ਇੰਟਰਪੋਲ ਦਾ ਲਾਪਤਾ ਮੁਖੀ ਇਸ ਲਈ ਚੀਨੀ ਹਿਰਾਸਤ 'ਚ

ਚੀਨ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਹਿਰਾਸਤ ਵਿੱਚ ਲਏ ਗਏ ਇੰਟਰਪੋਲ ਮੁਖੀ ਮੈਂਗ ਹੌਂਗਵਈ ਤੋਂ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਦੋਂ ਹੌਂਗਵਈ ਲਾਪਤਾ ਹੋਣ ਦਾ ਖੁਲਾਸਾ ਹੋਇਆ ਤਾਂ ਉਹ ਇੰਟਰਪੋਲ ਦੇ ਫਰਾਂਸ ਵਿਚਲੇ ਹੈਡਕੁਆਰਟਰ ਤੋਂ ਚੀਨ ਜਾ ਰਹੇ ਸਨ।

ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਜਿਸ ਦਿਨ ਉਹ ਲਾਪਤ ਹੋਏ ਸਨ ਉਸ ਦਿਨ ਉਨ੍ਹਾਂ ਨੇ ਛੁਰੀ ਦੇ ਈਮੋਜੀ ਵਾਲਾ ਇੱਕ ਸੁਨੇਹਾ ਮੋਬਾਈਲ ਉੱਪਰ ਭੇਜਿਆ ਸੀ।

ਮੈਂਗ ਹੌਂਗਵਈ ਚੀਨ ਦੇ ਨਾਗਰਿਕ ਸੁਰੱਖਿਆ ਮੰਤਰਾਲੇ ਦੇ ਉੱਪ-ਮੰਤਰੀ ਵੀ ਹਨ।

ਇਹ ਵੀ ਪੜ੍ਹੋ꞉

ਆਪਣੇ ਐਲਾਨ ਵਿੱਚ ਚੀਨ ਦੇ ਨਾਗਰਿਕ ਸੁਰੱਖਿਆ ਮੰਤਰੀ ਨੇ ਇਸ ਪੁੱਛਗਿੱਛ ਨੂੰ ਸਹੀ ਦੱਸਿਆ ਕਿ ਇਹ ਕਦਮ ਰਾਸ਼ਟਰਪਤੀ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਹਿੱਸਾ ਹੈ।

ਇੰਟਰਪੋਲ ਆਪਣੇ ਮੈਂਬਰ ਦੇਸਾਂ ਦੀ ਪੁਲਿਸ ਵਿੱਚ ਤਾਲਮੇਲ ਕਾਇਮ ਕਰਦੀ ਹੈ। ਇਹ ਭਗੌੜੇ ਅਤੇ ਪੁਲਿਸ ਨੂੰ ਲੋੜੀਂਦੇ ਮੁਲਜ਼ਮਾਂ ਦੀ ਭਾਲ ਵੀ ਵਿੱਚ ਵੀ ਤਾਲਮੇਲ ਕਰਦੀ ਹੈ।

ਇਸ ਦੇ ਮੁੱਖ ਦਫ਼ਤਰ ਵਿੱਚ ਇਕ ਜਨਰਲ ਸਕੱਤਰ ਹੁੰਦਾ ਹੈ ਜੋਂ 192 ਮੈਂਬਰਾਂ ਦੇ ਰੋਜ਼ਾਨਾ ਦੇ ਕੰਮਕਾਜ ਦੀ ਨਜ਼ਰਸਾਨੀ ਰੱਖਦਾ ਹੈ। ਮੈਂਗ ਹੌਂਗਵਈ ਨਵੰਬਰ 2016 ਵਿੱਚ ਇਸ ਦੇ ਮੁਖੀ ਚੁਣੇ ਗਏ ਸਨ ਅਤੇ ਉਨ੍ਹਾਂ 2020 ਤੱਕ ਇਸ ਅਹੁਦੇ ਉੱਪਰ ਰਹਿਣਾ ਸੀ।

ਉਨ੍ਹਾਂ ਨੂੰ ਚੀਨ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੀ 40 ਸਾਲ ਦਾ, ਖ਼ਾਸ ਕਰਕੇ ਨਸ਼ੇ, ਅੱਤਵਾਦ ਵਿਰੋਧੀ ਅਤੇ ਸਰਹੱਦੀ ਨਿਗਰਾਨੀ ਦੇ ਖੇਤਰ ਵਿੱਚ ਤਜ਼ਰਬਾ ਹੈ।

ਉਨ੍ਹਾਂ ਦੀ ਚੋਣ ਮਗਰੋਂ ਮਨੁੱਖੀ ਅਧਿਕਾਰਾਂ ਬਾਰੇ ਕੰਮ ਕਰਨ ਵਾਲੇ ਸਮੂਹਾਂ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਇਸ ਨਾਲ ਚੀਨ ਨੂੰ ਆਪਣੇ ਸਿਆਸੀ ਵਿਰੋਧੀਆਂ ਨੂੰ ਕੁਚਲਣ ਵਿੱਚ ਮਦਦ ਮਿਲੇਗੀ।

ਸ਼ੁੱਕਰਵਾਰ ਨੂੰ ਉਨ੍ਹਾਂ ਦੇ ਲਾਪਤਾ ਹੋਣ ਦੇ ਸਮੇਂ ਤੋਂ ਹੀ ਕਿਆਸ ਲਾਏ ਜਾ ਰਹੇ ਸਨ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪਿਛਲੇ ਮਹੀਨਿਆਂ ਦੌਰਾਨ ਚੀਨ ਦੇ ਕਈ ਧਨ ਕੁਬੇਰਾਂ ਸਮੇਤ ਕਈ ਉੱਘੀਆਂ ਹਸਤੀਆਂ ਗਾਇਬ ਹੋਈਆਂ ਹਨ।

ਜਦੋਂ ਮੈਂਗ ਹੌਂਗਵਈ ਲਾਪਤਾ ਹੋਏ ਸਨ ਤਾਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦਾ ਇੰਟਰਪੋਲ ਵਿੱਚ ਰੁਤਬਾ ਚੀਨ ਲਈ ਇੱਕ ਵੱਡੀ ਉਪਲਬਦੀ ਹੈ। ਇਸ ਲਈ ਇਹ ਸਾਫ ਨਹੀਂ ਸੀ ਹੋ ਰਿਹਾ ਕਿ ਉਨ੍ਹਾਂ ਅਜਿਹਾ ਕੀ ਕਰ ਦਿੱਤਾ ਕਿ ਉਹ ਰਾਸ਼ਟਰਪਤੀ ਸ਼ੀ ਦੀ ਭ੍ਰਿਰਸ਼ਟਾਚਾਰ ਵਿਰੋਧੀ ਹੰਟਰ ਦੀ ਮਾਰ ਹੇਠ ਆ ਗਏ।

ਇੰਟਰਪੋਲ ਦਾ ਪੱਖ

ਸ਼ੁੱਕਰਵਾਰ ਨੂੰ ਟਵਿੱਟਰ ਉੱਪਰ ਜਾਰੀ ਇੱਕ ਬਿਆਨ ਵਿੱਚ ਇਸ ਵਿਸ਼ਵੀ ਪੁਲਸ ਸੰਗਠਨ ਨੇ ਦੱਸਿਆ ਕਿ ਉਸ ਨੂੰ ਹੌਂਗਵਈ ਦਾ ਤਤਕਾਲ ਪ੍ਰਭਾਵ ਵਾਲਾ ਅਸਤੀਫ਼ਾ ਪ੍ਰਾਪਤ ਹੋਇਆ ਹੈ। ਜਿਸ ਮਗਰੋਂ ਦੱਖਣੀ ਕੋਰੀਆ ਦੇ ਯੌਂਗ-ਯੈਂਗ ਨੂੰ ਕਾਰਜਕਾਰੀ ਮੁਖੀ ਨਿਯੁਕਤ ਕਰ ਦਿੱਤਾ ਗਿਆ ਹੈ।

ਨਵੇਂ ਮੁਖੀ ਦੀ ਚੋਣ ਹੌਂਗਵਈ ਦਾ ਦੋ ਸਾਲ ਦਾ ਰਹਿੰਦਾ ਕਾਰਜਕਾਲ ਪੂਰਾ ਹੋਣ ਮਗਰੋਂ ਕੀਤੀ ਜਾਵੇਗੀ। ਇਹ ਵੀ ਕਿਹਾ ਗਿਆ ਕਿ ਸੰਗਠਨ ਆਪਣੇ ਮੁਖੀ ਦੀ ਸਲਾਮਤੀ ਲਈ ਫਿਕਰਮੰਦ ਹੈ।

ਪਤਨੀ ਨੇ ਕੀ ਕਿਹਾ

ਫਰਾਂਸੀਸੀ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰਕੇ ਹੌਂਗਵਈ ਦੀ ਪਤਨੀ ਗਰੇਸ ਮੈਂਗ ਨੂੰ ਧਮਕੀਆਂ ਮਿਲਣ ਮਗਰੋਂ ਸੁਰੱਖਿਆ ਦੇ ਦਿੱਤੀ ਹੈ।

ਉਨ੍ਹਾਂ ਨੇ ਆਪਣੇ ਪਤੀ ਦੀ ਭਾਲ ਲਈ ਕੌਮਾਂਤਰੀ ਮਦਦ ਲਈ ਇੱਕ ਭਾਵੁਕ ਅਪੀਲ ਕੀਤੀ ਹੈ।

ਹੌਂਗਵਈ ਦੇ ਲਾਪਤਾ ਹੋਣ ਵਾਲੇ ਦਿਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਪਰ ਇੱਕ ਸੁਨੇਹਾ ਮਿਲਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਜਿਸ ਵਿੱਚ ਲਿਖਿਆ ਗਿਆ ਸੀ , 'ਮੇਰਾ ਇੰਤਜ਼ਾਰ ਕਰੋ' ਅਤੇ ਉਸ ਮਗਰੋਂ ਇੱਕ ਛੁਰੀ ਦੀ ਤਸਵੀਰ ਭੇਜੀ ਗਈ ਸੀ, ਜੋ ਕਿ ਖ਼ਤਰੇ ਦਾ ਸੰਕੇਤ ਸੀ।

ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੇ ਇਹ ਬਿਆਨ ਕੈਮਰੇ ਵੱਲ ਪਿੱਠ ਕਰਕੇ ਫਰੈਂਚ ਅਤੇ ਅੰਗਰੇਜ਼ੀ ਵਿੱਚ ਪੜ੍ਹੇ।

ਇਹ ਵੀ ਪੜ੍ਹੋ꞉

"ਅਸੀਂ ਹਮੇਸ਼ਾ ਦਿਲੋਂ ਜੁੜੇ ਰਹੇ ਹਾਂ। ਉਹ ਇਸ ਵਿੱਚ ਮੇਰਾ ਸਾਥ ਦਿੰਦੇ। ਇਹ ਸਾਫਗੋਈ ਅਤੇ ਨਿਆਂ ਦਾ ਮਾਮਲਾ ਹੈ। ਇਹ ਵਿਸ਼ਾ ਕੌਮਾਂਤਰੀ ਭਾਈਚਾਰੇ ਨਾਲ ਜੁੜਿਆ ਹੋਇਆ ਹੈ। ਇਹ ਮੇਰੀ ਮਾਤ ਭੂਮੀ ਦੇ ਲੋਕਾਂ ਦਾ ਮਾਮਲਾ ਹੈ।"

ਚੀਨ ਦੇ ਕੌਮਾਂਤਰੀ ਅਕਸ ਉੱਪਰ ਅਸਰ

ਚੀਨ ਲੰਮੇਂ ਸਮੇਂ ਤੋਂ ਮੰਗ ਕਰਦਾ ਰਿਹਾ ਹੈ ਕਿ ਕੌਂਮਾਂਤਰੀ ਸੰਗਠਨਾਂ ਵਿੱਚ ਉਸਦੇ ਨਾਗਰਿਕਾਂ ਨੂੰ ਲਾਇਆ ਜਾਵੇ। ਇਸ ਕਦਮ ਨਾਲ ਇਹ ਮਾਮਲਾ ਖਟਾਈ ਵਿੱਚ ਪੈ ਸਕਦਾ ਹੈ।

ਕਈ ਕੌਮਾਂਤਰੀ ਸੰਗਠਨਾਂ ਜਿਵੇਂ ਸੰਯੁਕਤ ਰਾਸ਼ਟਰ, ਕੌਮਾਂਤਰੀ ਵਿੱਤੀ ਫੰਡ, ਵਿਸ਼ਵ ਬੈਂਕ ਅਤੇ ਯੂਨੈਸਕੋ ਵਿੱਚ ਜ਼ਿੰਮੇਵਾਰ ਅਹੁਦਿਆਂ ਉੱਪਰ ਬਿਰਾਜਮਾਨ ਹਨ।

ਇਕੌਨਮਿਸਟ ਇੰਟੈਲੀਜੈਂਸ ਯੂਨਿਟ ਦੇ ਟੌਮ ਰਾਫੈਰਟ ਨੇ ਦੱਸਿਆ ਕਿ ਇਸ ਨਾਲ ਚੀਨ ਦਾ ਕੌਮਾਂਤਰੀ ਅਕਸ ਪ੍ਰਭਾਵਿਤ ਹੋਵੇਗਾ। ਜਿਸ ਨਾਲ ਭਵਿੱਖ ਵਿੱਚ ਹੋਣ ਵਾਲੀਆਂ ਨਿਯੁਕਤੀਆਂ ਉੱਪਰ ਵੀ ਅਸਰ ਪੈ ਸਕਦਾ ਹੈ।

ਚੀਨ ਬਾਰੇ ਇਹ ਵੀਡੀਓ ਵੀ ਤੁਹਾਨੂੰ ਦਿਲਚਸਪ ਲੱਗ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)