ਅਨੂਪ ਜਲੋਟਾ ਤੇ ਜਸਲੀਨ ਦੇ ਇਸ਼ਕ ਦਾ ਕਿਉਂ ਬਣਿਆ ਮਜ਼ਾਕ — ਨਜ਼ਰੀਆ

ਅਨੂਪ ਜਲੋਟਾ ਤੇ ਜਸਲੀਨ ਮਠਾੜੂ

ਤਸਵੀਰ ਸਰੋਤ, TWITTER

ਤਸਵੀਰ ਕੈਪਸ਼ਨ, ਭਜਨ ਗਾਇਕ ਅਨੂਪ ਜਲੋਟਾ ਅਤੇ ਉਨ੍ਹਾਂ ਦੀ ਪ੍ਰੇਮਿਕਾ ਵਿਚਾਲੇ ਉਮਰ ਦੇ ਫਰਕ 'ਤੇ ਛਿੜੀ ਬਹਿਸ
    • ਲੇਖਕ, ਐਨੀ ਜ਼ੈਦੀ
    • ਰੋਲ, ਲੇਖਕਾ, ਬੀਬੀਸੀ ਲਈ

ਅਕਸਰ ਕਿਹਾ ਜਾਂਦਾ ਹੈ ਕਿ ਇਸ਼ਕ ਨਾਜ਼ੁਕ ਹੁੰਦਾ ਹੈ। ਕੁਝ ਪ੍ਰੇਮ ਕਹਾਣੀਆਂ ਇੰਨੀਆਂ ਕੁ ਨਾਜ਼ੁਕ ਹਨ ਕਿ ਜੇਕਰ ਇਹ ਜੱਗ-ਜ਼ਾਹਿਰ ਹੋ ਜਾਣ ਤਾਂ ਆਸ਼ਿਕਾਂ ਦੀ ਸ਼ਾਮਤ ਹੀ ਆ ਜਾਵੇ।

ਹਿੰਦੁਸਤਾਨ ਵਿੱਚ ਜੇ ਜਾਤ ਜਾਂ ਧਰਮ ਦਾ ਫਰਕ ਹੋਵੇ ਤਾਂ ਸਿਰਫ਼ ਪਰਿਵਾਰ ਤੇ ਸਮਾਜ ਨੂੰ ਤਕਲੀਫ਼ ਹੀ ਨਹੀਂ ਹੁੰਦੀ ਸਗੋਂ ਮੌਤ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਪ੍ਰੇਮੀਆਂ ਦੀ ਆਰਥਿਕ ਹਾਲਤ ਵਿੱਚ ਪਾੜਾ ਹੋਵੇ ਤਾਂ ਹੀ ਲੋਕਾਂ ਦੇ ਢਿੱਡ ਪੀੜ ਪੈ ਜਾਂਦੀ ਹੈ।

ਉਮਰ ਦਾ ਫਰਕ ਤਾਂ ਚੁਟਕਲਾ ਹੀ ਬਣ ਜਾਂਦਾ ਹੈ।

ਹਾਲੀਆ ਉਦਾਹਰਣ ਹੈ ਅਨੂਪ ਜਲੋਟਾ (65) ਤੇ ਜਸਲੀਨ ਮਠਾੜੂ (28) ਦੀ ਜੋੜੀ ਦੀ ।

ਜ਼ਾਹਿਰ ਹੈ ਕਿ ਮਜ਼ਾਕ ਜਲੋਟਾ ਸਾਹਬ ਦਾ ਬਣ ਰਿਹਾ ਹੈ ਕਿਉਂਕਿ ਉਮਰ ਜ਼ਿਆਦਾ ਹੈ। ਕਿਹਾ ਜਾ ਰਿਹਾ ਹੈ ਕਿ ਦੋਵਾਂ ਵਿੱਚ 37 ਸਾਲ ਦਾ ਫਰਕ ਹੈ ਤਾਂ ਪ੍ਰੇਮਿਕਾ ਉਨ੍ਹਾਂ ਦੀ ਬੇਟੀ ਦੀ ਉਮਰ ਦੀ ਹੋਈ। ਇਸੇ ਮਜ਼ਾਕ ਵਿੱਚ ਈਰਖ਼ਾ ਵੀ ਹੈ। ਵੇਖੋ, ਜਵਾਨਾਂ ਨੂੰ ਪਿੱਛੇ ਛੱਡ ਗਿਆ!

ਇਹ ਵੀ ਪੜ੍ਹੋ-

ਜੇਕਰ ਕਹਾਣੀ ਉਲਟ ਹੋਵੇ ਤਾਂ?

ਵਿਚਾਰ ਕਰਨ ਵਾਲੀ ਗੱਲ ਹੈ, ਜੇ 65 ਸਾਲਾਂ ਦੀ ਕੋਈ ਔਰਤ, ਉਹ ਵੀ ਅਨੂਪ ਜਲੋਟਾ ਵਾਂਗ ਭਜਨ ਗਾਉਣ ਵਾਲੀ ਜਾਂ ਕੋਈ ਸਤਿਸੰਗ ਕਰਨ ਵਾਲੀ ਕੋਈ ਦੇਵੀ ਜੀ, 28 ਸਾਲਾਂ ਦੇ ਕਿਸੇ ਸੋਹਣੇ ਗੱਭਰੂ ਦਾ ਹੱਥ ਫੜ੍ਹ ਲੈਂਦੀ, ਫੇਰ ਕੀ ਹੁੰਦਾ?

ਅਨੂਪ ਜਲੋਟਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਰਤ ਦੀ ਉਮਰ ਵੱਧ ਹੋਵੇ ਤਾਂ ਲੋਕਾਂ ਨੂੰ ਤਿੰਨ ਜਾਂ ਪੰਜ ਸਾਲ ਵੀ ਬਹੁਤ ਜ਼ਿਆਦਾ ਲਗਦੇ ਹਨ।

ਇੱਕ-ਅੱਧੇ ਮਹੀਨੇ ਪਹਿਲਾਂ ਦੀ ਗੱਲ ਹੈ, ਪ੍ਰਿਯੰਕਾ ਚੋਪੜਾ ਦਾ ਵੀ ਮਜ਼ਾਕ ਖੂਬ ਉੱਡਿਆ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਤੋਂ 10 ਸਾਲ ਛੋਟੇ ਨਿੱਕ ਜੋਨਸ ਨਾਲ ਮੰਗਣੀ ਕਰਾਈ ਹੈ।

ਔਰਤ ਦੀ ਉਮਰ ਵੱਧ ਹੋਵੇ ਤਾਂ ਲੋਕਾਂ ਨੂੰ ਤਿੰਨ ਜਾਂ ਪੰਜ ਸਾਲ ਵੀ ਬਹੁਤ ਜ਼ਿਆਦਾ ਲਗਦੇ ਹਨ। ਮੈਂ ਪੜ੍ਹੇ-ਲਿਖੇ ਤੇ ਆਜ਼ਾਦ ਖਿਆਲ ਰੱਖਣ ਵਾਲੇ ਆਪਣੇ ਦੋਸਤਾਂ ਦੇ ਮੂੰਹੋਂ ਵੀ 'ਕ੍ਰੇਡਲ ਸਨੈਚਰ' ਸੁਣਿਆ ਹੈ, ਜਿਸਦਾ ਮਤਲਬ ਹੈ 'ਪੰਘੂੜੇ ਵਿਚੋਂ ਬੱਚਾ ਚੁਰਾਉਣ ਵਾਲੀ'।

ਭਾਵੇਂ ਗੱਲ ਮਜ਼ਾਕ ਦੀ ਹੋਵੇ ਪਰ ਅੱਜ ਵੀ, ਨੌਜਵਾਨ ਪੀੜ੍ਹੀ ਦੀ ਨਜ਼ਰ ਵਿੱਚ ਵੀ, ਕਿਸੇ 30 ਵਰ੍ਹਿਆਂ ਦੀ ਔਰਤ ਨੂੰ ਕਿਸੇ 25 ਵਰ੍ਹਿਆਂ ਦੇ ਮਰਦ ਨਾਲ ਇਸ਼ਕ ਦੀ ਇਜਾਜ਼ਤ ਨਹੀਂ ਹੈ।

ਵੱਡੀ ਉਮਰ ਦੀਆਂ ਔਰਤਾਂ ਨਾਲ ਵਿਆਹ ਸੋਚ ਤੋਂ ਪਰੇ

ਕੋਈ ਅਖ਼ਬਾਰ ਹੀ ਚੁੱਕ ਲਵੋ, ਵਿਆਹ ਲਈ ਇਸ਼ਤਿਹਾਰਾਂ ਉੱਤੇ ਨਜ਼ਰ ਪਾਓ। ਜੇ 'ਮੁੰਡਾ' 28 ਸਾਲਾਂ ਦਾ ਹੋਵੇਗਾ ਤਾਂ 'ਕੁੜੀ' 21 ਤੋਂ 28 ਦੇ ਵਿੱਚ ਦੀ ਮੰਗੇਗਾ। ਜੇ 'ਮੁੰਡੇ' ਦੀ ਉਮਰ ਹੈ 38 ਤਾਂ 'ਕੁੜੀ' ਹੋਣੀ ਚਾਹੀਦੀ ਹੈ 25 ਤੋਂ 35 ਅਤੇ ਜੇ 'ਮੁੰਡਾ' ਹੈ 48 ਸਾਲਾਂ ਦਾ, ਤਾਂ 'ਕੁੜੀ' ਹੋਵੇ 30 ਤੋਂ 45 ਦੀ, ਵੱਧ ਤੋਂ ਵੱਧ।

ਕੁਝ ਲੋਕ ਇਸਨੂੰ ਔਰਤ ਦੀ ਬੱਚਾ ਪੈਦਾ ਕਰਨ ਦੀ ਉਮਰ ਨਾਲ ਜੋੜਦੇ ਹਨ। ਪਰ ਸੱਚਾਈ ਇਹ ਹੈ ਕਿ ਜੇ ਕੋਈ ਮਰਦ ਢਲਦੀ ਉਮਰ ਵਿੱਚ ਵੀ ਵਿਆਹ ਕਰਾਉਂਦਾ ਹੈ ਤਾਂ ਵੀ ਇਹ ਅਸੰਤੁਲਨ ਨਹੀਂ ਬਦਲਦਾ।

ਅਨੂਪ ਜਲੋਟਾ ਤੇ ਜਸਲੀਨ ਦੇ ਇਸ਼ਕ ਦਾ ਕਿਉਂ ਬਣਿਆ ਮਜ਼ਾਕ

ਤਸਵੀਰ ਸਰੋਤ, ALOK PUTUL/BBC

ਤਸਵੀਰ ਕੈਪਸ਼ਨ, ਤੁਹਾਨੂੰ ਅਭਿਨੇਤਾਵਾਂ ਅਤੇ ਉਨ੍ਹਾਂ ਦੇ ਫ਼ਿਲਮੀ ਕਿਰਦਾਰਾਂ ਵਿੱਚ ਵੀ ਨਜ਼ਰ ਆਵੇਗਾ

ਇਹ ਤੁਹਾਨੂੰ ਅਭਿਨੇਤਾਵਾਂ ਅਤੇ ਉਨ੍ਹਾਂ ਦੇ ਫ਼ਿਲਮੀ ਕਿਰਦਾਰਾਂ ਵਿੱਚ ਵੀ ਨਜ਼ਰ ਆਵੇਗਾ। ਪੰਜਾਹਾਂ ਸਾਲਾਂ ਦੀ ਉਮਰ ਵਿੱਚ ਵੀ ਅਭਿਨੇਤਾ ਪਰਦੇ ਉੱਤੇ 23-24 ਸਾਲਾਂ ਦੀਆਂ ਅਭਿਨੇਤਰੀਆਂ ਨਾਲ ਇਸ਼ਕ ਲੜਾਉਂਦੇ ਨਜ਼ਰ ਆਉਂਦੇ ਹਨ। ਅਭਿਨੇਤਰੀ 40 ਟੱਪੀ ਨਹੀਂ, ਪ੍ਰੇਮ ਕਹਾਣੀਆਂ ਠੱਪ!

ਵਿਆਹ ਦੇ ਮਾਮਲੇ ਵਿੱਚ ਮਰਦ ਜੇ 10 ਸਾਲ ਵੱਡਾ ਵੀ ਹੋਵੇ ਤਾਂ ਚੰਗਾ ਹੀ ਮੰਨਿਆ ਜਾਂਦਾ ਹੈ। ਬਹੁਤੇ ਬੁਜ਼ੁਰਗ ਮੰਨਦੇ ਹਨ ਕਿ ਬੰਦਾ ਕਮਾਏਗਾ, ਔਰਤ ਛੋਟੀ ਹੋਵੇਗੀ ਤਾਂ ਕਾਬੂ ਵਿੱਚ ਰਹੇਗੀ।

ਇਹੀ ਕੋਈ ਕੁੜੀ ਜੇ 10 ਸਾਲ ਵੱਡੀ ਹੋਵੇ ਤਾਂ ਮਨਜ਼ੂਰ ਨਹੀਂ। ਪਤਨੀ ਜਾਂ ਪ੍ਰੇਮਿਕਾ ਅਨੁਭਵੀ ਹੋਵੇ, ਚੰਗਾ-ਮਾੜਾ ਜਾਣਦੀ ਹੋਵੇ, ਖੁਦ ਪੈਸੇ ਕਮਾਉਂਦੀ ਹੋਵੇ, ਉਸਨੂੰ ਬੰਦੇ ਦੇ ਪੈਸੇ ਜਾਂ ਦੁਨੀਆਂਦਾਰੀ ਦੀ ਲੋੜ ਨਾ ਹੋਵੇ, ਇਹ ਕਿਸੇ ਨੂੰ ਰਾਸ ਨਹੀਂ ਆਉਂਦਾ।

ਇਹ ਵੀ ਪੜ੍ਹੋ-

ਕਾਮੁਕ ਨਜ਼ਰਾਂ ਮਿਲਣਗੀਆਂ

ਸਾਡਾ ਸਮਾਜ ਸ਼ੀਸ਼ੇ ਉੱਤੇ ਝਾਤ ਹੀ ਨਹੀਂ ਮਾਰਦਾ। ਅਧੇੜ ਉਮਰ ਦਾ ਕੋਈ ਆਦਮੀ, ਅਕਸਰ ਬੁਜ਼ੁਰਗ ਵੀ, ਜਦੋਂ ਕਿਸੇ ਔਰਤ ਨੂੰ ਦੇਖਦਾ ਹੈ ਤਾਂ ਉਸਦੀ ਨਜ਼ਰ ਵਿੱਚ ਹਮੇਸ਼ਾ ਮਮਤਾ ਨਹੀਂ ਹੁੰਦੀ। ਬਾਜ਼ਾਰ ਵਿੱਚ, ਰੈਸਟੋਰੈਂਟ ਵਿੱਚ, ਸਿਨੇਮਾ ਹਾਲ ਵਿੱਚ ਤੁਹਾਨੂੰ ਇਨ੍ਹਾਂ ਦੀ ਕਾਮੁਕ ਨਜ਼ਰ ਮਿਲ ਹੀ ਜਾਵੇਗੀ।

ਇਹੀ ਕੋਈ ਅਧੇੜ ਉਮਰ ਦੀ ਔਰਤ ਵੀ ਜ਼ਰਾ ਆਤਮ ਵਿਸ਼ਵਾਸ ਨਾਲ ਘਰੋਂ ਬਾਹਰ ਨਿਕਲਦੀ, ਕਿਸੇ ਸੋਹਣੇ ਮੁੰਡੇ ਨੂੰ ਵੇਖਦੀ, ਤਾਂ ਉਸਨੂੰ ਖੂਬਸੂਰਤੀ ਹੀ ਨਜ਼ਰ ਆਉਂਦੀ। ਔਰਤ ਦੇ ਦਿਲ ਵਿੱਚ ਵੀ ਮਮਤਾ ਸ਼ਾਇਦ ਹੀ ਉੱਠਦੀ।

ਵਹੁਟੀ
ਤਸਵੀਰ ਕੈਪਸ਼ਨ, ਵਿਆਹ ਦੇ ਮਾਮਲੇ ਵਿੱਚ ਮਰਦ ਜੇ 10 ਸਾਲ ਵੱਡਾ ਵੀ ਹੋਵੇ ਤਾਂ ਚੰਗਾ ਹੀ ਮੰਨਿਆ ਜਾਂਦਾ ਹੈ।

ਇਹ ਗੱਲ ਹੋਰ ਹੈ ਕਿ ਸਾਡੇ ਸਮਾਜ ਵਿੱਚ ਔਰਤਾਂ ਜ਼ਿਆਦਾਤਰ ਪਹਿਲ ਨਹੀਂ ਕਰਦੀਆਂ। ਬਦਤਮੀਜ਼ੀ ਵੀ ਨਹੀਂ ਕਰਦੀਆਂ; ਨਜ਼ਰ ਉੱਤੇ ਪਰਦਾ ਹੀ ਰਹਿੰਦਾ ਹੈ। ਭਾਵੇਂ ਉਮਰ ਦਾ ਕੋਈ ਵੀ ਪੜਾਅ ਹੋਵੇ, ਨਜ਼ਰ ਨੀਵੀਂ ਰਹਿੰਦੀ ਹੈ।

ਹੁਣ ਜਿਥੇ ਅੱਖਾਂ ਲੜਨਗੀਆਂ ਉੱਥੇ ਹੀ ਇਸ਼ਕ ਜਾਂ ਵਿਆਹ ਦੀ ਸੰਭਾਵਨਾ ਪੈਦਾ ਹੋਵੇਗੀ।

ਪਰ ਅਨੂਪ ਜਲੋਟਾ ਸਾਹਬ ਤੋਂ ਉਮੀਦ ਹੈ ਕਿ ਉਹ ਭਜਨ ਹੀ ਗਾਉਂਦੇ ਰਹਿਣ, ਰੱਬ ਤੇ ਮਾਤਾ ਦੀ ਚੌਕੀ ਵਿੱਚ ਧਿਆਨ ਲਾਉਣ। ਜਾਇਦਾਦ ਹੋਵੇ ਤਾਂ ਬੱਚਿਆਂ ਲਈ ਛੱਡ ਜਾਣ।

ਇਕੱਲਾਪਣ ਸਹਿਣ ਨਾ ਹੋਵੇ ਤਾਂ ਆਪਣੇ ਤੋਂ ਭਾਵੇਂ ਜ਼ਰਾ ਘੱਟ ਪਰ ਹਾਣ ਦੀ ਉਮਰ ਦੀ ਕਿਸੇ ਔਰਤ ਨਾਲ ਵਿਆਹ ਕਰਵਾ ਲੈਣ। ਲੋਕ ਵੀ ਕਹਿਣਗੇ, ਚਲੋ ਬੁਢਾਪੇ ਦਾ ਸਹਾਰਾ ਹੋ ਗਿਆ। ਸਮਾਜ ਮੁਤਾਬਕ ਪ੍ਰਿਯੰਕਾ ਚੋਪੜਾ ਨੂੰ ਵੀ ਇਹੀ ਫਾਰਮੂਲਾ ਅਪਣਾਉਣਾ ਚਾਹੀਦਾ ਸੀ।

ਪ੍ਰੇਮੀ

ਤਸਵੀਰ ਸਰੋਤ, EDUCATION TREE

ਤਸਵੀਰ ਕੈਪਸ਼ਨ, ਹੁਣ ਜਿਥੇ ਅੱਖਾਂ ਲੜਨਗੀਆਂ ਉੱਥੇ ਹੀ ਇਸ਼ਕ ਜਾਂ ਵਿਆਹ ਦੀ ਸੰਭਾਵਨਾ ਪੈਦਾ ਹੋਵੇਗੀ

ਫਿਰ ਵੀ, ਕੀ ਕਰੀਏ? ਇਸ਼ਕ ਉਮਰ ਦਾ ਲਿਹਾਜ਼ ਨਹੀਂ ਕਰਦਾ। ਇਹ ਤਾਂ ਕਿਸੇ ਵੀ ਸ਼ੈਅ ਦਾ ਲਿਹਾਜ਼ ਨਹੀਂ ਕਰਦਾ। ਜਾਤ-ਧਰਮ ਦਾ ਨਹੀਂ, ਦਰਜੇ ਦਾ ਵੀ ਨਹੀਂ।

ਸਾਡੇ ਇੱਥੇ ਲੋਕ ਹਰ ਉਸ ਚੀਜ਼ ਤੋਂ ਡਰਦੇ ਹਨ ਜਿਹੜੀ ਕਿਸੇ ਨੂੰ ਨਿੱਡਰ ਬਣਾ ਦਿੰਦੀ ਹੈ। ਇੱਕ ਵਾਰੀ 'ਲੋਕ ਕੀ ਕਹਿਣਗੇ' ਵਾਲਾ ਡਰ ਦਿਲੋਂ ਨਿਕਲ ਜਾਵੇ, ਫਿਰ ਇਨਸਾਨ ਨੂੰ ਕਿਸੇ ਝੂਠੀ ਰਸਮ-ਰਿਵਾਜ਼ ਦੇ ਰੱਸੇ ਨਾਲ ਬੰਨ੍ਹ ਕੇ ਰੱਖਣਾ ਔਖਾ ਹੈ।

ਸ਼ਾਇਦ ਇਸੇ ਲਈ ਸਮਾਜ ਇਸ਼ਕ ਨੂੰ ਹੀ ਰੱਸਾ ਪਾਉਣਾ ਚਾਹੁੰਦਾ ਹੈ — ਧਮਕੀ ਦੇ ਕੇ, ਮਾਰ ਕੇ, ਜਾਂ ਮਜ਼ਾਕ ਬਣਾ ਕੇ।

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)