ਅਮਰੀਕੀ ਟਿਕਾਣਿਆਂ 'ਤੇ ਚੀਨ ਵੱਲੋਂ 'ਹਮਲੇ ਦੀ ਤਿਆਰੀ'

ਅਮਰੀਕਾ ਦੇ ਰੱਖਿਆ ਮੰਤਰਾਲੇ ਦੀ ਰਿਪੋਰਟ ਮੁਤਾਬਕ ਚੀਨੀ ਫੌਜ ਪ੍ਰਸ਼ਾਂਤ ਮਹਾਸਾਗਰ ਵਿੱਚ ਅਮਰੀਕਾ ਤੇ ਉਸਦੇ ਸਹਿਯੋਗੀਆਂ ਖਿਲਾਫ 'ਹਮਲੇ ਦੀ ਟ੍ਰੇਨਿੰਗ' ਕਰ ਰਹੀ ਹੈ।

ਕਾਂਗਰਸ ਨੂੰ ਦਿੱਤੀ ਗਈ ਸਾਲਾਨਾ ਰਿਪੋਰਟ ਵਿੱਚ ਲਿਖਿਆ ਹੈ ਕਿ ਚੀਨ ਅਮਰੀਕੀ ਇਲਾਕਿਆਂ ਵਿੱਚ ਮਾਰੂ ਜਹਾਜ਼ ਭੇਜਣ ਦੀ ਤਿਆਰੀ ਵਿੱਚ ਹੈ।

ਰਿਪੋਰਟ ਅਨੁਸਾਰ ਚੀਨੀ ਫੌਜ ਦੀ ਤਾਕਤ ਤੇ ਉਸ 'ਤੇ ਖਰਚਾ ਲਗਾਤਾਰ ਵਧਿਆ ਹੈ। ਖਰਚਾ 190 ਅਰਬ ਡਾਲਰ (13,300 ਅਰਬ ਰੁਪਏ) ਦੱਸਿਆ ਗਿਆ ਹੈ ਜੋ ਅਮਰੀਕਾ ਦੇ ਖਰਚੇ ਦਾ ਇੱਕ ਤਿਹਾਈ ਹੈ।

ਚੀਨ ਨੇ ਇਸ ਰਿਪੋਰਟ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ:

ਹੋਰ ਕੀ ਕਹਿੰਦੀ ਹੈ ਰਿਪੋਰਟ ?

ਮਾਰੂ ਜਹਾਜ਼ ਰਾਹੀਂ ਹਮਲਾ ਰਿਪੋਰਟ ਦਾ ਸਿਰਫ ਇੱਕ ਹਿੱਸਾ ਹੈ। ਰਿਪੋਰਟ ਵਿੱਚ ਚੀਨ ਦੇ ਸੈਨਿਕ ਤੇ ਆਰਥਕ ਟੀਚੇ ਬਾਰੇ ਵੀ ਜ਼ਿਕਰ ਹੈ।

ਰਿਪੋਰਟ ਵਿੱਚ ਲਿਖਿਆ ਹੈ, ''ਪਿਛਲੇ ਤਿੰਨ ਸਾਲਾਂ ਵਿੱਚ ਚੀਨੀ ਫੌਜ ਨੇ ਆਪਣੀ ਸਮੁੰਦਰ ਤੋਂ ਮਾਰ ਕਰਨ ਦੀ ਸਮਰੱਥਾ ਨੂੰ ਵਧਾ ਲਿਆ ਹੈ ਅਤੇ ਹਮਲਿਆਂ ਦੀ ਟ੍ਰੇਨਿੰਗ ਵੀ ਕਰ ਲਈ ਹੈ।''

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਸਾਫ ਨਹੀਂ ਹੈ ਕਿ ਚੀਨ ਅਜਿਹਾ ਕਰਕੇ ਕੀ ਸਾਬਤ ਕਰਨਾ ਚਾਹੁੰਦਾ ਹੈ।

ਲਿਖਿਆ ਹੈ, ''ਚੀਨੀ ਫੌਜ ਇਹ ਵਿਖਾਉਣਾ ਚਾਹੁੰਦੀ ਹੈ ਕਿ ਉਹ ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿੱਚ ਅਮਰੀਕਾ ਤੇ ਉਸਦੇ ਸਹਿਯੋਗੀਆਂ ਦੇ ਮਿਲੀਟ੍ਰੀ ਬੇਸ ਖਾਸ ਕਰ ਕੇ ਗੁਆਮ 'ਤੇ ਹਮਲਾ ਕਰਨ ਦੀ ਸਮਰੱਥ ਰੱਖਦੀ ਹੈ।''

ਰਿਪੋਰਟ ਮੁਤਾਬਕ, ''ਚੀਨ ਆਪਣੇ ਫੌਜੀ ਢਾਂਚੇ ਨੂੰ ਮੁੜ ਦਰੂਸਤ ਕਰ ਰਿਹਾ ਹੈ ਤਾਂ ਜੋ ਉਹ ਲੜੇ ਤੇ ਜਿੱਤ ਸਕੇ। ਇਸ ਦਾ ਮਕਸਦ ਹੈ ਇੱਕ ਤੇਜ਼ ਤੇ ਹੋਰ ਵੀ ਅਸਰਦਾਰ ਫੌਜ ਬਣਾਉਣਾ ਜੋ ਸਾਰੇ ਸਾਂਝੇ ਆਪਰੇਸ਼ਨਾਂ ਨੂੰ ਅੰਜਾਮ ਦੇ ਸਕੇ।''

ਅੰਦਾਜ਼ੇ ਮੁਤਾਬਕ ਚੀਨ ਦਾ ਸੈਨਿਕ ਬਜਟ ਅਗਲੇ 10 ਸਾਲਾਂ ਵਿੱਚ 240 ਬਿਲਿਅਨ ਡਾਲਰ ਤੱਕ ਪਹੁੰਚਣ ਵਾਲਾ ਹੈ।

ਇਹ ਰਿਪੋਰਟ ਚੀਨ ਦੇ ਪੁਲਾੜ ਪ੍ਰੋਗਰਾਮ ਬਾਰੇ ਵੀ ਗੱਲ ਕਰਦੀ ਹੈ, ਜਦਕਿ ਚੀਨ ਜਨਤਕ ਤੌਰ 'ਤੇ ਪੁਲਾੜ ਨੂੰ ਫੌਜੀ ਹਮਲੇ ਲਈ ਵਰਤਨ ਦੇ ਖਿਲਾਫ ਬੋਲ ਚੁੱਕਿਆ ਹੈ।

ਦੋਹਾਂ ਦੇਸਾਂ ਵਿਚਾਲੇ ਤਣਾਅ ਦੀ ਵਜ੍ਹਾ ਕੀ ਹੈ?

ਅਮਰੀਕਾ ਪ੍ਰਸ਼ਾਂਤ ਮਹਾਸਾਗਰ ਵਿੱਚ ਚੀਨ ਦੇ ਵੱਧਦੇ ਪ੍ਰਭਾਵ ਤੋਂ ਚਿੰਤਤ ਹੈ।

ਸਾਊਥ ਚਾਈਨਾ ਸੀਅ ਸਭ ਤੋਂ ਹਾਈ ਪ੍ਰੋਫਾਈਲ ਇਲਾਕਾ ਹੈ, ਜਿਸ 'ਤੇ ਚੀਨ ਤੇ ਕੁਝ ਹੋਰ ਦੇਸ ਆਪਣਾ ਹੱਕ ਜਤਾਉਂਦੇ ਹਨ।

ਅਮਰੀਕੀ ਫੌਜ ਅਕਸਰ ਇਹ ਵਿਖਾਉਣ ਲਈ ਕਿ ਇਹ ਇਲਾਕੇ ਕਿਸੇ ਇੱਕ ਦਾ ਨਹੀਂ, ਇਸ ਦੇ ਉੱਪਰੋਂ ਗੁਜ਼ਰਦੀ ਹੈ।

ਚੀਨ ਟਾਪੂਆਂ 'ਤੇ ਫੌਜੀ ਗਤੀਵਿਧਿਆਂ ਨੂੰ ਵਧਾ ਰਿਹਾ ਹੈ, ਟ੍ਰੇਨਿੰਗ ਦੌਰਾਨ ਇਸਨੇ ਫੌਜੀ ਕੈਂਪਾਂ 'ਤੇ ਬੰਬ ਵੀ ਸੁੱਟੇ ਹਨ।

ਰਿਪੋਰਟ ਵਿੱਚ ਤਾਈਵਾਨ ਦਾ ਵੀ ਖਾਸ ਜ਼ਿਕਰ ਹੈ ਜਿਸਨੂੰ ਚੀਨ ਵੱਖ ਹੋਇਆ ਸੂਬਾ ਮੰਨਦਾ ਹੈ।

ਰਿਪੋਰਟ ਵਿੱਚ ਜ਼ਾਹਿਰ ਹੈ ਕਿ ਚੀਨ ਜ਼ਬਰਦਸਤੀ ਤਾਈਵਾਨ 'ਤੇ ਵੀ ਕਬਜ਼ਾ ਕਰਨ ਬਾਰੇ ਸੋਚ ਰਿਹਾ ਹੈ।

ਉਸ ਵਿੱਚ ਲਿਖਿਆ ਹੈ, ''ਅਮਰੀਕਾ ਵਿਚਕਾਰ ਆਏ, ਇਸ ਤੋਂ ਪਹਿਲਾਂ ਹੀ ਚੀਨ ਥੋੜੇ ਸਮੇਂ ਦੀ ਜੰਗ ਵਿੱਚ ਹੀ ਤਾਈਵਾਨ 'ਤੇ ਕਬਜ਼ਾ ਕਰ ਲਵੇਗਾ।''

ਚੀਨ ਦੀ ਰਜ਼ਾਨਮੰਦੀ ਨਾਲ 1979 ਵਿੱਚ ਅਮਰੀਕਾ ਨੇ ਤਾਈਵਾਨ ਨਾਲ ਰਿਸ਼ਤੇ ਤੋੜ ਲਏ ਸਨ, ਪਰ ਰਾਜਨੀਤਕ ਤੇ ਸੁਰੱਖਿਆ ਨਾਲ ਜੁੜੇ ਨਾਅਤੇ ਬਣਾਕੇ ਰੱਖਦਾ ਹੈ, ਜਿਸ ਤੋਂ ਬੀਜਿੰਗ ਨੂੰ ਚਿੜ ਹੈ।

ਅਮਰੀਕਾ ਨੇ ਜਾਪਾਨ ਵਿੱਚ ਵੀ ਆਪਣੀ ਫੌਜ ਰੱਖੀ ਹੋਈ ਹੈ ਜਿਸ ਨਾਲ ਚੀਨ ਤੇ ਫਿਲੀਪੀਨਜ਼ ਨੂੰ ਦਿੱਕਤ ਹੈ। ਸੈਨਿਕ ਮਸਲਿਆਂ ਤੋਂ ਇਲਾਵਾ ਵੀ ਦੋਹਾਂ ਦੇਸਾਂ ਵਿੱਚ ਮਤਭੇਦ ਹਨ। ਅਮਰੀਕਾ ਅਤੇ ਚੀਨ ਨੇ ਇੱਕ ਦੁਜੇ ਦੇ ਸਾਮਾਨ 'ਤੇ ਟੈਰਿਫ ਲਾਏ ਹਨ।

ਤਣਾਅ ਘਟਾਉਣ ਲਈ ਕੀ ਕੀਤਾ ਗਿਆ ਹੈ?

ਪੈਂਟਾਗਨ ਦੀ ਰਿਪੋਰਟ ਵਿੱਚ ਵਾਰ ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਅਮਰੀਕਾ ਚੀਨ ਨਾਲ ਚੰਗਾ ਤੇ ਵਧੀਆ ਨਤੀਜਿਆਂ 'ਤੇ ਪਹੁੰਚਣ ਵਾਲਾ ਰਿਸ਼ਤਾ ਚਾਹੁੰਦਾ ਹੈ।

ਅਮਰੀਕੀ ਤੇ ਚੀਨੀ ਫੌਜ ਦੇ ਅਧਿਕਾਰੀ ਲਗਾਤਾਰ ਸੰਪਰਕ ਵਿੱਚ ਰਹਿੰਦੇ ਹਨ। 2014 ਤੋਂ ਬਾਅਦ ਅਮਰੀਕਾ ਤੋਂ ਚੀਨ ਜਾਣ ਵਾਲੇ ਜੇਮਜ਼ ਮੈਟਿਸ ਪਹਿਲੇ ਅਮਰੀਕੀ ਰੱਖਿਆ ਸਕੱਤਰ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)