ਆਇਆ ਤਾਂ ਕਿਵੇਂ?
ਮੌਤ ਨੂੰ ਹਰਾ ਦੇਣ ਵਾਲੇ ਦੂਰਦਰਸ਼ਨ ਦੇ ਅਸਿਸਟੈਂਟ ਕੈਮਰਾਮੈਨ ਦੰਤੇਵਾੜੇ ਤੋਂ ਦਿੱਲੀ ਵਾਪਸ ਆ ਗਏ ਹਨ ਪਰ ਜਿਸ ਮਾਂ ਲਈ ਉਨ੍ਹਾਂ ਨੇ ਵੀਡੀਓ ਰਿਕਾਰਡ ਕੀਤਾ, ਵੀਡੀਓ ਦੇਖ ਕੇ ਆਖਿਰ ਉਨ੍ਹਾਂ ਦੀ ਹਾਲਤ ਕੀ ਸੀ? ਬੀਬੀਸੀ ਨੇ ਪਲਵਲ ਵਿੱਚ ਮੋਰ ਮੁਕੁਟ ਸ਼ਰਮਾ ਦੇ ਘਰ ਗੱਲਬਾਤ ਕੀਤੀ।

ਤਸਵੀਰ ਸਰੋਤ, MORMUKUT/BBC
ਜੋ ਵੀਡੀਓ ਮੋਰ ਮੁਕੁਟ ਨੇ ਮਾਂ ਲਈ ਰਿਕਾਰਡ ਕੀਤਾ ਸੀ, ਉਹ ਮਾਂ ਤੱਕ ਬਾਅਦ ਵਿੱਚ ਪਹੁੰਚਿਆ। ਉਸ ਤੋਂ ਪਹਿਲਾਂ ਹੀ ਬੇਟੇ ਦੇ ਸੁਰੱਖਿਅਤ ਹੋਣ ਦੀ ਖਬਰ ਮਾਂ ਤੱਕ ਪਹੁੰਚ ਗਈ ਸੀ।
ਮੋਰ ਮੁਕੁਟ ਆਪਣੇ ਛੇ ਭੈਣ-ਭਰਾਵਾਂ ਵਿੱਚ ਸਭ ਤੋਂ ਛੋਟੇ ਹਨ। ਪਰਿਵਾਰ ਵਿੱਚ ਉਨ੍ਹਾਂ ਦੀ ਮਾਂ ਤੋਂ ਇਲਾਵਾ ਤਿੰਨ ਵੱਡੀਆਂ ਭੈਣਾਂ ਹਨ ਅਤੇ ਦੋ ਵੱਡੇ ਭਰਾ ਅਤੇ ਭਾਬੀ ਹਨ।
ਮੁਕੁਟ ਸ਼ਰਮਾ ਦੇ ਬਚਣ ਦੀ ਕਿਸ ਨੇ ਦਿੱਤੀ ਸੀ ਖ਼ਬਰ?
ਮੋਰ ਮੁਕੁਟ ਸ਼ਰਮਾ ਦੀ ਵੱਡੀ ਭਾਬੀ ਨੀਤੂ ਸ਼ਰਮਾ ਉਹ ਪਹਿਲੀ ਸ਼ਖਸ ਸੀ, ਜਿਸ ਨੂੰ ਉਨ੍ਹਾਂ ਨੇ ਸਭ ਤੋਂ ਪਹਿਲਾਂ ਦੰਤੇਵਾੜਾ ਵਿੱਚ ਨਕਸਲੀ ਹਮਲੇ ਵਿੱਚ ਬਚਣ ਦੀ ਖ਼ਬਰ ਦਿੱਤੀ ਸੀ।

ਤਸਵੀਰ ਸਰੋਤ, MORMUKUT/BBC
ਉਹ ਕਹਿੰਦੀ ਹੈ, "ਮੈਨੂੰ 30 ਤਰੀਕ ਨੂੰ ਦੁਪਹਿਰੇ ਅਨਜਾਣ ਨੰਬਰ ਤੋਂ ਵਾਰੀ-ਵਾਰੀ ਫੋਨ ਆ ਰਿਹਾ ਸੀ। ਨੈੱਟਵਰਕ ਵਿੱਚ ਮੁਸ਼ਕਿਲ ਸੀ ਤਾਂ ਮੈਂ ਪਲਟ ਕੇ ਉਸ ਨੰਬਰ 'ਤੇ ਫੋਨ ਕੀਤਾ। ਉੱਧਰੋਂ ਆਵਾਜ਼ ਆਈ- ਕੀ ਤੁਹਾਡੇ ਕੋਈ ਰਿਸ਼ਤੇਦਾਰ ਦੂਰਦਰਸ਼ਨ ਵਿੱਚ ਕੰਮ ਕਰਦੇ ਹਨ। ਉਸ ਨਾਲ ਗੱਲ ਕਰੋ ਅਤੇ ਅਗਲੀ ਆਵਾਜ਼ ਮੋਰ ਮੁਕੁਟ ਦੀ ਸੀ।"
"ਭਾਬੀ, ਇੱਥੇ ਨਕਸਲੀ ਹਮਲਾ ਹੋ ਗਿਆ ਹੈ। ਮੇਰੇ ਕੈਮਰਾਮੈਨ ਦੀ ਮੌਤ ਹੋ ਗਈ ਹੈ। ਪਰ ਮੈਂ ਠੀਕ ਹਾਂ, ਮੰਮੀ ਨੂੰ ਕੁਝ ਨਾ ਦੱਸਣਾ।"
ਮੌਤ ਨੇੜੇ ਦੇਖ ਕੇ ਜਿਸ ਮਾਂ ਲਈ ਮੋਰ ਮੁਕੁਟ ਨੇ ਵੀਡੀਓ ਬਣਾਇਆ ਸੀ, ਉਸੇ ਮਾਂ ਨੂੰ ਆਪਣੇ ਸੁਰੱਖਿਅਤ ਹੋਣ ਦੀ ਖ਼ਬਰ ਉਹ ਕਿਉਂ ਨਹੀਂ ਦੇਣਾ ਚਾਹੁੰਦੇ ਸੀ?
ਇਹ ਵੀ ਪੜ੍ਹੋ:
ਮੁਕੁਟ ਨੇ ਦੱਸਿਆ, "ਮੇਰੇ ਮਨ ਵਿੱਚ ਦੋ ਜੰਗ ਇਕੱਠਿਆਂ ਚੱਲ ਰਹੀਆਂ ਸਨ। ਗੋਲੀਆਂ ਦੀ ਆਵਾਜ਼ ਆ ਰਹੀ ਸੀ। ਮਾਂ ਦਾ ਚਿਹਰਾ ਸਾਹਮਣੇ ਸੀ। ਉਨ੍ਹਾਂ 'ਤੇ ਕੀ ਬੀਤੇਗੀ ਜੇ ਮੈਂ ਵਾਪਸ ਘਰ ਨਹੀਂ ਪਰਤਾਂਗਾ। ਇਸੇ ਕਾਰਨ ਮੈਂ ਉਹ ਵੀਡੀਓ ਬਣਾਇਆ ਸੀ। ਮੈਨੂੰ ਬਚਣ ਦੀ ਉਮੀਦ ਨਹੀਂ ਸੀ।"
ਦਿੱਲੀ ਵਾਪਸ ਪਰਤਦਿਆਂ ਹੀ ਮੋਰ ਮੁਕੁਟ ਨੇ ਬੀਬੀਸੀ ਨਾਲ ਫੋਨ 'ਤੇ ਉਸ ਪਲ ਬਾਰੇ ਵਿਸਥਾਰ ਨਾਲ ਦੱਸਿਆ।
ਪਿਤਾ ਨੂੰ ਛੇ ਮਹੀਨੇ ਪਹਿਲਾਂ ਪਿਆ ਸੀ ਦਿਲ ਦਾ ਦੌਰਾ
ਛੇ ਮਹੀਨੇ ਪਹਿਲਾਂ ਹੀ ਮੋਰ ਮੁਕੁਟ ਦੇ ਪਿਤਾ ਦੀ ਮੌਤ ਹੋ ਗਈ ਸੀ। ਉਨ੍ਹਾਂ ਨੂੰ ਸਾਈਲੈਂਟ ਦਿਲ ਦਾ ਦੌਰਾ ਪਿਆ ਸੀ। ਘਰ ਵਿੱਚ ਸਭ ਤੋਂ ਛੋਟਾ ਹੋਣ ਕਾਰਨ ਉਹ ਮਾਂ ਦੇ ਸਭ ਤੋਂ ਲਾਡਲੇ ਵੀ ਹਨ ਅਤੇ ਉਨ੍ਹਾਂ ਦੇ ਸਭ ਤੋਂ ਕਰੀਬੀ ਵੀ।
ਦਿੱਲੀ ਪਰਤਣ ਤੋਂ ਕੁਝ ਘੰਟੇ ਪਹਿਲਾਂ ਹੀ ਮੋਰ ਮੁਕੁਟ ਦਾ ਵੀਡੀਓ ਉਨ੍ਹਾਂ ਦੀ ਮਾਂ ਨੇ ਪਹਿਲੀ ਵਾਰੀ ਦੇਖਿਆ। ਘਰ ਵਾਲਿਆਂ ਨੇ ਪੂਰੀ ਘਟਨਾ ਬਾਰੇ ਮਾਂ ਨੂੰ ਕੁਝ ਨਹੀਂ ਦੱਸਿਆ ਸੀ।

ਤਸਵੀਰ ਸਰੋਤ, MORMUKUT/BBC
ਵੀਡੀਓ ਦੇਖਦਿਆਂ ਹੀ ਮੋਰ ਮੁਕੁਟ ਦੀ ਮਾਂ ਨੇ ਸਭ ਤੋਂ ਪਹਿਲਾਂ ਘਰਵਾਲਿਆਂ ਨੂੰ ਝਿੜਕਿਆ ਪਰ ਫਿਰ ਪੁੱਤਰ ਦੇ ਰਾਤ ਨੂੰ ਹੀ ਵਾਪਸ ਆਉਣ ਦੀ ਗੱਲ ਸੁਣ ਕੇ ਥੋੜ੍ਹਾ ਸ਼ਾਂਤ ਹੋਈ।
ਸਵੇਰੇ ਜਦੋਂ ਪੁੱਤਰ ਨੂੰ ਮਿਲੀ ਤਾਂ ਦੋਵੇਂ ਇੱਕ-ਦੂਜੇ ਦੇ ਗਲ ਲੱਗ ਕੇ ਰੋਂਦੇ ਰਹੇ, ਜਿਵੇਂ ਸਾਲਾਂ ਤੋਂ ਵਿਛੜੇ ਹੋਣ।
ਉਸ ਪਲ ਨੂੰ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਪਲ ਮੰਨਦੇ ਹਨ ਮੁਕੁਟ। ਉਹ ਕਹਿੰਦੇ ਹਨ, "ਨਾ ਤਾਂ ਉਨ੍ਹਾਂ ਨੇ ਮੈਨੂੰ ਕੁਝ ਪੁੱਛਿਆ, ਨਾ ਮੈਂ ਉਸ ਘਟਨਾ ਬਾਰੇ ਉਨ੍ਹਾਂ ਨੂੰ ਕੁਝ ਦੱਸਿਆ। ਪਰ ਗਲੇ ਲੱਗਦਿਆਂ ਹੀ ਲੱਗਿਆ ਜਿਵੇਂ ਮਾਂ ਨੇ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੱਤੀਆਂ ਹਨ ਅਤੇ ਹੁਣ ਕੁਝ ਹੋ ਵੀ ਜਾਵੇ ਤਾਂ ਵੀ ਗਮ ਨਹੀਂ।"
ਦਰਅਸਲ ਮੋਰ ਮੁਕੁਟ ਦੇ ਘਰ ਵਾਲੇ ਉਨ੍ਹਾਂ ਦੀ ਮਾਂ ਤੋਂ 24 ਘੰਟੇ ਤੱਕ ਸਭ ਕੁਝ ਲੁਕਾ ਸਕਣ ਵਿੱਚ ਇਸ ਲਈ ਸਫਲ ਰਹੇ ਕਿਉਂਕਿ ਘਰ ਵਿੱਚ ਦਿਵਾਲੀ ਕਾਰਨ ਸਫੈਦੀ ਦਾ ਕੰਮ ਚੱਲ ਰਿਹਾ ਸੀ।
ਟੀਵੀ ਦਾ ਕਨੈਕਸ਼ਨ ਕੱਟਿਆ ਹੋਇਆ ਹੈ। ਇਸ ਲਈ ਮਾਂ ਨੂੰ ਖਬਰ ਨਹੀਂ ਸੀ ਕਿ ਦੇਸ-ਦੁਨੀਆ ਵਿੱਚ ਕੀ ਚੱਲ ਰਿਹਾ ਹੈ।
ਕੀ ਚੋਣ ਕਵਰੇਜ 'ਤੇ ਛੱਤੀਸਗੜ੍ਹ ਜਾਣ ਦਾ ਫਰਮਾਨ ਦਫ਼ਤਰ ਨੇ ਉਨ੍ਹਾਂ ਨੂੰ ਸੁਣਾਇਆ ਸੀ ਜਾਂ ਫਿਰ ਉਨ੍ਹਾਂ ਦਾ ਖੁਦ ਦਾ ਫੈਸਲਾ ਸੀ?
ਇਹ ਵੀ ਪੜ੍ਹੋ:
ਇਸ 'ਤੇ ਮੋਰ ਮੁਕੁਟ ਕਹਿੰਦੇ ਹਨ, ''ਇਹ ਮੇਰਾ ਖੁਦ ਦਾ ਫੈਸਲਾ ਸੀ। ਮੈਂ ਛੱਤੀਸਗੜ੍ਹ ਜਾਣ ਲਈ ਆਪਣੇ ਸੈਕਸ਼ਨ ਹੈੱਡ ਨੂੰ ਜਾ ਕੇ ਗੁਜ਼ਾਰਿਸ਼ ਕੀਤੀ ਸੀ। 14 ਸਾਲ ਤੋਂ ਦੂਰਦਰਸ਼ਨ ਨਾਲ ਜੁੜਿਆ ਰਿਹਾ ਹਾਂ, ਕਈ ਅਜਿਹੀਆਂ ਕਵਰੇਜ 'ਤੇ ਗਿਆ ਹਾਂ। ਇਹ ਨਵਾਂ ਅਨੁਭਵ ਨਹੀਂ ਹੈ, ਸ਼ਾਇਦ ਇਸ ਲਈ ਮੌਤ ਨੂੰ ਨੇੜਿਓਂ ਦੇਖ ਕੇ ਮੈਂ ਘਬਰਾਇਆ ਨਹੀਂ ਸੀ।''
ਮੋਰ ਮੁਕੁਟ ਦੱਸਦੇ ਹਨ ਕਿ ਉਨ੍ਹਾਂ ਦੇ ਜ਼ਿੰਦਾ ਬਚ ਕੇ ਦਿੱਲੀ ਪਰਤਣ ਤੋਂ ਬਾਅਦ ਉਨ੍ਹਾਂ ਦੀ ਮਾਂ ਡੂੰਘੀ ਨੀਂਦ ਵਿੱਚ ਸੋ ਰਹੀ ਹੈ।
ਸ਼ਾਇਦ ਇਹ ਇੱਕ ਮਾਂ ਦਾ ਉਹ ਸੁਕੂਨ ਹੈ ਜੋ ਪੁੱਤਰ ਦੇ ਸਿਰ 'ਤੇ ਆਈ ਮੌਤ ਤੋਂ ਦੂਰ ਜਾਣ 'ਤੇ ਮੰਨ ਵਿੱਚ ਜਨਮ ਲੈਂਦਾ ਹੈ।












