You’re viewing a text-only version of this website that uses less data. View the main version of the website including all images and videos.
ਜਦੋਂ ਵਾਜਪਾਈ ਨੇ ਕਿਹਾ ਕਿ ਪਤਨੀ ਇੱਕ ਹੀ ਕਾਫੀ, 4-4 ਕਿਵੇਂ ਸਾਂਭੀਆਂ ਜਾਣਗੀਆਂ
- ਲੇਖਕ, ਖ਼ੁਸ਼ਬੂ ਸੰਧੂ
- ਰੋਲ, ਪੱਤਰਕਾਰ, ਬੀਬੀਸੀ
"ਮੈਂ ਸਿਆਸਤ ਵਿੱਚ ਕਦਮ 1984-85 ਵਿੱਚ ਰੱਖਿਆ ਪਰ ਮੇਰੀ ਪਹਿਲੀ ਵਾਰੀ ਅਟਲ ਬਿਹਾਰੀ ਵਾਜਪਾਈ ਨਾਲ ਮੁਲਾਕਾਤ 1975 ਵਿੱਚ ਹੋਈ। ਮੈਂ ਉਦੋਂ ਵਿਦਿਆਰਥੀ ਪਰਿਸ਼ਦ ਦਾ ਹਿੱਸਾ ਸੀ। ਫਿਰ ਚੰਡੀਗੜ੍ਹ ਆਏ ਉਦੋਂ ਵੀ ਮਿਲਿਆ।"
ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦਿਆਂ ਵਧੀਕ ਸਾਲਿਸਟਰ ਜਨਰਲ ਸੱਤ ਪਾਲ ਜੈਨ ਨੇ ਇਹ ਕਿਹਾ।
ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸੱਤ ਪਾਲ ਜੈਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸ਼ਖਸੀਅਤ ਨੂੰ ਇੱਕ ਗੁਣ ਵਿੱਚ ਬੰਨ੍ਹਣਾ ਔਖਾ ਹੈ। ਉਹ ਔਖੀ ਤੋਂ ਔਖੀ ਗੱਲ ਸਹਿਜੇ ਹੀ ਕਹਿ ਜਾਂਦੇ ਸਨ ਕਿ ਕਿਸੇ ਨੂੰ ਮਾੜਾ ਵੀ ਨਹੀਂ ਲਗਦਾ ਸੀ।
ਉਨ੍ਹਾਂ ਕਿਹਾ ਕਿ ਵਾਜਪਾਈ ਦੀ ਸ਼ਖਸੀਅਤ ਸ਼ੁਰੂ ਤੋਂ ਹੀ ਆਰਐਸਐਸ ਦੇ ਪ੍ਰਚਾਰਕ ਦੀ ਸੀ।
ਇਹ ਵੀ ਪੜ੍ਹੋ:
"ਇੱਕ ਵਾਰੀ ਮੁਸਲਿਮ ਇੰਡੀਆ-ਹਿੰਦੂ ਇੰਡੀਆ ਮੁੱਦੇ 'ਤੇ ਸੰਸਦ ਵਿੱਚ ਚਰਚਾ ਹੋ ਰਹੀ ਸੀ। ਮਸਲਾ ਮੁਸਲਮਾਨਾਂ ਦੇ ਚਾਰ ਵਿਆਹ ਕਰਵਾਉਣ ਦਾ ਉੱਠਿਆ। ਨਰਸਿਮਹਾ ਰਾਓ ਪ੍ਰਧਾਨ ਮੰਤਰੀ ਸਨ ਅਤੇ ਅਟਲ ਬਿਹਾਰੀ ਵਾਜਪਾਈ ਵਿਰੋਧੀ ਧਿਰ ਦੇ ਆਗੂ। ਅਟਲ ਜੀ ਨੇ ਕਿਹਾ ਵਿਆਹ ਇੱਕ ਹੀ ਹੋਣਾ ਚਾਹੀਦਾ ਹੈ ਪਰ ਮਾਮਲੇ ਨੂੰ ਗੰਭੀਰ ਹੁੰਦਿਆ ਦੇਖ ਉਨ੍ਹਾਂ ਕਿਹਾ - ਵਿਆਹੇ ਹੋਏ ਲੋਕਾਂ ਨੂੰ ਪਤਾ ਹੈ ਕਿ ਪਤਨੀ ਇੱਕ ਵੀ ਝੱਲਣੀ ਔਖੀ ਹੈ, ਚਾਰ-ਚਾਰ ਕਿਵੇਂ ਸਾਂਭੀਆਂ ਜਾਣਗੀਆਂ।"
"ਨਰਸਿਮਹਾ ਰਾਓ ਨੇ ਕਿਹਾ ਕਿ ਅਟਲ ਜੀ ਨੂੰ ਕਿਵੇਂ ਪਤਾ ਉਹ ਤਾਂ ਅਣਵਿਆਹੇ ਹਨ ਤਾਂ ਅਟਲ ਜੀ ਨੇ ਜਵਾਬ ਦਿੱਤਾ ਕਿ ਸਭ ਨੂੰ ਪਤਾ ਹੈ ਅੱਗ ਵਿੱਚ ਉਂਗਲੀ ਪਾਉਣ ਨਾਲ ਸੜ ਜਾਂਦੀ ਹੈ। ਇਹ ਸਾਬਿਤ ਕਰਨ ਲਈ ਵਾਰੀ-ਵਾਰੀ ਅੱਗ ਵਿੱਚ ਉਂਗਲੀ ਪਾਉਣ ਦੀ ਲੋੜ ਨਹੀਂ।"
ਸੰਸਦ 'ਚ ਤਸਵੀਰ ਲੱਗਣ ਦਾ ਮਾਮਲਾ
ਸੱਤ ਪਾਲ ਜੈਨ ਨੇ ਦੱਸਿਆ ਕਿ ਵਾਜਪਾਈ ਕੌਮੀ ਮੁੱਦਿਆਂ 'ਤੇ ਸਿਆਸਤ ਤੋਂ ਉੱਪਰ ਉੱਠ ਕੇ ਸੋਚਦੇ ਸਨ। ਇੱਕ ਵਾਰੀ ਸੰਸਦ ਵਿੱਚ ਦੇਸ ਦੇ ਮਹਾਨ ਸਪੂਤਾਂ ਦੀ ਤਸਵੀਰ ਲੱਗਣ ਦਾ ਮਾਮਲਾ ਉੱਠਿਆ। ਸੰਸਦ ਮੈਂਬਰਾਂ ਨੇ ਆਪਣੇ-ਆਪਣੇ ਖੇਤਰ ਦੇ ਮਹਾਨ ਵੀਰਾਂ ਦੇ ਨਾਂ ਦਾ ਸੁਝਾਅ ਦਿੱਤਾ।
ਅਟਲ ਬਿਹਾਰੀ ਵਾਜਪਾਈ ਖੜ੍ਹੇ ਹੋਏ ਅਤੇ ਬੋਲੇ, "ਸਾਡੇ ਦੇਸ ਵਿੱਚ ਮਹਾਨ ਲੋਕਾਂ ਦੀ ਕੋਈ ਕਮੀ ਨਹੀਂ ਪਰ ਬੁੱਤ ਕਿੱਥੇ ਲੱਗਣਾ ਹੈ ਜੇ ਇਸ 'ਤੇ ਵਿਵਾਦ ਖੜ੍ਹਾ ਕਰੋਗੇ ਤਾਂ ਉਨ੍ਹਾਂ ਸਪੂਤਾਂ ਦੀ ਬੇਇਜ਼ਤੀ ਹੋਵੇਗੀ, ਇਹ ਨਿਆਂ ਨਹੀਂ ਹੋਵੇਗਾ। ਇਹ ਮੁੱਦਾ ਕੁਝ ਲੋਕਾਂ 'ਤੇ ਹੀ ਛੱਡ ਦਿਓ। "
ਉਸ ਤੋਂ ਬਾਅਦ ਸਭ ਲੋਕ ਚੁੱਪ ਹੋ ਗਏ ਅਤੇ ਆਪਣੀ-ਆਪਣੀ ਸੀਟ 'ਤੇ ਬੈਠ ਗਏ।
ਜਦੋਂ ਧਰਨੇ 'ਤੇ ਬੈਠੇ ਵਾਜਪਾਈ
"ਵਾਜਪਾਈ ਲੋਕਤੰਤਰ ਦੀ ਅਹਿਮੀਅਤ ਸਮਝਦੇ ਸਨ ਅਤੇ ਉਸ ਨੂੰ ਮੰਨਦੇ ਵੀ ਸਨ। ਮੈਂ ਉਸ ਵੇਲੇ ਇੱਕ ਸੰਸਦੀ ਸਮਿਤੀ ਵਿੱਚ ਸ਼ਿਮਲਾ ਸੀ। ਉੱਤਰ ਪ੍ਰਦੇਸ਼ ਦੇ ਰਾਜਪਾਲ ਰਮੇਸ਼ ਭੰਡਾਰੀ ਨੇ ਅਚਾਨਕ ਕਲਿਆਨ ਸਿੰਘ ਦੀ ਸਰਕਾਰ ਬਰਖ਼ਾਸਤ ਕਰਕੇ ਜਗਦੰਬਿਕਾ ਪਾਲ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾ ਦਿੱਤੀ ਸੀ।"
"ਇਹ ਲੋਕਤੰਤਰ 'ਤੇ ਹਮਲਾ ਸੀ। ਅਟਲ ਬਿਹਾਰੀ ਵਾਜਪਾਈ ਨੂੰ ਜਦੋਂ ਖ਼ਬਰ ਮਿਲੀ ਤਾਂ ਉਨ੍ਹਾਂ ਕਿਹਾ ਇਸ ਪਰੰਪਰਾ ਨਾਲ ਕੋਈ ਵੀ ਸਰਕਾਰ ਤੋੜ ਸਕਦਾ ਹੈ।"
"ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਇਸ ਲਈ ਉਹ ਰਾਸ਼ਟਰਪਤੀ ਭਵਨ ਜਾ ਕੇ ਧਰਨੇ 'ਤੇ ਬੈਠ ਗਏ। ਮਾਮਲਾ ਸੁਪਰੀਮ ਕੋਰਟ ਗਿਆ ਤੇ 1-2 ਦਿਨਾਂ ਵਿੱਚ ਹੱਲ ਵੀ ਹੋ ਗਿਆ।"
ਸਮੇਂ ਦੇ ਪਾਬੰਦ
ਸੱਤ ਪਾਲ ਜੈਨ ਦੱਸਦੇ ਹਨ ਕਿ 1996 ਵਿੱਚ ਜਦੋਂ 13 ਦਿਨ ਦੀ ਸਰਕਾਰ ਸੀ, ਭਰੋਸਗੀ ਮਤੇ ਤੋਂ ਬਾਅਦ ਸੰਸਦੀ ਦਲ ਦੀ ਬੈਠਕ ਸੀ। 9:30 ਬੈਠਕ ਦਾ ਸਮਾਂ ਸੀ, ਵਾਜਪਾਈ ਸਮੇਂ 'ਤੇ ਆ ਗਏ ਸਨ ਪਰ ਉੱਥੇ 20-22 ਸੰਸਦ ਮੈਂਬਰ ਹੀ ਮੌਜੂਦ ਸਨ। ਫਿਰ ਸਭ ਨੂੰ ਸੁਨੇਹਾ ਭੇਜਿਆ ਗਿਆ।
10:30 ਵਜੇ ਜਦੋਂ ਭਾਸ਼ਨ ਸ਼ੁਰੂ ਹੋਇਆ ਤਾਂ ਵਾਜਪਾਈ ਨੇ ਕਿਹਾ, "ਮੈਂ ਜਦੋਂ ਆਇਆ ਸਿਰਫ਼ 20-25 ਮੈਂਬਰ ਹੀ ਸਨ। ਸਾਡੇ 'ਚੋਂ ਹਰ ਕੋਈ 10-20 ਲੱਖ ਲੋਕਾਂ ਵੱਲੋਂ ਚੁਣਿਆ ਗਿਆ ਹੈ। ਸਾਨੂੰ ਸਮੇਂ 'ਤੇ ਆਉਣਾ ਚਾਹੀਦਾ ਹੈ। ਲੋਕਾਂ ਦੀਆਂ ਇੱਛਾਵਾਂ ਹਨ, ਸਾਨੂੰ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ। ਲੋਕ ਸਾਡੇ ਰਵੱਈਏ ਨੂੰ ਦੇਖ ਰਹੇ ਹਨ, ਮੇਰੇ ਮੰਨ ਵਿੱਚ ਉਨ੍ਹਾਂ ਲਈ ਸ਼ਰਧਾ ਹੈ।"
ਜੈਨ ਦਸਦੇ ਹਨ ਕਿ ਜਦੋਂ 13 ਦਿਨ ਦੀ ਹੀ ਸਰਕਾਰ ਰਹੀ ਉਦੋਂ 27 ਮਈ 1996 ਦੇ ਭਾਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਕੁਝ ਦਲ ਹਨ ਜੋ ਆਪਣਾ ਦਲ ਤੋੜ ਕੇ ਪ੍ਰਧਾਨ ਮੰਤਰੀ ਬਣੇ, ਸੱਤਾ ਲਾਲਚ ਲਈ ਪਾਰਟੀ ਛੱਡੀ। ਮੈਂ ਅਜਿਹੀ ਸਿਆਸਤ ਨੂੰ ਕੰਡੇ ਨਾਲ ਵੀ ਛੂਨਾ ਨਹੀਂ ਚਾਹਾਂਗਾ। ਭਗਵਾਨ ਰਾਮ ਨੇ ਕਿਹਾ ਸੀ ਮੈਂ ਮੌਤ ਤੋਂ ਨਹੀਂ ਬਦਨਾਮੀ ਤੋਂ ਡਰਦਾ ਹਾਂ।"
ਇਹ ਵੀ ਪੜ੍ਹੋ:
ਸੱਤ ਪਾਲ ਜੈਨ ਨੇ ਨਿੱਜੀ ਤਜ਼ੁਰਬਾ ਯਾਦ ਕਰਦਿਆਂ ਕਿਹਾ, "ਮੈਂ ਕਿਸੇ ਮੁੱਦੇ ਤੇ ਖਫ਼ਾ ਸੀ, ਸੰਸਦ ਵਿੱਚ ਪੱਖ ਵੀ ਰੱਖਿਆ। ਅਟਲ ਜੀ ਨੇ ਕਿਹਾ-ਰੁਕਾਵਟ ਘੱਟ ਹੋਣੀ ਚਾਹੀਦੀ ਹੈ ਪਰ ਜੇ ਹੋਵੇ ਤਾਂ ਵਜ਼ਨਦਾਰ।"
ਅਡਵਾਨੀ- ਵਾਜਪਾਈ ਸਬੰਧ
ਜੈਨ ਨੇ ਕਿਹਾ ਕਿ ਅਡਵਾਨੀ ਅਤੇ ਵਾਜਪਾਈ ਦੋਵੇਂ 'ਸਖਾ' ਕਹਾਉਂਦੇ ਸਨ। ਕੋਈ ਗੱਲ ਵਾਜਪਾਈ ਨੂੰ ਕਹੋ ਅਡਵਾਨੀ ਨੂੰ ਪਤਾ ਹੁੰਦੀ ਸੀ। ਲਾਲਕ੍ਰਿਸ਼ਨ ਅਡਵਾਨੀ ਨੂੰ ਕਹੋ ਅਟਲ ਬਿਹਾਰੀ ਵਾਜਪਾਈ ਨੂੰ ਜਾਣਕਾਰੀ ਹੁੰਦੀ ਸੀ।
ਅਟਲ ਬਿਹਾਰੀ ਵਾਜਪਾਈ ਨੇ ਕਦੇ ਨਹੀਂ ਕਿਹਾ ਉਨ੍ਹਾਂ ਨੂੰ ਪੀਐੱਮ ਦਾ ਉਮੀਦਵਾਰ ਐਲਾਨਿਆ ਜਾਵੇ।
ਮੁੰਬਈ ਵਿੱਚ ਇੱਕ ਜਨਸਭਾ ਖ਼ਤਮ ਹੋਈ ਤਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਮਾਈਕ ਫੜ੍ਹ ਕੇ ਐਲਾਨ ਕੀਤਾ ਜੇ ਸਾਡੀ ਸਰਕਾਰ ਆਈ ਤਾਂ ਵਾਜਪਾਈ ਹੀ ਪੀਐਮ ਹੋਣਗੇ।
"25 ਜੂਨ, 1975 ਨੂੰ ਐਮਰਜੈਂਸੀ ਵੇਲੇ ਦੋਹਾਂ ਨੂੰ ਬੈਂਗਲੌਰ ਤੋਂ ਫੜਿਆ ਗਿਆ। ਜੇਲ੍ਹ ਵਿੱਚ ਉਨ੍ਹਾਂ ਨੂੰ ਮੈਂ ਮਿਲਣ ਗਿਆ। ਉਨ੍ਹਾਂ ਦੇ ਹੌਸਲੇ ਵਿੱਚ ਕਮੀ ਨਹੀਂ ਸੀ। ਉਨ੍ਹਾਂ ਕਿਹਾ ਕਿ ਟੁੱਟ ਸਕਦੇ ਹਾਂ ਪਰ ਝੁੱਕ ਨਹੀਂ ਸਕਦੇ।"
ਗੱਲ ਗੁਪਤ ਰੱਖਣ ਵਿੱਚ ਮਾਹਿਰ
ਅਟਲ ਬਿਹਾਰੀ ਵਾਜਪਾਈ ਨੇ ਪਰਮਾਣੂ ਪਰੀਖਣ ਕਰਕੇ ਦੇਸ ਨੂੰ ਨਿਊਕਲੀਅਰ ਪਾਵਰ ਬਣਾਇਆ। ਉਨ੍ਹਾਂ ਪੂਰੀ ਗੱਲਬਾਤ ਦੀ ਸੁੰਧਖ ਨਹੀਂ ਲੱਗਣ ਦਿੱਤੀ। ਇੱਥੋਂ ਤੱਕ ਕੀ ਸੀਆਈਏ ਨੂੰ ਵੀ ਇਸ ਦੀ ਭਣਕ ਤੱਕ ਨਹੀਂ ਲੱਗੀ।
ਭਾਰਤ-ਪਾਕਿਸਤਾਨ ਸਬੰਧ
ਸੱਤ ਪਾਲ ਜੈਨ ਨੇ ਦੱਸਿਆ ਕਿ ਕਾਰਗਿਲ ਜੰਗ ਤੋਂ ਪਹਿਲਾਂ ਉਦੋਂ ਦੇ ਅਮਰੀਕਾ ਰਾਸ਼ਟਰਪਤੀ ਨੇ ਕਿਹਾ ਵਾਸ਼ਿੰਗਟਨ 'ਚ ਆ ਜਾਓ ਪਾਕਿਸਤਾਨ ਨਾਲ ਗੱਲਬਾਤ ਕਰਵਾ ਕੇ ਮਸਲੇ ਦਾ ਹੱਲ ਕਰਾਂਗੇ। ਪਰ ਉਨ੍ਹਾਂ ਨੇ ਕਿਹਾ ਜੋ ਗੱਲ ਹੋਵੇਗੀ ਉਹ ਇੱਥੇ ਹੀ ਹੋਵੇਗੀ।
ਇਹ ਵੀ ਪੜ੍ਹੋ:
ਜੈਨ ਨੇ ਕਿਹਾ ਕਿ ਉਹ ਲੋੜ ਪੈਣ ਤੇ ਪਾਕਿਸਤਾਨ ਬੱਸ ਲੈ ਕੇ ਵੀ ਗਏ ਤਾਂ ਕਿ ਸਬੰਧਾਂ ਨੂੰ ਸੁਧਾਰਿਆ ਜਾ ਸਕੇ।
"ਪੰਡਤ ਨਹਿਰੂ ਨੇ ਇੱਕ ਵਾਰੀ ਭਾਸ਼ਨ ਸੁਣਨ ਤੋਂ ਬਾਅਦ ਕਿਹਾ ਸੀ ਇਹ ਸ਼ਖਸ ਦੇਸ ਦਾ ਪ੍ਰਧਾਨ ਮੰਤਰੀ ਬਣੇਗਾ।"
ਜੈਨ ਕਹਿੰਦੇ ਹਨ, "ਵਾਜਪਾਈ ਦੀ ਇੱਕ ਕਵਿਤਾ ਦੀਆਂ ਇਹ ਲਾਈਨਾਂ ਚੰਗੀਆਂ ਲਗਦੀਆਂ ਹਨ, 'ਹੇ ਭਗਵਾਨ ਮੁਝੇ ਇਤਨੀ ਊਚਾਈ ਮਤ ਦੇਣਾ ਅਪਨੋਂ ਕੋ ਗਲੇ ਸੇ ਨਾ ਲਗੇ ਸਕੂੰ'।"