ਮਿਸਾਈਲ ਵਿਗਿਆਨੀ ਪਾਕਿਸਤਾਨ ਲਈ ਜਾਸੂਸੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ

ਨਾਗਪੁਰ 'ਚ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗਨਾਈਜ਼ੇਸ਼ਨ ਦੇ ਬ੍ਰਾਹਮੋਸ ਮਿਸਾਈਲ ਪ੍ਰੋਜੈਕਟ 'ਚ ਇੰਜੀਨੀਅਰ ਨਿਸ਼ਾਂਤ ਅਗਰਵਾਲ ਨੂੰ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੀ ਪੁਲਿਸ ਦੇ ਅੱਤਵਾਦ ਵਿਰੋਧੀ ਦਸਤਿਆਂ ਵੱਲੋਂ ਸੋਮਵਾਰ ਨੂੰ ਜਾਸੂਸੀ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਨੇ ਕਾਰਵਾਈ ਇੰਟੈਲੀਜੈਂਸ ਯੂਨਿਟ ਦੇ ਨਿਰਦੇਸ਼ਾਂ ਮੁਤਾਬਕ ਕੀਤੀ।

ਯੂਪੀ ਦੇ ਆਈਜੀ ਅਸੀਮ ਅਰੁਣ ਨੇ ਪੱਤਰਕਾਰਾਂ ਨੂੰ ਦੱਸਿਆ, "ਨਾਗਪੁਰ 'ਚ ਕਾਨੂੰਨੀ ਕਾਰਵਾਈ ਤੋਂ ਬਾਅਦ ਅਸੀਂ ਨਿਸ਼ਾਂਤ ਨੂੰ ਲਖਨਊ ਲਿਜਾਵਾਂਗੇ।"

ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕਿ ਅਜੇ ਨਿਸ਼ਾਂਤ ਉੱਪਰ ਗੁਪਤ ਚੀਜ਼ਾਂ ਰੱਖਣ ਦਾ ਹੀ ਇਲਜ਼ਾਮ ਹੈ।

"ਨਿਸ਼ਾਂਤ ਨੇ ਇਹ ਜਾਣਕਾਰੀ ਕਿਸੇ ਨੂੰ ਭੇਜੀ ਜਾਂ ਨਹੀਂ, ਉਸ ਨੂੰ ਕੋਈ ਪੈਸੇ ਵੀ ਮਿਲੇ, ਇਹ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।"

ਇਹ ਵੀ ਪੜ੍ਹੋ

'ਹਨੀ ਟਰੈਪ' ਦਾ ਮਾਮਲਾ

ਜਾਂਚ ਅਧਿਕਾਰੀ ਇਹ ਵੇਖ ਰਹੇ ਹਨ ਕਿ ਕੀ ਇਸ ਨੌਜਵਾਨ ਵਿਗਿਆਨੀ ਨੇ ਬ੍ਰਾਹਮੋਸ ਮਿਸਾਇਲ ਨਾਲ ਜੁੜੀ ਕੋਈ ਤਕਨੀਕੀ ਜਾਣਕਾਰੀ ਜਾਂ ਕੋਈ ਹੋਰ ਅਜਿਹੀ ਚੀਜ਼ ਤਾਂ ਪਾਕਿਸਤਾਨ ਦੀ ਆਈਐੱਸਆਈ ਨੂੰ ਨਹੀਂ ਦੇ ਦਿੱਤੀ।

ਅਸੀਮ ਅਰੁਣ ਮੁਤਾਬਕ ਇਹ 'ਹਨੀ ਟਰੈਪ' ਦਾ ਮਾਮਲਾ ਹੋ ਸਕਦਾ ਹੈ, ਭਾਵ ਪ੍ਰੇਮ ਜਾਂ ਸੈਕਸ ਦੇ ਲਾਲਚ ਵਿੱਚ ਕਿਸੇ ਨੂੰ ਫਸਾਉਣਾ।

ਉਨ੍ਹਾਂ ਮੁਤਾਬਕ ਨਿਸ਼ਾਂਤ ਆਪਣੇ ਫੇਸਬੁੱਕ ਤੋਂ ਦੋ ਔਰਤਾਂ ਦੇ ਨਾਂਵਾਂ ਨਾਲ ਬਣੀਆਂ ਪ੍ਰੋਫਾਈਲਾਂ ਨੂੰ ਚਲਾਉਣ ਵਾਲਿਆਂ ਨਾਲ ਚੈਟਿੰਗ ਕਰਦਾ ਸੀ।

ਇਸ ਮਾਮਲੇ 'ਚ ਕਾਨਪੁਰ ਤੇ ਆਗਰਾ 'ਚ ਵੀ ਇੱਕ ਇੱਕ ਬੰਦੇ ਦੀ ਤਲਾਸ਼ੀ ਹੋਈ, ਪੁੱਛਗਿੱਛ ਹੋਈ ਅਤੇ ਪਰੀਖਣ ਲਈ ਲੈਪਟਾਪ ਜ਼ਬਤ ਕਰ ਲਏ ਗਏ ਹਨ।

ਆਈਆਈਟੀ ਤੋਂ ਪੜ੍ਹਾਈ

ਨਿਸ਼ਾਂਤ ਚਾਰ ਸਾਲਾਂ ਤੋਂ ਬ੍ਰਾਹਮੋਸ ਮਿਸਾਇਲ ਯੂਨਿਟ ਦੇ ਪ੍ਰੋਜੈਕਟ 'ਚ ਕੰਮ ਕਰ ਰਿਹਾ ਸੀ ਅਤੇ 2017-18 ਉਸ ਨੂੰ 'ਯੁਵਾ ਵਿਗਿਆਨਿਕ ਪੁਰਸਕਾਰ' ਨਾਲ ਵੀ ਨਵਾਜ਼ਿਆ ਗਿਆ ਸੀ। ਉਸ ਦੇ ਫੇਸਬੁੱਕ ਅਕਾਊਂਟ ਉੱਪਰ ਇਸਦੀ ਤਸਵੀਰ ਵੀ ਹੈ।

ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ, ਕੁਰੂਕਸ਼ੇਤਰ, ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਚੁੱਕੇ ਨਿਸ਼ਾਂਤ ਆਈਆਈਟੀ ਰੁੜਕੀ 'ਚ ਰਿਸਰਚ ਇੰਟਰਨ ਰਹਿ ਚੁੱਕੇ ਹਨ।

ਉੱਤਰਾਖੰਡ ਨਿਵਾਸੀ ਨਿਸ਼ਾਂਤ ਦੇ ਫੇਸਬੁੱਕ ਪੇਜ 'ਤੇ ਦੇਖੋ ਤਾਂ ਉਹ ਬਹਿਤਰੀਨ ਕੱਪੜੇ ਤੇ ਬਾਈਕ ਦਾ ਸ਼ੌਕੀਨ ਹੈ।

ਇਹ ਵੀ ਪੜ੍ਹੋ

ਨਾਗਪੁਰ 'ਚ ਉਹ ਵਰਧਾ ਹਾਈਵੇ ਨਾਲ ਲੱਗਦੇ ਉੱਜਵਲ ਨਗਰ ਇਲਾਕੇ 'ਚ ਕਿਰਾਏ 'ਤੇ ਰਹਿੰਦਾ ਹੈ।

ਮਕਾਨ ਮਾਲਕ ਮਨੋਹਰ ਕਾਲੇ ਨੇ ਬੀਬੀਸੀ ਨੂੰ ਦੱਸਿਆ, "ਨਿਸ਼ਾਂਤ ਪਿਛਲੇ ਚਾਰ ਸਾਲਾਂ ਤੋਂ ਇੱਥੇ ਹੀ ਰਹਿ ਰਿਹਾ ਹੈ। ਇਸੇ ਸਾਲ ਮਾਰਚ ਵਿੱਚ ਉਸ ਦਾ ਵਿਆਹ ਹੋਇਆ ਹੈ। ਕੁਝ ਅਧਿਕਾਰੀ ਆਏ ਸਨ ਪਰ ਸਾਨੂੰ ਉਨ੍ਹਾਂ ਬਾਰੇ ਜਾਂ ਉਨ੍ਹਾਂ ਦਿ ਕਾਰਵਾਈ ਬਾਰੇ ਕੁਝ ਨਹੀਂ ਪਤਾ।"

2 ਹੋਰ ਅਧਿਕਾਰੀ ਸ਼ੱਕ ਦੇ ਘੇਰੇ 'ਚ

ਇਸ ਮਾਮਲੇ 'ਚ ਕਾਨਪੁਰ ਦੀ ਸੁਰੱਖਿਆ ਪ੍ਰਯੋਗਸ਼ਾਲਾ ਦੇ ਦੋ ਹੋਰ ਵਿਗਿਆਨੀ ਵੀ ਜਾਂਚ ਦੇ ਘੇਰੇ 'ਚ ਹਨ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਜਾ ਚੁੱਕਾ ਹੈ।

ਸੇਵਾਮੁਕਤ ਆਈਪੀਐੱਸ ਅਧਿਕਾਰੀ ਪੀ.ਕੇ. ਚੱਕਰਬਰਤੀ, ਜੋਕਿ ਮਹਾਰਾਸ਼ਟਰ ਦੇ ਡੀਜੀਪੀ ਰਹਿ ਚੁੱਕੇ ਹਨ, ਨੇ ਬੇਬੀਸੀ ਨਾਲ ਗੱਲ ਕਰਦਿਆਂ ਇਸ ਨੂੰ ਬੇਹੱਦ ਗੰਭੀਰ ਮਾਮਲਾ ਦੱਸਿਆ।

ਉਨ੍ਹਾਂ ਕਿਹਾ, "ਜਾਸੂਸੀ ਲਈ ਆਫੀਸ਼ੀਅਲ ਸੀਕਰੇਟਸ ਐਕਟ ਦੀਆਂ ਧਾਰਾਵਾਂ ਲਾਗੂ ਹੋ ਸਕਦੀਆਂ ਹਨ। ਜਦੋਂ ਇਹ ਕੰਮ ਦੇਸ਼ ਦੇ ਖਿਲਾਫ ਹੁੰਦਾ ਹੈ ਤਾਂ ਦੇਸ਼ਧਰੋਹ ਦਾ ਮਾਮਲਾ ਬਣਦਾ ਹੈ। ਸਭ ਕੁਝ ਸਬੂਤਾਂ 'ਤੇ ਨਿਰਭਰ ਹੁੰਦਾ ਹੈ। ਇਹ ਪਹਿਲਾ ਮਾਮਲਾ ਨਹੀਂ ਹੈ।"

ਇਹ ਵੀ ਪੜ੍ਹੋ

ਸੁਰੱਖਿਆ ਮਾਮਲਿਆਂ ਦੇ ਮਾਹਰ, ਸੇਵਾਮੁਕਤ ਕਰਨਲ ਅਭੈਅ ਪਟਵਰਧਨ ਇਸ ਬਾਰੇ ਕਹਿੰਦੇ ਹਨ, "ਇਸ ਮਾਮਲੇ 'ਚ ਕੋਈ ਨਾ ਕੋਈ ਅਜਿਹਾ ਬੰਦਾ ਸ਼ਾਮਲ ਹੋਵੇਗਾ ਜਿਸ ਨੂੰ ਗੁਪਤ ਜਾਣਕਾਰੀ ਦੇ ਪ੍ਰਿੰਟ-ਆਊਟ ਦਿੱਤੇ ਜਾਂਦੇ ਹੋਣਗੇ, ਕਿਉਂਕਿ ਸਰਕਾਰੀ ਏਜੰਸੀਆਂ ਇੰਟਰਨੈੱਟ ਤੇ ਸੋਸ਼ਲ ਮੀਡੀਆ ਉੱਪਰ ਨਜ਼ਰ ਰੱਖਦੀਆਂ ਹਨ।"

ਕੀ ਹੈ ਬ੍ਰਾਹਮੋਸ?

ਭਾਰਤ ਤੇ ਰੂਸ ਵੱਲੋਂ ਰੱਲ ਕੇ ਬਣਾਈ ਬ੍ਰਾਹਮੋਸ ਘੱਟ ਦੂਰੀ ਦੀ ਸੁਪਰਸੋਨਿਕ ਕਰੂਜ਼ ਮਿਸਾਇਲ ਹੈ। ਰਡਾਰ ਦੀਆਂ ਨਜ਼ਰਾਂ ਤੋਂ ਬਚਾ ਕੇ ਦਸ ਮੀਟਰ ਦੀ ਊਂਚਾਈ ਤੋਂ ਵੀ ਇਸ ਨੂੰ ਦਾਗਿਆ ਜਾ ਸਕਦਾ ਹੈ।

ਅਮਰੀਕੀ ਟਾਮ ਹਾਕ ਮਿਸਾਇਲ ਤੋਂ ਬਹਿਤਰ ਮੰਨੀ ਜਾਂਦੀ ਬ੍ਰਾਹਮੋਸ ਨੂੰ ਜ਼ਮੀਨ, ਪਣਡੁੱਬੀ ਜਾਂ ਅਸਮਾਨ, ਕਿਤੋਂ ਵੀ ਲਾਂਚ ਕੀਤਾ ਜਾ ਸਕਦਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ।)