You’re viewing a text-only version of this website that uses less data. View the main version of the website including all images and videos.
ਕਤਲੇਆਮ ਬਾਰੇ ਨਰਿੰਦਰ ਮੋਦੀ ਦੇ ਹੀ ਰਾਹ 'ਤੇ ਹਨ ਰਾਹੁਲ ਗਾਂਧੀ - ਨਜ਼ਰੀਆ
- ਲੇਖਕ, ਉਰਮੀਲੇਸ਼
- ਰੋਲ, ਸੀਨੀਅਰ ਪੱਤਰਕਾਰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਰਮਨੀ ਅਤੇ ਇੰਗਲੈਂਡ ਦੇ ਆਪਣੇ ਦੌਰੇ 'ਚ ਕੁਝ ਅਹਿਮ ਗੱਲਾਂ ਕਹੀਆਂ। ਕਈ ਮੌਕਿਆਂ 'ਤੇ ਸਵਾਲ-ਜਵਾਬ ਸੈਸ਼ਨ 'ਚ ਵੀ ਉਹ ਚਮਕੇ।
ਭਾਰਤ ਦੇ ਨਿਊਜ਼ ਚੈਨਲਾਂ ਨੇ ਸਰਕਾਰ ਨੂੰ ਖ਼ੁਸ਼ ਕਰਦੇ ਹੋਏ ਭਾਵੇਂ ਉਨ੍ਹਾਂ ਦੀ ਆਲੋਚਨਾ ਹੀ ਕੀਤੀ ਜਾਂ ਉਨ੍ਹਾਂ ਦੀ ਕਥਿਤ ਨਾ-ਸਮਝੀ ਦੇ ਲਈ ਉਨ੍ਹਾਂ ਦਾ ਮਜ਼ਾਕ ਉਡਾਇਆ ਪਰ ਅੰਤਰਰਾਸ਼ਟਰੀ ਮੀਡੀਆ ਅਤੇ ਕੂਟਨੀਤਿਕ ਹਲਕਿਆਂ 'ਚ ਉਨ੍ਹਾਂ ਦੀਆਂ ਗੱਲਾਂ 'ਚ ਵਿਚਾਰਕਤਾ ਅਤੇ ਤਾਜ਼ਗੀ ਦੇਖੀ ਗਈ।
ਪਰ ਸ਼ੁੱਕਰਵਾਰ ਰਾਤ ਲੰਡਨ 'ਚ ਉੱਥੋਂ ਦੇ ਸੰਸਦ ਮੈਂਬਰਾਂ ਅਤੇ ਹੋਰ ਪਤਵੰਤੇ ਲੋਕਾਂ ਦੇ ਇੱਕ ਸੈਸ਼ਨ 'ਚ ਉਨ੍ਹਾਂ ਨੇ ਜਿਸ ਤਰ੍ਹਾਂ 1984 ਦੇ ਸਿੱਖ ਕਤਲੇਆਮ 'ਤੇ ਟਿੱਪਣੀ ਕੀਤੀ, ਉਸ ਨਾਲ ਉਨ੍ਹਾਂ 'ਤੇ ਗੰਭੀਰ ਸਵਾਲ ਵੀ ਉੱਠੇ ਹਨ।
ਰਾਹੁਲ ਨੇ ਮੰਨਿਆ ਕਿ 1984 ਇੱਕ ਭਿਆਨਕ ਤ੍ਰਾਸਦੀ ਸੀ, ਕਈ ਨਿਰਦੋਸ਼ ਲੋਕਾਂ ਦੀਆਂ ਜਾਨਾਂ ਗਈਆਂ। ਇਸਦੇ ਬਾਵਜੂਦ ਉਨ੍ਹਾਂ ਨੇ ਆਪਣੀ ਪਾਰਟੀ ਦਾ ਪੂਰੀ ਤਰ੍ਹਾਂ ਬਚਾਅ ਕੀਤਾ।
ਇਹ ਵੀ ਪੜ੍ਹੋ:
ਆਖ਼ਿਰ ਰਾਹੁਲ ਦੀ ਇਸ ਗੱਲ 'ਤੇ ਕੌਣ ਯਕੀਨ ਕਰੇਗਾ ਕਿ ਸਾਲ '84 ਦੇ ਕਤਲੇਆਮ 'ਚ ਕਾਂਗਰਸ ਜਾਂ ਉਸਦੇ ਸਥਾਨਕ ਆਗੂਆਂ ਦੀ ਕੋਈ ਸ਼ਮੂਲੀਅਤ ਨਹੀਂ ਸੀ।
ਇਹ ਤਾਂ ਉਵੇਂ ਹੀ ਹੈ ਜਿਵੇਂ ਕੋਈ ਭਾਜਪਾਈ ਕਹੇ ਕਿ ਗੁਜਰਾਤ ਦੇ ਦੰਗਿਆਂ 'ਚ ਭਾਜਪਾਈਆਂ ਦਾ ਕੋਈ ਹੱਥ ਹੀ ਨਹੀਂ ਸੀ।
ਅਜਿਹੇ ਦਾਅਵੇ ਅਤੇ ਦਲੀਲਾਂ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ। ਆਖ਼ਿਰ ਇਹ ਦੰਗੇ ਹਵਾ, ਪਾਣੀ, ਦਰਖ਼ਤਾਂ, ਪੌਦਿਆਂ ਜਾਂ ਬੱਦਲਾਂ ਨੇ ਕਰਵਾਏ ਸਨ?
ਸਾਲ 1984 ਦੇ ਉਸ ਭਿਆਨਕ ਦੌਰ 'ਚ ਮੈਂ ਦਿੱਲੀ ਵਿੱਚ ਹੀ ਰਹਿੰਦਾ ਸੀ।
ਅਸੀਂ ਆਪਣੀਆਂ ਅੱਖਾਂ ਨਾਲ ਨਾ ਸਿਰਫ਼ ਸਭ ਕੁਝ ਦੇਖਿਆ ਸਗੋਂ ਉਸ 'ਤੇ ਲਿਖਿਆ ਵੀ। ਉਸ ਸਮੇਂ ਮੈਂ ਕਿਸੇ ਅਖ਼ਬਾਰ ਨਾਲ ਜੁੜਿਆ ਨਹੀਂ ਸੀ।
ਪਰ ਪੱਤਰਕਾਰੀ ਸ਼ੁਰੂ ਕਰ ਚੁੱਕਿਆ ਸੀ। ਹਾਂ, ਇਹ ਗੱਲ ਸੱਚੀ ਹੈ ਕਿ ਉਸ ਸਿੱਖ ਕਤਲੇਆਮ 'ਚ ਸਿਰਫ਼ ਕਾਂਗਰਸੀ ਹੀ ਨਹੀ।
ਸਥਾਨਕ ਪੱਧਰ ਦੇ ਕਥਿਤ ਹਿੰਦੂਵਾਦੀ ਅਤੇ ਤਰ੍ਹਾਂ-ਤਰ੍ਹਾਂ ਦੇ ਗ਼ੈਰ ਸਮਾਜਿਕ ਅਨਸਰ ਵੀ ਸ਼ਾਮਿਲ ਹੋ ਗਏ ਸਨ।
ਗ਼ਰੀਬ ਤਬਕੇ ਦੇ ਕੰਮਕਾਜੀ ਨੌਜਵਾਨਾਂ ਨੂੰ ਕਤਲੇਆਮ ਦੇ ਲਈ ਤਿਆਰ ਕੀਤਾ ਗਿਆ।
ਮੈਨੂੰ ਲਗਦਾ ਹੈ ਇਸਦੇ ਲਈ ਕਿਸੇ ਨੂੰ ਜ਼ਿਆਦਾ ਕੋਸ਼ਿਸ਼ ਵੀ ਨਹੀਂ ਕਰਨੀ ਪਈ ਹੋਵੇਗੀ। ਇਸ਼ਾਰਾ ਮਿਲਦੇ ਹੀ ਬਹੁਤ ਸਾਰੇ ਗੈਰ-ਸਮਾਜੀ ਅਨਸਰ ਲੁੱਟ-ਖੋਹ ਲਈ ਤਿਆਰ ਹੋ ਗਏ।
ਉਸ ਸਮੇਂ ਮੈਂ ਦਿੱਲੀ ਦੇ ਵਿਕਾਸਪੁਰੀ ਮੁਹੱਲੇ ਦੇ ਏ-ਬਲਾਕ 'ਚ ਕਿਰਾਏ ਦੇ ਵਨ-ਰੂਮ ਸੈੱਟ 'ਚ ਰਹਿੰਦਾ ਸੀ।
ਮਕਾਨ ਮਾਲਿਕ ਦਿਖਣ 'ਚ ਸ਼ਰੀਫ਼ ਲਗਦੇ ਸਨ ਪਰ ਅੰਦਰੋਂ ਸ਼ਰੀਫ਼ ਇਨਸਾਨ ਨਹੀਂ ਸਨ। ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲੋਂ ਚੰਗੀ ਸੀ, ਇਹ ਗੱਲ ਮੈਨੂੰ ਉਸ ਕਤਲੇਆਮ ਦੌਰਾਨ ਹੀ ਸਮਝ ਆਈ।
ਇਹ ਵੀ ਪੜ੍ਹੋ:
ਮਕਾਨ ਮਾਲਿਕ ਦਾ ਪਰਿਵਾਰ ਗਰਾਊਂਡ ਫਲੋਰ 'ਤੇ ਹੀ ਇਮਾਰਤ ਦੇ ਵੱਡੇ ਹਿੱਸੇ 'ਚ ਰਹਿੰਦਾ ਸੀ ਅਤੇ ਮੈਂ ਨਾਲ ਦੇ ਕਮਰੇ 'ਚ।
ਸਾਡੇ ਵਾਲੇ ਘਰ ਦੇ ਬਿਲਕੁਲ ਨਾਲ ਦਾ ਜਿਹੜਾ ਮਕਾਨ ਸੀ, ਉਸਦੇ ਗਰਾਊਂਡ ਫਲੋਰ ਵਾਲੇ ਹਿੱਸੇ 'ਚ ਇੱਕ ਸਰਦਾਰ ਜੀ ਆਪਣੇ ਪਰਿਵਾਰ ਨਾਲ ਰਹਿੰਦੇ ਸਨ।
ਉਨ੍ਹਾਂ ਦੀ ਉਮਰ ਉਦੋਂ 35-37 ਸਾਲ ਹੋਵੇਗੀ। ਪਹਿਲੀ ਮੰਜ਼ਿਲ 'ਤੇ ਕੋਈ ਚੌਹਾਨ ਸਾਬ੍ਹ ਰਹਿੰਦੇ ਸਨ।
ਸਾਨੂੰ ਖ਼ਬਰਾਂ ਮਿਲ ਰਹੀਆਂ ਸਨ ਕਿ ਆਲੇ-ਦੁਆਲੇ ਦੇ ਇਲਾਕਿਆਂ ਜਿਵੇਂ ਤਿਲਕ ਨਗਰ, ਉੱਤਮ ਨਗਰ, ਪੱਛਮ ਵਿਹਾਰ ਆਦਿ 'ਚ ਕਤਲੇਆਮ ਦੀ ਸ਼ੁਰੂਆਤ ਹੋ ਚੁੱਕੀ ਹੈ।
ਮੁਹੱਲੇ ਦੀਆਂ ਦੁਕਾਨਾਂ ਇੱਕ-ਇੱਕ ਕਰਕੇ ਬੰਦ ਹੋਣ ਲੱਗੀਆਂ। ਕੁਝ ਹੀ ਸਮੇਂ ਬਾਅਦ ਸਾਡੇ ਇਲਾਕੇ 'ਚ ਵੀ ਭੜਕੀ ਭੀੜ ਦਾਖਲ ਹੋਈ।
ਭੀੜ ਨੂੰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਉਸ 'ਚ ਕਿਸੇ ਪਾਰਟੀ ਦਾ ਕੋਈ ਜਾਣਿਆ-ਪਛਾਣਿਆ ਆਗੂ ਨਹੀਂ ਸੀ।
ਪਰ ਇਹ ਗੱਲ ਤਾਂ ਸਾਫ਼ ਹੈ ਕਿ ਇਹ ਭੀੜ ਐਵੇਂ ਹੀ ਨਹੀਂ ਆ ਗਈ ਸੀ। ਉਸ ਦੇ ਪਿੱਛੇ ਕਿਸੇ ਨਾ ਕਿਸੇ ਦੀ ਯੋਜਨਾ ਜ਼ਰੂਰ ਰਹੀ ਹੋਵੇਗੀ।
ਉਹ ਭੀੜ 'ਖ਼ੂਨ ਦਾ ਬਦਲਾ ਖ਼ੂਨ ਨਾਲ ਲਵਾਂਗੇ' ਦੇ ਨਾਅਰੇ ਲਗਾ ਰਹੀ ਸੀ। ਇਹ ਨਾਅਰੇ ਕਿੱਥੋਂ ਆਏ?
ਇਸ ਵਿਚਾਲੇ ਜੋ ਵੀ ਖ਼ੂਨ-ਖ਼ਰਾਬਾ ਹੁੰਦਾ ਰਿਹਾ, ਉਸਨੂੰ ਰੋਕਣ ਲਈ ਪੁਲਿਸ ਜਾਂ ਪੈਰਾ-ਮਿਲਟਰੀ ਫ਼ੋਰਸ ਦੇ ਜਵਾਨ ਵੀ ਨਜ਼ਰ ਨਹੀਂ ਆਏ।
ਭੀੜ 'ਚ ਲੁਕੀ ਸਿਆਸਤ
ਦਿੱਲੀ ਦੇ ਕਈ ਦੂਜੇ ਇਲਾਕਿਆਂ 'ਚ ਲੋਕਾਂ ਨੇ ਸਥਾਨਕ ਸਿਆਸੀ ਆਗੂਆਂ ਨੂੰ ਕਤਲੇਆਮ 'ਚ ਸ਼ਾਮਿਲ ਭੀੜ ਦੀ ਅਗਵਾਈ ਕਰਦੇ ਜਾਂ ਪਿੱਛਿਓਂ ਉਸਨੂੰ ਉਕਸਾਉਂਦੇ ਦੇਖਿਆ ਸੀ।
ਇਸ ਬਾਰੇ ਪੀਯੂਸੀਐਲ ਨੇ ਕਈ ਤੱਥਾਂ ਦੇ ਨਾਲ ਇੱਕ ਲੰਬੀ ਰਿਪੋਰਟ - ਦੋਸ਼ੀ ਕੌਣ ਕਿਤਾਬ ਦੇ ਰੂਪ ਵਿੱਚ ਛਾਪੀ ਸੀ।
ਮੇਰੀ ਗਲੀ 'ਚ ਭੀੜ ਦਾ ਨਿਸ਼ਾਨਾ ਸਰਦਾਰ ਜੀ ਦਾ ਘਰ ਸੀ। ਲੋਕਾਂ ਦੇ ਦਖ਼ਲ ਨਾਲ ਕਿ ਇਸ ਮਕਾਨ ਵਿੱਚ ਹੋਰ ਵੀ ਲੋਕ ਰਹਿੰਦੇ ਹਨ, ਮਕਾਨ ਤਾਂ ਕਿਸੇ ਤਰ੍ਹਾਂ ਬਚ ਗਿਆ ਪਰ ਸਰਦਾਰ ਜੀ ਦਾ ਟਰੱਕ ਭੜਕੀ ਭੀੜ ਦਾ ਨਿਸ਼ਾਨਾ ਬਣਿਆ ਤੇ ਟਰੱਕ ਬੁਰੀ ਤਰ੍ਹਾ ਸੜ ਗਿਆ।
ਮੇਰੇ ਕਮਰੇ 'ਚ ਬੈਠੀ ਸਰਦਾਰ ਜੀ ਦੀ ਪਤਨੀ ਦੀਆਂ ਅੱਖਾਂ 'ਚੋਂ ਹੰਝੂ ਡਿੱਗਦੇ ਰਹੇ। ਅਸੀਂ ਕੁਝ ਨਹੀਂ ਕਰ ਸਕਦੇ ਸੀ, ਠੀਕ ਉਸੇ ਤਰ੍ਹਾਂ ਜਿਵੇਂ ਗੁਜਰਾਤ ਦੰਗਿਆਂ 'ਚ ਰਿਸ਼ਤੇਦਾਰ ਜਾਂ ਗੁਆਂਢੀ ਆਪਣੇ ਜਾਣ-ਪਛਾਣ ਦੇ ਲੋਕਾਂ ਦਾ ਮਾਰਿਆ ਜਾਣਾ ਜਾਂ ਉਨ੍ਹਾਂ ਦੀ ਜਾਇਦਾਦ ਦਾ ਨੁਕਸਾਨ ਹੁੰਦੇ ਦੇਖਦੇ ਰਹੇ।
ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਕਾਫ਼ੀ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ ਪਰ ਆਮ ਲੋਕ ਲਾਚਾਰ ਸਨ।
ਕਾਤਲ ਭੀੜ ਅਤੇ ਸੂਬੇ ਦੇ ਤੰਤਰ ਵਿਚਾਲੇ ਇੱਕ ਅਣ-ਐਲਾਨਿਆ ਤਾਲਮੇਲ ਨਜ਼ਰ ਆਇਆ। ਸਿਆਸੀ ਵਿਰੋਧੀਆਂ ਦਾ ਇੱਕ ਹਿੱਸਾ ਵੀ ਉਸ ਭੀੜ ਅਤੇ ਤੰਤਰ ਦੇ ਨਾਲ ਨਜ਼ਰ ਆਇਆ।
ਹਾਲ ਹੀ ਦੇ ਸਾਲਾਂ 'ਚ ਵੀ ਲੋਕਾਂ ਦੇ ਵਿਚਾਲੇ ਇੱਕ ਤਰ੍ਹਾਂ ਦੀ ਲਾਚਾਰੀ ਸੀ।
ਦਾਦਰੀ ਦੇ ਅਖ਼ਲਾਕ ਦਾ ਲਾਚਾਰ ਪਰਿਵਾਰ ਆਪਣੇ ਪਰਿਵਾਰ ਦੇ ਬਜ਼ੁਰਗ ਮੈਂਬਰ ਦਾ ਮਾਰਿਆ ਜਾਣਾ ਦੇਖਦਾ ਹੀ ਰਹਿ ਗਿਆ ਸੀ।
ਪੁੱਤਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਂ ਉਸਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ।
ਕੁਝ ਹੀ ਦਿਨਾਂ ਪਹਿਲਾਂ ਮੋਤੀਹਾਰੀ ਦੇ ਸਹਾਇਕ ਪ੍ਰੋਫ਼ੈਸਰ ਸੰਜੇ ਕੁਮਾਰ ਨੂੰ ਮਾਰਣ ਆਈ ਭੜਕੀ ਭੀੜ ਦੇ ਸਾਹਮਣੇ ਕੋਈ ਕੀ ਕਰ ਸਕਦਾ ਸੀ।
ਇਨ੍ਹਾਂ ਭਿਆਨਕ ਘਟਨਾਵਾਂ ਤੋਂ ਸਬਕ ਲਵੋ ਕਿ ਆਪਣੇ ਸਮਾਜ ਨੂੰ ਕਾਨੂੰਨ ਦੇ ਰਾਜ, ਜਨਤੰਤਰ, ਭਾਈ-ਭਤੀਜਾਵਾਦ, ਸਹਿਣਸ਼ੀਲਤਾ ਅਤੇ ਮਨੁੱਖਤਾ ਦੀ ਕਿਉਂ ਲੋੜ ਹੈ।
ਸ਼ਹਿਰ ਸੜਦਾ ਰਿਹਾ ਲੋਕ ਦੇਖਦੇ ਰਹੇ
ਵਿਕਾਸਪੁਰੀ 'ਚ ਸਾਡੇ ਗੁਆਂਢੀ ਰਹੇ ਉਹ ਸਰਦਾਰ ਜੀ ਬਹੁਤ ਸਾਧਾਰਨ ਪਰਿਵਾਰ 'ਚੋਂ ਸਨ। ਮੇਰੇ ਵਾਂਗ ਕਿਰਾਏਦਾਰ ਦੇ ਰੂਪ 'ਚ ਉੱਥੇ ਰਹਿੰਦੇ ਸਨ।
ਟਰੱਕ ਡਰਾਈਵਰ ਸਨ, ਕੁਝ ਕਮਾਉਣ ਤੋਂ ਬਾਅਦ ਪਹਿਲੀ ਵਾਰ ਟਰੱਕ ਖਰੀਦਿਆ ਸੀ। ਘਰ ਦੇ ਸਾਹਮਣੇ ਹੀ ਸੇਬਾਂ ਦਾ ਲੱਦਿਆ ਨਵਾਂ ਟਰੱਕ ਕਿਤੇ ਜਾਣ ਦੇ ਲਈ ਖੜਾ ਸੀ।
ਸਮਾਜਿਕ-ਆਰਥਿਕ ਰੂਪ ਤੋਂ ਕਮਜ਼ੋਰ ਵਰਗ ਦੇ ਦਿਖਣ ਵਾਲੇ ਨੌਜਵਾਨਾਂ ਦੀ ਭੀੜ ਨੇ ਉਸ ਟਰੱਕ ਦੇ ਸੇਬਾਂ 'ਚੋਂ ਕੁਝ ਲੁੱਟ-ਖੋਹ ਕੀਤੀ। ਫਿਰ ਟਰੱਕ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਭੜਕੀ ਭੀੜ ਦੇ ਆਉਣ ਤੋ ਕੁਝ ਹੀ ਦੇਰ ਪਹਿਲਾਂ ਸਰਦਾਰ ਜੀ ਪਿੱਛਲੇ ਦਰਵਾਜ਼ੇ ਤੋਂ ਕਿਤੇ ਨਿਕਲ ਗਏ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਮੇਰੇ ਘਰ ਛੱਡ ਗਏ।
ਉਨ੍ਹਾਂ ਦੀ ਪਤਨੀ ਦੀ ਮੇਰੀ ਪਤਨੀ ਨਾਲ ਕਾਫ਼ੀ ਬਣਦੀ ਸੀ। ਅਸੀਂ ਉਨ੍ਹਾਂ ਨੂੰ ਆਪਣੇ ਕਮਰੇ 'ਚ ਬੰਦ ਕਰ ਦਿੱਤਾ ਅਤੇ ਆਪ ਬਾਹਰ ਵਰਾਂਡੇ 'ਚ ਖੜੇ ਹੋ ਗਏ।
ਬਾਅਦ ਵਿੱਚ ਸਰਦਾਰ ਜੀ ਨੇ ਟਰੱਕ ਦਾ ਹਾਲ ਦੇਖਿਆ ਤਾਂ ਰੋਣ ਲੱਗੇ। ਪਰ ਪਰਿਵਾਰ ਸੁਰੱਖਿਅਤ ਰਿਹਾ ਇਸਦਾ ਸੰਤੋਖ ਵੀ ਸੀ।
ਮੈਨੂੰ ਪੂਰਾ ਯਕੀਨ ਹੈ ਕਿ ਅੱਜ ਉਹ ਸਰਦਾਰ ਜੀ ਕਈ ਟਰੱਕਾਂ ਅਤੇ ਗੱਡੀਆਂ ਦੇ ਮਾਲਿਕ ਹੋਣਗੇ ਅਤੇ ਉਨ੍ਹਾਂ ਦਾ ਪੁੱਤਰ ਵੀ ਆਪਣਾ ਕਾਰੋਬਾਰ ਸੰਭਾਲ ਰਿਹਾ ਹੋਵੇਗਾ।
ਮੋਦੀ ਨਾਲ ਮਿਲਦੇ-ਜੁਲਦੇ ਬਿਆਨ
ਸਰਦਾਰ ਜੀ ਦੇ ਪਰਿਵਾਰ ਨੂੰ ਆਪਣੇ ਕਮਰੇ 'ਚ ਲੁਕਾਉਣ ਦੀ ਥਾਂ ਦੇਣ ਦੇ ਸਾਡੇ ਫ਼ੈਸਲੇ ਨਾਲ ਸਾਡਾ ਮਕਾਨ ਮਾਲਿਕ ਬਹੁਤ ਨਾਰਾਜ਼ ਹੋਇਆ।
ਉਸਨੂੰ ਲਗਦਾ ਸੀ ਕਿ ਜੇ ਭੜਕੀ ਭੀੜ ਨੂੰ ਪਤਾ ਲੱਗ ਗਿਆ ਕਿ ਇੱਥੇ ਸਰਦਾਰ ਜੀ ਦਾ ਪਰਿਵਾਰ ਲੁਕਿਆ ਹੋਇਆ ਹੈ ਤਾਂ ਉਸ ਦਾ ਘਰ ਵੀ ਸਾੜ ਸਕਦੇ ਹਨ।
ਮੈਂ ਮਕਾਨ ਮਾਲਿਕ ਨੂੰ ਸਮਝਾਇਆ ਕਿ ਕਿਸੇ ਨੂੰ ਪਤਾ ਨਹੀਂ ਚੱਲਣ ਵਾਲਾ, ਤੁਸੀਂ ਬਿਨਾਂ ਵਜ੍ਹਾ ਪ੍ਰੇਸ਼ਾਨ ਹੋ ਰਹੇ ਹੋ।
ਕੁਝ ਹੀ ਦਿਨਾਂ ਬਾਅਦ ਮੈਂ ਵੀ ਉੁਹ ਘਰ ਛੱਡ ਦਿੱਤਾ ਅਤੇ ਪੁਸ਼ਪ ਵਿਹਾਰ ਵੱਲ ਆ ਗਿਆ।
ਇਹ ਸਭ ਇਸ ਲਈ ਦੱਸ ਰਿਹਾ ਹਾਂ ਕਿ ਅੱਖਾਂ ਨਾਲ ਦੇਖੀਆਂ ਅਤੇ ਕੰਨਾਂ ਨਾਲ ਸੁਣੀਆਂ ਘਟਨਾਵਾਂ ਦਾ ਜੇ ਕੋਈ 'ਨਵਾਂ ਵਰਜ਼ਨ' ਪੇਸ਼ ਕਰਨ ਲੱਗੇਗਾ ਤਾਂ ਉਹ ਗਲੇ ਤੋਂ ਕਿਵੇਂ ਉੱਤਰੇਗਾ।
ਚੰਗਾ ਹੈ, ਲੋਕ ਅਤੀਤ ਦੇ ਕਾਲੇ ਦਿਨਾਂ 'ਤੇ ਲਿਪਾਪੋਚੀ ਨਾ ਕਰਨ। ਸੱਚ ਭਾਵੇਂ ਕਿੰਨਾ ਭਿਆਨਕ ਅਤੇ ਕਾਲਾ ਹੋਵੇ, ਉਸਨੂੰ ਉਸ ਰੂਪ ਵਿੱਚ ਹੀ ਸਵੀਕਾਰ ਕੀਤਾ ਜਾਵੇ।
ਇਹ ਵੀ ਪੜ੍ਹੋ:
ਰਾਹੁਲ ਗਾਂਧੀ ਨੇ ਜਦੋਂ ਲੰਡਨ 'ਚ ਕਿਹਾ ਕਿ '84 ਦੇ ਕਤਲੇਆਮ 'ਚ ਕਾਂਗਰਸ ਦੀ ਕੋਈ ਭੂਮਿਕਾ ਨਹੀਂ ਸੀ ਤਾਂ ਮੈਨੂੰ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਉਹ ਬਿਆਨ ਯਾਦ ਆਉਣ ਲੱਗੇ ਜਿਨ੍ਹਾਂ 'ਚ ਉਹ ਅਕਸਰ ਕਹਿੰਦੇ ਸਨ ਕਿ ਦੰਗਿਆਂ 'ਚ ਉਨ੍ਹਾਂ ਦੀ ਸਰਕਾਰ ਜਾਂ ਪਾਰਟੀ ਦੀ ਕੋਈ ਭੂਮਿਕਾ ਨਹੀਂ ਹੈ।
ਹਿੰਸਾ ਹੋਈ ਅਤੇ ਉਹ 'ਰਾਜ ਧਰਮ' ਨਿਭਾ ਰਹੇ ਹਨ। ਤਤਕਾਲੀ ਰਾਸ਼ਟਰਪਤੀ ਕੇ ਆਰ ਨਾਰਾਇਣਨ ਦੇ ਸਖ਼ਤ ਤੇਵਰ ਅਤੇ ਪ੍ਰਧਾਨ ਮੰਤਰੀ ਵਾਜਪਾਈ ਦੇ ਸੁਝਾਅ ਦੇ ਬਾਵਜੂਦ ਦੰਗਿਆਂ 'ਚ ਝੁਲਸਦੇ ਗੁਜਰਾਤ ਅੰਦਰ ਫ਼ੌਜ ਦੀ ਤਾਇਨਾਤੀ 'ਚ ਦੇਰੀ ਕੀਤੀ ਗਈ।
ਤਾਇਨਾਤੀ ਹੋਣ ਤੋਂ ਬਾਅਦ ਵੀ ਫ਼ੌਜ ਨੂੰ 'ਫ੍ਰੀ ਹੈਂਡ' ਨਹੀਂ ਦਿੱਤਾ ਗਿਆ। ਸਨ 1984 ਅਤੇ ਸਨ 2002 ਦੇ ਵਿਚਾਲੇ ਇਸ ਮਾਮਲੇ 'ਚ ਹੈਰਾਨੀਜਨਕ ਸਮਾਨਤਾ ਦੇਖੀ ਗਈ, ਪਰ ਦੋਹਾਂ ਮਾਮਲਿਆਂ 'ਚ ਅਗਵਾਈ ਦੇ ਰੁਖ਼ 'ਚ ਫ਼ਰਕ ਵੀ ਦੇਖਿਆ ਗਿਆ।
ਦੇਰੀ ਨਾਲ ਹੀ ਸਹੀ, ਸੀਨੀਅਰ ਕਾਂਗਰਸੀ ਆਗੂ ਅਤੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2005 ਵਿੱਚ ਸੰਸਦ 'ਚ ਆ ਕੇ '84 ਦੇ ਕਤਲੇਆਮ ਲਈ ਅਤੇ ਖ਼ਾਸ ਤੌਰ 'ਤੇ ਸਿੱਖ ਭਾਈਚਾਰੇ ਤੋਂ ਬਿਨਾਂ ਸ਼ਰਤ ਮਾਫ਼ੀ ਮੰਗੀ ਸੀ।
ਸੋਨੀਆ ਗਾਂਧੀ ਨੇ ਵੀ ਵੱਖਰੇ ਮੌਕੇ 'ਤੇ ਮਾਫ਼ੀ ਮੰਗੀ ਸੀ। ਫ਼ਿਰ ਰਾਹੁਲ ਨੇ '84 ਕਤਲੇਆਮ ਦੀ ਗੁਨਾਹਗਾਰ ਮੰਨੀ ਗਈ ਪਾਰਟੀ ਦਾ ਬਚਾਅ ਕਿਉਂ ਕੀਤਾ?
ਕਿਤੇ ਅਜਿਹਾ ਤਾਂ ਨਹੀਂ ਕਿ ਉਹ ਭਾਜਪਾ ਆਗੂਆਂ ਵਾਂਗ ਆਪਣੀ ਪਾਰਟੀ ਦੀ ਹਰ ਗ਼ਲਤੀ ਅਤੇ ਹਰ ਗੁਨਾਹ 'ਤੇ ਪਰਦਾ ਪਾਉਣ ਦੀ ਸ਼ੈਲੀ ਅਖ਼ਤਿਆਰ ਕਰ ਰਹੇ ਹਨ।
ਵਾਰ-ਵਾਰ ਪੁਰਜ਼ੋਰ ਮੰਗ ਉੱਠਣ ਦੇ ਬਾਵਜੂਦ ਲਾਲ ਕ੍ਰਿਸ਼ਨ ਅਡਵਾਨੀ ਜਾਂ ਨਰਿੰਦਰ ਮੋਦੀ ਵਰਗੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਸਾਲ 2002 ਦੇ ਦੰਗਿਆਂ ਜਾਂ ਅਯੁੱਧਿਆ 'ਚ ਬਾਬਰੀ ਮਸਜਿਦ ਦੇ ਢਾਹੁਣ ਲਈ ਕਦੇ ਮਾਫ਼ੀ ਨਹੀਂ ਮੰਗੀ।
ਇਹ ਵੀ ਪੜ੍ਹੋ:
ਮਾਫ਼ੀ ਛੱਡੋ, ਗ਼ਲਤੀ ਦਾ ਅਹਿਸਾਸ ਵੀ ਨਹੀਂ ਕੀਤਾ। ਦੋਹਾਂ ਪਾਰਟੀਆਂ ਦੰਗਿਆਂ ਜਾਂ ਕਤਲੇਆਮ ਦੇ ਲਈ ਦੋਸ਼ੀ ਠਹਿਰਾਏ ਜਾਣ 'ਤੇ ਅਕਸਰ ਇੱਕ-ਦੂਜੇ ਨੂੰ ਕੋਸਦੀਆਂ ਹਨ।
ਗੁਜਰਾਤ ਦਾ ਮਾਮਲਾ ਚੁੱਕੇ ਜਾਣ 'ਤੇ ਭਾਜਪਾ ਵੱਲੋਂ ਸਿੱਖ ਕਤਲੇਆਮ ਦਾ ਸਵਾਲ ਚੁੱਕ ਕੇ ਕਾਂਗਰਸ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਬੇਰਹਿਮੀ ਨੂੰ ਖ਼ਾਰਿਜ ਕਰਨ ਦੀ ਥਾਂ 'ਤੇ ਇਹ ਪਾਰਟੀਆਂ ਆਪਣੇ ਪੁਰਾਣੇ ਜਾਂ ਨਵੇਂ ਗੁਨਾਹਾਂ ਦੇ ਬਚਾਅ ਦਾ ਹਥਕੰਡਾ ਤਲਾਸ਼ਦੀਆਂ ਹਨ ਅਤੇ ਦੰਗਿਆਂ ਜਾਂ ਕਤਲੇਆਮ ਦੇ ਕਦੇ ਖ਼ਤਮ ਨਾ ਹੋਣ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਹੁਣ ਦੰਗਿਆਂ ਦੇ ਰੂਪ ਵੀ ਬਦਲ ਰਹੇ ਹਨ ਅਤੇ ਲੋਕਾਂ 'ਤੇ ਇੱਕਪਾਸੜ ਹਮਲੇ ਅਤੇ ਮੌਬ ਲਿੰਚਿੰਗ ਹੋਣ ਲੱਗੀ ਹੈ।