ਕੀ ਸਨਾਤਨ ਸੰਸਥਾ 'ਹਿੰਸਕ ਹਿੰਦੂਤਵ' ਦੀ ਪ੍ਰਯੋਗਸ਼ਾਲਾ ਹੈ?

    • ਲੇਖਕ, ਤੁਸ਼ਾਰ ਕੁਲਕਰਨੀ
    • ਰੋਲ, ਬੀਬੀਸੀ ਪੱਤਰਕਾਰ

ਮਹਾਰਾਸ਼ਟਰ ਦੇ ਐਂਟੀ ਟੈਰਰਿਸਟ ਸਕੁਐਡ (ਏਟੀਐਸ) ਨੇ ਹਾਲ ਹੀ ਵਿੱਚ ਹਿੰਦੁਤਵੀ ਸੰਗਠਨਾਂ ਦੇ ਤਿੰਨ ਵਰਕਰਾਂ-ਵੈਭਵ ਰਾਉਤ, ਸ਼ਰਦ ਕਾਲਸਕਰ ਅਤੇ ਸੁੰਧਵਾ ਜੋਗਲੇਕਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਏਟੀਐਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਮੁੰਬਈ, ਪੁਣੇ, ਸਤਾਰਾ ਅਤੇ ਮਹਾਰਾਸ਼ਟਰ ਦੇ ਦੂਜੇ ਇਲਾਕਿਆਂ ਵਿੱਚ ਲੜੀਵਾਰ ਧਮਾਕਿਆਂ ਦੀ ਸਾਜਿਸ਼ ਰਚ ਰਹੇ ਸਨ।

ਕਿਹਾ ਜਾ ਰਿਹਾ ਹੈ ਕਿ ਵੈਭਵ ਰਾਉਤ ਦਾ ਸੰਬੰਧ ਸਨਾਤਨ ਸੰਸਥਾ ਨਾਲ ਰਿਹਾ ਹੈ। ਹੁਣ ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ ਨਾਲ ਸਨਾਤਨ ਅਤੇ ਹਿੰਦੂ ਜਨਜਾਗ੍ਰਿਤੀ ਸਮਿਤੀ ਇੱਕ ਵਾਰੀ ਮੁੜ ਵਿਵਾਦਾਂ ਦੇ ਕੇਂਦਰ ਵਿੱਚ ਹੈ।

ਸਵਾਲ ਇਹ ਹੈ ਕਿ ਕੀ ਇਹ ਦੋਵੇਂ ਜਥੇਬੰਦੀਆਂ ਇੱਕੋ ਹੀ ਹਨ ਜਾਂ ਵੱਖੋ-ਵੱਖਰੀਆਂ? ਅਖੀਰ ਇਹ ਜਥੇਬੰਦੀਆਂ ਕਰਦੀਆਂ ਕੀ ਹਨ? ਇਹ ਕਿਹੜੀ ਸਿੱਖਿਆ ਦਿੰਦੀਆਂ ਹਨ? ਉਹ ਲੋਕ ਕੌਣ ਹਨ ਜੋ ਇਨ੍ਹਾਂ ਸੰਗਠਨਾਂ ਨੂੰ ਚਲਾ ਰਹੇ ਹਨ? ਕੀ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਹੋਈ ਹੈ?

ਇਹ ਵੀ ਪੜ੍ਹੋ:

ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ।

ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਇਲਜ਼ਾਮ ਲਾਇਆ ਹੈ ਕਿ, "ਜਾਂਚ ਟੀਮਾਂ ਨੇ ਵੈਭਵ ਰਾਉਤ ਦੇ ਘਰੋਂ ਬੰਬ ਅਤੇ ਬੰਬ ਬਣਾਉਣ ਦਾ ਸਮਾਨ ਬਰਾਮਦ ਕੀਤਾ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸਨਾਤਨ ਸੰਸਥਾ ਅੱਤਵਾਦੀ ਕਾਰਵਾਈਆਂ ਵਿੱਚ ਸ਼ਾਮਿਲ ਹਨ।"

ਉੱਥੇ ਹੀ ਕਾਂਗਰਸ ਪਾਰਟੀ ਨੇ ਸਨਾਤਨ ਸੰਸਥਾ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਦੀਪਕ ਕੇਸਰਕਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਨਾਤਨ ਸੰਸਥਾ 'ਤੇ ਪਾਬੰਦੀ ਲਾਉਣ ਦਾ ਨਵਾਂ ਅਤੇ ਦਰੁਸਤ ਕੀਤਾ ਹੋਇਆ ਮਤਾ ਕੇਂਦਰ ਸਰਕਾਰ ਕੋਲ ਭੇਜਿਆ ਹੈ।

ਇਨ੍ਹਾਂ ਇਲਜ਼ਾਮਾਂ ਅਤੇ ਵਿਵਾਦਾਂ ਵਿਚਾਲੇ ਸਨਾਤਨ ਸੰਸਥਾ ਦੇ ਇੱਕ ਬੁਲਾਰੇ ਚੇਤਨ ਰਾਜਹੰਸ ਨੇ ਕਿਹਾ, "ਹਿੰਦੂਵਾਦੀ ਵਰਕਰ ਵੈਭਵ ਰਾਉਤ ਸਨਾਤਨ ਸੰਸਥਾ ਦਾ ਸਾਧਕ ਨਹੀਂ ਹੈ (ਸਨਾਤਨ ਸੰਸਥਾ ਦੇ ਵਰਕਰਾਂ ਨੂੰ ਸਾਧਕ ਕਿਹਾ ਜਾਂਦਾ ਹੈ)।

ਪਰ ਉਹ ਹਿੰਦੂਤਵੀ ਸੰਗਠਨਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੁੰਦਾ ਰਿਹਾ ਹੈ। ਅਸੀਂ ਮੰਨਦੇ ਹਾਂ ਕਿ ਹਿੰਦੂਤਵ ਅਤੇ ਧਰਮ ਲਈ ਕੰਮ ਕਰਨ ਵਾਲਾ ਕੋਈ ਵੀ ਸ਼ਖਸ ਸਨਾਤਨ ਸੰਸਥਾ ਦਾ ਵਰਕਰ ਹੈ।"

ਰਾਜਹੰਸ ਦਾ ਕਹਿਣਾ ਹੈ ਕਿ ਸਨਾਤਨ ਸੰਸਥਾ 'ਤੇ ਪਾਬੰਦੀ ਲਾਉਣ ਦੀ ਮੰਗ ਇੱਕ ਸਾਜਿਸ਼ ਹੈ ਪਰ ਇਹ ਪਹਿਲੀ ਵਾਰੀ ਨਹੀਂ ਹੈ ਕਿ ਸਨਾਤਨ ਸੰਸਥਾ ਦਾ ਨਾਮ ਬੰਬ ਧਮਾਕਿਆਂ ਦੇ ਕਿਸੇ ਕੇਸ ਨਾਲ ਜੋੜਿਆ ਗਿਆ ਹੋਵੇ ਅਤੇ ਸਨਾਤਨ ਸੰਸਥਾ 'ਤੇ ਪਾਬੰਦੀ ਲਾਉਣ ਦੀ ਮੰਗ ਵੀ ਪਹਿਲੀ ਵਾਰੀ ਨਹੀਂ ਹੋ ਰਹੀ ਹੈ।

ਸਨਾਤਨ ਸੰਸਥਾ ਅਤੇ ਬੰਬ ਧਮਾਕਿਆਂ ਦੇ ਮਾਮਲੇ

ਇਸ ਤੋਂ ਪਹਿਲਾਂ ਸਨਾਤਨ ਸੰਸਥਾ ਨਾਲ ਜੁੜੇ ਹੋਏ ਵਰਕਰਾਂ ਦੇ ਨਾਮ, ਗਡਕਰੀ ਬੰਬ ਧਮਾਕਾ ਮਾਮਲੇ, ਮਡਗਾਂਵ ਬੰਬ ਧਮਾਕੇ, ਗੋਵਿੰਦ ਪੰਸਾਰੇ, ਨਰਿੰਦਰ ਦਾਭੋਲਕਰ ਅਤੇ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ ਵੀ ਆਏ ਹਨ।

ਗਡਕਰੀ ਰੰਗਾਯਤਨ ਬੰਬ ਧਮਾਕਾ

4 ਜੂਨ, 2008 ਨੂੰ ਠਾਣੇ ਦੇ ਗਡਕਰੀ ਰੰਗਾਯਤਨ ਥਿਏਟਰ ਦੀ ਪਾਰਕਿੰਗ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਸੱਤ ਲੋਕ ਜ਼ਖਮੀ ਹੋ ਗਏ ਸਨ। ਇਸ ਧਮਾਕੇ ਵਿੱਚ ਵਿਕਰਮ ਭਾਵੇ ਅਤੇ ਰਮੇਸ਼ ਗਡਕਰੀ ਮੁਲਜ਼ਮ ਕਰਾਰ ਦਿੱਤੇ ਗਏ ਸਨ।

ਦੋਹਾਂ ਦਾ ਸਬੰਧ ਸਨਾਤਨ ਸੰਸਥਾ ਨਾਲ ਸੀ। ਜਿਸ ਦਿਨ ਧਮਾਕਾ ਹੋਇਆ ਸੀ, ਉਸ ਦਿਨ ਰੰਗਾਯਤਨ ਵਿੱਚ ਮਰਾਠੀ ਨਾਟਕ 'ਅਮਹੀ ਪਚਪੁਤੇ' ਨਾਮ ਦੇ ਨਾਟਕ ਦਾ ਮੰਚਨ ਹੋਣਾ ਸੀ। ਸਨਾਤਨ ਸੰਸਥਾ ਦਾ ਕਹਿਣਾ ਸੀ ਕਿ ਇਹ ਨਾਟਕ ਹਿੰਦੂ ਧਰਮ ਦੇ ਖਿਲਾਫ਼ ਹੈ।

ਜਾਂਚ ਏਜੰਸੀਆਂ ਦਾ ਕਹਿਣਾ ਸੀ ਕਿ ਇਸ ਨਾਟਕ ਪ੍ਰਤੀ ਵਿਰੋਧ ਦਰਜ ਕਰਾਉਣ ਲਈ ਹੀ ਇਹ ਬੰਬ ਧਮਾਕਾ ਕੀਤਾ ਗਿਆ ਸੀ।

ਹਾਲਾਂਕਿ ਸਨਾਤਨ ਸੰਸਥਾ ਦਾ ਦਾਅਵਾ ਸੀ ਕਿ ਉਸ ਦੇ ਵਰਕਰਾਂ ਨੂੰ ਇਸ ਧਮਾਕੇ ਵਿੱਚ ਫਸਾਇਆ ਗਿਆ ਸੀ।

ਮਡਗਾਂਵ ਧਮਾਕਾ

16 ਅਕਤੂਬਰ 2009 ਨੂੰ ਸਨਾਤਨ ਸੰਸਦਾ ਦੇ ਇੱਕ ਵਰਕਰ ਮਲਗੋਂਡਾ ਪਾਟਿਲ ਦੀ ਗੋਆ ਦੇ ਮਡਗਾਂਵ ਵਿੱਚ ਬੰਬ ਬਣਾਉਂਦੇ ਹੋਏ ਮੌਤ ਹੋ ਗਈ ਸੀ। ਗੋਆ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਜਨਤਕ ਕੀਤੀ ਸੀ। ਮਲਗੋਂਡਾ ਪਾਟਿਲ, ਗਡਕਰੀ ਰੰਗਾਯਤਨ ਵਿੱਚ ਹੋਏ ਧਮਾਕੇ ਅਤੇ ਉਸ ਤੋਂ ਬਾਅਦ ਸਾਂਗਲੀ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਮਹਾਰਾਸ਼ਟਰ ਏਟੀਐਸ ਦੀ ਤਫਤੀਸ਼ ਦੇ ਦਾਇਰੇ ਵਿੱਚ ਸੀ।

ਸਨਾਤਨ ਸੰਸਥਾ ਨੇ ਮੰਨਿਆ ਸੀ ਕਿ ਮਲਗੋਂਡਾ ਪਾਟਿਲ ਉਨ੍ਹਾਂ ਦਾ ਵਰਕਰ ਸੀ। ਸਨਾਤਨ ਸੰਸਥਾ ਦੇ ਬੁਲਾਰੇ ਚੇਤਨ ਰਾਜਹੰਸ ਕਹਿੰਦੇ ਹਨ, "ਇਸ ਮਾਮਲੇ ਵਿੱਚ ਵੀ ਸਨਾਤਨ ਸੰਸਥਾ ਨੂੰ ਜ਼ਬਰਦਸਤੀ ਫਸਾਇਆ ਗਿਆ।"

"ਜਦੋਂ ਕਿ ਅਸੀਂ ਤਾਂ ਇਸ ਹਾਦਸੇ ਵਿੱਚ ਆਪਣੇ ਸਾਧਕ ਮਲਗੋਂਡਾ ਪਾਟਿਲ ਨੂੰ ਗਵਾ ਦਿੱਤਾ। ਇਸ ਮਾਮਲੇ ਦੇ ਬਾਕੀ ਸਾਰੇ ਮੁਲਜ਼ਮ ਸਬੂਤਾਂ ਦੀ ਘਾਟ ਵਿੱਚ ਰਿਹਾਅ ਕਰ ਦਿੱਤੇ ਗਏ ਸਨ। ਇਹ ਸਾਰੇ ਲੋਕ ਹੁਣ ਜੇਲ੍ਹ ਤੋਂ ਬਾਹਰ ਹਨ। ਪਰ ਝੂਠੇ ਕੇਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਜ਼ਿੰਦਗੀ ਦੇ ਅਹਿਮ ਸਾਲ ਬਰਬਾਦ ਹੋ ਗਏ।"

ਨਰਿੰਦਰ ਦਾਭੋਲਕਰ ਦਾ ਕਤਲ ਕੇਸ

ਮਹਾਰਾਸ਼ਟਰ ਅੰਧਸ਼ਰਧਾ ਨਿਰਮੂਲਨ ਸਮਿਤੀ ਦੇ ਸੰਸਥਾਪਕ ਅਤੇ ਤਰਕਸ਼ਾਸਤਰੀ ਲੇਖਕ ਡਾਕਟਰ ਦਾਭੋਲਕਰ ਦਾ ਕਤਲ 20 ਅਗਸਤ 2013 ਨੂੰ ਪੁਣੇ ਵਿੱਚ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਇੱਕ ਸ਼ੱਕੀ ਵੀਰੇਂਦਰ ਤਾਵੜੇ, ਹਿੰਦੂ ਜਨਗਾਗ੍ਰਿਤੀ ਸਮੀਤੀ ਦਾ ਮੈਂਬਰ ਸੀ। ਵੀਰੇਂਦਰ ਤਾਵੜੇ ਦਾ ਸਬੰਧ ਸਨਾਤਨ ਸੰਸਥਾ ਨਾਲ ਵੀ ਸੀ।

ਤਾਵੜੇ ਨੂੰ 2016 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੀਬੀਆਈ ਦਾ ਕਹਿਣਾ ਹੈ ਕਿ ਸਨਾਤਨ ਸੰਸਥਾ ਦਾ ਇੱਕ ਹੋਰ ਵਰਕਰ ਸਾਰੰਗ ਆਕੋਲਕਰ ਵੀ ਇਸ ਮਾਮਲੇ ਵਿੱਚ ਸ਼ੱਕੀ ਹੈ।

ਉਹ ਹਾਲੇ ਤੱਕ ਫਰਾਰ ਹੈ। ਹਾਲ ਹੀ ਵਿੱਚ ਗ੍ਰਿਫ਼ਤਾਰ ਵੈਭਵ ਰਾਉਤ, ਹਿੰਦੂ ਗੋਵੰਸ਼ ਰੱਖਿਆ ਸਮਿਤੀ ਦਾ ਮੈਂਬਰ ਹੈ। ਉਹ ਸਨਾਤਨ ਸੰਸਥਾ ਦੀਆਂ ਕਾਰਵਾਈਆਂ ਵਿੱਚ ਸ਼ਾਮਿਲ ਰਿਹਾ ਹੈ।

4. ਗੋਵਿੰਦ ਪੰਸਾਰੇ ਕਤਲ ਕੇਸ

ਕੋਲਹਾਪੁਰ ਦੇ ਖੱਬੇਪੱਖੀ ਆਗੂ ਗੋਵਿੰਦ ਪੰਸਾਰੇ ਅਤੇ ਉਨ੍ਹਾਂ ਦੀ ਪਤਨੀ ਊਮਾ ਨੂੰ 15 ਫਰਵਰੀ 2015 ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਸਵੇਰ ਦੀ ਸੈਰ ਮਗਰੋਂ ਘਰ ਵਾਪਸ ਪਰਤ ਰਹੇ ਸਨ। ਗੋਲੀ ਲੱਗਣ ਤੋਂ ਪੰਜ ਦਿਨ ਬਾਅਦ ਪੰਸਾਰੇ ਦੀ ਕੋਲਹਾਪੁਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।

ਪੁਲਿਸ ਨੇ 15 ਸਤੰਬਰ 2015 ਨੂੰ ਸਾਂਗਲੀ ਤੋਂ ਸਮੀਰ ਗਾਇਕਵਾੜ ਨੂੰ ਗ੍ਰਿਫਤਾਰ ਕੀਤਾ ਸੀ। ਸਮੀਰ ਗਾਇਕਵਾੜ ਸਨਾਤਨ ਸੰਸਥਾ ਨਾਲ ਜੁੜਿਆ ਹੋਇਆ ਸੀ।

ਇਹ ਵੀ ਪੜ੍ਹੋ:

ਕੀ ਸਨਾਤਨ ਅਤੇ ਹਿੰਦੂ ਜਨ-ਜਾਗ੍ਰਿਤੀ ਸਮਿਤੀ ਦੋ ਵੱਖ-ਵੱਖ ਸੰਸਥਾਵਾਂ ਹਨ?

ਦੋਵੇਂ ਸੰਸਥਾਵਾਂ ਦੇ ਬੁਲਾਰੇ ਕਹਿੰਦੇ ਹਨ ਕਿ ਸਨਾਤਨ ਸੰਸਥਾ ਅਤੇ ਹਿੰਦੂ ਜਨਜਾਗ੍ਰਿਤੀ ਸਮੀਤੀ ਦੋ ਵੱਖ-ਵੱਖ ਸੰਸਥਾਵਾਂ ਹਨ।

ਸਨਾਤਨ ਸੰਸਥਾ ਦੇ ਬੁਲਾਰੇ ਚੇਤਨ ਰਾਜਹੰਸ ਦਾ ਕਹਿਣਾ ਹੈ, "ਸਨਾਤਨ ਸੰਸਥਾ ਦੀ ਸਥਾਪਨਾ ਰੱਬ ਦੇ ਰਾਹ 'ਤੇ ਧਿਆਨ ਲਾਉਣ ਅਤੇ ਰੂਹਾਨੀਅਤ ਦੀ ਸਿੱਖਿਆ ਦੇਣ ਲਈ ਕੀਤੀ ਗਈ ਸੀ, ਜਦੋਂ ਕਿ ਹਿੰਦੂ ਜਨਜਾਗ੍ਰਿਤੀ ਸਮੀਤੀ ਦਾ ਸਬੰਧ ਕਈ ਹਿੰਦੂ ਸੰਗਠਨਾਂ ਨਾਲ ਹੈ। ਸਨਾਤਨ ਸੰਸਥਾ ਵੀ ਉਨ੍ਹਾਂ ਵਿੱਚੋਂ ਇੱਕ ਹੈ।"

ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਦੋਵੇਂ ਸੰਸਥਾਵਾਂ ਅਸਲ ਵਿੱਚ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਸਾਕਾਲ ਮੀਡੀਆ ਗਰੁੱਪ ਦੇ ਜਲਦੀ ਹੀ ਸ਼ੁਰੂ ਹੋ ਰਹੇ ਅਖਬਾਰ 'ਸਿੰਪਲ ਟਾਈਮਜ਼' ਦੇ ਸੰਪਾਦਕ ਅਲਕਾ ਧੂਪਕਰ ਦਾ ਕਹਿਣਾ ਹੈ, "ਭਾਵੇਂ ਉਨ੍ਹਾਂ ਦੇ ਦੋ ਨਾਂ ਹਨ, ਪਰ ਇਹ ਦੋਵੇਂ ਨਾਂ ਇੱਕ ਹੀ ਸੰਸਥਾ ਦੇ ਹਨ।" ਅਲਕਾ ਧੂਪਕਰ ਨੇ ਸਨਾਤਨ ਸੰਸਥਾ ਬਾਰੇ ਬਹੁਤ ਸਾਰੀਆਂ ਵਿਸ਼ੇਸ਼ ਕਹਾਣੀਆਂ ਹਨ।

ਉਹ ਕਹਿੰਦੀ ਹੈ, "ਜਦੋਂ ਜ਼ਿਆਦਾਤਰ ਲੋਕਾਂ ਨੇ ਸਨਾਤਨ ਸੰਸਥਾ ਦਾ ਨਾਮ ਵੀ ਨਹੀਂ ਸੁਣਿਆ ਸੀ, ਉਦੋਂ ਉਸ ਸੰਗਠਨ ਦੇ ਵਰਕਰ ਇੰਜੀਨੀਅਰਿੰਗ ਕਾਲਜਾਂ ਵਿੱਚ ਜਾ ਕੇ ਉੱਥੋਂ ਦੇ ਵਿਦਿਆਰਥੀਆਂ ਨੂੰ ਵਰਗਲਾਉਂਦੇ ਸੀ ਅਤੇ ਉਨ੍ਹਾਂ ਨੂੰ ਆਪਣੇ ਸੰਗਠਨ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਦੇ ਸਨ। ਇਨ੍ਹਾਂ ਵਿਦਿਆਰਥੀ ਦੇ ਮਾਪਿਆਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਸੀ, ਪਰ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ।"

ਪਰ ਸਨਾਤਨ ਸੰਸਤਾ ਨਾਲ ਜੁੜੇ ਹਿੰਦੂ ਵਕੀਲ ਐਸੋਸੀਏਸ਼ਨ ਦੇ ਮੁਖੀ ਸੰਜੀਵ ਪੁਨਾਲੇਕਰ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦੇ ਹਨ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਵਰਗਲਾਇਆ।

ਸੰਜੀਵ ਕਹਿੰਦੇ ਹਨ, "ਨੌਜਵਾਨ ਲਈ ਆਯੋਜਿਤ ਕੀਤੇ ਸਨਾਤਨ ਸੰਸਥਾ ਦੇ ਕਿਸੇ ਵੀ ਪ੍ਰੋਗਰਾਮ 'ਚ ਕੋਈ ਵੀ ਹਿੱਸਾ ਲੈ ਸਕਦਾ ਹੈ। ਅਸੀਂ ਕੋਈ ਵੀ ਪ੍ਰੋਗਰਾਮ ਖੁਫੀਆ ਤਰੀਕੇ ਨਾਲ ਨਹੀਂ ਕਰਦੇ। ਹਰ ਤਬਕੇ ਦੇ ਨੌਜਵਾਨ ਇਨ੍ਹਾਂ ਪ੍ਰੋਗਰਾਮਾਂ 'ਚ ਸ਼ਾਮਲ ਹੁੰਦੇ ਹਨ। ਜਿਹੜੇ ਮਾਪੇ ਇਸ ਦੇ ਖਿਲਾਫ਼ ਹਨ ਉਹੀ ਅਜਿਹੇ ਇਲਜ਼ਾਮ ਲਾਉਂਦੇ ਹਨ।"

'2023 ਤੱਕ ਹਿੰਦੂ ਰਾਸ਼ਟਰ ਦੀ ਸਥਾਪਨਾ'

ਸਨਾਤਨ ਸੰਸਥਾ ਦੀ ਵੈੱਬਸਾਈਟ 'ਤੇ ਇਸ ਦਾ ਟੀਚਾ ਲਿਖਿਆ ਹੈ- ਸਮਾਜ ਦੀ ਮਦਦ ਨਾਲ ਦੇਸ ਦੀ ਰੱਖਿਆ ਅਤੇ ਲੋਕਾਂ ਵਿੱਚ ਧਾਰਮਿਕ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ। ਹਿੰਦੂ ਧਰਮ 'ਤੇ ਆਧਾਰਿਤ ਇੱਕ ਰਾਸ਼ਟਰ ਦੀ ਸਥਾਪਨਾ ਕਰਨਾ, ਜੋ ਹਰ ਮਾਮਲੇ ਵਿੱਚ ਆਦਰਸ਼ ਹੋਵੇਗਾ।

'ਪਰਾਤਪਰਾ ਗੁਰੂ ਡਾਕਟਰ ਆਠਵਲੇ ਯਾਂਚੇ ਵਿਚਾਰਧਨ: ਦੂਜਾ ਭਾਗ' ਨਾਮ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ, "ਡਾਕਟਰ ਆਠਵਲੇ ਨੇ 1998 ਵਿੱਚ ਪਹਿਲੀ ਵਾਰੀ ਰਾਮ ਰਾਜ ਜਾਂ ਹਿੰਦੂ ਰਾਸ਼ਟਰ ਦੀ ਸਥਾਪਨਾ ਦਾ ਵਿਚਾਰ ਰੱਖਿਆ ਸੀ।"

"ਸਾਵਰਕਰ, ਸੰਸਥਾਪਕ ਸਰਸੰਘਚਾਲਕ ਡਾਕਟਰ ਹੈਡਗੇਵਾਰ, ਗੋਲਵਲਕਰ ਗੁਰੂਜੀ ਵਰਗੀਆਂ ਮਹਾਨ ਹਸਤੀਆਂ ਨੇ ਵੀ ਜ਼ੋਰ-ਸ਼ੋਰ ਨਾਲ ਹਿੰਦੂ ਰਾਸ਼ਟਰ ਦੀ ਸਥਾਪਨਾ ਦਾ ਮੁੱਦਾ ਚੁੱਕਿਆ ਸੀ। ਪਰ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਹਿੰਦੂ ਭਾਰਤ ਧਰਮ ਨਿਰਪੱਖ ਦੇਸ ਬਣ ਗਿਆ ਅਤੇ ਹਿੰਦੂ ਰਾਸ਼ਟਰ ਦੀ ਸ਼ਾਨਦਾਰ ਵਿਚਾਰਧਾਰਾ ਖ਼ਤਮ ਹੋ ਗਈ ਹੈ।"

ਅੰਧਸ਼ਰਧਾ ਨਿਰਮੂਲਨ ਸਮੀਤੀ ਦੇ ਮੈਂਬਰ ਸੰਜੇ ਸਾਵਰਕਰ ਦਾ ਕਹਿਣਾ ਹੈ, "ਸ਼ੁਰੂਆਤ ਵਿੱਚ ਸਨਾਤਨ ਸੰਸਥਾ ਕੋਲ ਜ਼ਿਆਦਾ ਕੰਮ ਦੀ ਗੁੰਜਾਇਸ਼ ਨਹੀ ਸੀ। ਉਹ ਸਿਰਫ਼ ਰੂਹਾਨੀਅਤ ਦਾ ਪ੍ਰਚਾਰ-ਪ੍ਰਸਾਰ ਕਰਦੇ ਸਨ। 1999 ਤੱਕ ਉਹ ਈਸਾਈ ਧਰਮ ਜਾਂ ਇਸਲਾਮ ਦੀ ਨਿੰਦਾ ਨਹੀਂ ਕਰਦੇ ਸਨ। ਸ਼ਾਇਦ ਇਹ ਨੀਤੀ ਉਨ੍ਹਾਂ ਨੇ ਇਸ ਲਈ ਅਪਣਾਈ ਤਾਂ ਕਿ ਸ਼ੁਰੂਆਤ ਵਿੱਚ ਹੀ ਵਿਰੋਧ ਤੋਂ ਬਚਿਆ ਜਾ ਸਕੇ। ਪਰ ਬਾਅਦ ਵਿੱਚ ਉਹ ਤਿੱਖੇ ਤੌਰ 'ਤੇ ਹਿੰਦੂਤਵ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲੱਗੇ।"

ਸਨਾਤਨ ਸੰਸਥਾ ਦੇ ਸਾਰੇ ਪ੍ਰਕਾਸ਼ਿਤ ਲੇਖਾਂ 'ਤੇ ਗੌਰ ਕਰੀਏ ਤਾਂ ਸਾਫ਼ ਲਗਦਾ ਹੈ ਕਿ ਉਨ੍ਹਾਂ ਨੂੰ ਲੋਕਤੰਤਰ 'ਤੇ ਭਰੋਸਾ ਨਹੀਂ ਹੈ।

ਸਨਾਤਨ ਸੰਸਥਾ ਦੇ ਇੱਕ ਲੇਖ ਵਿੱਚ ਲਿਖਿਆ ਹੈ, "ਜਨਪ੍ਰਤੀਨਿਧੀ ਜਾਂ ਰਾਜਨੇਤਾ ਨਹੀਂ, ਸਗੋਂ ਸਿਰਫ਼ ਸੰਤ ਹੀ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਦੇ ਕਾਬਿਲ ਹਨ। ਹਿੰਦੀ ਰਾਸ਼ਟਰ ਵਿੱਚ ਕੋਈ ਚੋਣ ਨਹੀਂ ਹੋਵੇਗੀ।"

ਇਸੇ ਲੇਖ ਵਿੱਚ ਅੱਗੇ ਆਪਣੇ ਸਮਰਥਕਾਂ ਨੂੰ ਕਿਹਾ ਗਿਆ ਹੈ, "ਸ਼ੈਤਾਨੀ ਤਾਕਤਾਂ ਦੇ ਖਿਲਾਫ਼ ਕਦਮ ਚੁੱਕਣੇ ਹੋਣਗੇ।"

ਪਰ ਸਨਾਤਨ ਸੰਸਥਾ ਸਾਫ਼ ਤੌਰ 'ਤੇ ਕਿਤੇ ਇਹ ਗੱਲ ਨਹੀਂ ਕਹਿੰਦੀ ਕਿ ਹਿੰਦੂ ਰਾਸ਼ਟਰ ਦੀ ਸਥਾਪਨਾ ਕਿਵੇਂ ਹੋਵੇਗੀ ਅਤੇ ਕੀ ਉਸ ਵਿੱਚ ਹਿੰਸਾ ਲਈ ਵੀ ਥਾਂ ਹੋਵੇਗੀ।

ਸਿੰਪਲ ਟਾਈਮਜ਼ ਦੀ ਅਲਕਾ ਧੁਪਕਰ ਕਹਿੰਦੀ ਹੈ, "ਸਨਾਤਨ ਸੰਸਥਾ ਦੀ ਵਿਚਾਰਧਾਰਾ ਕੱਟੜ ਦੱਖਣਪੰਥੀ ਹੈ। ਉਹ ਹਿੰਸਾ ਦੀ ਵਕਾਲਤ ਕਰਦੇ ਹਨ। ਉਨ੍ਹਾਂ ਦਾ ਮਕਸਦ ਹਿੰਦੂ ਰਾਸ਼ਟਰ ਦੀ ਸਥਾਪਨਾ ਹੈ। ਇਸ ਟੀਚੇ ਦਾ ਰਾਹ ਵਿੱਚ ਆਉਣ ਵਾਲੇ ਦਾ ਸਫਾਇਆ ਕਰਨਾ ਮੰਜ਼ਿਲ ਤੱਕ ਪਹੁੰਚਣ ਦੀ ਉਨ੍ਹਾਂ ਦੀ ਨੀਤੀ ਦਾ ਹਿੱਸਾ ਹੈ।"

ਅਲਕਾ ਧੁਪਕਰ ਗੋਆ ਵਿੱਚ ਸਥਿਤ ਰਾਮਨਾਥੀ ਆਸ਼ਰਮ ਵੀ 2015 ਵਿੱਚ ਜਾ ਚੁੱਕੀ ਹੈ। ਉਹ ਲਗਾਤਾਰ ਸਨਾਤਨ ਸੰਸਥਾ ਦੀਆਂ ਕਾਰਵਾਈਆਂ ਦੀ ਰਿਪੋਰਟਿੰਗ ਕਰਦੀ ਰਹੀ ਹੈ।

ਉੱਥੇ ਹੀ ਸਨਾਤਨ ਸੰਸਥਾ ਦਾ ਕਹਿਣਾ ਹੈ, "ਸਾਡਾ ਮੂਲ ਟੀਚਾ ਹੈ ਸਮਾਜ ਅਤੇ ਧਰਮ ਨੂੰ ਜਾਗਰੂਕ ਕਰਨਾ। ਅਸੀਂ ਇਹ ਕੰਮ ਕਾਨੂੰਨੀ ਅਤੇ ਸ਼ਾਂਤੀ ਨਾਲ ਕਰ ਰਹੇ ਹਾਂ। ਗੌਰੀ ਲੰਕੇਸ਼, ਨਰਿੰਦਰ ਦਾਭੋਲਕਰ ਅਤੇ ਗੋਵਿੰਦ ਪੰਸਾਰੇ ਦੇ ਕਾਤਲ ਹੁਣ ਤੱਕ ਨਹੀਂ ਲੱਭੇ ਜਾ ਸਕੇ।"

"ਇਸ ਲਈ ਸਨਾਤਨ ਸੰਸਥਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖੁਦ ਨੂੰ ਤਰੱਕੀ ਪਸੰਦ ਕਹਿਣ ਵਾਲੇ ਲੋਕ ਲਗਾਤਾਰ ਹਿੰਦੂਤਵ ਦੇ ਖਿਲਾਫ਼ ਲਿਖਦੇ ਰਹਿੰਦੇ ਹਨ। ਸਨਾਤਨ ਸੰਸਥਾ ਨੇ ਹਮੇਸ਼ਾ ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਹੈ।"

ਡਾਕਟਰ ਜਯੰਤ ਬਾਲਾਜੀ ਅਠਾਵਲੇ ਕੌਣ ਹਨ?

ਡਾਕਟਰ ਜਯੰਤ ਬਾਲਾਜੀ ਅਠਾਵਲੇ ਸਨਾਤਨ ਸੰਸਥਾ ਦੇ ਸੰਸਥਾਪਕ ਹਨ। ਉਹ ਮਨੋਵਿਗਿਆਨੀ ਹਨ। ਸਨਾਤਨ ਸੰਸਥਾ ਦੀ ਵੈੱਬਸਾਈਟ ਮੁਤਾਬਕ ਭਾਰਤ ਆਉਣ ਤੋਂ ਪਹਿਲਾਂ ਡਾਕਟਰ ਬਾਲਾਜੀ ਬ੍ਰਿਟੇਨ ਵਿੱਚ ਸੱਤ ਸਾਲ ਤੱਕ ਮੈਡੀਕਲ ਪ੍ਰੈਕਟਿਸ ਕਰ ਚੁੱਕੇ ਹਨ। ਇੰਦੌਰ ਦੇ ਭਗਤ ਮਹਾਰਾਜ ਉਨ੍ਹਾਂ ਦੇ ਗੁਰੂ ਸਨ।

ਵੈੱਬਸਾਈਟ ਮੁਤਾਬਕ ਡਾਕਟਰ ਅਠਾਵਲੇ ਨੇ 1 ਅਗਸਤ, 1991 ਨੂੰ 'ਸਨਾਤਨ ਭਾਰਤੀ ਸੰਸਕ੍ਰਿਤੀ ਦੀ ਸਥਾਪਨਾ ਕੀਤੀ ਸੀ' 23 ਮਾਰਚ 1999 ਨੂੰ ਉਨ੍ਹਾਂ ਨੇ ਡਾਕਟਰ ਸਨਾਤਨ ਸੰਸਥਾ ਦੀ ਸਥਾਪਨਾ ਕੀਤੀ। ਹਾਲ ਹੀ ਵਿੱਚ ਉਨ੍ਹਾਂ ਦੀ 75ਵੀਂ ਵਰੇਗੰਢ ਧੂਮ-ਧੜਕੇ ਨਾਲ ਗੋਆ ਦੇ ਰਾਮਨਾਥੀ ਆਸ਼ਰਮ ਵਿੱਚ ਮਨਾਈ ਗਈ ਸੀ।

ਇਸ ਮੌਕੇ 'ਤੇ ਡਾਕਟਰ ਜਯੰਤ ਬਾਲਾਜੀ ਅਠਾਵਲੇ ਨੇ ਭਗਵਾਨ ਸ਼੍ਰੀਕ੍ਰਿਸ਼ਨ ਦਾ ਭੇਸ ਧਾਰਿਆ ਸੀ। ਪ੍ਰੋਗਰਾਮ ਦੌਰਾਨ ਉਹ ਇੱਕ ਰਾਜਗੱਦੀ 'ਤੇ ਬੈਠੇ ਰਹੇ ਸਨ। ਉਸ ਤੋਂ ਬਾਅਦ ਤੋਂ ਡਾਕਟਰ ਦੇ ਜਨਤਕ ਪ੍ਰੋਗਰਾਮ ਕਾਫ਼ੀ ਘੱਟ ਹੋ ਗਏ ਹਨ।

ਸਨਾਤਨ ਸੰਸਥਾ ਦੇ ਬੁਲਾਰੇ ਚੇਤਨ ਰਾਜਹੰਸ ਕਹਿੰਦੇ ਹਨ, "ਉਮਰ ਵੱਧ ਹੋਣ ਕਾਰਨ ਡਾਕਟਰ ਅਠਾਵਲੇ ਵਿੱਚ ਊਰਜਾ ਦੀ ਕਮੀ ਆ ਗਈ ਹੈ। ਇਸ ਲਈ ਉਹ ਜਨਤਕ ਪ੍ਰੋਗਰਾਮਾਂ ਵਿੱਚ ਨਜ਼ਰ ਨਹੀਂ ਆ ਰਹੇ। ਉਹ 2009 ਦੇ ਬਾਅਦ ਤੋਂ ਆਸ਼ਰਮ ਦੇ ਬਾਹਰ ਨਹੀਂ ਗਏ ਹਨ। ਉਹ ਪਿਛਲੇ 8-10 ਸਾਲਾਂ ਤੋਂ ਗੋਆ ਦੇ ਰਾਮਨਾਥੀ ਆਸ਼ਰਮ ਵਿੱਚ ਹੀ ਰਹਿ ਰਹੇ ਰਹੇ ਹਨ।"

ਸਨਾਤਨ ਸੰਸਥਾ ਦੀ ਵੈੱਬਸਾਈਟ ਤੇਮੈਂਬਰਾਂ ਦੇ ਹਵਾਲੇ ਨਾਲ ਕਈ ਦਾਅਵੇ ਕੀਤੇ ਗਏ ਹਨ। ਕੁਝ ਸਮਰਥਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਡਾਕਟਰ ਅਠਾਵਲੇ ਦੇ ਆਲੇ-ਦੁਆਲੇ ਇੱਕ ਰੌਸ਼ਨੀ ਦਾ ਚੱਕਰ ਦੇਖਿਆ। ਜਦੋਂ ਉਹ ਨੇੜੇ-ਤੇੜੇ ਹੁੰਦੇ ਹਨ ਤਾਂ ਵੱਖਰੇ ਤਰ੍ਹਾਂ ਦੀ ਖੁਸ਼ਬੂ ਆਉਂਦੀ ਹੈ। ਉਨ੍ਹਾਂ ਦਾ ਚਿਹਰਾ ਭਗਵਾਨ ਸ਼੍ਰੀਕ੍ਰਿਸ਼ਨ ਵਰਗਾ ਲਗਦਾ ਹੈ।

ਅਖਿਲ ਭਾਰਤੀ ਅੰਧਸ਼ਰਧਾ ਨਿਰਮੂਲਨ ਸਮੀਤੀ ਦੇ ਪ੍ਰਧਾਨ ਸ਼ਿਆਮ ਮਾਨਵ ਦਾਅਵਾ ਕਰਦੇ ਹਨ ਕਿ ਡਾਕਟਰ ਅਠਾਵਲੇ ਨੇ ਸੰਮੋਹਨ ਦੇ ਜ਼ਰੀਏ ਨੌਜਵਾਨਾਂ ਨੂੰ ਇਕੱਠਾ ਕੀਤਾ ਹੈ। ਉਹ ਕਹਿੰਦੇ ਹਨ ਕਿ, "ਡਾਕਟਰ ਅਠਾਵਲੇ ਕਾਫ਼ੀ ਚਲਾਕ ਡਾਕਟਰ ਹਨ। ਉਹ ਐਰੀਕਸੋਨੀਅਨ ਸੰਮੋਹਨ ਦੇ ਜ਼ਰੀਏ ਸਮਰਥਕਾਂ ਦੇ ਦਿਮਾਗ ਨੂੰ ਕਾਬੂ ਕਰਦੇ ਹਨ।"

'ਇਨਸਾਨ ਨੂੰ ਬਿਨਾਂ ਕੱਪੜੇ ਲਾਹ ਕੇ ਨਹਾਉਣਾ ਚਾਹੀਦਾ ਹੈ'

ਸਨਾਤਨ ਸੰਸਥਾ ਆਪਣੇ ਮੈਂਬਰਾਂ ਨੂੰ ਕਾਫ਼ੀ ਸਿੱਖਿਆਵਾਂ ਦਿੰਦੀ ਹੈ। ਸੰਸਥਾ ਲੋਕਾਂ ਨੂੰ ਦੰਦ ਸਾਫ਼ ਕਰਨ ਦੇ ਤਰੀਕੇ ਤੋਂ ਲੈ ਕੇ ਰਾਤ ਵਿੱਚ ਸੌਣ ਤੱਕ ਦਾ ਤਰੀਕਾ ਦੱਸਦੀ ਹੈ।

ਇਸ ਦੀ ਅਧਿਕਾਰੀ ਵੈੱਬਸਾਈਟ 'ਤੇ ਦਰਜ ਕੁਝ ਮਸ਼ਵਰੇ ਹਨ:

  • ਬਿਨਾਂ ਨਗਨ ਹੋਏ ਨਹਾਓ, ਵਰਨਾ ਸ਼ੈਤਾਨੀ ਤਾਕਤਾਂ ਤੁਹਾਡਾ ਨੁਕਸਾਨ ਕਰ ਸਕਦੀਆਂ ਹਨ।
  • ਖੜ੍ਹੇ ਹੋ ਕੇ ਪਿਸ਼ਾਬ ਨਾ ਕਰੋ
  • ਟਾਇਲੇਟ ਹੋ ਕੇ ਆਉਣ ਤੋਂ ਬਾਅਦ ਮਿੱਟੀ ਨਾਲ ਹੱਥ ਧੋਵੋ। ਟਾਇਲੇਟ ਪੇਪਰ ਦਾ ਇਸਤੇਮਾਲ ਨਾ ਕਰੋ।

ਇਹ ਵੀ ਪੜ੍ਹੋ:

ਸਨਾਤਨ ਸੰਸਥਾ ਅਝਿਹੀਆਂ ਸਲਾਹਾਂ ਦੇਣ ਤੇ ਤਰਕ ਵੀ ਦਿੰਦੀ ਹੈ। ਜਿਵੇਂ ਕਿ:

  • ਰਾਤ ਨੂੰ ਸ਼ੀਸ਼ਾ ਦੇਖਣ ਤੋਂ ਬਚਣਾ ਚਾਹੀਦਾ ਹੈ ਵਰਨਾ ਮਾਹੌਲ ਵਿੱਚ ਮੌਜੂਦ ਸ਼ੈਤਾਨੀ ਆਤਮਾਵਾਂ ਸ਼ੀਸ਼ਾ ਦੇਖਣ ਵਾਲੇ ਚਿਹਰੇ 'ਤੇ ਹਮਲਾ ਕਰ ਦਿੰਦੀਆਂ ਹਨ।
  • ਦੰਦ ਸਾਫ਼ ਕਰਨ ਲਈ ਨਿਰਜੀਵ ਬ੍ਰਸ਼ ਦੀ ਥਾਂ ਉੰਗੀਲ ਦੀ ਵਰਤੋਂ ਕਰੋ, ਕਿਉਂਕਿ ਇਹ ਸਰੀਰਕ ਅਤੇ ਮਾਨਸਿਕ ਦੋਹਾਂ ਪਰਤਾਂ ਦੀ ਸਫ਼ਾਈ ਕਰਦੀ ਹੈ।
  • ਸ਼੍ਰਾਧ ਦੇ ਦੌਰਾਨ ਦੰਦਾਂ ਨੂੰ ਬ੍ਰਸ਼ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਵੇਲੇ ਪਿਤਰਾਂ ਦੀ ਆਤਮਾ ਧਰਤੀ ਦੇ ਓਰਬਿਟ ਵਿੱਚ ਆ ਜਾਂਦੀ ਹੈ ਅਤੇ ਪਿਤਰ ਪੱਖ ਵਿੱਚ ਆਪਣੇ ਘਰ ਦੇ ਨੇੜੇ ਮੰਡਰਾਉਣ ਲਗਦੀ ਹੈ। ਇਸ ਦੌਰਾਨ ਖਾਣਾ ਖਾਣ ਤੋਂ ਬਾਅਦ ਪਾਣੀ ਨਾਲ ਮੂੰਹ ਸਾਫ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਚਮਤਕਾਰੀ ਕਿਰਨਾਂ ਦਾ ਅਸਰ ਘੱਟ ਜਾਂਦਾ ਹੈ।

ਹਾਲਾਂਕਿ ਮਾਹਿਰ ਸਨਾਤਨ ਸੰਸਥਾ ਦੀਆਂ ਸਲਾਹਾਂ ਨੂੰ ਸਿਰੇ ਤੋਂ ਰੱਦ ਕਰਦੇ ਹਨ। ਦੰਦਾਂ ਦੇ ਡਾਕਟਰ ਕਹਿੰਦੇ ਹਨ ਕਿ ਸ਼ਰਾਧ ਦੇ ਦਿਨਾਂ ਵਿੱਚ ਬੁਰਸ਼ ਨਾ ਕਰਨ ਦੀ ਸਲਾਹ ਅੰਧਵਿਸ਼ਵਾਸ ਹੈ। ਦੰਦਾਂ ਦੇ ਡਾਕਟਰ ਰਵਿੰਦਰ ਜੋਸ਼ੀ ਕਹਿੰਦੇ ਹਨ, " ਦੰਦਾਂ ਨੂੰ ਉਂਗਲਾਂ ਨਾਲ ਸਾਫ਼ ਕਰਨ 'ਤੇ ਦੰਦਾਂ ਦੀ ਮਾਲਿਸ਼ ਤਾਂ ਹੋ ਜਾਂਦੀ ਹੈ, ਪਰ ਇਸ ਨਾਲ ਦੰਦ ਠੀਕ ਤਰ੍ਹਾਂ ਸਾਫ ਨਹੀਂ ਹੁੰਦੇ। ਦੰਦਾਂ ਵਿਚਕਾਰ ਫਸੀ ਗੰਦਗੀ ਨੂੰ ਹਟਾਉਣ ਲਈ ਬ੍ਰਸ਼ ਕਰਨਾ ਜ਼ਰੂਰੀ ਹੈ। ਦੰਦਾਂ ਨੂੰ ਰੋਜ਼ਾਨਾ ਬਰੱਸ਼ ਕਰਨਾ ਰੋਜ਼ਾਨਾ ਨਹਾਉਣ ਵਰਗਾ ਹੀ ਹੈ। ਮਰ ਚੁੱਕੇ ਲੋਕਾਂ ਦੀ ਫਿਕਰ ਕਰਨ ਦੀ ਬਜਾਇ ਜ਼ਿੰਦਾ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।"

ਆਧੁਨਿਕ ਤਕਨੀਕਾਂ ਦੀ ਵਰਤੋਂ ਦਾ ਵਿਰੋਧ ਕਰਦੇ ਹੋਏ ਸਨਾਤਨ ਸੰਸਥਾ ਇਸ ਦੇ ਲਈ ਤਰਕ ਵੀ ਦਿੰਦੀ ਹੈ। ਸੰਸਥਾ ਦਾ ਕਹਿਣਾ ਹੈ:

  • ਹੇਅਰ ਡਰਾਇਰ ਨਾਲ ਵਾਲਾਂ ਨੂੰ ਨਾ ਸੁਕਾਓ ਕਿਉਂਕਿ ਡਰਾਇਰ ਦੀ ਆਵਾਜ਼ ਨਾਲ ਸ਼ੈਤਾਨੀ ਤਾਕਤਾਂ ਖਿੱਚੀਆਂ ਚਲੀਆਂ ਆਉਂਦੀਆਂ ਹਨ। ਇਨ੍ਹਾਂ ਸ਼ੈਤਾਨੀ ਤਰੰਗਾਂ ਦਾ ਮਾੜਾ ਅਸਰ ਵਾਲਾਂ ਦੀਆਂ ਜੜ੍ਹਾਂ 'ਤੇ ਪੈਂਦਾ ਹੈ। ਇਸ ਨਾਲ ਸ਼ਰੀਰ ਵਿੱਚ ਵਿਨਾਸ਼ਕਾਰੀ ਜਜ਼ਬਾਤ ਪੈਦਾ ਹੋ ਜਾਂਦਾ ਹਨ।
  • ਵਾਸ਼ਿੰਗ ਮਸ਼ੀਨ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ।

ਵੈੱਬਸਾਈਟ ਦੀ ਤਰ੍ਹਾਂ ਦੀ ਸਨਾਤਨ ਸੰਸਥਾ ਦਾ ਅਖਬਾਰ 'ਸਨਾਤਨ ਪ੍ਰਭਾਤ' ਵੀ ਅਜਿਹੀਆਂ ਗੱਲਾਂ ਪ੍ਰਕਾਸ਼ਿਤ ਕਰਦਾ ਹੈ।

ਅਖਬਾਰ 'ਤੇ ਲਗਾਤਾਰ ਗੈਰ-ਵਿਗਿਆਨੀ ਅਤੇ ਬਿਨਾਂ ਤਰਕ ਦੀਆਂ ਗੱਲਾਂ ਛਾਪਣ ਦੇ ਇਲਜ਼ਾਮ ਲਗਦੇ ਰਹੇ ਹਨ। ਅੰਧਸ਼ਰਧਾ ਨਿਰਮੂਲਨ ਸਮਿਤੀ ਨੇ ਅਜਿਹੇ ਕਈ ਦਾਅਵਿਆਂ ਨੂੰ ਸਬੂਤਾਂ ਨਾਲ ਗਲਤ ਠਹਿਰਾਇਆ ਹੈ।

ਸਨਾਤਨ ਸੰਸਥਾਂ ਮੁਤਾਬਕ ਔਰਤਾਂ ਅਤੇ ਮਰਦਾਂ ਦੇ ਲਈ ਵੱਖ-ਵੱਖ ਨਿਯਮ ਹਨ। ਉਨ੍ਹਾਂ ਦੇ ਕਈ ਤਰਕਾਂ ਨੂੰ ਮੰਨਣਾ ਅਸੰਭਵ ਹੈ। ਉਹ ਕਈ ਅਜਿਹੀਆਂ ਗੱਲਾਂ ਕਹਿੰਦੇ ਹਨ ਜੋ ਮਰਦਾਂ ਲਈ ਤਾਂ ਨੁਕਸਾਨਦਾਇਕ ਹੈ ਪਰ ਔਰਤਾਂ ਦੇ ਭਲੇ ਦੀ ਹੈ।

  • ਮਰਦਾਂ ਨੂੰ ਲੰਬੇ ਵਾਲ ਨਹੀਂ ਰੱਖਣੇ ਚਾਹੀਦੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਅੰਦਰ ਭਾਵਨਾਵਾਂ ਦਾ ਸੈਲਾਬ ਉਭਰ ਪਏਗਾ।
  • ਔਰਤਾਂ ਨੂੰ ਲੰਬੇ ਵਾਲ ਹੀ ਰੱਖਣੇ ਚਾਹੀਦੇ ਹਨ ਕਿਉਂਕਿ ਲੰਬੇ ਵਾਲਾਂ ਵਿੱਚ ਹਲਚਲ ਨਾਲ ਉਨ੍ਹਾਂ ਦੇ ਸ਼ਰੀਰ ਦੇ ਅੰਦਰ ਉਪਜਣ ਵਾਲੀਆਂ ਭਾਵਨਾਵਾਂ ਦੇ ਸਕਾਰਤਮਕ ਊਰਜਾ ਪੈਦਾ ਹੋਵੇਗੀ ਅਤੇ ਇਸ ਨਾਲ ਵਾਤਾਵਰਨ ਵਿੱਚ ਤਾਕਤਵਰ ਤਰੰਗਾਂ ਪੈਦਾ ਹੋਣਗੀਆਂ। ਇਹ ਤਾਕਤਵਰ ਤਰੰਗਾਂ ਜਜ਼ਬਾਤਾਂ ਅਤੇ ਨੁਕਸਾਨਦਾਇਕ ਤੱਤਾਂ ਨੂੰ ਨਸ਼ਟ ਕਰ ਦੇਵੇਗੀ। ਔਰਤਾਂ ਨੂੰ ਲੰਬੇ ਵਾਲ ਰੱਖਣੇ ਚਾਹੀਦੇ ਹਨ ਕਿਉਂਕਿ ਇਹ ਸ਼ਕਤੀ ਦਾ ਪ੍ਰਤੀਕ ਹੈ। ਲੰਬੇ ਵਾਲ ਸ਼ਰੀਰ ਦੀ ਭਾਵਨਾਤਮਕ ਊਰਜਾ ਦੇ ਸਹਾਇਕ ਹੁੰਦੇ ਹਨ।

ਮੁਸਲਮਾਨਾਂ ਅਤੇ ਈਸਾਈਆਂ ਦੇ ਖਿਲਾਫ਼ ਮਾੜਾ ਪ੍ਰਚਾਰ

ਸਨਾਤਨ ਸੰਸਥਾ ਅਕਸਕਰ ਹਿੰਦੂਆਂ ਨੂੰ 'ਲਵ ਜੇਹਾਦ' ਅਤੇ ਧਰਮ ਪਰਿਵਤਰਨ ਦੇ ਖਿਲਾਫ਼ ਇੱਕਜੁਟ ਹੋਣ ਦੀ ਅਪੀਲ ਕਰਦੀ ਹੈ।

ਡਾਕਟਰ ਅਠਾਵਲੇ ਨੇ ਧਰਮਾਂਤਰ ਅਤੇ ਧਰਮਾਂਤਰਿਤਾਂਚੇ ਸ਼ੁੱਧੀਕਰਨ ਨਾਮ ਦੀ ਕਿਤਾਬ ਵਿੱਚ ਲਿਖਿਆ ਹੈ, "ਮੁਸਲਮਾਨ ਲਵ ਜੇਹਾਦ ਨਾਲ ਇਸ ਦੇਸ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ ਅਤੇ ਇਸਾਈ ਧਰਮਾਂਰਤਨ ਨਾਲ ਹਿੰਦੂ ਧਰਮ ਨੂੰ ਖੋਖਲਾ ਕਰ ਰਹੇ ਹਨ। ਕਿਉਂਕਿ ਹਿੰਦੂ ਭਾਈਚਾਰੇ ਨੂੰ ਕੋਈ ਧਾਰਮਿਕ ਸਿੱਖਿਆ ਨਹੀਂ ਮਿਲਦੀ ਨਾ ਹੀ ਹਿੰਦੂਆਂ ਵਿੱਚ ਆਪਣੇ ਧਰਮ ਪ੍ਰਤੀ ਮਾਣ, ਇਸ ਲਈ ਉਹ ਅਜਿਹੇ ਧੋਖੇ ਵਿੱਚ ਸੌਖਿਆਂ ਹੀ ਫਸ ਜਾਂਦੇ ਹਨ।"

ਹਿੰਦੂ ਜਨਗਾਗ੍ਰਿਤੀ ਸਮਿਤੀ ਦੀ ਵੈੱਬਸਾਈਟ 'ਤੇ ਅਕਸਰ ਘੱਟ ਗਿਣਤੀ ਦੇ ਖਿਲਾਫ਼ ਗੱਲਾਂ ਛਪਦੀਆਂ ਰਹਿੰਦੀਆਂ ਹਨ ਪੱਤਰਕਾਰ ਧੀਰੇਂਦਰ ਝਾ ਨੇ ਆਪਣੀ ਕਿਤਾਬ, "ਸ਼ੈਡੋ ਆਰਮੀਜ਼" ਵਿੱਚ ਇੱਕ ਚੈਪਟਰ ਸਨਾਤਨ ਸੰਸਥਾ ਤੇ ਲਿਖਿਆ ਹੈ। ਧੀਰੇਂਦਰ ਝਾ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਸਨਾਤਨ ਸੰਸਥਾ ਦੇ ਆਤਮ-ਰੱਖਿਆ ਦੇ ਨਿਯਮ ਮੈਂਬਰਾਂ ਨੂੰ ਬੰਦੂਕ ਚਲਾਉਣ ਦਾ ਤਰੀਕਾ ਸਿਖਾਉਂਦੇ ਹਨ। ਇਸ ਵਿੱਚ ਇਹ ਵੀ ਲਿਖਿਆ ਹੈ ਕਿ ਗੋਲੀ ਚਲਾਉਂਦੇ ਹੋਏ ਨਜ਼ਰ ਮਾੜੇ ਲੋਕਾਂ ਤੇ ਹੋਣੀ ਚਾਹੀਦੀ ਹੈ।"

ਸਨਾਤਨ ਸੰਸਥਾ ਦੇ ਸਾਹਿਤ ਅਤੇ ਤਸਵੀਰਾਂ ਤੇ ਨਜ਼ਰ ਮਾਰੀਏ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਾੜੇ ਲੋਕ ਕੌਣ ਹਨ। ਸੰਸਥਾ ਦੀ ਨਜ਼ਰ ਵਿੱਚ ਤਰਕਸ਼ਾਸਤਰੀ, ਮੁਸਲਮਾਨ, ਇਸਾਈ ਅਤੇ ਹਰ ਉਹ ਸ਼ਖਸ ਜੋ ਹਿੰਦੂ ਵਿਰੋਧ ਹੈ, ਉਹ ਮਾੜਾ ਹੈ।

ਡਾਕਟਰ ਅਠਾਵਲੇ ਦੀ ਪੱਤ੍ਰਿਕਾ 'ਕਸ਼ਰੀਧਰਮ ਸਾਧਨਾ' ਵਿੱਚ ਲਿਖਿਆ ਹੈ, ' ਪੰਜ ਫੀਸਦੀ ਸਮਰਥਕਾਂ ਨੂੰ ਹਥਿਆਰਾਂ ਦੀ ਟਰੇਨਿੰਗ ਦੇਣ ਦੀ ਲੋੜ ਹੋਵੇਗੀ। ਰੱਬ ਸਹੀ ਸਮੇਂ ਤੇ ਹਥਿਆਰ ਉਪਲੱਬਧ ਕਰਾਉਣਗੇ'

ਇਸ ਪੱਤ੍ਰਿਕਾ ਵਿੱਚ ਇਹ ਵੀ ਲਿਖਿਆ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਨੂੰ ਗੋਲੀ ਚਲਾਉਣੀ ਆਉਂਦੀ ਹੈ ਜਾਂ ਨਹੀਂ। ਜਦੋਂ ਉਹ ਰੱਬ ਦਾ ਨਾਮ ਲੈ ਕੇ ਗੋਲੀ ਚਲਾਉਂਦਾ ਹੈ ਤਾਂ ਰੱਬ ਦੀ ਸ਼ਕਤੀ ਨਾਲ ਗੋਲੀ ਪੱਕੇ ਤੌਰ ਤੇ ਸਹੀ ਨਿਸ਼ਾਨੇ 'ਤੇ ਲੱਗੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)