#BeyondFakeNews: ਝੂਠੀਆਂ ਖ਼ਬਰਾਂ ਖਿਲਾਫ਼ ਇੰਝ ਜੰਗ ਲੜ ਰਹੇ ਨੇ ਪੱਤਰਕਾਰ

- ਲੇਖਕ, ਜਾਨਹਵੀ ਮੂਲੇ
- ਰੋਲ, ਪੱਤਰਕਾਰ, ਬੀਬੀਸੀ
ਤਿੰਨ ਮਹੀਨੇ, ਕਈ ਸੂਬੇ, ਮੌਬ ਲਿੰਚਿੰਗ ਅਤੇ 25 ਮੌਤਾਂ। ਇੱਕ ਵੱਟਸਐਪ ਅਫ਼ਵਾਹ ਰਾਹੀਂ ਇਸ ਸਾਲ ਇਹੀ ਸਭ ਹੋਇਆ ਸੀ। ਇਸ ਲਈ ਫੇਕ ਨਿਊਜ਼ ਦੇਸ ਵਿੱਚ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਹੁਣ ਕੁਝ ਪੱਤਰਕਾਰਾਂ ਨੇ ਅਫ਼ਵਾਹਾਂ ਅਤੇ ਫੇਕ ਨਿਊਜ਼ ਉੱਤੇ ਕਾਬੂ ਪਾਉਣ ਨੂੰ ਆਪਣਾ ਮਿਸ਼ਨ ਬਣਾ ਲਿਆ ਹੈ।
ਉਂਝ ਤਾਂ ਹਰ ਇੱਕ ਪੱਤਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਤੱਥਾਂ ਨੂੰ ਇਕੱਠਾ ਕਰੇ, ਗਲਤ ਜਾਣਕਾਰੀ ਨੂੰ ਹਟਾਏ ਅਤੇ ਫਿਰ ਉਸ ਦਾ ਵਿਸ਼ਲੇਸ਼ਨ ਸਾਂਝਾ ਕਰੇ।
ਇਹ ਵੀ ਪੜ੍ਹੋ:
ਪਰ ਸੋਸ਼ਲ ਮੀਡੀਆ ਦੇ ਦੌਰ ਵਿੱਚ ਜਿੱਥੇ ਬਿਨਾਂ ਕਿਸੇ ਦੇ ਦਖਲ ਦੇ ਕੋਈ ਵੀ ਕਿਸੇ ਨਾਲ ਵੀ ਜਾਣਕਾਰੀ ਸਾਂਝਾ ਕਰ ਸਕਦਾ ਹੈ, ਤੱਥਾਂ ਦੀ ਜਾਂਚ ਕਰਨ ਦਾ ਕੰਮ ਹੋਰ ਵੀ ਅਹਿਮ ਹੋ ਜਾਂਦਾ ਹੈ।
ਖਾਸ ਪੇਜ ਜਾਂ ਟੀਵੀ ਸ਼ੋਅ
ਹੁਣ ਕਈ ਸੰਸਥਾਵਾਂ ਤੇ ਪੱਤਰਕਾਰ ਅਜਿਹੇ ਪੇਜ਼ ਤੇ ਟੀਵੀ ਸ਼ੋਅ ਚਲਾ ਰਹੇ ਹਨ। ਜਿਸ ਵਿੱਚ ਭਰਮ ਜਾਂ ਫਿਰ ਵਾਇਰਲ ਵੀਡੀਓਜ਼ ਦਾ ਸੱਚ ਦਿਖਾਇਆ ਜਾਂਦਾ ਹੈ। ਹਾਲਾਂਕਿ ਇਹ ਹੀ ਕਾਫ਼ੀ ਨਹੀਂ ਹੈ। ਇਸੇ ਕਾਰਨ ਕਈ ਪੱਤਰਕਾਰਾਂ ਨੇ ਤੱਥਾਂ ਦੀ ਜਾਂਚ ਕਰਨ ਲਈ ਵੈੱਬਸਾਈਟਾਂ ਸ਼ੁਰੂ ਕਰ ਦਿੱਤੀਆਂ ਹਨ। Boomlive.in, factchecker.in, altnews.in ਅਜਿਹੀਆਂ ਵੈੱਬਸਾਈਟਸ ਹਨ।

ਇਹ ਜਾਣਕਾਰੀ ਦੀ ਘੋਖ ਕਰਦੇ ਹਨ ਅਤੇ ਹਰ ਦਾਅਵੇ ਦੀ ਜਾਂਚ ਕਰਦੇ ਹਨ, ਚਾਹੇ ਉਹ ਕਿਸੇ ਉੱਘੀ ਸ਼ਖਸੀਅਤ ਦਾ ਭਾਸ਼ਨ ਹੋਵੇ ਜਾਂ ਫਿਰ ਵਾਇਰਲ ਮੈਸੇਜ।
ਪਰ ਉਹ ਇਹ ਕਿਵੇਂ ਕਰਦੇ ਹਨ? ਅਸੀਂ ਬੂਮਲਾਈਵ ਦੇ ਜੈਨਸੀ ਜੈਕਬ ਨੂੰ ਇਸ ਬਾਰੇ ਪੁੱਛਿਆ ।
ਫੇਕ ਨਿਊਜ਼ ਨਾਲ ਜੰਗ
ਫੇਕ ਨਿਊਜ਼ ਨਾਲ ਜੰਗ ਦਾ ਪਹਿਲਾ ਕਦਮ ਹੈ, ਇਸ ਬਾਰੇ ਪਤਾ ਲਾਓ ਕਿ ਇਹ ਫੇਕ ਨਿਊਜ਼ ਹੈ। ਫਿਰ ਇਹ ਇੰਫੋ-ਵਾਰੀਅਰ (ਗਲਤ ਜਾਣਕਾਰੀ ਖਿਲਾਫ਼ ਲੜਣ ਵਾਲੇ) ਉਸੇ ਪਲੈਟਫਾਰਮ ਦੀ ਵਰਤੋਂ ਕਰਦੇ ਹਨ ਜਿੱਥੇ ਇਹ ਖਬਰਾਂ ਚੱਲ ਰਹੀਆਂ ਹਨ।

ਇਹ ਲੋਕ ਖਬਰਾਂ ਅਤੇ ਸੋਸ਼ਲ ਮੀਡੀਆ ਉੱਤੇ ਨਜ਼ਰ ਰੱਖਦੇ ਹਨ, ਟਰੈਂਡਜ਼ ਅਤੇ ਵਾਇਰਲ ਪੋਸਟ ਦੇਖਦੇ ਹਨ। ਕਈ ਵਾਰੀ ਪਾਠਕਾਂ ਦੀ ਮਦਦ ਵੀ ਲਈ ਜਾਂਦੀ ਹੈ।
ਤੱਥਾਂ ਦੀ ਜਾਂਚ ਕਰਨ ਵਾਲੀਆਂ ਕਈ ਸੰਸਥਾਵਾਂ ਨੇ ਸੋਸ਼ਲ ਮੀਡੀਆ ਅਕਾਊਂਟ ਸ਼ੁਰੂ ਕੀਤੇ ਹੋਏ ਹਨ, ਜਿੱਥੇ ਲੋਕ ਟੈਗ ਕਰ ਸਕਦੇ ਹਨ ਜਾਂ ਫਿਰ ਵੱਟਸਐਪ ਹਾਟਲਾਈਨ ਸ਼ੁਰੂ ਕੀਤੀਆਂ ਹੋਈਆਂ ਹਨ ਜਿੱਥੇ ਲੋਕ ਵਾਇਰਲ ਮੈਸੇਜ ਭੇਜ ਸਕਦੇ ਹਨ।
ਜੋ ਦਾਅਵੇ ਭੜਕਾਊ ਲਗਦੇ ਹਨ ਅਤੇ ਲੋਕਾਂ ਉੱਤੇ ਅਸਰ ਪਾ ਸਕਦੇ ਹਨ, ਉਨ੍ਹਾਂ ਦੀ ਚੋਣ ਪਹਿਲ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ। ਫਿਰ ਉਹ ਦਾਅਵਿਆਂ ਦੀ ਜਾਂਚ ਕਈ ਤਰੀਕਿਆਂ ਨਾਲ ਕਰਦੇ ਹਨ।
ਕੋਈ ਵੀ ਜਾਣਕਾਰੀ ਹਾਸਿਲ ਕਰਨ ਲਈ, ਹਰ ਪੱਤਰਕਾਰ ਇਹ ਦੇਖਦਾ ਹੈ ਕਿ ਇਹ ਜਾਣਕਾਰੀ ਕਿੱਥੋਂ ਆਈ ਹੈ ਅਤੇ ਇੰਫੋ-ਵਾਰੀਅਰ ਉਸ ਦੀ ਪਾਲਣਾ ਕਰਦੇ ਹਨ।

'ਬੂਮਲਾਈਵ' ਦੇ ਮੈਨੇਜਿੰਗ ਐਡੀਟਰ ਜੈਨਸੀ ਜੈਕਬ ਦਾ ਕਹਿਣਾ ਹੈ, "ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਹ ਖਬਰ ਕਿੱਥੋਂ ਸ਼ੁਰੂ ਹੋਈ? ਕੀ ਕਿਸੇ ਨਿਊਜ਼ ਏਜੰਸੀ ਨੇ ਇਸ ਨਾਲ ਜੁੜੀ ਕੋਈ ਖਬਰ ਕੀਤੀ ਹੈ?
ਜਦੋਂ ਵੀ ਕੋਈ ਫੋਟੋ ਜਾਂ ਵੀਡੀਓ ਆਉਂਦਾ ਹੈ ਅਸੀਂ ਕਈ ਆਨਲਾਈਨ ਟੂਲਜ਼ ਦੀ ਵਰਤੋਂ ਕਰਦੇ ਹਾਂ। 'ਰਿਵਰਸ ਇਮੇਜ ਸਰਚ' ਜਾਂ ਕਈ ਹੋਰ ਟੂਲਜ਼ ਹਨ। ਇਨ੍ਹਾਂ ਰਾਹੀਂ ਇਹ ਪਤਾ ਲਾਉਂਦੇ ਹਾਂ ਕਿ ਇਹ ਫੋਟੋ ਜਾਂ ਵੀਡੀਓ ਪਹਿਲਾਂ ਤਾਂ ਕਿਤੇ ਨਹੀਂ ਵਰਤੀ ਗਈ ਹੈ।"
ਇਸ ਦੇ ਮੂਲ ਬਾਰੇ ਹੋਰ ਪਤਾ ਕਰਨ ਲਈ ਫਾਈਲ ਨਾਲ ਜੁੜੇ ਮੈਟਾਡੇਟਾ ਦੀ ਜਾਂਚ ਕਰ ਸਕਦੇ ਹੋ।
ਕਦੇ-ਕਦੇ, ਵੀਡੀਓ ਵਿੱਚ ਇਹ ਜਾਣਕਾਰੀ ਹੋ ਸਕਦੀ ਹੈ- ਗੱਡੀ ਦੀ ਨੰਬਰ ਪਲੇਟ, ਹੋਰਡਿੰਗਜ਼ ਜਾਂ ਨਾਮ ਬੋਰਡ ਜਿਸ ਰਾਹੀਂ ਪਤਾ ਲਗ ਸਕਦਾ ਹੈ ਕਿ ਇਹ ਵੀਡੀਓ ਕਿੱਥੇ ਬਣਾਈ ਗਈ ਹੈ।
ਕਈ ਹੋਰ ਭਰੋਸੇਯੋਗ ਸਰੋਤਾਂ ਦੀ ਜਾਂਚ ਕਰਨਾ
ਜੇ ਮੈਸੇਜ ਜਾਂ ਵੀਡੀਓ ਵਿੱਚ ਕਿਸੇ ਸ਼ਖਸ ਬਾਰੇ ਦਾਅਵੇ ਕੀਤੇ ਗਏ ਹੋਣ ਤਾਂ ਪੱਤਰਕਾਰ ਉਸ ਸ਼ਖਸ ਤੱਕ ਪਹੁੰਚ ਕਰਦੇ ਹਨ।

ਜਨਤਕ ਵਿਅਕਤੀਆਂ ਦੇ ਮਾਮਲੇ ਵਿੱਚ ਉਹ ਵੀਡੀਓਟੇਪ ਜਾਂ ਭਾਸ਼ਨ ਜਾਂ ਇੰਟਰਵਿਊ ਦੀ ਜਾਂਚ ਕਰਦੇ ਹਨ ਜਾਂ ਫਿਰ ਉਸ ਸ਼ਖਸ ਨਾਲ ਸਿੱਧੀ ਗੱਲਬਾਤ ਕਰਦੇ ਹਨ। ਇਹ ਸਮਝਣਾ ਜ਼ਰੂਰੀ ਹੈ ਕਿ ਕੋਈ ਬਿਆਨ ਕਿਸ ਸੰਦਰਭ ਵਿੱਚ ਦਿੱਤਾ ਗਿਆ ਸੀ।
ਡਾਟਾ ਜਾਂ ਫਿਰ ਕਿਸੇ ਅਪਰਾਧਕ ਖ਼ਬਰ ਸਬੰਧੀ ਜਾਂਚ ਲਈ ਸਬੰਧਤ ਅਧਿਕਾਰੀਆਂ ਜਾਂ ਮਾਹਿਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ।
ਸੱਚ ਸਾਹਮਣੇ ਲਿਆਉਣਾ
ਜਦੋਂ ਵੀ ਕਿਸੇ ਵਾਇਰਲ ਖਬਰ ਸਬੰਧੀ ਜਾਂਚ ਕਰ ਲਈ ਜਾਂਦੀ ਹੈ ਤਾਂ ਜ਼ਿਆਦਾਤਰ ਵੈੱਬਸਾਈਟਾਂ ਵਿਸਥਾਰ ਨਾਲ ਆਪਣੀ ਰਿਪੋਰਟ ਪੇਸ਼ ਕਰਦੀਆਂ ਹਨ। ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਦਾਅਵਿਆਂ ਨੂੰ ਸਾਬਿਤ ਕੀਤਾ ਦਾ ਸਕਿਆ ਹੈ ਜਾਂ ਨਹੀਂ।
ਜੈਨਸੀ ਦਾ ਕਹਿਣਾ ਹੈ ਕਿ ਜ਼ਿਆਦਾਤਰ ਇੱਕੋ ਦਾਅਵੇ ਹੀ ਕਈ ਵਾਰੀ ਘੁੰਮਦੇ ਰਹਿੰਦੇ ਹਨ।

"ਅਸੀਂ ਦੇਖਿਆ ਹੈ ਕਿ ਜ਼ਿਆਦਾਤਰ ਵੀਡੀਓਜ਼ ਨੂੰ ਇੱਕ ਨਵੇਂ ਮਕਸਦ ਦੇ ਨਾਲ 2-3 ਮਹੀਨਿਆਂ ਬਾਅਦ ਫਿਰ ਚਲਾਇਆ ਜਾਂਦਾ ਹੈ।"
ਮਹਾਰਾਸ਼ਟਰ ਦੇ ਧੂਲੇ ਵਿੱਚ ਰਾਈਨਪਾਡਾ ਪਿੰਡ ਵਿੱਚ ਬੱਚਿਆਂ ਦੀ ਸੁਰੱਖਿਆ ਨਾਲ ਜੁੜੀ ਕਰਾਚੀ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਗਈ ਪਰ ਇੱਕ ਨਵੇਂ ਵੇਰਵੇ ਦੇ ਨਾਲ।
ਲੋਕਾਂ ਨੇ ਸੋਚਿਆ ਕਿ ਬੱਚਿਆਂ ਨੂੰ ਚੁੱਕਣ ਵਾਲਾ ਕੋਈ ਗੈਂਗ ਘੁੰਮ ਰਿਹਾ ਹੈ ਜਿਸ ਕਾਰਨ ਮੌਬ ਲਿੰਚਿੰਗ ਦੀ ਘਟਨਾ ਵਾਪਰੀ ਅਤੇ 5 ਲੋਕ ਮਾਰੇ ਗਏ।
ਇਸ ਕਾਰਨ ਤੱਥਾਂ ਦੀ ਜਾਂਚ ਕਰਨ ਵਾਲੀਆਂ ਵੈੱਬਸਾਈਟਸ ਦਾ ਕੰਮ ਹੋਰ ਵੀ ਅਹਿਮ ਹੋ ਜਾਂਦਾ ਹੈ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਜਿਹੀਆਂ ਫੇਕ ਵੀਡੀਓਜ਼ ਨੂੰ ਰੱਦ ਕੀਤਾ ਜਾਵੇ ਅਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਕੀ ਚੁਣੌਤੀਆਂ ਹਨ?
ਜਦੋਂਕਿ ਖੇਤਰੀ ਭਾਸ਼ਾਵਾਂ ਵਿੱਚ ਸੋਸ਼ਲ ਮੀਡੀਆ ਯੂਜ਼ਰ ਵੱਧ ਰਹੇ ਹਨ ਪਰ ਤੱਥਾਂ ਦੀ ਜਾਂਚ ਕਰਨ ਵਾਲੀਆਂ ਸੰਸਥਾਵਾਂ ਅੰਗਰੇਜ਼ੀ ਭਾਸ਼ਾ ਵਿੱਚ ਹਨ।
ਉਨ੍ਹਾਂ ਵਿੱਚੋਂ ਕਈ ਸੰਸਥਾਵਾਂ ਜਿਵੇਂ ਕਿ altnews ਨੇ ਹਿੰਦੀ ਵੈੱਬਸਾਈਟ ਵੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਕੁਝ ਤਮਿਲ ਨੌਜਵਾਨਾਂ ਨੇ youturn.in ਨਾਮ ਦੀ ਵੈੱਬਸਾਈਟ ਸ਼ੁਰੂ ਕੀਤੀ ਹੈ।
ਪਰ ਖੇਤਰੀ ਭਾਸ਼ਾਵਾਂ ਵਿੱਚ ਅਜਿਹੀਆਂ ਕੋਸ਼ਿਸ਼ਾਂ ਕਾਫ਼ੀ ਘੱਟ ਹਨ।
ਇਹ ਵੀ ਪੜ੍ਹੋ:
ਇਸੇ ਕਾਰਨ ਸਿਰਫ਼ ਪੱਤਰਕਾਰਾਂ ਅਤੇ ਤੱਥਾਂ ਦੀ ਜਾਂਚ ਕਰਨ ਵਾਲਿਆਂ ਨੂੰ ਹੀ ਨਹੀਂ ਪਰ ਸਾਨੂੰ ਸਭ ਨੂੰ ਜੰਗ ਲੜਨੀ ਪਏਗੀ।
ਜੈਨਸੀ ਨੇ ਸਭ ਲਈ ਸੁਝਾਅ ਦਿੱਤਾ ਹੈ, " ਜੇ ਤੁਹਾਨੂੰ ਵੱਟਸਐਪ ਜਾਂ ਸੋਸ਼ਲ ਮੀਡੀਆ ਉੱਤੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਸ ਉੱਤੇ ਅੱਖਾਂ ਬੰਦ ਕਰਦੇ ਭਰੋਸਾ ਨਾ ਕਰੋ। ਜਦੋਂ ਲੋਕ ਜਦੋਂ ਇਸ ਬਾਰੇ ਸਮਝਣਗੇ ਤਾਂ ਉਹ ਸੱਚ ਦਾ ਖੁਦ ਪਤਾ ਲਾਉਣ ਲੱਗਣਗੇ।"












