ਅੰਮ੍ਰਿਤਸਰ ਰੇਲ ਹਾਦਸਾ: ਦਿਹਾੜੀਆਂ ਛੱਡ ਕੇ ਪੀੜਤਾਂ ਦੀ ਸੇਵਾ ਵਿੱਚ ਲੱਗੇ ਇਹ ਵਿਅਕਤੀ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਮੀਡੀਆ ਦੀ ਚਮਕ ਤੋਂ ਦੂਰ ਬਿਜਲੀ ਤੇ ਏਸੀ ਦੇ ਮਕੈਨਿਕਾਂ ਦਾ ਇੱਕ ਗਰੁੱਪ ਅੰਮ੍ਰਿਤਸਰ ਰੇਲ ਹਾਦਸਾ ਵਾਪਰਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਚੁੱਪਚਾਪ ਬਚਾਅ ਤੇ ਰਾਹਤ ਕਾਰਜ ਵਿੱਚ ਲੱਗਿਆ ਹੋਇਆ ਹੈ।

19 ਅਕਤੂਬਰ ਨੂੰ ਜਿਵੇਂ ਵੀ ਅੰਮ੍ਰਿਤਸਰ ਵਿੱਚ ਦਸਹਿਰੇ ਵਾਲੇ ਦਿਨ ਰੇਲ ਹਾਦਸਾ ਵਾਪਰਿਆ ਇਨ੍ਹਾਂ ਲੋਕਾਂ ਨੇ ਇੱਕ ਦੂਜੇ ਨੂੰ ਫੋਨ ਕਰਕੇ ਹਾਦਸੇ ਵਾਲੀ ਥਾਂ ਬੁਲਾ ਲਿਆ ਅਤੇ ਪੀੜਤਾਂ ਦੀ ਮਦਦ ਕਰਨ ਦਾ ਪਲਾਨ ਬਣਾਇਆ।

19 ਅਕਤੂਬਰ ਨੂੰ ਜੌੜਾ ਫਾਟਕ ਨੇੜੇ ਰੇਲ ਪਟਰੀਆਂ 'ਤੇ ਖੜ੍ਹੇ ਹੋ ਕੇ ਰਾਵਨ ਦਹਿਨ ਦੇਖ ਰਹੇ ਲੋਕਾਂ ਨੂੰ ਟਰੇਨ ਨੇ ਦਰੜ ਦਿੱਤਾ ਸੀ। ਇਸ ਹਾਦਸੇ ਵਿੱਚ 58 ਲੋਕਾਂ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ

ਸੋਸ਼ਲ ਮੀਡੀਆ 'ਤੇ ਜਿਵੇਂ ਹੀ ਖ਼ਬਰ ਫੈਲੀ ਕਿ ਟਰੇਨ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਲੋਕ ਜ਼ਖ਼ਮੀ ਹੋਏ ਹਨ ਤਾਂ ਉਸੇ ਵੇਲੇ ਇਨ੍ਹਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

ਵਟਸਐਪ ਗਰੁੱਪ ਜ਼ਰੀਏ ਰਾਬਤਾ

ਇਨ੍ਹਾਂ ਲੋਕਾਂ ਨੇ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ।

35 ਸਾਲਾ ਓਮ ਪ੍ਰਕਾਸ਼ ਏਸੀ ਮਕੈਨਿਕ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੱਸਿਆ, "ਅਸੀਂ ਵਟਸਐੱਪ ਗਰੁੱਪ ਬਣਾਇਆ ਹੋਇਆ ਹੈ, ਜਦੋਂ ਵੀ ਅਸੀਂ ਕਿਸੇ ਬੰਦੇ ਨੂੰ ਮੁਸੀਬਤ ਵਿੱਚ ਦੇਖਦੇ ਹਾਂ ਤਾਂ ਫੌਰਨ ਗਰੁੱਪ 'ਤੇ ਮੈਸੇਜ ਪਾ ਦਿੰਦੇ ਹਾਂ।''

ਓਮ ਪ੍ਰਕਾਸ਼ ਨੇ ਦੱਸਿਆ, "ਅਸੀਂ ਸਾਰੇ ਇਲਾਕੇ ਨੂੰ ਚੰਗੇ ਤਰੀਕੇ ਨਾਲ ਜਾਣਦੇ ਹਾਂ ਇਸ ਲਈ ਅਸੀਂ ਸਭ ਤੋਂ ਪਹਿਲਾਂ ਜ਼ਖ਼ਮੀਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਹਸਪਤਾਲਾਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਅਸੀਂ ਵੱਖ-ਵੱਖ ਹਸਪਤਾਲਾਂ ਵਿੱਚ ਸੀ ਪਰ ਫਿਰ ਵੀ ਇੱਕ-ਦੂਜੇ ਨਾਲ ਰਾਬਤਾ ਕਾਇਮ ਰੱਖਿਆ।''

ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ 7 ਅਹਿਮ ਨੁਕਤੇ꞉

  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।
  • ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਉੱਪਰ ਪਥਰਾਅ ਕੀਤਾ ਜਿਸ ਮਗਰੋਂ ਮਾਹੌਲ ਸਾਂਭਿਆ।
  • ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।
  • ਸੁਖਬੀਰ ਸਿੰਘ ਬਾਦਲ꞉ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ।
  • ਨਵਜੋਤ ਸਿੰਘ ਸਿੱਧੂ꞉ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।
  • ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।
  • ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ।

ਬਿਜਲੀ ਦੇ ਮਕੈਨਿਕ ਸਤਬੀਰ ਸਿੰਘ ਨੇ ਦੱਸਿਆ, "ਕਈ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਅਸੀਂ ਉਨ੍ਹਾਂ ਨੂੰ ਚੁੱਕਿਆ ਅਤੇ ਨੇੜੇ ਦੇ ਡਾਕਟਰ ਵੱਲ ਲੈ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵੀ ਛੱਡਿਆ।''

20 ਅਕਤੂਬਰ ਤੋਂ ਕੋਈ ਕੰਮ 'ਤੇ ਨਹੀਂ ਗਿਆ

ਬਿਜਲੀ ਦੇ ਮਕੈਨਿਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ 15 ਦੋਸਤਾਂ ਦਾ ਗਰੁੱਪ ਹੈ। ਸਾਰਿਆਂ ਨੇ 500-500 ਰੁਪਏ ਮਿਲਾ ਕੇ ਜ਼ਖ਼ਮੀਆਂ ਦੇ ਇਲਾਜ ਲਈ ਪੈਸਾ ਇਕੱਠਾ ਕੀਤਾ।

ਗਰੁੱਪ ਦੇ ਮੈਂਬਰ ਕਾਂਸ਼ੀ ਨੇ ਦੱਸਿਆ, "ਬੀਤੇ ਦੋ ਦਿਨਾਂ ਤੋਂ ਅਸੀਂ ਉਨ੍ਹਾਂ ਪਰਿਵਾਰਾਂ ਤੱਕ ਦੁੱਧ, ਸਬਜ਼ੀਆਂ ਅਤੇ ਰੋਜ਼ਮਰਾ ਦੇ ਇਸਤੇਮਾਲ ਦੀਆਂ ਚੀਜ਼ਾਂ ਪਹੁੰਚਾ ਰਹੇ ਹਾਂ ਜਿਨ੍ਹਾਂ ਦਾ ਰੋਜ਼ੀ-ਰੋਟੀ ਕਮਾਉਣ ਵਾਲਾ ਜੀਅ ਹਾਦਸੇ ਵਿੱਚ ਮਾਰਿਆ ਗਿਆ ਹੈ ਅਤੇ ਉਨ੍ਹਾਂ ਕੋਲ ਗੁਜ਼ਾਰੇ ਲਈ ਪੈਸੇ ਨਹੀਂ ਹਨ।''

ਕਾਂਸ਼ੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਜਾਂ ਕਿਸੇ ਹੋਰ ਸੰਸਥਾ ਤੋਂ ਕਿਸੇ ਤਰੀਕੇ ਦੀ ਕੋਈ ਮਦਦ ਨਹੀਂ ਮੰਗੀ ਗਈ ਹੈ। ਉਹ ਇਨਸਾਨੀਅਤ ਲਈ ਆਪਣੇ ਕੋਲ ਮੌਜੂਦ ਸਰੋਤਾਂ ਨਾਲ ਹੀ ਇਹ ਕਾਰਜ ਕਰ ਰਹੇ ਹਨ।

ਇਹ ਵੀ ਪੜ੍ਹੋ ਅਤੇ ਦੇਖੋ:

ਓਮ ਪ੍ਰਕਾਸ਼ ਨੇ ਦੱਸਿਆ, "20 ਅਕਤੂਬਰ ਤੋਂ ਸਾਡੇ ਵਿੱਚੋਂ ਕੋਈ ਵੀ ਕੰਮ ਤੇ ਨਹੀਂ ਗਿਆ ਹੈ। ਅਸੀਂ ਹੁਣ ਆਪਣੀ ਜਾਣ-ਪਛਾਣ ਦਾ ਇਸਤੇਮਾਲ ਕਰਕੇ ਜ਼ਰੂਰਤਮੰਦ ਲੋਕਾਂ ਦੀਆਂ ਨੌਕਰੀਆਂ ਦਾ ਪ੍ਰਬੰਧ ਕਰ ਰਹੇ ਹਾਂ।''

ਕਈ ਹੋਰ ਸੰਗਠਨ ਵੀ ਲੱਗੇ

ਸੰਨੀ ਅੰਮ੍ਰਿਤਸਰ ਵਿੱਚ ਬਰਤਨਾਂ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੱਸਿਆ, "ਲੋਕ ਧਾਰਮਿਕਾ ਥਾਂਵਾਂ 'ਤੇ ਪੈਸਾ ਚੜ੍ਹਾਉਂਦੇ ਹਨ ਪਰ ਇਹ ਸਾਡੇ ਵੱਲੋਂ ਇਨਸਾਨੀਅਤ ਲਈ ਦਿੱਤਾ ਯੋਗਦਾਨ ਹੈ। ਸਾਨੂੰ ਇਸ ਛੋਟੇ ਜਿਹੇ ਕਾਰਜ ਨੂੰ ਕਰਨ ਨਾਲ ਕਾਫੀ ਤਸੱਲੀ ਮਿਲਦੀ ਹੈ।''

ਸੰਨੀ ਨੇ ਕਿਹਾ ਕਿ ਉਹ ਕੁਝ ਹੋਰ ਦਿਨਾਂ ਤੱਕ ਮਦਦ ਪਹੁੰਚਾਉਂਦੇ ਰਹਿਣਗੇ। ਕਿਉਂਕਿ ਹੁਣ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਮਿਲ ਗਏ ਹਨ ਤਾਂ ਹੁਣ ਉਹ ਖੁਦ ਦੀ ਦੇਖਭਾਲ ਕਰ ਸਕਦੇ ਹਨ।

ਇਨ੍ਹਾਂ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਵੀ ਮਦਦ ਲਈ ਅੱਗੇ ਆਈਆਂ ਸਨ ਅਤੇ ਉਨ੍ਹਾਂ ਵੱਲੋਂ ਡਾਕਟਰਾਂ ਨਾਲ ਵੀ ਸਹਿਯੋਗ ਕੀਤਾ ਗਿਆ ਹੈ।

ਰਾਜਵਿੰਦਰ ਪਾਲ ਕੌਰ ਫੋਰਟਿਸ ਹਸਪਤਾਲ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਗੁਰੂ ਨਾਨਕ ਹਸਪਤਾਲ ਪਹੁੰਚ ਕੇ ਡਾਕਟਰਾਂ ਨੂੰ ਪੂਰਨ ਸਹਿਯੋਗ ਦਿੱਤਾ ਅਤੇ ਮਰੀਜ਼ਾਂ ਦੀ ਦੇਖਭਾਲ ਕੀਤੀ।

ਜਦੋਂ ਉਨ੍ਹਾਂ ਤੋਂ ਪੁੱਛਿਆ ਕਿ, ਕੀ ਉਨ੍ਹਾਂ ਨੂੰ ਇੱਥੇ ਤਾਇਨਾਤ ਕੀਤਾ ਗਿਆ ਹੈ ਤਾਂ ਉਨ੍ਹਾਂ ਨੇ ਕਿਹਾ, "ਨਹੀਂ ਮੈਂ ਲੋੜਵੰਦਾਂ ਦੀ ਮਦਦ ਲਈ ਖੁਦ ਆਈ ਹਾਂ ਅਤੇ ਇਹ ਮੇਰੀ ਜ਼ਿੰਮੇਵਾਰੀ ਹੈ। ਸਾਨੂੰ ਇਹੀ ਸਿਖਾਇਆ ਗਿਆ ਹੈ।''

ਧੰਨ-ਧੰਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੋਸਾਈਟੀ, ਆਸਰਾ ਵੈਲਫੇਅਰ ਫਾਊਂਡੇਸ਼ਨ, ਮਦਦ ਚੈਰੀਟੇਬਲ ਫਾਊਂਡੇਸ਼ਨ ਅਤੇ ਸਰਬੱਤ ਦਾ ਭਲਾ ਵਰਗੇ ਸੰਗਠਨ ਹਸਪਤਾਲਾਂ ਵਿੱਚ ਹਾਦਸੇ ਦੇ ਜ਼ਖ਼ਮੀਆਂ ਦੀ ਸੇਵਾ ਵਿੱਚ ਲੱਗੇ ਹੋਏ ਸਨ।

ਹਾਦਸੇ ਨਾਲ ਸਬੰਧਿਤ ਹੋਰ ਵੀਡੀਓਜ਼:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)