ਭਗਵੰਤ ਮਾਨ ਸੰਗਰੂਰ ਤੋਂ ਹੀ ਲੜਨਗੇ ਚੋਣ, 'ਆਪ' ਦੇ 5 ਉਮੀਦਵਾਰ ਤੈਅ: 5 ਅਹਿਮ ਖ਼ਬਰਾਂ

ਆਮ ਆਦਮੀ ਪਾਰਟੀ ਦੀ ਪੰਜਾਬ ਕੋਰ ਕਮੇਟੀ ਨੇ ਸੂਬੇ ਦੀਆਂ 13 ਲੋਕ ਸਭਾ ਸੀਟਾਂ 'ਚੋਂ ਪੰਜ ਲਈ ਉਮੀਦਵਾਰ ਚੁਣ ਲੈਣ ਦਾ ਐਲਾਨ ਕੀਤਾ ਹੈ, ਹਾਲਾਂਕਿ ਸਿਰਫ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਤੇ ਸਾਧੂ ਸਿੰਘ ਦੇ ਹੀ ਨਾਂ ਐਲਾਨੇ ਗਏ ਹਨ।

ਕਮੇਟੀ ਪ੍ਰਧਾਨ ਬੁੱਧ ਰਾਮ ਨੇ ਬਾਕੀ ਨਾਂ ਤਾਂ ਨਹੀਂ ਦੱਸੇ ਪਰ ਇਹ ਦੱਸਿਆ ਕਿ ਭਗਵੰਤ ਮਾਨ (ਸੰਗਰੂਰ) ਤੇ ਸਾਧੂ ਸਿੰਘ (ਫਰੀਦਕੋਟ) ਆਪਣੇ ਮੌਜੂਦਾ ਹਲਕਿਆਂ ਤੋਂ ਹੋ ਲੜਨਗੇ।

ਭਗਵੰਤ ਮਾਨ ਬਾਰੇ ਅਟਕਲਾਂ ਸਨ ਕਿ ਉਹ 2019 'ਚ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਿੱਧੀ ਚੁਣੌਤੀ ਦੇਣਗੇ।

ਇਹ ਵੀ ਪੜ੍ਹੋ

ਮਾਨ ਮੁਤਾਬਕ ਇਹ ਪਾਰਟੀ ਦਾ ਫੈਸਲਾ ਹੈ ਕਿ ਉਹ ਆਪਣੇ ਜੱਦੀ ਇਲਾਕੇ ਸੰਗਰੂਰ ਤੋਂ ਹੀ ਚੋਣਾਂ 'ਚ ਮੁੜ ਖੜ੍ਹੇ ਹੋਣ। ਹਿੰਦੁਸਤਾਨ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਸਾਰੇ 13 ਉਮੀਦਵਾਰਾਂ ਦੇ ਨਾਂ ਇਸੇ ਮਹੀਨੇ ਤੈਅ ਹੋ ਜਾਣਗੇ।

ਪੰਜਾਬ 'ਚ ਆਨਲਾਈਨ ਵਿਕੇਗਾ ਰੇਤਾ: ਸੂਬਾ ਸਰਕਾਰ ਦੀ ਮਾਈਨਿੰਗ ਨੀਤੀ 'ਤੇ ਮੋਹਰ, ਸਸਤੇ ਭਾਅ ਦਾ ਦਾਅਵਾ

ਪੰਜਾਬ ਕੈਬਨਿਟ ਨੇ ਸੂਬੇ ਦੀ ਮਾਈਨਿੰਗ ਨੀਤੀ 'ਤੇ ਬੁੱਧਵਾਰ ਨੂੰ ਮੋਹਰ ਲਾ ਦਿੱਤੀ ਹੈ ਅਤੇ ਦਾਅਵਾ ਕੀਤਾ ਕਿ ਇਸ ਰਾਹੀਂ ਸਰਕਾਰ ਦੀ ਆਮਦਨ ਵਧੇਗੀ ਤੇ ਲੋਕਾਂ ਨੂੰ ਸਸਤੇ ਭਾਅ ਰੇਤ 'ਤੇ ਬਜਰੀ ਮਿਲ ਸਕਣਗੇ।

ਨਵੀਂ ਨੀਤੀ ਅਨੁਸਾਰ ਇੱਕ-ਇੱਕ ਖਾਣ ਦੀ ਥਾਂ ਕਲਸਟਰਾਂ ਦੀ ਬੋਲੀ ਹੋਵੇਗੀ ਅਤੇ ਕੀਮਤਾਂ 'ਤੇ ਕਾਬੂ ਰੱਖਣ ਲਈ ਮਾਈਨਿੰਗ ਦੀਆਂ ਥਾਂਵਾਂ 'ਤੇ ਰੇਤ ਅਤੇ ਬੱਜਰੀ 9 ਰੁਪਏ ਪ੍ਰਤੀ ਫੁੱਟ ਤੋਂ ਜ਼ਿਆਦਾ ਕੀਮਤ 'ਤੇ ਨਹੀਂ ਵੇਚੀ ਜਾਵੇਗੀ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਤਸਕਰੀ ਨੂੰ ਰੋਕਣ ਵਿਚ ਮਦਦ ਮਿਲੇਗੀ, ਜਦਕਿ ਕਾਰੋਬਾਰੀਆਂ ਅਨੁਸਾਰ ਇਸ ਨਾਲ ਛੋਟੇ ਉਦਮੀ ਬਾਹਰ ਹੋ ਜਾਣਗੇ।

ਇਹ ਵੀ ਪੜ੍ਹੋ

ਕੈਬਨਿਟ ਮੀਟਿੰਗ ਤੋਂ ਬਾਅਦ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਵਿਭਾਗ ਦੇ ਦਫਤਰ ਰਾਹੀਂ ਆਨਲਾਈਨ ਆਰਡਰ ਬੁੱਕ ਕੀਤੇ ਜਾ ਸਕਣਗੇ ਜਿਸ ਵਾਸਤੇ ਮੋਬਾਈਲ ਐਪ ਛੇਤੀ ਲਾਂਚ ਕੀਤੀ ਜਾਵੇਗੀ।

ਖਣਨ ਵਿਭਾਗ ਵਿਕਰੀ ਵਾਸਤੇ ਪੰਜਾਬ ਸੈਂਡ ਪੋਰਟਲ (ਵੈੱਬਸਾਈਟ) ਵੀ ਜਾਰੀ ਕਰੇਗਾ। ਹਰੇਕ ਠੇਕੇਦਾਰ ਇਸ ਪੋਰਟਲ 'ਤੇ ਰੇਤ ਦੇ ਭਾਅ ਨੂੰ ਦਰਸਾਏਗਾ।

ਚੰਡੀਗੜ੍ਹ 'ਤੇ ਦਾਅਵਾ: ਕੇਂਦਰ ਸਰਕਾਰ ਨੇ ਪਿਛਾਂ ਪੁੱਟੇ ਕਦਮ, ਡੀਐੱਸਪੀ ਨਹੀਂ ਭੇਜੇ ਜਾਣਗੇ ਬਾਹਰ

ਪੰਜਾਬ ਦੀ ਕਾਂਗਰਸ ਸਰਕਾਰ ਅਤੇ ਆਪਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਆਖਿਰ ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਜਾਰੀ ਕੀਤੀ ਨੋਟੀਫਿਕੇਸ਼ਨ ਵਾਪਸ ਲੈ ਲਈ ਹੈ।

ਇਸ ਦੇ ਤਹਿਤ ਚੰਡੀਗੜ੍ਹ ਦੇ ਗੈਰ-ਆਈਪੀਐੱਸ ਪੁਲਿਸ ਅਫਸਰਾਂ ਨੂੰ ਬਾਕੀ ਕੇਂਦਰ-ਸ਼ਾਸਿਤ ਪ੍ਰਦੇਸ਼ਾਂ 'ਚ ਭੇਜਿਆ ਜਾ ਸਕਦਾ ਸੀ।

‘ਦਿ ਵੀਕ’ ਮੈਗਜ਼ੀਨ ਦੀ ਵੈੱਬਸਾਈਟ ਮੁਤਾਬਕ ਭਾਜਪਾ ਦੀ ਅਗੁਆਈ ਵਾਲੀ ਕੇਂਦਰ ਸਰਕਾਰ ਨੇ ਰਾਜਧਾਨੀ ਦਿੱਲੀ ਦੇ ਨਾਲ-ਨਾਲ ਦੇਸ਼ ਦੇ ਸੱਤ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਪੁਲਿਸ ਕਾਡਰਾਂ ਨੂੰ ਇੱਕ ਬਣਾ ਦਿੱਤਾ ਸੀ, ਜਿਸ ਦਾ ਪੰਜਾਬ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ।

ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੱਖ-ਵੱਖ ਪੱਤਰ ਲਿਖ ਕੇ ਇਸ ਕਦਮ ਨੂੰ ਪੰਜਾਬ ਦੇ ਹੱਕਾਂ 'ਤੇ ਮਾਰ ਕਰਾਰ ਦਿੱਤਾ ਸੀ। ਦਾਅਵਾ ਸੀ ਕਿ ਇਹ ਪੰਜਾਬ ਤੇ ਹਰਿਆਣਾ ਤੋਂ 60:40 ਦੇ ਅਨੁਪਾਤ ਨਾਲ ਅਧਿਕਾਰੀਆਂ ਦੀ ਭਰਤੀ ਦੇ ਵਾਅਦੇ ਦੀ ਉਲੰਘਣਾ ਕਰੇਗਾ।

ਇਹ ਵੀ ਪੜ੍ਹੋ

ਹਰਿਆਣਾ 'ਚ ਬੱਸਾਂ ਦੀ ਹੜਤਾਲ ਹੁਣ ਸ਼ੁੱਕਰਵਾਰ ਤੱਕ, 200 ਤੋਂ ਵੱਧ ਮੁਲਾਜ਼ਮ ਬਰਖ਼ਾਸਤ

ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਨੇ ਬੱਸਾਂ ਦੀ ਹੜਤਾਲ ਘੱਟੋ-ਘੱਟ ਸ਼ੁੱਕਰਵਾਰ, 19 ਅਕਤੂਬਰ, ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਦੂਜੇ ਪਾਸੇ ਸੂਬਾ ਸਰਕਾਰ ਨੇ ਮੰਗਲਵਾਰ ਤੋਂ ਜਾਰੀ ਹੜਤਾਲ ਨੂੰ ਗੈਰ-ਕਾਨੂੰਨੀ ਦੱਸਿਆ ਹੈ ਅਤੇ ਠੇਕੇ 'ਤੇ ਰੱਖੇ 252 ਡਰਾਈਵਰਾਂ ਨੂੰ ਨੌਕਰਿਓਂ ਕੱਢ ਦਿੱਤਾ ਹੈ।

ਹੜਤਾਲੀ ਮੁਲਾਜ਼ਮ ਹਰਿਆਣਾ ਦੀ ਸਰਕਾਰੀ ਬੱਸ ਸੇਵਾ 'ਚ 700 ਨਿੱਜੀ ਬੱਸਾਂ ਦੀ ਭਰਤੀ ਦਾ ਵਿਰੋਧ ਕਰ ਰਹੇ ਹਨ। ਸਰਕਾਰ ਕਹਿ ਰਹੀ ਹੈ ਕਿ ਇਹ ਸਗੋਂ ਸੇਵਾ ਨੂੰ ਬਿਹਤਰ ਕਰਨ ਵੱਲ ਲਿਆ ਕਦਮ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਟਰਾਂਸਪੋਰਟ ਵਿਭਾਗ ਦੇ ਐਡੀਸ਼ਨਲ ਚੀਫ਼ ਸਕੱਤਰ ਨੇ ਦੱਸਿਆ ਕਿ ਸਰਕਾਰ ਨੇ ਕਰੀਬ 500 ਨਵੇਂ ਡਰਾਈਵਰਾਂ ਦੀ ਭਰਤੀ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮੁਤਾਬਕ ਹੜਤਾਲੀ ਮੁਲਾਜ਼ਮਾਂ ਨੂੰ ਸਰਕਾਰ ਦੇ ਨਵੇਂ ਉਪਰਾਲਿਆਂ ਬਾਰੇ ਗ਼ਲਤਫਹਿਮੀਆਂ ਹਨ।

ਕ੍ਰਿਮੀਆ: ਕਾਲਜ 'ਚ ਗੋਲੀਬਾਰੀ, 19 ਹਲਾਕ

ਰੂਸ ਦੇ ਕਬਜ਼ੇ ਹੇਠਾਂ ਆਉਂਦੇ ਕ੍ਰਿਮੀਆ ਸੂਬੇ ਦੇ ਇੱਕ ਕਾਲਜ 'ਚ ਇੱਕ 18-ਸਾਲਾ ਮੁੰਡੇ ਨੇ ਘੱਟੋ-ਘੱਟ 19 ਵਿਅਕਤੀਆਂ ਨੂੰ ਗੋਲੀਬਾਰੀ 'ਚ ਹਲਾਕ ਕਰ ਦਿੱਤਾ।

ਹਾਲਾਂਕਿ ਅਜੇ ਸਾਫ ਜਾਣਕਾਰੀ ਨਹੀਂ ਮਿਲੀ ਹੈ ਪਰ ਕੁਝ ਰਿਪੋਰਟਾਂ ਮੁਤਾਬਕ ਆਰੋਪੀ ਵਲਾਦਿਸਲਾਵ ਰੋਸਲੀਕੋਵ ਨੇ ਇੱਕ ਤੋਂ ਬਾਅਦ ਇੱਕ ਕਮਰੇ 'ਚ ਵੜ ਕੇ ਗੋਲੀਆਂ ਚਲਾਈਆਂ ਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਕਾਰਣ ਵੀ ਅਜੇ ਸਾਫ ਨਹੀਂ ਹੈ।

ਰੂਸ ਨੇ 2014 'ਚ ਯੂਕ੍ਰੇਨ ਤੋਂ ਇਹ ਸੂਬਾ ਖੋਹ ਲਿਆ ਸੀ। ਇਸ ਦੀ ਕਈ ਦੇਸ਼ਾਂ ਨੇ ਨਿਖੇਧੀ ਕੀਤੀ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, YouTube 'ਤੇ ਜੁੜੋ।)