You’re viewing a text-only version of this website that uses less data. View the main version of the website including all images and videos.
ਚੀਨੀ ਭਾਸ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ - 5 ਅਹਿਮ ਖ਼ਬਰਾਂ
ਅਮਰੀਕਾ ਵਿੱਚ ਦੀ 'ਸਿੱਖ ਧਰਮ ਇੰਟਰਨੈਸ਼ਨਲ' ਸੰਸਥਾ ਵੱਲੋਂ ਸਿੱਖੀ ਦੇ ਕੀਤੇ ਜਾ ਰਹੇ ਪ੍ਰਚਾਰ-ਪ੍ਰਸਾਰ ਦੌਰਾਨ ਹੁਣ ਚੀਨ 'ਚ ਵੀ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਹੋ ਗਿਆ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਸੰਸਥਾ ਵੱਲੋਂ ਚੀਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿੱਚ ਕਰਨ ਦਾ ਕਾਰਜ ਜਾਰੀ ਹੈ, ਜਦ ਕਿ ਨਿਤਨੇਮ ਦੀਆਂ ਬਾਣੀਆਂ ਵਿਚੋਂ ਜਪੁਜੀ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ 'ਚ ਹੋ ਗਿਆ ਹੈ।
ਅਖ਼ਬਾਰ ਨੇ ਜਥੇਬੰਦੀ ਦੇ ਮੁਖੀ ਭਾਈ ਕੁਲਬੀਰ ਸਿੰਘ ਖਾਲਸਾ ਦੇ ਹਵਾਲੇ ਨਾਲ ਇਹ ਖ਼ਬਰ ਛਾਪੀ ਹੈ। ਖ਼ਬਰ ਵਿੱਚ ਲਿਖਿਆ ਹੈ ਕਿ ਅਮਰੀਕੀ ਸਿੱਖਾਂ ਦਾ ਇੱਕ ਵਫ਼ਦ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪੁੱਜਾ ਹੈ।
ਇਹ ਵੀ ਪੜ੍ਹੋ:
ਸ਼੍ਰੋਮਣੀ ਅਕਾਲੀ ਦਲ ਨੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ 'ਚੋਂ ਨਵੇਂ ਅਧਿਆਇ ਹਟਾਉਣ ਦੀ ਕੀਤੀ ਮੰਗ
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਇਤਿਹਾਸ ਦੀਆਂ ਕਿਤਾਬਾਂ 'ਚੋਂ ਜੋੜੇ ਦੋ ਨਵੇਂ ਅਧਿਆਇਆਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਸਿੱਖ ਗੁਰੂਆਂ ਅਤੇ ਧਰਮ ਨੂੰ ਇਤਿਹਾਸਕ ਪੱਖੋਂ "ਗ਼ਲਤ ਢੰਗ ਨਾਲ" ਪੇਸ਼ ਕੀਤਾ ਹੈ।
ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੋਧੀ ਗਈ ਇਤਿਹਾਸ ਦੀ ਕਿਤਾਬ ਵਿੱਚ ਤੀਜੇ ਅਤੇ ਪੰਜਵੇਂ ਪਾਠਾਂ ਵਿੱਚ "ਕਈ ਗ਼ਲਤੀਆਂ ਅਤੇ ਗ਼ਲਤ ਤੱਥ" ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖਿਆ ਮੰਤਰੀ ਓਪੀ ਸੋਨੀ ਦੀ ਬਰਖ਼ਾਸਤੀ ਦੀ ਵੀ ਮੰਗ ਕੀਤੀ ਹੈ।
ਸੁਪਰੀਮ ਕੋਰਟ ਨੇ ਵਾਹਨਾਂ ਸੰਬੰਧੀ ਨੇਮਾਂ ਦੀ 2020 ਦੀ ਸੀਮਾਹੱਦ ਤੈਅ ਕੀਤੀ
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਵਾਹਨਾਂ ਸਬੰਧੀ ਪ੍ਰਦੂਸ਼ਨ ਨਾਲ ਨਿਪਟਣ ਲਈ ਸੁਪਰੀਮ ਕੋਰਟ ਨੇ 1 ਅਪ੍ਰੈਲ 2020 ਤੋਂ ਦੇਸ ਦੇ ਸਟੇਜ-IV (BS-IV) ਦੇ ਵਾਹਨਾਂ ਦੀ ਵਿਕਰੀ ਅਤੇ ਰਜਿਟ੍ਰੇਸ਼ਨ 'ਤੇ ਰੋਕ ਲਗਾ ਦਿੱਤੀ ਹੈ।
ਜਸਟਿਸ ਮਦਨ ਲੋਕੁਰ ਅਤੇ ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਨੇ ਫ਼ੈਸਲਾ ਲਿਆ ਕਿ ਤੈਅ ਸਮੇਂ ਸੀਮਾ ਤੋਂ ਬਾਅਦ ਬੀਐਸ-4 ਵਾਹਨਾਂ ਦੀ ਵਿਕਰੀ ਨਹੀਂ ਹੋਵੇਗੀ।
ਉਨ੍ਹਾਂ ਨੇ ਕਿਹਾ, "ਭਾਰਤੀ ਸੰਵਿਧਾਨ ਐਕਟ 21 ਵਿੱਚ ਦੱਸਿਆ ਗਿਆ ਹੈ ਕਿ ਜੀਣ ਦੇ ਅਧਿਕਾਰ ਵਿੱਚ ਸ਼ੁੱਧ ਵਾਤਾਵਰਨ ਦਾ ਅਧਿਕਾਰ ਵੀ ਸ਼ਾਮਿਲ ਹੈ। ਇਸ ਲਈ ਇਸ ਦੇ ਤਹਿਤ ਸਾਫ਼-ਸੁਥਰੇ ਵਾਤਾਵਰਨ ਵਿੱਚ ਰਹਿਣ ਲਈ ਨਾਗਰਿਕ ਦਾ ਅਧਿਕਾਰ ਹੈ।"
ਇਹ ਵੀ ਪੜ੍ਹੋ:
ਮਹਾਰਾਣੀ ਜਿੰਦਾ ਦਾ ਹਾਰ 1,87,000 ਪੌਂਡ 'ਚ ਵਿਕਿਆ
ਦਿ ਟ੍ਰਿਬਿਊਨ ਨੇ ਆਪਣੀ ਖ਼ਬਰ ਵਿੱਚ ਦੱਸਿਆ ਹੈ ਕਿ ਲੰਡਨ ਵਿੱਚ ਹੋਈ ਨਿਲਾਮੀ ਦੌਰਾਨ ਮਹਾਰਾਣੀ ਜਿੰਦਾ ਦਾ ਪੰਨਾ ਨਗ ਅਤੇ ਸੁੱਚੇ ਮੋਤੀਆਂ ਵਾਲੇ ਹਾਰ ਦੀ ਕੀਮਤ 1,87,000 ਪੌਂਡ ਲੱਗੀ ਹੈ।
ਲੰਡਨ ਵਿੱਚ ਲਾਹੌਰ ਖਜ਼ਾਨੇ ਦੀਆਂ ਵਸਤਾਂ ਵਿੱਚ ਸ਼ੁਮਾਰ ਇਸ ਹਾਰ ਦੀ ਨਿਲਾਮੀ 'ਬੌਨਹੈਮਸ ਇਸਲਾਮਿਕ ਐਂਡ ਇੰਡੀਅਨ ਆਰਟ ਸੇਲ' ਵਿੱਚ ਕੀਤੀ ਗਈ।
ਇਸ ਨਿਲਾਮੀ ਵਿੱਚ ਰਾਜ ਘਰਾਨੇ ਦੀਆਂ ਕਈ ਵਸਤਾਂ ਦੀ ਵਿਕਰੀ 18,18,500 ਪੌਂਡ 'ਚ ਹੋਈ।
ਵਿਰਾਟ ਕੋਹਲੀ ਬਣੇ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵਨ-ਡੇਅ ਕ੍ਰਿਕਟ ਵਿੱਚ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਵਿਰਾਟ ਕੋਹਲੀ ਨੇ ਵਿਸ਼ਾਖਾਪਟਨਮ ਵਿੱਚ ਬੁੱਧਵਾਰ ਨੂੰ ਖੇਡੇ ਗਏ ਮੈਚ ਨੂੰ ਮਿਲਾ ਕੇ ਕੁੱਲ 213 ਵਨ-ਡੇਅ ਮੁਕਾਬਲਿਆਂ ਦੀ 205 ਪਾਰੀਆਂ ਵਿੱਚ ਇਹ ਕਾਰਨਾਮਾ ਦਿਖਾਇਆ ਹੈ।
ਇਸ ਤੋਂ ਪਹਿਲਾਂ ਵਨ-ਡੇਅ ਮੈਚਾਂ ਵਿੱਚ ਇਹ ਰਿਕਾਰਡ ਭਾਰਤੀ ਖਿਡਾਰੀ ਸਚਿਨ ਤੇਂਦੁਲਕਰ ਦੇ ਨਾਮ ਸੀ। ਸਚਿਨ ਨੇ 266ਵਾਂ ਵਨ-ਡੇਅ ਖੇਡਦਿਆਂ 259ਵੀਂ ਪਾਰੀ ਵਿੱਚ ਇਹ ਉਪਲਬਧੀ ਹਾਸਿਲ ਕੀਤੀ ਸੀ।
ਇਸ ਰਿਕਾਰਡ ਤੋਂ ਇਲਾਵਾ ਵਿਰਾਟ ਕੋਹਲੀ ਭਾਰਤੀ ਪਿੱਚਾਂ 'ਤੇ 4 ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।