You’re viewing a text-only version of this website that uses less data. View the main version of the website including all images and videos.
ਕੰਮ-ਧੰਦਾ: ਮੁਲਾਜ਼ਮਾਂ ਗਰੈਚੁਇਟੀ ਦੇ ਹੱਕਦਾਰ ਇਸ ਤਰ੍ਹਾਂ ਹੋ ਸਕਦੇ ਹਨ
ਨੌਕਰੀਪੇਸ਼ਾ ਲੋਕਾਂ ਲਈ ਇਨਕਮ ਟੈਕਸ ਤੋਂ ਇਲਾਵਾ ਕੁਝ ਹੋਰ ਸਹੂਲਤਾਂ ਹਨ ਜਿਨ੍ਹਾਂ ਦੀ ਜਾਣਕਾਰੀ ਹੋਣਾ ਫਾਇਦੇਮੰਦ ਹੋ ਸਕਦਾ ਹੈ। ਇਨ੍ਹਾਂ ਵਿੱਚੋਂ ਇੱਕ ਗਰੈਚੁਇਟੀ ਵੀ ਹੈ।
ਗਰੈਚੁਇਟੀ ਨਿਰਭਰ ਕਰਦੀ ਹੈ ਕਿ ਮੁਲਾਜ਼ਮਾਂ ਨੇ ਕਿਸੇ ਕੰਪਨੀ ਵਿੱਚ ਕਿੰਨੇ ਸਾਲ ਨੌਕਰੀ ਕੀਤੀ ਹੈ। ਇਹ ਅਕਸਰ ਸੇਵਾ ਮੁਕਤ ਹੋਣ 'ਤੇ ਮਿਲਦੀ ਹੈ ਪਰ ਕਈ ਵਾਰੀ ਖਾਸ ਸ਼ਰਤਾਂ ਦੇ ਤਹਿਤ ਪਹਿਲਾਂ ਵੀ ਦਿੱਤੀ ਜਾ ਸਕਦੀ ਹੈ।
ਗਰੈਚੁਇਟੀ ਹੈ ਕੀ ਅਤੇ ਇਹ ਕਿਵੇਂ ਜੋੜੀ ਜਾਂਦੀ ਹੈ?
ਗਰੈਚੁਇਟੀ ਉਹ ਰਕਮ ਹੈ ਜੋ ਕੰਪਨੀ ਜਾਂ ਕੰਪਨੀ ਦਾ ਮਾਲਕ ਤੁਹਾਡੀਆਂ ਸਾਲਾਂ ਦੀਆਂ ਸੇਵਾਵਾਂ ਦੇ ਬਦਲੇ ਤੁਹਾਨੂੰ ਦਿੰਦਾ ਹੈ। ਗਰੈਚੁਇਟੀ ਰਿਟਾਇਰਮੈਂਟ 'ਤੇ ਜਾਂ ਨੌਕਰੀ ਛੱਡਣ ਜਾਂ ਖਤਮ ਹੋ ਜਾਣ 'ਤੇ ਮਿਲਦੀ ਹੈ।
ਇਹ ਵੀ ਪੜ੍ਹੋ:
ਇਹ ਯਕੀਨੀ ਹੋਈ ਇੱਕ ਕਾਨੂੰਨ ਦੇ ਜ਼ਰੀਏ। ਸਰਕਾਰ ਨੇ 1972 ਵਿੱਚ ਗਰੈਚੁਇਟੀ ਭੁਗਤਾਨ ਐਕਟ ਯਾਨੀ ਕਿ 'ਪੇਮੈਂਟ ਆਫ਼ ਗਰੈਚੁਇਟੀ ਐਕਟ' ਬਣਾਇਆ।
ਇਸ ਕਾਨੂੰਨ ਦੇ ਤਹਿਤ ਕੰਪਨੀਆਂ ਲਈ ਮੁਲਾਜ਼ਮਾਂ ਨੂੰ ਗਰੈਚੁਇਟੀ ਦਾ ਭੁਗਤਾਨ ਕਰਨਾ ਜ਼ਰੂਰੀ ਕੀਤਾ ਗਿਆ ਪਰ ਜੇ ਉਹ ਤੈਅ ਸਮੇਂ 'ਤੇ ਸ਼ਰਤਾਂ ਪੂਰੀਆਂ ਕਰਦੇ ਹਨ। ਇਹ ਨਿਯਮ ਮੁਲਾਜ਼ਮਾਂ ਅਤੇ ਸੰਸਥਾਵਾਂ ਦੋਹਾਂ ਲਈ ਹੀ ਲਾਗੂ ਹੁੰਦਾ ਹੈ।
ਕੋਈ ਵੀ ਕੰਪਨੀ ਜਾਂ ਸੰਸਥਾ ਜਿਸ ਦੇ ਮੁਲਾਜ਼ਮਾਂ ਦੀ ਗਿਣਤੀ ਸਾਲ ਦੇ ਇੱਕ ਵੀ ਦਿਨ 10 ਜਾਂ ਉਸ ਤੋਂ ਵੱਧ ਹੁੰਦੀ ਹੈ ਤਾਂ ਉਹ ਇਸ ਐਕਟ ਦੇ ਦਾਇਰੇ ਵਿੱਚ ਆਏਗੀ।
'ਇੱਕ ਵਾਰੀ ਕਵਰਡ, ਤਾਂ ਹਮੇਸ਼ਾਂ ਲਈ ਕਵਰਡ'
ਗਰੈਚੁਇਟੀ ਭੁਗਤਾਨ ਐਕਟ ਦਾ ਮੂਲ ਸਿਧਾਂਤ ਹੈ- 'ਇੱਕ ਵਾਰੀ ਕਵਰਡ, ਤਾਂ ਹਮੇਸ਼ਾਂ ਲਈ ਕਵਰਡ'। ਇਸ ਦਾ ਮਤਲਬ ਇਹ ਹੈ ਕਿ ਜੇ ਕੰਪਨੀ ਦੇ ਮੁਲਾਜ਼ਮਾਂ ਦੀ ਗਿਣਤੀ ਬਾਅਦ ਵਿੱਚ 10 ਤੋਂ ਘੱਟ ਹੋ ਜਾਂਦੀ ਹੈ ਤਾਂ ਵੀ ਕੰਪਨੀ ਨੂੰ ਉਸ ਮੁਲਾਜ਼ਮ ਨੂੰ ਗਰੈਚੁਇਟੀ ਦਾ ਭੁਗਤਾਨ ਕਰਨਾ ਪਏਗਾ।
ਪਰ ਜੇ ਤੁਸੀਂ ਜਲਦੀ-ਜਲਦੀ ਯਾਨੀ ਕਿ ਸਾਲ-ਦੋ ਸਾਲ ਵਿੱਚ ਨੌਕਰੀ ਬਦਲਣ ਦਾ ਸ਼ੌਕ ਰੱਖਦੇ ਹੋ ਤਾਂ ਗਰੈਚੁਇਟੀ ਤੁਹਾਡੇ ਹਿੱਸੇ ਕਦੇ ਨਹੀਂ ਆਵੇਗੀ।
ਜੇ ਤੁਸੀਂ ਕਿਸੇ ਕੰਪਨੀ ਵਿੱਚ ਪੰਜ ਸਾਲ ਤੋਂ ਵੱਧ ਸਮੇਂ ਤੱਕ ਕੰਮ ਕਰਦੇ ਹੋ ਤਾਂ ਤੁਸੀਂ ਗਰੈਚੁਇਟੀ ਦੇ ਹੱਕਦਾਰ ਹੋ। ਸਰਕਾਰ ਦੇ ਪੈਨਸ਼ਨ ਪੋਰਟਲ ਮੁਤਾਬਕ ਗਰੈਚੁਇਟੀ ਇੱਕ ਸਾਲ ਵਿੱਚ 15 ਦਿਨਾਂ ਦੀ ਬੇਸਿਕ ਤਨਖਾਹ ਅਤੇ ਮਹਿੰਗਾਈ ਭੱਤੇ ਦੇ ਬਰਾਬਰ ਹੋਵੇਗੀ।
ਗਰੈਚੁਇਟੀ ਦੋ ਚੀਜ਼ਾਂ 'ਤੇ ਨਿਰਭਰ ਕਰਦੀ ਹੈ। ਇਨ੍ਹਾਂ ਵਿੱਚੋਂ ਪਹਿਲੀ ਹੈ ਤਨਖਾਹ ਅਤੇ ਦੂਜੀ ਹੈ ਸੇਵਾ ਦਾ ਕਾਰਜਕਾਲ।
ਕਿਵੇਂ ਜੋੜੀ ਜਾਂਦੀ ਹੈ ਗਰੈਚੁਇਟੀ
ਗਰੈਚੁਇਟੀ ਜੋੜਨ ਦਾ ਫਾਰਮੂਲਾ ਜ਼ਿਆਦਾ ਮੁਸ਼ਕਿਲ ਨਹੀਂ ਹੈ।
ਪੰਜ ਸਾਲ ਦੀ ਸੇਵਾ ਤੋਂ ਬਾਅਦ ਸੇਵਾ ਵਿੱਚ ਪੂਰੇ ਕੀਤੇ ਗਏ ਹਰ ਸਾਲ ਦੇ ਬਦਲੇ ਅਖੀਰਲੇ ਮਹੀਨੇ ਬੇਸਿਕ ਤਨਖਾਹ ਅਤੇ ਮਹਿੰਗਾਈ ਭੱਤੇ ਨੂੰ ਜੋੜ ਕੇ ਉਸ ਨੂੰ ਪਹਿਲਾਂ 15 ਨਾਲ ਗੁਣਾ ਕੀਤਾ ਜਾਂਦਾ ਹੈ।
ਫਿਰ ਸੇਵਾ ਵਿੱਚ ਦਿੱਤੇ ਗਏ ਸਾਲਾਂ ਦੀ ਗਿਣਤੀ ਨਾਲ ਗੁਣਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹਾਸਿਲ ਹੋਣ ਵਾਲੀ ਰਕਮ ਨੂੰ 26 ਨਾਲ ਭਾਗ ਕੀਤਾ ਜਾਂਦਾ ਹੈ ਅਤੇ ਉਹੀ ਤੁਹਾਡੀ ਗਰੈਚੁਇਟੀ ਹੈ।
ਇਸ ਹਿਸਾਬ ਨਾਲ ਫਾਰਮੂਲਾ ਹੋਇਆ 26 ਕਿਉਂਕਿ ਇੱਕ ਮਹੀਨੇ ਵਿੱਚ 26 ਵਰਕਿੰਗ ਡੇਅ ਮੰਨੇ ਜਾਂਦੇ ਹਨ।
ਗਰੈਚੁਇਟੀ ਦਾ ਫਾਰਮੂਲਾ
[ਅਖੀਰਲੇ ਮਹੀਨੇ ਦੀ ਤਨਖਾਹ + ਮਹਿੰਗਾਈ ਭੱਤਾ x 15 x ਸੇਵਾ ਵਿੱਚ ਦਿੱਤੇ ਗਏ ਸਾਲ] / 26
ਇਹ ਪੜ੍ਹੋ:
ਉਦਾਹਰਨ ਦੇ ਤੌਰ 'ਤੇ ਕਿਸੇ ਸੰਸਥਾ ਵਿੱਚ ਤੁਸੀਂ 21 ਸਾਲ 11 ਮਹੀਨੇ ਨੌਕਰੀ ਕੀਤੀ ਹੈ ਅਤੇ ਤੁਹਾਡੀ ਆਖਿਰੀ ਬੇਸਿਕ 24,000 ਰੁਪਏ ਸੀ ਜਿਸ 'ਤੇ ਤੁਹਾਨੂੰ 26,000 ਰੁਪਏ ਮਹਿੰਗਾਈ ਭੱਤਾ ਮਿਲਦਾ ਸੀ। ਇੱਥੇ ਨੌਕਰੀ 22 ਸਾਲ ਦੀ ਮੰਨੀ ਜਾਵੇਗੀ (6 ਮਹੀਨੇ ਜਾਂ ਇਸ ਤੋਂ ਵੱਧ ਦੀ ਮਿਆਦ ਇੱਕ ਸਾਲ ਮੰਨੀ ਜਾਵੇਗੀ) ਇਸ ਤਰ੍ਹਾਂ ਤੁਹਾਡੀ ਗਰੈਚੁਇਟੀ ਜੋੜੀ ਜਾਂਦੀ ਹੈ
ਗਰੈਚੁਇਟੀ ਦੀ ਘੱਟੋ-ਘੱਟ ਹੱਦ ਤੈਅ ਨਹੀਂ ਕੀਤੀ ਗਈ ਹੈ, ਜਦੋਂਕਿ ਗਰੈਚੁਇਟੀ ਦੀ ਵੱਧ-ਤੋਂ ਵੱਧ ਹੱਦ 20 ਲੱਖ ਰੁਪਏ ਹੈ ਅਤੇ ਇਹ ਰਕਮ ਟੈਕਸ ਮੁਕਤ ਹੋਵੇਗੀ।
ਮੁਲਾਜ਼ਮ ਦੀ ਮੌਤ ਹੋਣ 'ਤੇ ਵੀ ਗਰੈਚੁਇਟੀ
ਜੇ ਕਿਸੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਗਰੈਚੁਇਟੀ ਦੀ ਰਕਮ ਨੌਕਰੀ ਦੀ ਕੁੱਲ ਮਿਆਦ 'ਤੇ ਆਧਾਰਿਤ ਹੋਵੇਗੀ। ਜੋ ਜ਼ਿਆਦਾਤਰ 20 ਲੱਖ ਰੁਪਏ ਤੱਕ ਹੋ ਸਕਦੀ ਹੈ।
ਰਿਟਾਇਰਮੈਂਟ ਦਾਂ ਨੌਕਰੀ ਛੁੱਟਣ ਜਾਂ ਬਦਲਣ ਦੀ ਹਾਲਤ ਵਿੱਚ ਮੁਲਾਜ਼ਮ 30 ਦਿਨਾਂ ਦੇ ਅੰਦਰ ਗਰੈਚੁਇਟੀ ਲਈ ਅਪਲਾਈ ਕਰ ਸਕਦਾ ਹੈ।
ਇਹ ਵੀ ਪੜ੍ਹੋ:
ਕੰਪਨੀ ਜਾਂ ਮੁਲਾਜ਼ਮ ਦੇ ਗਰੈਚੁਇਟੀ ਦੇਣ ਤੋਂ ਮਨ੍ਹਾਂ ਕਰਨ 'ਤੇ ਜਾਂ ਗਰੈਚੁਇਟੀ ਦੀ ਰਕਮ ਘੱਟ ਦੇਣ ਵਰਗੇ ਵਿਵਾਦ ਹੋਣ 'ਤੇ ਸਹਾਇਕ ਮਜ਼ਦੂਰ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ।