1000 ਕਰੋੜ ਦੀ ਕੰਪਨੀ ਜਿਸ ਦੀ ਬੁਨਿਆਦ ਇੱਕ ਬਾਰ ’ਚ ਰੱਖੀ ਗਈ

    • ਲੇਖਕ, ਸੁਜ਼ੈਨ ਬਿਯਰਨੀ
    • ਰੋਲ, ਬੀਬੀਸੀ ਪੱਤਰਕਾਰ

ਵੱਡੇ ਸ਼ਹਿਰਾਂ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਦੋਸਤ ਕਿਸੇ ਬਾਰ ਵਿੱਚ ਬੈਠ ਕੇ ਆਪਣੀ ਨੌਕਰੀ ਛੱਡ ਕੇ ਨਵਾਂ ਕੰਮ ਸ਼ੁਰੂ ਕਰਨ ਦੀ ਗੱਲ ਕਰਦੇ ਹਨ।

ਪਰ ਇਹ ਕਦੇ-ਕਦੇ ਹੀ ਹੁੰਦਾ ਹੈ ਕਿ ਇਸ ਤਰ੍ਹਾਂ ਨਾਲ ਕੀਤੀ ਗਈ ਗੱਲ ਤੋਂ ਬਾਅਦ ਦੋਸਤ 1000 ਕਰੋੜ ਰੁਪਏ ਦੀ ਕੀਮਤ ਵਾਲੀ ਕੰਪਨੀ ਖੜ੍ਹੀ ਕਰ ਲੈਣ।

ਪਰ ਸਮੀਰ ਦੇਸਾਈ ਨਾਲ ਕੁਝ ਅਜਿਹਾ ਹੀ ਹੋਇਆ।

ਇਹ ਉਸ ਦੌਰ ਦੀ ਗੱਲ ਹੈ ਜਦੋਂ ਪੂਰੀ ਦੁਨੀਆਂ ਵਿੱਚ ਅਰਵਿਵਸਥਾਵਾਂ ਦੇ ਮਾੜੇ ਹਾਲਾਤ ਬਣੇ ਹੋਏ ਸਨ। 2008 ਵਿੱਚ ਆਏ ਆਰਥਿਕ ਸੰਕਟ ਤੋਂ ਦੁਨੀਆਂ ਦਾ ਹਰ ਦੇਸ ਗੁਜ਼ਰ ਰਿਹਾ ਸੀ।

ਇਹ ਵੀ ਪੜ੍ਹੋ:-

ਇਸੇ ਕਾਰਨ ਬੈਂਕਾਂ ਨੇ ਕਰਜ਼ ਦੇਣਾ ਬੰਦ ਕਰ ਦਿੱਤਾ ਸੀ ਅਤੇ ਛੋਟੀਆਂ ਕੰਪਨੀਆਂ ਮੁਸ਼ਕਿਲ ਵਿੱਚ ਆ ਗਈਆਂ ਸਨ।

ਆਰਥਿਕ ਸੰਕਟ ਨਾਲ ਚਮਕੀ ਕਿਸਮਤ

ਉਸੇ ਵਕਤ 26 ਸਾਲ ਦੇ ਮੈਨੇਜਮੈਂਟ ਕੰਸਲਟੈਂਟ ਸਮੀਰ ਨੇ ਇੱਕ ਅਜਿਹੀ ਕੰਪਨੀ ਸ਼ੁਰੂ ਕਰਨ ਦਾ ਵਿਚਾਰ ਰੱਖਿਆ ਜਿਸ ਨਾਲ ਛੋਟੀਆਂ ਕੰਪਨੀਆਂ ਨੂੰ ਲੋਨ ਲੈਣ ਲਈ ਬੈਂਕਾਂ 'ਤੇ ਨਿਰਭਰ ਨਾ ਰਹਿਣਾ ਪਏ।

ਦਰਅਸਲ ਉਹ ਇੰਟਰਨੈੱਟ 'ਤੇ ਇੱਕ ਮਾਰਕਿਟ ਬਣਾਉਣਾ ਚਾਹੁੰਦੇ ਸਨ ਜਿੱਥੇ ਛੋਟੀ-ਛੋਟੀ ਕੰਪਨੀਆਂ ਵੱਖ-ਵੱਖ ਲੋਕਾਂ ਅਤੇ ਕੰਪਨੀਆਂ ਵੱਲੋਂ ਇਕੱਠੇ ਕੀਤੇ ਗਏ ਫੰਡ ਵਿੱਚੋਂ ਆਪਣੀ ਲੋੜ ਅਨੁਸਰਾ ਕਰਜ਼ ਲੈ ਸਕਣ।

ਔਕਸਫੋਰਡ ਯੂਨੀਵਰਸਿਟੀ ਵਿੱਚ ਸਮੀਰ ਦੇ ਨਾਲ ਪੜ੍ਹਨ ਵਾਲੇ ਉਨ੍ਹਾਂ ਦੇ ਦੋਸਤ ਜੇਮਸ ਮੀਕਿੰਗਸ ਅਤੇ ਐਂਡਰਿਊ ਮੁਲਿੰਗਰ ਨੂੰ ਇਹ ਵਿਚਾਰ ਬੇਹੱਦ ਪਸੰਦ ਆਇਆ।

ਇਸ ਤੋਂ ਬਾਅਦ ਤਿੰਨਾਂ ਨੇ ਇਸ ਕੰਪਨੀ ਨੂੰ ਖੜ੍ਹਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।

ਸਾਲ 2009 ਵਿੱਚ ਉਨ੍ਹਾਂ ਨੇ ਆਪਣੀ-ਆਪਣੀ ਨੌਕਰੀਆਂ ਛੱਡ ਕੇ ਫੰਡਿੰਗ ਸਰਕਿਲ ਨਾਂ ਦੀ ਆਪਣੀ ਕੰਪਨੀ ਲਈ ਕੰਮ ਸ਼ੁਰੂ ਕਰ ਦਿੱਤਾ ।

ਇਸ ਤੋਂ ਬਾਅਦ ਸਾਲ 2010 ਵਿੱਚ ਇਸ ਕੰਪਨੀ ਨੂੰ ਅਧਿਕਾਰਕ ਤੌਰ 'ਤੇ ਲਾਂਚ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:-

ਇੱਕ ਮਹੀਨੇ ਪਹਿਲਾਂ ਇਨ੍ਹਾਂ ਤਿੰਨਾਂ ਦੋਸਤਾਂ ਦੀ ਇਹ ਕੰਪਨੀ ਲੰਡਨ ਸਟੌਕ ਐਕਸਚੇਂਜ ਵਿੱਚ ਰਜਿਸਟਰ ਹੋ ਗਈ ਹੈ।

ਇਸ ਵੇਲੇ ਇਸ ਕੰਪਨੀ ਦੀ ਕੀਮਤ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਲਗਾਈ ਗਈ ਹੈ। ਭਾਵੇਂ ਕੰਪਨੀ ਦਾ ਆਈਪੀਓ ਲਾਂਚ ਹੋਣ ਵੇਲੇ ਉਸ ਦੀ ਕੀਮਤ 1500 ਕਰੋੜ ਰੁਪਏ ਲਗਾਈ ਗਈ ਸੀ।

35 ਸਾਲ ਦੇ ਸਮੀਰ ਦੱਸਦੇ ਹਨ ਕਿ ਉਨ੍ਹਾਂ ਦੇ ਮਨ ਵਿੱਚ ਇਸ ਕੰਪਨੀ ਨੂੰ ਸ਼ੁਰੂ ਕਰਨ ਦਾ ਵਿਚਾਰ 2008 ਦਾ ਆਰਥਿਕ ਸੰਕਟ ਆਉਣ ਤੋਂ ਪਹਿਲਾਂ ਹੀ ਆਇਆ ਸੀ।

ਉਸ ਵੇਲੇ ਛੋਟੀਆਂ ਕੰਪਨੀਆਂ ਨੂੰ ਲੋਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਸਮੀਰ ਨੇ ਦੱਸਿਆ, "ਬੈਂਕ ਤੋਂ ਲੋਨ ਲੈਣ ਵਿੱਚ 15 ਤੋਂ 20 ਹਫ਼ਤਿਆਂ ਦਾ ਵਕਤ ਲੱਗਦਾ ਸੀ। ਮੈਨੂੰ ਅਹਿਸਾਸ ਹੋਇਆ ਕਿ ਕੋਈ ਵੀ ਬੈਂਕ ਛੋਟੀਆਂ ਕੰਪਨੀਆਂ ਨੂੰ ਆਪਣੇ ਪੈਸੇ ਦਾ ਬਹੁਤ ਛੋਟਾ ਹਿੱਸਾ ਲੋਨ 'ਤੇ ਦਿੰਦਾ ਹੈ।''

"ਪਰ ਇਹ ਛੋਟੀਆਂ ਕੰਪਨੀਆਂ ਸਮਾਜ ਲਈ ਬੇਹੱਦ ਅਹਿਮ ਹਨ ਕਿਉਂਕਿ ਇਹ ਨਿੱਜੀ ਖੇਤਰ ਵਿੱਚ ਕੰਮ ਕਰਨ ਵਾਲੇ 60 ਫੀਸਦ ਲੋਕਾਂ ਨੂੰ ਨੌਕਰੀਆਂ ਦਿੰਦੀਆਂ ਹਨ। ਇਨ੍ਹਾਂ ਕੰਪਨੀਆਂ ਦੀ ਸਮਾਜਿਕ ਲੋੜ ਵੱਧ ਹੈ ਪਰ ਬੈਂਕ ਇਨ੍ਹਾਂ ਕੰਪਨੀਆਂ ਦੀ ਘੱਟ ਪਰਵਾਹ ਕਰਦੇ ਹਨ।''

ਦੋਸਤਾਂ ਤੋਂ ਲਿਆ ਕਰਜ਼

ਲੰਦਨ ਵਿੱਚ ਇਸ ਕੰਪਨੀ ਨੂੰ ਖੜ੍ਹਾ ਕਰਨ ਲਈ ਸਮੀਰ ਅਤੇ ਉਨ੍ਹਾਂ ਦੇ ਦੋਸਤਾਂ ਨੇ ਦਰਜਨ ਦੇ ਕਰੀਬ ਨਿਵੇਸ਼ਕਾਂ ਤੋਂ ਫੰਡ ਹਾਸਿਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਮਿਲਣ ਵਾਲੇ ਲੋਕਾਂ ਤੋਂ ਵੀ ਆਪਣੀ ਕੰਪਨੀ ਵਿੱਚ ਨਿਵੇਸ਼ ਕਰਵਾਇਆ।

ਇਸ ਨਿਵੇਸ਼ ਨਾਲ ਇਹ ਲੋਕ ਫੰਡਿੰਗ ਸਰਕਿਲ ਦੀ ਵੈਬਸਾਈਟ ਨੂੰ ਚਲਾਉਣ ਲਈ ਜ਼ਰੂਰੀ ਤਕਨੀਕੀ ਢਾਂਚਾ ਬਣਾਉਣ ਦੇ ਕਾਬਿਲ ਹੋਏ।

ਪਰ ਛੋਟੀਆਂ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਵੈਬਸਾਈਟ 'ਤੇ ਲਿਆਉਣਾ ਆਪਣੇ ਆਪ ਵਿੱਚ ਇੱਕ ਮੁਸ਼ਕਿਲ ਕੰਮ ਸੀ।

ਸਮੀਰ ਕਹਿੰਦੇ ਹਨ, "ਸ਼ੁਰੂਆਤੀ ਦਿਨਾਂ ਵਿੱਚ ਇਹ ਕੁਝ ਇਸ ਤਰ੍ਹਾਂ ਸੀ ਕਿ ਦੁਨੀਆਂ ਵਿੱਚ ਅੰਡਾ ਪਹਿਲਾਂ ਆਇਆ ਜਾਂ ਮੁਰਗਾ। ਕੰਪਨੀਆਂ ਅਤੇ ਨਿਵੇਸ਼ਕਾਂ ਦੀ ਹਾਲਤ ਵੀ ਕੁਝ ਇਸੇ ਤਰ੍ਹਾਂ ਦੀ ਸੀ।''

ਇਸ ਸਮੱਸਿਆ ਨੂੰ ਹੱਲ ਕਰਨ ਲਈ ਸਮੀਰ ਦੀ ਕੰਪਨੀ ਨੇ ਇੱਕ ਕੈਸ਼ਬੈਕ ਡੀਲ ਸ਼ੁਰੂ ਕੀਤੀ।

ਇਸ ਦੇ ਤਹਿਤ ਕੰਪਨੀ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਲੋਨ ਲੈਣ ਵਾਲੀ ਕੰਪਨੀ ਤੋਂ 7 ਫੀਸਦ ਦੀ ਦਰ ਨਾਲ ਬਿਆਜ਼ ਮਿਲਦਾ ਹੈ ਅਤੇ ਫੰਡਿੰਗ ਸਰਕਲ ਵੱਲੋਂ 2 ਫੀਸਦ ਦਾ ਵਾਧੂ ਬਿਆਜ਼ ਮਿਲਦਾ ਹੈ।

ਜਦੋਂ ਆਉਣਾ ਸ਼ੁਰੂ ਹੋਏ ਨਿਵੇਸ਼ਕ

ਛੋਟੀ ਕੰਪਨੀਆਂ ਨੂੰ ਆਪਣੇ ਪਲੇਟਫਾਰਮ 'ਤੇ ਬੁਲਾਉਣ ਲਈ ਸਮੀਰ ਅਤੇ ਉਨ੍ਹਾਂ ਦੇ ਦੋਸਤ ਚਿੱਠੀ ਲਿਖਦੇ ਸਨ। ਉਨ੍ਹਾਂ ਕੰਪਨੀਆਂ ਨੂੰ ਇੰਨੀਆਂ ਚਿੱਠੀਆਂ ਭੇਜੀਆਂ ਕਿ ਜੇਮਜ਼ ਦੇ ਪਿਤਾ ਦਾ ਦਿੱਤਾ ਹੋਇਆ ਪ੍ਰਿੰਟਰ ਹੀ ਖਰਾਬ ਹੋ ਗਿਆ।

ਹਾਲਾਂਕਿ ਕੁਝ ਵਕਤ ਬਾਅਦ ਛੋਟੀਆਂ ਕੰਪਨੀਆਂ ਅਤੇ ਨਿਵੇਸ਼ਕਾਂ ਦੀ ਗਿਣਤੀ ਵਧਣ ਲੱਗੀ। ਸਾਲ 2011 ਵਿੱਚ ਫੰਡਿੰਗ ਸਰਕਿਲ ਨੇ 23 ਕਰੋੜ ਰੁਪਏ ਦੀ ਫੰਡਿੰਗ ਇਕੱਠਾ ਕਰ ਲਈ। ਇਸ ਤੋਂ ਬਾਅਦ ਉਨ੍ਹਾਂ ਦਾ ਫੰਡ 23 ਅਰਬ ਰੁਪਏ ਤੱਕ ਪਹੁੰਚ ਗਿਆ।

ਹੁਣ ਤੱਕ 50 ਹਜ਼ਾਰ ਛੋਟੀਆਂ ਕੰਪਨੀਆਂ ਅਤੇ 80 ਹਜ਼ਾਰ ਨਿਵੇਸ਼ਕ ਉਨ੍ਹਾਂ ਦੀ ਕੰਪਨੀ ਦਾ ਇਸਤੇਮਾਲ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਦੀ ਇਹ ਕੰਪਨੀ ਹੁਣ ਅਮਰੀਕਾ ਦੇ ਨਾਲ-ਨਾਲ ਜਰਮਨੀ ਅਤੇ ਨੀਦਰਲੈਂਡ ਤੱਕ ਪਹੁੰਚ ਚੁੱਕੀ ਹੈ।

ਫੰਡਿੰਗ ਸਰਕਿਲ ਲੋਨ ਲੈਣ ਵਾਲਿਆਂ ਤੋਂ ਇੱਕ ਫੀਸਦ ਤੋਂ ਲੈ ਕੇ 7 ਫੀਸਦ ਦੀ ਦਰ ਨਾਲ ਬਿਆਜ਼ ਲੈਂਦੀ ਹੈ। ਇਸ ਦੇ ਨਾਲ ਹੀ ਫੰਡਿੰਗ ਸਰਕਿਲ ਇੱਕ ਫੀਸਦ ਸਰਵਿਸ ਫੀਸ ਲੈਂਦੀ ਹੈ।

ਭਾਵੇਂ ਸਮੀਰ ਅਤੇ ਉਨ੍ਹਾਂ ਦੇ ਦੋਸਤ ਦੀ ਇਸ ਕੰਪਨੀ ਨੇ ਹੁਣ ਤੱਕ ਫਾਇਦਾ ਕਮਾਉਣਾ ਸ਼ੁਰੂ ਨਹੀਂ ਕੀਤਾ ਹੈ।

ਪਰ ਸਮੀਰ ਕਹਿੰਦੇ ਹਨ ਕਿ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਕੰਪਨੀ ਨੇ ਹੁਣ ਤੱਕ ਵਿਸਥਾਰ ਵਿੱਚ ਹੀ ਨਿਵੇਸ਼ ਕੀਤਾ ਹੈ।

ਉਹ ਦੱਸਦੇ ਹਨ, "ਸਾਡੀ ਕੰਪਨੀ ਤੇਜ਼ੀ ਨਾਲ ਵਧ ਰਹੀ ਹੈ। ਸਾਡੇ ਨਜ਼ਰੀਏ ਤੋਂ ਦੇਖੋ ਤਾਂ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਫੰਡਿੰਗ ਸਰਕਿਲ ਛੋਟੀਆਂ ਕੰਪਨੀਆਂ ਦੇ ਸਾਹਮਣੇ ਲੋਨ ਲੈਣ ਲਈ ਪਹਿਲੀ ਪਸੰਦ ਬਣ ਜਾਵੇ।''

ਪਿਛਲੇ ਹਫ਼ਤੇ ਇਸ ਕੰਪਨੀ ਨੇ ਐਲਾਨ ਕੀਤਾ ਸੀ ਕਿ ਫੰਡਿੰਗ ਸਰਕਿਲ ਨੇ ਬੀਤੀ 30 ਸਤੰਬਰ ਤੱਕ ਛੋਟੀਆਂ ਫਰਮਾਂ ਲਈ ਕੁੱਲ 2 ਖਰਬ 67 ਅਰਬ ਰੁਪਏ ਦਾ ਕਰਜ਼ ਇਕੱਠਾ ਕੀਤਾ ਹੈ।

ਤੁਹਾਨੂੰ ਇਹ ਵੀਡੀਓ ਵੀ ਵਧੀਆ ਲੱਗ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)